(ਪਰ ਜੀਵ ਵਿਚਾਰਾ ਭੀ ਕੀਹ ਕਰੇ? ਇਸ) ਵਿਚਾਰੇ ਨੂੰ ਆਤਮਕ ਮੌਤ ਨੇ ਆਪਣੇ ਕਾਬੂ ਵਿਚ ਕੀਤਾ ਹੋਇਆ ਹੈ (ਇਹ ਨਹੀਂ ਸਮਝਦਾ ਕਿ ਇਹ) ਧਨ ਜਵਾਨੀ ਸਭ ਕੁਝ ਛੱਡ ਕੇ ਤੁਰ ਜਾਏਗਾ, ਤਦੋਂ ਇਸ ਦਾ ਖਾਣਾ ਪਹਿਨਣਾ ਮੁੱਕ ਜਾਏਗਾ।
ਹੇ ਨਾਨਕ! (ਜਦੋਂ ਜੀਵ ਇਥੋਂ ਤੁਰਦਾ ਹੈ, ਤਾਂ) ਕਮਾਇਆ ਹੋਇਆ ਚੰਗਾ ਮੰਦਾ ਕਰਮ ਇਸ ਦੇ ਨਾਲ ਤੁਰ ਪੈਂਦਾ ਹੈ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੧॥
ਹੇ ਜੀਵ! ਜਿਵੇਂ ਹਰਨ ਰਾਤ ਵੇਲੇ (ਸ਼ਿਕਾਰ ਦਾ ਕੀਤਾ ਹੋਇਆ) ਚੰਦ ਵਰਗਾ ਚਾਨਣ ਵੇਖ ਕੇ (ਸ਼ਿਕਾਰੀ ਦੇ ਜਾਲ ਵਿਚ) ਫਸਦਾ ਹੈ,
(ਤਿਵੇਂ ਤੂੰ ਮਾਇਕ ਪਦਾਰਥਾਂ ਦੀ ਲਿਸ਼ਕ ਵੇਖ ਕੇ ਮਾਇਆ ਦੇ ਜਾਲ ਵਿਚ) ਫਸ ਰਿਹਾ ਹੈਂ, (ਜਿਨ੍ਹਾਂ ਸੁਖਾਂ ਦੀ ਖ਼ਾਤਰ ਤੂੰ ਫਸਦਾ ਹੈਂ ਉਹਨਾਂ) ਸੁਖਾਂ ਤੋਂ ਦੁੱਖ ਪੈਦਾ ਹੋ ਰਹੇ ਹਨ, (ਫਿਰ ਭੀ) ਤੂੰ ਸਦਾ ਪਾਪ ਕਮਾ ਰਿਹਾ ਹੈਂ।
ਹੇ ਜੀਵ! ਤੂੰ ਪਾਪ ਕਰਨੇ ਛੱਡਦਾ ਨਹੀਂ ਹੈਂ (ਤੈਨੂੰ ਇਹ ਭੀ ਚੇਤਾ ਨਹੀਂ ਰਿਹਾ ਕਿ ਜਮਦੂਤ ਤੇਰੇ ਗਲ ਵਿਚ) ਗਲਾਵਾਂ ਪਾ ਕੇ (ਛੇਤੀ ਹੀ) ਲੈ ਜਾਣ ਵਾਲੇ ਹਨ।
ਤੂੰ ਅਕਾਸ਼ ਦੀ ਖ਼ਿਆਲੀ ਨਗਰੀ (ਵਰਗੀ ਮਾਇਆ) ਨੂੰ ਵੇਖ ਕੇ ਠੱਗਿਆ ਜਾ ਰਿਹਾ ਹੈਂ, ਤੂੰ ਇਸ ਠੱਗੀ-ਰੂਪ ਸੇਜ ਨੂੰ (ਆਨੰਦ ਨਾਲ) ਮਾਣ ਰਿਹਾ ਹੈਂ।
ਹੇ ਜੀਵ! ਤੂੰ ਜੀਭ ਦੇ ਚਸਕੇ ਵਿਚ, ਮਾਇਆ ਦੇ ਲੋਭ ਵਿਚ, ਅਹੰਕਾਰ ਵਿਚ ਮਸਤ ਹੈਂ, ਤੂੰ ਸਦਾ ਹਉਮੈ ਵਿਚ ਲੀਨ ਟਿਕਿਆ ਰਹਿੰਦਾ ਹੈਂ।
ਹੇ ਨਾਨਕ! (ਆਖ-) ਇਹ ਜੀਵ-ਹਰਨ ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ ਆਤਮਕ ਮੌਤੇ ਮਰ ਰਹੇ ਹਨ ਇਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕ ਸਕਦਾ ॥੨॥
(ਜਿਵੇਂ, ਗੁੜ ਆਦਿਕ) ਮਿੱਠੇ ਉੱਤੇ (ਬੈਠ ਕੇ) ਮੱਖੀ (ਗੁੜ ਨਾਲ ਚੰਬੜਦੀ ਜਾਂਦੀ ਹੈ) ਉੱਡ ਨਹੀਂ ਸਕਦੀ, (ਤੇ ਉੱਥੇ ਹੀ) ਮਰ ਜਾਂਦੀ ਹੈ, (ਤਿਵੇਂ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਜਾਂਦਾ ਹੈ, ਆਤਮਕ ਮੌਤ ਸਹੇੜ ਲੈਂਦਾ ਹੈ, ਤੇ ਜੀਵਨ ਉੱਚਾ ਨਹੀਂ ਕਰ ਸਕਦਾ)।
