ਕੋਈ ਜਾਦੂ ਟੁਣਾ ਉਸ ਉਤੇ ਅਸਰ ਨਹੀਂ ਕਰ ਸਕਦਾ, ਕੋਈ ਭੈੜੀ ਨਜ਼ਰ ਉਸ ਨੂੰ ਨਹੀਂ ਲੱਗ ਸਕਦੀ ॥੧॥ ਰਹਾਉ ॥
(ਉਸ ਮਨੁੱਖ ਦੇ ਅੰਦਰੋਂ) ਕਾਮ, ਕ੍ਰੋਧ, ਅਹੰਕਾਰ ਦੀ ਮਸਤੀ, ਮੋਹ, ਹੋਰ ਹੋਰ ਪਦਾਰਥਾਂ ਦੇ ਚਸਕੇ ਸਭ ਨਾਸ ਹੋ ਜਾਂਦੇ ਹਨ।
ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਰਸ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ, ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਮਸਤ ਰਹਿੰਦਾ ਹੈ ॥੨॥੪॥੬੮॥
ਹੇ ਭਾਈ! ਅਸਾਂ ਜੀਵਾਂ ਦੀ ਜੀਵਨ-ਜੁਗਤਿ ਪਰਮਾਤਮਾ ਦੇ ਵੱਸ ਵਿਚ ਹੈ, ਜੋ ਕੁਝ ਕਰਨ ਵਾਸਤੇ ਉਹ ਸਾਨੂੰ ਪ੍ਰੇਰਨਾ ਕਰਦਾ ਹੈ ਉਹੀ ਅਸੀਂ ਕਰ ਸਕਦੇ ਹਾਂ।
ਜਿਸ ਮਨੁੱਖ ਉਤੇ ਜਗਤ-ਪਾਲ ਪਾਤਿਸ਼ਾਹ ਦਇਆਵਾਨ ਹੁੰਦਾ ਹੈ, ਉਸ ਨੂੰ ਕੋਈ ਡਰ ਕਰਨ ਦੀ ਲੋੜ ਨਹੀਂ ਰਹਿੰਦੀ ॥੧॥
ਹੇ ਪਿਆਰੇ ਗੁਰਸਿੱਖ! ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਈ ਰੱਖ, ਤੈਨੂੰ ਕਦੇ ਭੀ ਕੋਈ ਦੁੱਖ ਪੋਹ ਨਹੀਂ ਸਕੇਗਾ,
(ਦੁੱਖ ਤਾਂ ਕਿਤੇ ਰਹੇ) ਜਮਦੂਤ (ਭੀ) ਤੇਰੇ ਨੇੜੇ ਨਹੀਂ ਆਵੇਗਾ ॥੧॥ ਰਹਾਉ ॥
ਪ੍ਰਭੂ ਹੀ ਜਗਤ ਦੀ ਰਚਨਾ ਕਰਨ ਦੀ ਤਾਕਤ ਵਾਲਾ ਹੈ, ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਸਮਰਥਾ ਵਾਲਾ) ਨਹੀਂ ਹੈ।
ਹੇ ਨਾਨਕ! ਅਸੀਂ ਜੀਵ ਉਸ ਪ੍ਰਭੂ ਦੀ ਸਰਨ ਵਿਚ ਹੀ ਰਹਿ ਸਕਦੇ ਹਾਂ, (ਸਾਡੇ) ਮਨ ਵਿਚ ਉਸੇ ਦਾ ਹੀ ਸਦਾ ਕਾਇਮ ਰਹਿਣ ਵਾਲਾ ਆਸਰਾ ਹੈ ॥੨॥੫॥੬੯॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਪ੍ਰਾਪਤ ਕਰ ਲਿਆ ਹੈ (ਇਸ ਵਾਸਤੇ) ਉਸ (ਸਾਧ ਸੰਗਤਿ) ਤੋਂ ਕਦੇ ਪਰੇ ਨਹੀਂ ਭੱਜਦਾ।
(ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਆਪਣੇ ਪ੍ਰਭੂ ਦਾ ਹਰ ਵੇਲੇ ਸਿਮਰਨ ਕਰ ਕੇ (ਅਜੇਹੀ ਅਵਸਥਾ ਤੇ ਪਹੁੰਚ ਗਿਆ ਹਾਂ ਕਿ ਮੇਰੇ ਅੰਦਰੋਂ) ਦੁੱਖਾਂ ਦਾ ਟਿਕਾਣਾ ਹੀ ਦੂਰ ਹੋ ਗਿਆ ਹੈ ॥੧॥
ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਮੈਂ (ਆਪਣੇ ਗੁਰੂ ਦੇ) ਚਰਨਾਂ ਤੋਂ ਸਦਕੇ ਜਾਂਦਾ ਹਾਂ।
