(ਹੇ ਮੁੱਲਾਂ!) ਰੱਬ ਹਰ ਥਾਂ ਹਾਜ਼ਰ-ਨਾਜ਼ਰ ਹੈ, ਤੁਸੀਂ ਉਸ ਨੂੰ ਦੂਰ (ਕਿਤੇ ਸਤਵੇਂ ਅਸਮਾਨ ਤੇ) ਕਿਉਂ (ਬੈਠਾ) ਦੱਸਦੇ ਹੋ?
ਜੇ ਉਸ ਸੁਹਣੇ ਰੱਬ ਨੂੰ ਮਿਲਣਾ ਹੈ, ਤਾਂ ਕਾਮਾਦਿਕ ਰੌਲਾ ਪਾਣ ਵਾਲੇ ਵਿਕਾਰਾਂ ਨੂੰ ਕਾਬੂ ਵਿਚ ਰੱਖੋ ॥੧॥ ਰਹਾਉ ॥
ਅਸਲ ਕਾਜ਼ੀ ਉਹ ਹੈ ਜੋ ਆਪਣੇ ਸਰੀਰ ਨੂੰ ਖੋਜੇ,
ਸਰੀਰ ਵਿਚ ਪ੍ਰਭੂ ਦੀ ਜੋਤ ਨੂੰ ਰੌਸ਼ਨ ਕਰੇ,
ਸੁਪਨੇ ਵਿਚ ਭੀ ਕਾਮ ਦੀ ਵਾਸ਼ਨਾ ਮਨ ਵਿਚ ਨਾਹ ਆਉਣ ਦੇਵੇ।
ਅਜਿਹੇ ਕਾਜ਼ੀ ਨੂੰ ਬੁਢੇਪੇ ਤੇ ਮੌਤ ਦਾ ਡਰ ਨਹੀਂ ਰਹਿ ਜਾਂਦਾ ॥੨॥
ਅਸਲ ਸੁਲਤਾਨ (ਬਾਦਸ਼ਾਹ) ਉਹ ਹੈ ਜੋ (ਗਿਆਨ ਤੇ ਵੈਰਾਗ ਦੇ) ਦੋ ਤੀਰ ਤਾਣਦਾ ਹੈ,
ਬਾਹਰ ਦੁਨੀਆ ਦੇ ਪਦਾਰਥਾਂ ਵਲ ਭਟਕਦੇ ਮਨ ਨੂੰ ਅੰਦਰ ਵਲ ਲੈ ਆਉਂਦਾ ਹੈ,
ਪ੍ਰਭੂ-ਚਰਨਾਂ ਵਿਚ ਜੁੜ ਕੇ ਆਪਣੇ ਅੰਦਰ ਭਲੇ ਗੁਣ ਪੈਦਾ ਕਰਦਾ ਹੈ।
ਉਹ ਸੁਲਤਾਨ ਆਪਣੇ ਸਿਰ ਤੇ (ਅਸਲ) ਛਤਰ ਝੁਲਵਾਉਂਦਾ ਹੈ ॥੩॥
ਜੋਗੀ (ਪ੍ਰਭੂ ਨੂੰ ਵਿਸਾਰ ਕੇ) ਗੋਰਖ ਗੋਰਖ ਜਪਦਾ ਹੈ,
ਹਿੰਦੂ (ਸ੍ਰੀ ਰਾਮ ਚੰਦਰ ਦੀ ਮੂਰਤੀ ਵਿਚ ਹੀ ਮਿਥੇ ਹੋਏ) ਰਾਮ ਦਾ ਨਾਮ ਉਚਾਰਦਾ ਹੈ,
ਮੁਸਲਮਾਨ ਨੇ (ਸਤਵੇਂ ਅਸਮਾਨ ਵਿਚ ਬੈਠਾ ਹੋਇਆ) ਨਿਰਾ ਆਪਣਾ (ਮੁਸਲਮਾਨਾਂ ਦਾ ਹੀ) ਰੱਬ ਮੰਨ ਰੱਖਿਆ ਹੈ।
ਪਰ ਮੇਰਾ ਕਬੀਰ ਦਾ ਪ੍ਰਭੂ ਉਹ ਹੈ, ਜੋ ਸਭ ਵਿਚ ਵਿਆਪਕ ਹੈ (ਤੇ ਸਭ ਦਾ ਸਾਂਝਾ ਹੈ) ॥੪॥੩॥੧੧॥
ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ,
ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ।
ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ,
ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ ॥੧॥
ਸਾਡਾ ਠਾਕੁਰ ਸਦਾ ਬੋਲਦਾ ਹੈ,
ਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ॥੧॥ ਰਹਾਉ ॥
ਅੰਨ੍ਹਾ ਮੂਰਖ ਆਪਣੇ ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ,
ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ।
ਇਹ ਪੱਥਰ ਨਾਹ ਬੋਲਦਾ ਹੈ, ਨਾਹ ਕੁਝ ਦੇ ਸਕਦਾ ਹੈ,
(ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਿਕ ਲਵਾਣ ਦੇ) ਸਾਰੇ ਕੰਮ ਵਿਅਰਥ ਹਨ, (ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ ॥੨॥
ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ (ਰਗੜ ਕੇ) ਲਾ ਦੇਵੇ,
ਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ।
ਤੇ, ਜੇ ਕੋਈ ਮੁਰਦੇ ਨੂੰ ਗੰਦ ਵਿਚ ਰੋਲ ਦੇਵੇ,
ਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ ॥੩॥
ਕਬੀਰ ਆਖਦਾ ਹੈ ਕਿ ਮੈਂ ਪੁਕਾਰ ਪੁਕਾਰ ਕੇ ਆਖਦਾ ਹਾਂ
ਹੇ ਰੱਬ ਨਾਲੋਂ ਟੁੱਟੇ ਹੋਏ ਮੂਰਖ! ਸਮਝ ਕੇ ਵੇਖ,
ਰੱਬ ਨੂੰ ਛੱਡ ਕੇ ਹੋਰ ਹੋਰ ਵਿਚ ਪਿਆਰ ਪਾ ਕੇ ਬਥੇਰੇ ਜੀਵ ਤਬਾਹ ਹੋ ਗਏ।
ਸਦਾ ਸੁਖੀ ਜੀਵਨ ਵਾਲੇ ਸਿਰਫ਼ ਉਹੀ ਹਨ ਜੋ ਪ੍ਰਭੂ ਦੇ ਭਗਤ ਹਨ' ॥੪॥੪॥੧੨॥
ਪਾਣੀ ਵਿਚ ਰਹਿਣ ਵਾਲੀਆਂ ਮੱਛੀਆਂ ਮਾਇਆ ਵਿਚ ਵਿੱਝੀਆਂ ਪਈਆਂ ਹਨ,
ਦੀਵਿਆਂ ਉੱਤੇ (ਸੜਨ ਵਾਲੇ) ਭੰਬਟ ਮਾਇਆ ਵਿਚ ਪ੍ਰੋਤੇ ਹੋਏ ਹਨ।
ਕਾਮ-ਵਾਸ਼ਨਾ ਰੂਪ ਮਾਇਆ ਹਾਥੀ ਉੱਤੇ ਦਬਾਉ ਪਾਂਦੀ ਹੈ;
