ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 86


ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥

ਗੁਰੂ ਦੀ ਮਤਿ ਲੈ ਕੇ (ਉਹ) ਆਪੇ ਦੀ ਪਛਾਣ ਕਰਦਾ ਹੈ, ਤੇ ਹਰੀ ਦੇ ਨਾਮ ਦਾ (ਉਸ ਦੇ ਅੰਦਰ) ਚਾਨਣ ਹੁੰਦਾ ਹੈ।

ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥

ਉਹ ਨਿਰੋਲ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ, (ਇਸ ਕਰਕੇ) ਪ੍ਰਭੂ ਦੀ ਦਰਗਾਹ ਵਿਚ (ਉਸ ਨੂੰ) ਆਦਰ ਮਿਲਦਾ ਹੈ।

ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ ॥

ਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਦਾ (ਜਾਣ ਕੇ ਉਹ ਪ੍ਰਭੂ ਅੱਗੇ) ਬੇਨਤੀ ਤੇ ਸਿਫ਼ਤ-ਸਾਲਾਹ ਕਰਦਾ ਹੈ।

ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ ॥

ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਕਰਦਾ ਹੈ, ਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।

ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ ॥

ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਵਿਚ ਵਸਾਣੀ-ਇਹੀ ਉਸ ਲਈ ਜਪ ਤਪ ਤੇ ਸੰਜਮ ਹੈ ਤੇ ਨਾਮ ਤੋਂ ਸੱਖਣਾ ਜੀਵਨ (ਉਸ ਨੂੰ) ਫਿਟਕਾਰ-ਜੋਗ (ਪ੍ਰਤੀਤ ਹੁੰਦਾ ਹੈ)।

ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ ॥

(ਇਹੀ) ਨਾਮ ਗੁਰੂ ਦੀ ਮਤਿ ਤੇ ਚੱਲਿਆਂ ਮਿਲਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ ਵਿਚ (ਫਸ ਕੇ) ਨਸ਼ਟ ਹੁੰਦਾ ਹੈ (ਭਾਵ, ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ)।

ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥੨॥

(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਸਹੈਤਾ ਕਰ (ਤੇ ਨਾਮ ਦੀ ਦਾਤ ਦੇਹ) ਨਾਨਕ ਤੇਰਾ ਸੇਵਕ ਹੈ ॥੨॥

ਪਉੜੀ ॥

ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥

(ਹੇ ਹਰੀ!) ਹਰੇਕ ਜੀਵ ਤੇਰਾ (ਬਣਾਇਆ ਹੋਇਆ ਹੈ) ਤੂੰ ਸਭ ਦਾ (ਮਾਲਕ ਹੈਂ ਅਤੇ) ਸਭਨਾਂ ਦਾ ਖ਼ਜ਼ਾਨਾ ਹੈਂ (ਭਾਵ, ਰਾਜ਼ਕ ਹੈਂ।)

ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥

ਇਸੇ ਕਰ ਕੇ ਸਦਾ ਜੋਦੜੀਆਂ ਕਰਕੇ ਸਾਰੇ ਜੀਵ ਤੇਰੇ ਪਾਸੋਂ ਹੀ ਦਾਨ ਮੰਗਦੇ ਹਨ।

ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥

ਜਿਸ ਨੂੰ ਤੂੰ ਦਾਤ ਦੇਂਦਾ ਹੈਂ, ਉਸ ਨੂੰ ਸਭ ਕੁਝ ਮਿਲ ਜਾਂਦਾ ਹੈ (ਭਾਵ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ)। (ਪਰ ਜੋ ਹੋਰ ਦਰ ਢੂੰਡਦੇ ਹਨ, ਉਹਨਾਂ ਦੇ) ਤੂੰ ਨਿਕਟ-ਵਰਤੀ ਹੁੰਦਾ ਹੋਇਆ ਭੀ (ਉਹਨਾਂ ਨੂੰ) ਦੂਰਿ ਪ੍ਰਤੀਤ ਹੋ ਰਿਹਾ ਹੈਂ।

ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥

ਕੋਈ ਧਿਰ ਭੀ ਮਨ ਵਿਚ ਨਿਰਨਾ ਕਰ ਕੇ ਵੇਖ ਲਏ (ਹੇ ਹਰੀ!) ਤੇਥੋਂ ਬਿਨਾ ਹੋਰ ਕੋਈ ਟਿਕਾਣਾ ਨਹੀਂ, ਜਿਥੋਂ ਕੁਝ ਮੰਗ ਸਕੀਏ।

ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ ॥੯॥

(ਉਂਞ ਤਾਂ) ਸਾਰੇ ਜੀਵ ਤੇਰੀ ਹੀ ਵਡਿਆਈ ਕਰ ਰਹੇ ਹਨ, (ਪਰ) (ਜੋ ਜੀਵ) ਗੁਰੂ ਦੇ ਸਨਮੁਖ ਰਹਿੰਦੇ ਹਨ (ਉਹਨਾਂ ਨੂੰ) (ਤੂੰ ਆਪਣੀ ਦਰਗਾਹ ਵਿਚ ਪਰਗਟ ਕਰਦਾ ਹੈਂ (ਭਾਵ, ਆਦਰ ਬਖ਼ਸ਼ਦਾ ਹੈਂ) ॥੯॥

ਸਲੋਕ ਮਃ ੩ ॥

ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥

ਪੜ੍ਹ ਪੜ੍ਹ ਕੇ ਪੰਡਿਤ (ਜੀਭ ਨਾਲ ਵੇਦ ਆਦਿਕ ਦਾ) ਉੱਚੀ ਸੁਰ ਨਾਲ ਉਚਾਰਣ ਕਰਦਾ ਹੈ, (ਪਰ) ਮਾਇਆ ਦਾ ਮੋਹ ਪਿਆਰ (ਉਸ ਨੂੰ ਵਿਆਪ ਰਿਹਾ ਹੈ)।

ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥

(ਉਹ) ਹਿਰਦੇ ਵਿਚ ਰੱਬ ਦੀ ਭਾਲ ਨਹੀਂ ਕਰਦਾ, (ਇਸ ਕਰਕੇ) ਮਨੋਂ ਮੂਰਖ ਤੇ ਅਨਪੜ੍ਹ (ਹੀ ਹੈ।)

ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥

ਮਾਇਆ ਦੇ ਪਿਆਰ ਵਿਚ (ਉਸ ਨੂੰ ਆਪ ਨੂੰ ਤਾਂ) ਸਮਝ ਨਹੀਂ ਆਉਂਦੀ, (ਤੇ) ਸੰਸਾਰ ਨੂੰ ਮੱਤਾਂ ਦੇਂਦਾ ਹੈ।

ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥੧॥

(ਇਹੋ ਜਿਹਾ ਪੰਡਿਤ) ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੧॥

ਮਃ ੩ ॥

ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ ਬੂਝਹੁ ਕਰਿ ਬੀਚਾਰੁ ॥

ਵਿਚਾਰ ਕਰ ਕੇ ਸਮਝ ਲਵੋ (ਭਾਵ, ਵੇਖ ਲਵੋ), ਜਿਨ੍ਹਾਂ ਨੇ ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤੀ ਹੈ ਉਨ੍ਹਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੋਈ ਹੈ।

ਸਦਾ ਸਾਂਤਿ ਸੁਖੁ ਮਨਿ ਵਸੈ ਚੂਕੈ ਕੂਕ ਪੁਕਾਰ ॥

ਉਹਨਾਂ ਦੇ ਹੀ ਹਿਰਦੇ ਵਿਚ ਸਦਾ ਸ਼ਾਂਤੀ ਤੇ ਸੁਖ ਵੱਸਦਾ ਹੈ ਤੇ ਕਲਪਣਾ ਮੁੱਕ ਜਾਂਦੀ ਹੈ।

ਆਪੈ ਨੋ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰਸਬਦੀ ਵੀਚਾਰੁ ॥

'ਆਪਣੇ ਆਪ ਨੂੰ ਖਾ ਜਾਏ (ਭਾਵ, ਆਪਾ-ਭਾਵ ਨਿਵਾਰੇ) ਤਾਂ ਮਨ ਸਾਫ਼ ਹੁੰਦਾ ਹੈ'-ਇਹ ਵਿਚਾਰ (ਭੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਪਜਦੀ ਹੈ)।

ਨਾਨਕ ਸਬਦਿ ਰਤੇ ਸੇ ਮੁਕਤੁ ਹੈ ਹਰਿ ਜੀਉ ਹੇਤਿ ਪਿਆਰੁ ॥੨॥

ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਮੁਕਤ ਹਨ, (ਕਿਉਂਕਿ) ਪ੍ਰਭੂ ਜੀ ਦੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ ॥੨॥