(ਕਾਮ-ਵੱਸ ਹੋਇਆ) ਹਾਥੀ (ਉਸ) ਟੋਏ ਵਿਚ ਡਿੱਗ ਪੈਂਦਾ ਹੈ (ਜੋ ਹਾਥੀ ਨੂੰ ਫੜਨ ਵਾਸਤੇ ਪੁੱਟਿਆ ਜਾਂਦਾ ਹੈ ਤੇ ਉਸ ਵਿਚ ਕਾਗਜ਼ ਦੀ ਹਥਣੀ ਖੜੀ ਕੀਤੀ ਹੁੰਦੀ ਹੈ) ਇਸੇ ਤਰ੍ਹਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਿਕਾਰਾਂ ਦੇ ਟੋਏ ਵਿਚ ਡਿੱਗ ਪੈਂਦਾ ਹੈ। (ਵਿਕਾਰਾਂ ਵਿਚ ਡਿੱਗੇ ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ।
(ਵਿਕਾਰਾਂ ਦੇ ਕਾਰਨ) ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੋ ਜਾਂਦਾ ਹੈ, ਕਦੇ ਮਾਲਕ-ਪ੍ਰਭੂ ਚਿੱਤ ਵਿਚ ਨਹੀਂ ਵੱਸ ਸਕਦਾ।
ਇਤਨੇ ਦੁੱਖ ਵਾਪਰਦੇ ਹਨ, ਇਤਨੀ ਸਜ਼ਾ ਮਿਲਦੀ ਹੈ ਕਿ ਲੇਖਾ ਨਹੀਂ ਕੀਤਾ ਜਾ ਸਕਦਾ, ਮਨਮੁਖ ਆਪਣਾ ਕੀਤਾ ਭੁਗਤਦਾ ਹੈ।
ਜੇਹੜਾ ਜੇਹੜਾ ਪਾਪ ਕਰਮ ਲੁਕ ਕੇ ਕਰਦਾ ਹੈ ਉਹ ਆਖ਼ਰ ਉੱਘੜ ਪੈਂਦਾ ਹੈ, ਮਨਮੁਖ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬੇ-ਇੱਜ਼ਤੀ ਕਰਾਂਦਾ ਹੈ।
ਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਹੰਕਾਰਿਆ ਹੋਇਆ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਹੱਥੀਂ ਆਤਮਕ ਜੀਵਨ) ਲੁਟਾ ਬੈਠਦਾ ਹੈ ॥੩॥
ਪਰਮਾਤਮਾ ਦੇ ਦਾਸ ਪਰਮਾਤਮਾ ਦੀ ਚਰਨੀਂ ਪੈ ਕੇ ਉੱਚੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ,
ਉਸ ਮਾਲਕ-ਪ੍ਰਭੂ ਦੀ ਸਰਨ ਪੈਂਦੇ ਹਨ, ਤੇ ਉਹ ਪ੍ਰਭੂ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ।
ਪਰਮਾਤਮਾ ਉਹਨਾਂ ਨੂੰ ਆਪਣਾ ਆਤਮਕ ਬਲ ਦੇਂਦਾ ਹੈ, ਉੱਚੀ ਅਕਲ ਦੇਂਦਾ ਹੈ, ਆਪਣੇ ਨਾਲ ਡੂੰਘੀ ਸਾਂਝ ਬਖ਼ਸ਼ਦਾ ਹੈ, ਆਪਣੇ ਵਿਚ ਉਹਨਾਂ ਦੀ ਸੁਰਤਿ ਜੋੜੀ ਰੱਖਦਾ ਹੈ, ਤੇ, ਉਹਨਾਂ ਪਾਸੋਂ ਆਪਣਾ ਨਾਮ ਜਪਾਂਦਾ ਹੈ।
ਸਾਧ ਸੰਗਤਿ ਵਿਚ ਆਪ ਉਹਨਾਂ ਦੇ ਹਿਰਦੇ ਅੰਦਰ ਪਰਗਟ ਹੁੰਦਾ ਹੈ ਤੇ ਉਹਨਾਂ ਨੂੰ ਆਪ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ।