ਸੱਪ ਤੇ ਭੌਰੇ ਭੀ ਮਾਇਆ ਵਿਚ ਦੁਖੀ ਹੋ ਰਹੇ ਹਨ ॥੧॥
ਹੇ ਭਾਈ! ਮਾਇਆ ਇਤਨੀ ਬਲ ਵਾਲੀ, ਮੋਹਣ ਵਾਲੀ ਹੈ,
ਕਿ ਜਿਤਨੇ ਭੀ ਜੀਵ (ਜਗਤ ਵਿਚ) ਹਨ, ਸਭ ਨੂੰ ਡੁਲਾ ਦੇਂਦੀ ਹੈ ॥੧॥ ਰਹਾਉ ॥
ਪੰਛੀ, ਜੰਗਲ ਦੇ ਪਸ਼ੂ ਸਭ ਮਾਇਆ ਵਿਚ ਰੰਗੇ ਪਏ ਹਨ।
ਸ਼ੱਕਰ-ਰੂਪ ਮਾਇਆ ਮੱਖੀ ਨੂੰ ਬੜਾ ਦੁਖੀ ਕਰ ਰਹੀ ਹੈ।
ਘੋੜੇ ਊਠ ਸਭ ਮਾਇਆ ਵਿਚ ਫਸੇ ਪਏ ਹਨ।
ਚੌਰਾਸੀਹ ਸਿੱਧ ਭੀ ਮਾਇਆ ਵਿਚ ਖੇਡ ਰਹੇ ਹਨ ॥੨॥
ਜਤੀ ਭੀ ਮਾਇਆ ਦੇ ਹੀ ਗ਼ੁਲਾਮ ਹਨ।
ਨੌ ਨਾਥ ਸੂਰਜ (ਦੇਵਤਾ) ਅਤੇ ਚੰਦ੍ਰਮਾ (ਦੇਵਤਾ)
ਵੱਡੇ ਵੱਡੇ ਤਪੀ ਤੇ ਰਿਸ਼ੀ ਸਭ ਮਾਇਆ ਵਿਚ ਸੁੱਤੇ ਪਏ ਹਨ।
ਮੌਤ (ਦਾ ਸਹਿਮ) ਤੇ ਪੰਜੇ ਵਿਕਾਰ ਭੀ ਮਾਇਆ ਵਿਚ ਹੀ (ਜੀਵਾਂ ਨੂੰ ਵਿਆਪਦੇ ਹਨ) ॥੩॥
ਕੁੱਤੇ, ਗਿੱਦੜ, ਬਾਂਦਰ, ਚਿੱਤ੍ਰੇ, ਸ਼ੇਰ ਸਭ ਮਾਇਆ ਵਿਚ ਰੰਗੇ ਪਏ ਹਨ।
ਬਾਂਦਰ, ਚਿੱਤ੍ਰੇ, ਸ਼ੇਰ (ਸਭ ਮਾਇਆ ਵਿਚ ਉਲਝੇ ਪਏ ਹਨ।)
ਬਿੱਲੇ, ਭੇਡਾਂ, ਲੂੰਬੜ,
ਰੁੱਖ, ਕੰਦ-ਮੂਲ ਸਭ ਮਾਇਆ ਦੇ ਅਧੀਨ ਹਨ ॥੪॥
ਦੇਵਤੇ ਭੀ ਮਾਇਆ (ਦੇ ਮੋਹ) ਵਿਚ ਭਿੱਜੇ ਹੋਏ ਹਨ।
ਸਮੁੰਦਰ, ਸ੍ਵਰਗ, ਧਰਤੀ ਇਹਨਾਂ ਸਭਨਾਂ ਦੇ ਜੀਵ ਮਾਇਆ ਵਿਚ ਹੀ ਹਨ।
ਕਬੀਰ ਆਖਦਾ ਹੈ ਕਿ (ਮੁੱਕਦੀ ਗੱਲ ਇਹ ਹੈ ਕਿ) ਜਿਸ ਨੂੰ ਢਿੱਡ ਲੱਗਾ ਹੋਇਆ ਹੈ ਉਸ ਨੂੰ (ਭਾਵ, ਹਰੇਕ ਜੀਵ ਨੂੰ) ਮਾਇਆ ਵਿਆਪ ਰਹੀ ਹੈ।
ਜਦੋਂ ਗੁਰੂ ਮਿਲੇ ਤਦੋਂ ਹੀ ਜੀਵ ਮਾਇਆ ਦੇ ਪ੍ਰਭਾਵ ਤੋਂ ਬਚਦਾ ਹੈ ॥੫॥੫॥੧੩॥
ਜਦ ਤਕ ਮਨੁੱਖ ਮਮਤਾ ਦੇ ਗੇੜ ਵਿਚ ਰਹਿੰਦਾ ਹੈ,
ਤਦ ਤਕ ਇਸ ਦਾ (ਆਤਮਕ ਜੀਵਨ ਦਾ) ਇੱਕ ਕੰਮ ਭੀ ਨਹੀਂ ਸੌਰਦਾ।
ਜਦੋਂ ਇਸ ਦੀ ਮਮਤਾ ਮਿਟ ਜਾਂਦੀ ਹੈ,