ਪਉੜੀ ॥

ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥

ਪ੍ਰਭੂ ਦੀ ਬੰਦਗੀ (ਉਂਞ ਤਾਂ ਹਰ ਇਕ ਲਈ ਹੀ) ਸਫਲ ਹੈ (ਭਾਵ, ਮਨੁੱਖਾ ਜਨਮ ਨੂੰ ਸਫਲਾ ਕਰਨ ਵਾਲੀ ਹੈ, ਪਰ) ਕਬੂਲ ਉਸ ਦੀ ਹੁੰਦੀ ਹੈ (ਭਾਵ, ਪੂਰਨ ਸਫਲਤਾ ਉਸ ਨੂੰ ਹੁੰਦੀ ਹੈ) ਜੋ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ।

ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ ॥

ਉਸੇ ਮਨੁੱਖ ਨੂੰ (ਹੀ) ਸਤਿਗੁਰੂ ਮਿਲਦਾ ਹੈ, ਜਿਸ ਉਤੇ ਪ੍ਰਭੂ ਤਰੁੱਠਦਾ ਹੈ ਅਤੇ ਉਹੋ ਹੀ ਹਰਿ-ਨਾਮ ਦਾ ਸਿਮਰਨ ਕਰਦਾ ਹੈ।

ਗੁਰਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ ॥

(ਜੀਵਾਂ ਨੂੰ ਸੰਸਾਰ-ਸਾਗਰ ਤੋਂ ਜੋ ਪ੍ਰਭੂ) ਪਾਰ ਲੰਘਾਂਦਾ ਹੈ, ਉਹ ਮਿਲਦਾ ਹੀ ਸਤਿਗੁਰੂ ਦੇ ਸ਼ਬਦ ਦੁਆਰਾ ਹੈ।

ਮਨਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ ॥

ਵੇਦ (ਆਦਿਕ ਧਾਰਮਕ ਪੁਸਤਕਾਂ) ਨੂੰ ਭੀ ਜਾ ਕੇ ਪੁੱਛ ਵੇਖੋ (ਭਾਵ, ਪੁਰਾਤਨ ਧਰਮ-ਪੁਸਤਕ ਭੀ ਇਹੀ ਗੱਲ ਦੱਸਦੇ ਹਨ) ਕਿ ਆਪਣੇ ਮਨ ਦੇ ਹਠ ਨਾਲ ਕਿਸੇ ਨੇ ਰੱਬ ਨਹੀਂ ਲੱਭਾ (ਗੁਰੂ ਦੀ ਰਾਹੀਂ ਹੀ ਮਿਲਦਾ ਹੈ)।

ਨਾਨਕ ਹਰਿ ਕੀ ਸੇਵਾ ਸੋ ਕਰੇ ਜਿਸੁ ਲਏ ਹਰਿ ਲਾਇ ॥੧੦॥

ਹੇ ਨਾਨਕ! ਹਰੀ ਦੀ ਸੇਵਾ ਉਹੀ ਜੀਵ ਕਰਦਾ ਹੈ ਜਿਸ ਨੂੰ (ਗੁਰੂ ਮਿਲਾ ਕੇ) ਹਰੀ ਆਪਿ ਸੇਵਾ ਵਿਚ ਲਾਏ ॥੧੦॥

ਸਲੋਕ ਮਃ ੩ ॥

ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥

ਹੇ ਨਾਨਕ! ਉਹ ਮਨੁੱਖ ਬਹਾਦੁਰ ਸੂਰਮਾ ਹੈ ਜਿਸ ਨੇ (ਮਨ) ਵਿਚੋਂ ਦੁਸ਼ਟ ਅਹੰਕਾਰ ਨੂੰ ਦੂਰ ਕੀਤਾ ਹੈ

ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥

ਤੇ ਗੁਰੂ ਦੇ ਸਨਮੁਖ ਹੋ ਕੇ (ਪ੍ਰਭੂ ਦੇ) ਨਾਮ ਦੀ ਸਿਫ਼ਤ-ਸਾਲਾਹ ਕਰ ਕੇ ਜਨਮ ਸਫਲਾ ਕੀਤਾ ਹੈ।

ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥

ਉਹ (ਸੂਰਮਾ) ਆਪ ਸਦਾ ਲਈ (ਵਿਕਾਰਾਂ ਤੋਂ) ਛੁੱਟ ਜਾਂਦਾ ਹੈ, ਤੇ (ਨਾਲ) ਸਾਰੀ ਕੁਲ ਨੂੰ ਤਾਰ ਲੈਂਦਾ ਹੈ।

ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥

'ਨਾਮ' ਨਾਲ ਪਿਆਰ ਕਰਨ ਵਾਲੇ ਬੰਦੇ ਸੱਚੇ ਹਰੀ ਦੇ ਦਰਗਾਹ ਵਿਚ ਸੋਭਾ ਪਾਉਂਦੇ ਹਨ।

ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ ॥

ਪਰ, ਮਨਮੁਖ ਅਹੰਕਾਰ ਵਿਚ ਸੜਦੇ ਹਨ ਤੇ ਦੁਖੀ ਹੋ ਕੇ ਮਰਦੇ ਹਨ।

ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ ॥

ਇਹਨਾਂ ਵਿਚਾਰਿਆਂ ਦੇ ਵੱਸ ਭੀ ਕੀਹ ਹੈ? ਸਭ (ਪ੍ਰਭੂ ਦਾ) ਭਾਣਾ ਵਰਤ ਰਿਹਾ ਹੈ।

ਆਪਹੁ ਦੂਜੈ ਲਗਿ ਖਸਮੁ ਵਿਸਾਰਿਆ ॥

(ਮਨਮੁਖ ਆਪਣੇ ਆਪ ਦੀ ਖੋਜ ਛੱਡ ਕੇ ਮਾਇਆ ਵਿਚ ਚਿੱਤ ਜੋੜਦੇ ਹਨ, ਤੇ ਪ੍ਰਭੂ-ਪਤੀ ਨੂੰ ਵਿਸਾਰਦੇ ਹਨ।

ਨਾਨਕ ਬਿਨੁ ਨਾਵੈ ਸਭੁ ਦੁਖੁ ਸੁਖੁ ਵਿਸਾਰਿਆ ॥੧॥

ਹੇ ਨਾਨਕ! ਨਾਮ ਤੋਂ ਹੀਣ ਹੋਣ ਕਰਕੇ ਉਹਨਾਂ ਨੂੰ ਸਦਾ ਦੁੱਖ ਮਿਲਦਾ ਹੈ, ਸੁਖ ਉਹਨਾਂ ਨੂੰ ਵਿਸਰ ਹੀ ਜਾਂਦਾ ਹੈ (ਭਾਵ, ਸੁਖ ਦਾ ਕਦੀ ਮੂੰਹ ਨਹੀਂ ਵੇਖਦੇ) ॥੧॥

ਮਃ ੩ ॥

ਗੁਰਿ ਪੂਰੈ ਹਰਿ ਨਾਮੁ ਦਿੜਾਇਆ ਤਿਨਿ ਵਿਚਹੁ ਭਰਮੁ ਚੁਕਾਇਆ ॥

ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਹਿਰਦੇ ਵਿਚ ਹਰਿ-ਨਾਮ ਦ੍ਰਿੜ੍ਹ ਕਰ ਦਿੱਤਾ ਹੈ, ਉਹਨਾਂ ਨੇ ਅੰਦਰੋਂ ਭਟਕਣਾ ਦੂਰ ਕਰ ਲਈ ਹੈ।

ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥

ਉਹ ਹਰੀ-ਨਾਮ ਦੀ ਉਪਮਾ ਕਰਦੇ ਹਨ, ਤੇ (ਇਸ ਸਿਫ਼ਤ-ਸਾਲਾਹ ਨੂੰ) ਚਾਨਣ ਬਣਾ ਕੇ (ਸਿੱਧਾ) ਰਸਤਾ ਉਹਨਾਂ ਨੂੰ ਦਿੱਸ ਪੈਂਦਾ ਹੈ।

ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥

ਉਹ ਅਹੰਕਾਰ ਦੂਰ ਕਰ ਕੇ ਇੱਕ ਨਾਲ ਨਿਹੁੰ ਲਾਂਦੇ ਹਨ, ਅਤੇ ਹਿਰਦੇ ਵਿਚ ਨਾਮ ਵਸਾਂਦੇ ਹਨ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430