ਰੱਖਣਹਾਰ ਪਰਮਾਤਮਾ ਆਪਣੇ ਸੰਤਾਂ ਨੂੰ (ਵਿਕਾਰਾਂ ਤੋਂ) ਆਪ ਬਚਾਂਦਾ ਹੈ, (ਤਾਈਏਂ ਸੰਤ ਜਨਾਂ ਦਾ) ਆਚਰਨ ਸਦਾ ਪਵਿਤ੍ਰ ਰਹਿੰਦਾ ਹੈ,
ਹੇ ਨਾਨਕ! ਪਰਮਾਤਮਾ ਦੇ ਸੰਤ ਉਸ ਦੀ ਸਰਨ ਪਏ ਰਹਿਣ ਕਰਕੇ ਨਰਕ ਵਿਚ ਨਹੀਂ ਪੈਂਦੇ ॥੪॥੨॥੧੧॥
ਹੇ ਮੇਰੇ ਆਲਸ! ਚਲਾ ਜਾ (ਮੇਰੀ ਖ਼ਲਾਸੀ ਕਰ, ਮੈਂ ਪ੍ਰਭੂ-ਪਤੀ ਦਾ ਸਿਮਰਨ ਕਰਾਂ)। (ਹੇ ਸਖੀ!) ਮੈਂ ਪਰਮਾਤਮਾ ਪਾਸ ਬੇਨਤੀ ਕਰਦੀ ਹਾਂ (ਕਿ ਮੇਰਾ ਆਲਸ ਦੂਰ ਹੋ ਜਾਏ)।
(ਹੇ ਸਖੀ! ਜਿਉਂ ਜਿਉਂ) ਮੈਂ ਆਪਣੇ ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹਾਂ (ਤਿਉਂ ਤਿਉਂ) ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੇਰਾ ਜੀਵਨ ਸੋਹਣਾ ਬਣਦਾ ਜਾ ਰਿਹਾ ਹੈ।
ਹੇ ਸਖੀ! ਉਸ ਖਸਮ-ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਜੇਹੜੀ ਜੀਵ-ਇਸਤ੍ਰੀ ਸੁਆਮੀ ਕੰਤ ਦੇ ਚਰਨਾਂ ਵਿਚ ਜੁੜਦੀ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ।
ਹੇ ਸਖੀ! ਹਰੇਕ ਸਾਹ ਦੇ ਨਾਲ ਪ੍ਰਭੂ ਨੂੰ ਸਿਮਰ ਕੇ ਤੇ ਪ੍ਰਭੂ ਦਾ ਦਰਸਨ ਕਰਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ! ਹੇ ਸਖੀ! ਉਸ ਹਰੀ ਦੇ ਗੁਣ ਸਦਾ ਗਾਣੇ ਚਾਹੀਦੇ ਹਨ।
(ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਨੇ ਆਪਣੀ) ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜਿਆ ਉਸ ਨੇ ਪ੍ਰਭੂ-ਪਤੀ ਦਾ ਦਰਸ਼ਨ ਕਰ ਲਿਆ ਉਸ ਦੇ ਅੰਦਰੋਂ (ਪ੍ਰਭੂ-ਚਰਨਾਂ ਤੋਂ) ਵਿਛੋੜਾ ਦੂਰ ਹੋ ਗਿਆ।
ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ-ਹੇ ਸਖੀ!) ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ, ਮੈਨੂੰ ਉਹ ਪ੍ਰਭੂ ਮਿਲ ਪਿਆ ਹੈ ਜਿਸ ਨੂੰ ਮੈਂ ਭਾਲ ਰਹੀ ਸਾਂ ॥੧॥
ਹੇ ਪਾਪੋ! (ਮੇਰੇ ਹਿਰਦੇ-) ਘਰ ਵਿਚ (ਮੇਰਾ) ਕਰਤਾਰ ਆ ਵੱਸਿਆ ਹੈ (ਹੁਣ ਤੁਸੀ ਮੇਰੇ ਹਿਰਦੇ ਵਿਚੋਂ) ਚਲੇ ਜਾਵੋ।
ਜਿਸ ਹਿਰਦੇ ਵਿਚ ਗੋਵਿੰਦ ਪਰਗਟ ਹੋ ਜਾਏ, ਉਸ ਵਿਚੋਂ ਵਿਕਾਰ-ਵੈਰੀਆਂ ਦਾ ਨਾਸ ਹੋ ਜਾਂਦਾ ਹੈ,