ਗੁਰੂ ਦਾ ਦਰਸਨ ਕਰ ਕੇ ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ, ਤੇ ਮੇਰੇ ਅੰਦਰ ਸਾਰੇ ਆਨੰਦ, ਸਾਰੇ ਸੁਖ ਸਾਰੇ ਚਾਉ-ਹੁਲਾਰੇ ਬਣੇ ਰਹਿੰਦੇ ਹਨ ॥੧॥ ਰਹਾਉ ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪ੍ਰਭੂ ਦੀਆਂ ਕਥਾ-ਕਹਾਣੀਆਂ, ਕੀਰਤਨ, ਸਿਫ਼ਤਿ-ਸਾਲਾਹ ਦੀ ਲਗਨ-ਇਹੀ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਬਣ ਗਏ ਹਨ।
ਹੇ ਨਾਨਕ! (ਆਖ-) ਗੁਰੂ ਦੀ ਮੇਹਰ ਨਾਲ) ਪ੍ਰਭੂ ਜੀ (ਮੇਰੇ ਉਤੇ) ਬਹੁਤ ਖ਼ੁਸ਼ ਹੋ ਗਏ ਹਨ, ਮੈਂ ਹੁਣ ਮਨ-ਮੰਗਿਆ ਫਲ ਪ੍ਰਾਪਤ ਕਰ ਰਿਹਾ ਹਾਂ ॥੨॥੬॥੭੦॥
(ਹੇ ਪ੍ਰਭੂ!) ਤੇਰੇ ਦਾਸ ਦੀ (ਤੇਰੇ ਦਰ ਤੇ) ਅਰਜ਼ੋਈ ਹੈ ਕਿ ਮੇਰੇ ਹਿਰਦੇ ਵਿਚ (ਆਤਮਕ ਜੀਵਨ ਦਾ) ਚਾਨਣ ਕਰ
(ਤਾਂ ਕਿ) ਹੇ ਪਾਰਬ੍ਰਹਮ! ਤੇਰੀ ਕਿਰਪਾ ਨਾਲ (ਮੇਰੇ ਅੰਦਰੋਂ) ਵਿਕਾਰਾਂ ਦਾ ਨਾਸ ਹੋ ਜਾਏ ॥੧॥
ਹੇ ਸਰਬ-ਵਿਆਪਕ ਪ੍ਰਭੂ! ਤੂੰ (ਹੀ) ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ। ਮੈਨੂੰ (ਤੇਰੇ) ਹੀ ਸੋਹਣੇ ਚਰਣਾਂ ਦਾ ਆਸਰਾ ਹੈ।
(ਮੇਰੇ ਉਤੇ ਮੇਹਰ ਕਰ) ਜਦ ਤਕ (ਮੇਰੇ) ਸਰੀਰ ਵਿਚ ਸਾਹ (ਚੱਲ ਰਿਹਾ ਹੈ), ਮੈਂ ਤੇਰਾ ਨਾਮ ਸਿਮਰਦਾ ਰਹਾਂ, ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥
ਹੇ ਪ੍ਰਭੂ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ, ਤੂੰ ਹੀ ਮੇਰਾ ਸਾਕ-ਸੈਣ ਹੈਂ, ਤੂੰ ਸਾਰੇ ਹੀ ਜੀਵਾਂ ਵਿਚ ਵੱਸਦਾ ਹੈਂ।
ਹੇ ਨਾਨਕ! ਜਿਸ ਪ੍ਰਭੂ ਦੀ ਸਿਫ਼ਤਿ-ਸਾਲਾਹ (ਜੀਵਨ) ਪਵਿੱਤਰ ਕਰ ਦੇਂਦੀ ਹੈ, ਉਸ ਦੀ ਸਰਨ ਪਏ ਰਹਿਣਾ ਚਾਹੀਦਾ ਹੈ ॥੨॥੭॥੭੧॥
ਹੇ ਭਾਈ! ਸਾਰੀਆਂ ਸਿੱਧੀਆਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਜੇਹੜਾ ਮਨੁੱਖ ਸਿਫ਼ਤਿ-ਸਾਲਾਹ ਕਰਦਾ ਹੈ) ਸਾਰੇ ਲੋਕ (ਉਸ ਦੀ) ਸੁਖ ਮੰਗਦੇ ਹਨ।
ਮੂੰਹੋਂ (ਸਾਰੇ ਲੋਕ ਉਸ ਨੂੰ) ਗੁਰਮੁਖਿ ਗੁਰਮੁਖਿ ਆਖਦੇ ਹਨ, (ਉਸ ਦੇ ਬਚਨ) ਸੁਣ ਕੇ ਸੇਵਕ-ਭਾਵ ਨਾਲ ਉਸ ਦੀ ਚਰਨੀਂ ਲੱਗਦੇ ਹਨ ॥੧॥
ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਰਸ ਬਖ਼ਸ਼ ਦਿੱਤੇ,
ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਰੱਖਦਾ ਹੈ ਅਤੇ (ਪਰਮਾਤਮਾ ਨੂੰ ਸਰਬ-ਵਿਆਪਕ ਜਾਣਦਾ ਹੋਇਆ) ਸਾਰੇ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ ॥੧॥ ਰਹਾਉ ॥
(ਉਹਨਾਂ ਨੂੰ ਨਿਸ਼ਚਾ ਹੁੰਦਾ ਹੈ) ਕਿ ਸਾਰੇ ਗੁਣਾਂ ਦਾ ਮਾਲਕ ਅਥਾਹ ਪ੍ਰਭੂ ਸਾਰੇ ਜੀਵਾਂ ਵਿਚ ਵੱਸਦਾ ਹੈ।
ਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ) ਭਗਤ ਜਨ ਪ੍ਰਭੂ ਦਾ ਆਸਰਾ ਤੱਕ ਕੇ ਸਦਾ ਆਨੰਦ-ਭਰਪੂਰ ਰਹਿੰਦੇ ਹਨ ॥੨॥੮॥੭੨॥
ਹੇ ਮਿੱਤਰ! ਜਿਸ ਸੇਵਕ ਦੀ ਅਰਦਾਸ ਪ੍ਰਭੂ ਨੇ ਸੁਣ ਲਈ, ਜਿਸ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੋ ਗਏ,
ਆਪਣੇ ਉਸ ਸੇਵਕ ਦੀ ਪ੍ਰਭੂ ਨੇ (ਸਦਾ) ਰੱਖਿਆ ਕੀਤੀ ਹੈ, ਉਸ ਸੇਵਕ ਦੇ ਦੋਖੀ-ਨਿੰਦਕ ਦੇ ਮੂੰਹ ਉਤੇ ਸੁਆਹ ਹੀ ਪਈ ਹੈ (ਨਿੰਦਕ ਨੂੰ ਸਦਾ ਫਿਟਕਾਰ ਹੀ ਪਈ ਹੈ) ॥੧॥
ਹੇ ਮਿੱਤਰ! ਹੇ ਸੱਜਣ! (ਜੇ) ਤੂੰ ਗੁਰੂ ਦਾ ਸੇਵਕ (ਬਣਿਆ ਰਹੇਂ,
ਤਾਂ ਨਿਸ਼ਚਾ ਰੱਖ ਕਿ) ਪਰਮਾਤਮਾ ਨੇ ਆਪਣੇ ਹੱਥ ਦੇ ਕੇ ਤੇਰੀ ਸਦਾ ਰੱਖਿਆ ਕਰਨੀ ਹੈ ॥੧॥ ਰਹਾਉ ॥
ਹੇ ਮਿੱਤਰ! ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ (ਦਾਤਾਂ ਦੇਣ ਜੋਗਾ) ਨਹੀਂ ਹੈ (ਉਸ ਪ੍ਰਭੂ ਦੀ ਹੀ ਸਰਨ ਪਿਆ ਰਹੁ)।
ਨਾਨਕ ਦੀ (ਭੀ ਪ੍ਰਭੂ-ਦਰ ਤੇ ਹੀ ਸਦਾ) ਅਰਦਾਸ ਹੈ (-ਹੇ ਪ੍ਰਭੂ!) ਮੈਨੂੰ ਤੇਰਾ ਹੀ ਆਸਰਾ ਹੈ ॥੨॥੯॥੭੩॥
ਹੇ ਮੇਰੇ ਮਿੱਤਰੋ! ਹੇ ਮੇਰੇ ਸੱਜਣੋ! (ਯਕੀਨ ਰੱਖੋ ਕਿ) ਪਰਮਾਤਮਾ (ਆਪਣੇ ਸੇਵਕਾਂ ਦੀ ਜ਼ਰੂਰ) ਰੱਖਿਆ ਕਰਦਾ ਹੈ।
(ਸੇਵਕਾਂ ਦੀ) ਨਿੰਦਾ ਕਰਨ ਵਾਲੇ (ਆਪ ਹੀ) ਆਤਮਕ ਮੌਤੇ ਮਰ ਜਾਂਦੇ ਹਨ। (ਇਸ ਵਾਸਤੇ ਤੁਸੀ ਪਰਮਾਤਮਾ ਦਾ ਆਸਰਾ-ਪਰਨਾ ਲਈ ਰੱਖੋ, ਤੇ ਨਿੰਦਕਾਂ ਵਲੋਂ) ਬੇ-ਫ਼ਿਕਰ ਰਹੋ ॥੧॥ ਰਹਾਉ ॥
ਹੇ ਮੇਰੇ ਮਿੱਤਰੋ! ਜਿਸ ਨੂੰ (ਭਾਗਾਂ ਨਾਲ) ਗੁਰੂ ਮਿਲ ਪਿਆ, ਉਸ ਪ੍ਰਭੂ ਨੇ (ਸਦਾ ਹੀ ਉਸ ਸੇਵਕ ਦੇ) ਸਾਰੇ ਮਨੋਰਥ ਪੂਰੇ ਕੀਤੇ ਹਨ।