ਤੇ ਪਿਆਰੇ ਗੋਪਾਲ ਗੋਵਿੰਦ ਜੀ (ਉਸ ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦੇ ਹਨ ਜੇਹੜਾ ਮਨੁੱਖ ਸਾਧ ਸੰਗਤਿ ਵਿਚ ਗੋਵਿੰਦ ਦੀ ਸਿਫ਼ਤਿ-ਸਾਲਾਹ ਕਰਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਕਿਰਪਾ ਦੁਆਰਾ ਗੋਬਿੰਦ ਨਾਲ ਡੂੰਘੀ ਸਾਂਝ ਪਾਂਦਾ ਹੈ ਉਹ (ਆਪਣੇ ਅੰਦਰ ਇਕ) ਹੈਰਾਨ ਕਰ ਦੇਣ ਵਾਲਾ ਤਮਾਸ਼ਾ ਵੇਖਦਾ ਹੈ (ਕਿ ਉਸ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ।
ਉਸ ਦੇ ਮਨ ਵਿਚ ਬੇਅੰਤ ਠੰਡ ਪੈ ਜਾਂਦੀ ਹੈ ਉਸ ਦੇ ਅੰਦਰ ਬੇਅੰਤ ਚੜ੍ਹਦੀ ਕਲਾ ਬਣ ਜਾਂਦੀ ਹੈ।
ਨਾਨਕ ਬੇਨਤੀ ਕਰਦਾ ਹੈ, (ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਸ ਨੂੰ) ਪ੍ਰਭੂ ਆਪ ਹੀ ਆਨੰਦ-ਮਈ ਆਤਮਕ ਅਡੋਲਤਾ ਵਿਚ ਟਿਕਾਂਦਾ ਹੈ, ਪ੍ਰਭੂ ਆਪ ਹੀ ਉਸ ਦਾ ਆਪਣੇ ਨਾਲ ਮਿਲਾਪ ਬਣਾਂਦਾ ਹੈ ॥੨॥
ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਨਹੀਂ ਵੇਖਣੇ ਪੈਂਦੇ।
ਧਰਮ ਰਾਜ (ਭੀ) ਉਹਨਾਂ ਨੂੰ ਨਮਸਕਾਰ ਕਰਦਾ ਹੈ, ਜਮਦੂਤ ਉਹਨਾਂ ਤੋਂ ਪਰੇ ਦੌੜ ਜਾਂਦੇ ਹਨ।
ਸਾਧ ਸੰਗਤਿ ਵਿਚ ਪਰਮਾਤਮਾ ਦਾ ਭਜਨ ਕਰ ਕੇ ਉਹ ਮਨੁੱਖ ਸੁਖੀ ਹੋ ਜਾਂਦੇ ਹਨ ਉਹਨਾਂ ਨੂੰ ਧਰਮ ਪ੍ਰਾਪਤ ਹੋ ਜਾਂਦਾ ਹੈ ਧੀਰਜ ਪ੍ਰਾਪਤ ਹੋ ਜਾਂਦੀ ਹੈ ਆਤਮਕ ਅਡੋਲਤਾ ਮਿਲ ਜਾਂਦੀ ਹੈ।
ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ (ਮੋਹ ਮਮਤਾ ਆਦਿਕ ਵਿਕਾਰਾਂ ਤੋਂ) ਬਚਾ ਲੈਂਦਾ ਹੈ, ਉਹ ਮਨੁੱਖ ਮੋਹ ਮਮਤਾ ਆਦਿਕ ਸਭ ਤਿਆਗ ਦੇਂਦੇ ਹਨ।
ਜਿਨ੍ਹਾਂ ਨੂੰ ਪਰਮਾਤਮਾ ਗੁਰੂ ਦੀ ਰਾਹੀਂ ਆਪਣੇ ਨਾਲ ਮਿਲਾਂਦਾ ਹੈ ਉਹਨਾਂ ਨੂੰ (ਬਾਹੋਂ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ। ਪਰਮਾਤਮਾ ਦਾ ਨਾਮ ਜਪ ਕੇ ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ।
ਨਾਨਕ ਬੇਨਤੀ ਕਰਦਾ ਹੈ-ਉਹ ਮਨੁੱਖ ਮਾਲਕ-ਪ੍ਰਭੂ ਦਾ ਸਿਮਰਨ ਕਰ ਕੇ ਆਪਣੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਲੈਂਦੇ ਹਨ ॥੩॥