ਗੁਰੂ ਅਮਰਦਾਸ ਜੀ ਦੇ ਸਲੋਕ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਇਹੋ ਜਿਹੇ ਬੰਦੇ 'ਸਾਧ-ਸੰਤ' ਨਹੀਂ ਆਖੇ ਜਾ ਸਕਦੇ, ਜਿਨ੍ਹਾਂ ਦੇ ਮਨ ਵਿਚ (ਮਾਇਆ ਆਦਿਕ ਮੰਗਣ ਦੀ ਖ਼ਾਤਰ ਹੀ) ਭਟਕਣਾ ਲੱਗੀ ਪਈ ਹੈ।
ਹੇ ਨਾਨਕ! ਇਹੋ ਜਿਹੇ ਸਾਧਾਂ ਨੂੰ (ਅੰਨ ਬਸਤ੍ਰ ਮਾਇਆ ਆਦਿਕ) ਦੇਣਾ ਕੋਈ ਧਾਰਮਿਕ ਕੰਮ ਨਹੀਂ ਹੈ ॥੧॥
ਜਿਸ ਪਰਮਾਤਮਾ ਨੂੰ ਕੋਈ ਡਰ ਨਹੀਂ ਪੋਹ ਸਕਦਾ, ਜਿਸ ਪਰਮਾਤਮਾ ਨੂੰ ਮਾਇਆ ਦੇ ਮੋਹ ਕਾਲਖ ਨਹੀਂ ਲੱਗ ਸਕਦੀ, ਉਸ ਦਾ ਮਿਲਾਪ ਸਭ ਤੋਂ ਉੱਚਾ ਆਤਮਕ ਦਰਜਾ ਹੈ। ਜਿਹੜਾ ਮਨੁੱਖ ਉਸ (ਉੱਚੇ ਆਤਮਕ ਦਰਜੇ) ਦਾ ਭਿਖਾਰੀ ਹੈ (ਉਹ ਹੈ ਅਸਲ 'ਸਾਧਸੰਤ')।
ਹੇ ਨਾਨਕ! ਇਹੋ ਜਿਹੇ (ਭਿਖਾਰੀ) ਵਾਲਾ (ਨਾਮ-) ਭੋਜਨ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ ॥੨॥
ਜੇ ਮੈਂ (ਮਿਹਨਤ ਨਾਲ ਵਿੱਦਿਆ ਪ੍ਰਾਪਤ ਕਰ ਕੇ) ਜੋਤਸ਼ੀ (ਭੀ) ਬਣ ਜਾਵਾਂ, ਪੰਡਿਤ (ਭੀ) ਬਣ ਜਾਵਾਂ, (ਅਤੇ) ਚਾਰੇ ਵੇਦ (ਆਪਣੇ) ਮੂੰਹੋਂ ਪੜ੍ਹਦਾ ਰਹਾਂ,
ਤਾਂ ਭੀ ਜਗਤ ਵਿਚ ਮੈਂ ਉਹੋ ਜਿਹਾ ਹੀ ਸਮਝਿਆ ਜਾਵਾਂਗਾ, ਜਿਹੋ ਜਿਹੇ ਮੇਰੇ ਕਰਤੱਬ ਹਨ ਤੇ ਮੇਰੇ ਖ਼ਿਆਲ ਹਨ ॥੩॥
ਬ੍ਰਾਹਮਣ ਦੀ ਹੱਤਿਆ, ਗਾਂ ਦੀ ਹੱਤਿਆ, ਧੀ ਦੀ ਹੱਤਿਆ (ਧੀ ਦਾ ਪੈਸਾ), ਕੁਕਰਮੀ ਦਾ ਪੈਸਾ,
(ਜਗਤ ਵਲੋਂ) ਫਿਟਕਾਰਾਂ ਹੀ ਫਿਟਕਾਰਾਂ, ਬਦੀਆਂ ਦਾ ਕੋਹੜ, ਹਰ ਵੇਲੇ ਦੀ ਆਕੜ-
ਇਹ ਸਾਰੇ ਹੀ ਐਬ, ਹੇ ਨਾਨਕ! ਉਹ ਮਨੁੱਖ ਖੱਟਦੇ ਰਹਿੰਦੇ ਹਨ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲਿਆ ਰਹਿੰਦਾ ਹੈ।
ਹੋਰ ਸਾਰੀਆਂ ਹੀ ਸਿਆਣਪਾਂ ਵਿਅਰਥ ਜਾਂਦੀਆਂ ਹਨ, ਸਿਰਫ਼ ਪ੍ਰਭੂ ਦਾ ਨਾਮ ਹੀ ਕਾਇਮ ਰਹਿੰਦਾ ਹੈ। ਇਹ ਨਾਮ ਹੀ ਹੈ ਜੀਵਨ ਦਾ ਨਿਚੋੜ, ਇਹ ਨਾਮ ਹੀ ਹੈ ਅਸਲ ਗਿਆਨ ॥੪॥
(ਮਨੁੱਖ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਲਿਖੇ ਲੇਖ ਨੂੰ ਕੋਈ ਮਨੁੱਖ ਮਿਟਾ ਨਹੀਂ ਸਕਦਾ।
ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ, ਉਹੀ (ਇਸ ਭੇਤ ਨੂੰ) ਸਮਝਦਾ ਹੈ ਕਿ ਧੁਰ ਦਰਗਾਹ ਤੋਂ ਜਿਹੜਾ ਲੇਖ ਲਿਖਿਆ ਜਾਂਦਾ ਹੈ ਉਹ ਵਾਪਰਦਾ ਰਹਿੰਦਾ ਹੈ ॥੫॥
ਨਾਸਵੰਤ ਪਦਾਰਥਾਂ ਦੇ ਲਾਲਚ ਵਿਚ ਫਸ ਕੇ ਜਿਨ੍ਹਾਂ (ਮਨੁੱਖਾਂ) ਨੇ (ਪਰਮਾਤਮਾ ਦਾ) ਨਾਮ ਭੁਲਾ ਦਿੱਤਾ,
ਜੋ ਮਨੁੱਖ ਮਨ ਨੂੰ ਮੋਹ ਲੈਣ ਵਾਲੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦੇ ਰਹੇ, (ਉਹਨਾਂ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲਦੀ ਰਹਿੰਦੀ ਹੈ)।
ਮਾਇਆ ਦੇ (ਮੋਹ-ਰੂਪ) ਠੱਗ ਕੇ ਜਿਨ੍ਹਾਂ ਦੇ ਆਤਮਕ ਸਰਮਾਏ ਨੂੰ ਲੁੱਟ ਲਿਆ, ਉਹ ਮਨੁੱਖ ਉਹਨਾਂ ਵੇਲਾਂ ਵਾਂਗ ਹਨ ਜਿਨ੍ਹਾਂ ਨੂੰ ਕੋਈ ਫਲ ਨਹੀਂ ਪੈਂਦਾ।
(ਜਿਵੇਂ ਕੁੱਤੇ ਗਾਈਆਂ ਮਹੀਆਂ ਦੇ) ਵੱਗ ਵਿਚ ਨਹੀਂ ਰਲ ਸਕਦੇ, (ਤਿਵੇਂ) ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਲਾਲਚ ਵਾਲੇ ਸੁਭਾਵ ਦੇ ਕਾਰਨ (ਗੁਰਮੁਖਾਂ ਵਿਚ) ਨਹੀਂ ਮਿਲ ਸਕਦੇ, (ਚੋਰਾਂ ਵਾਂਗ ਉਹ) ਮਨਮੁਖ ਬੰਨ੍ਹ ਕੇ ਅੱਗੇ ਲਾ ਲਏ ਜਾਂਦੇ ਹਨ।
(ਪਰ, ਜੀਵ ਦੇ ਕੀਹ ਵੱਸ? ਜਦੋਂ ਪਰਮਾਤਮਾ ਜੀਵ ਨੂੰ) ਆਪ ਕੁਰਾਹੇ ਪਾਂਦਾ ਹੈ (ਤਦੋਂ ਹੀ) ਕੁਰਾਹੇ ਪੈ ਜਾਈਦਾ ਹੈ, ਉਹ ਆਪ ਹੀ (ਜੀਵ ਨੂੰ ਗੁਰਮੁਖਾਂ ਦੀ) ਸੰਗਤ ਵਿਚ ਮਿਲਾਂਦਾ ਹੈ।
ਹੇ ਨਾਨਕ! ਜੇ ਮਨੁੱਖ ਗੁਰੂ ਦੀ ਰਜ਼ਾ ਅਨੁਸਾਰ ਜੀਵਨ-ਰਾਹ ਤੇ ਤੁਰੇ, ਤਾਂ ਗੁਰੂ ਦੀ ਸਰਨ ਪੈ ਕੇ ਹੀ (ਲਾਲਚ ਆਦਿਕ ਤੋਂ) ਖ਼ਲਾਸੀ ਹਾਸਲ ਕਰਦਾ ਹੈ ॥੬॥
ਸਲਾਹੁਣ-ਜੋਗ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। ਮੁੜ ਮੁੜ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਰਿਹਾ ਕਰ।
ਹੇ ਨਾਨਕ! ਸਿਰਫ਼ ਪਰਮਾਤਮਾ ਦਾ ਦਰਵਾਜ਼ਾ ਹੀ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਤੋਂ ਬਿਨਾ ਕੋਈ) ਦੂਜਾ (ਦਰ) ਛੱਡ ਦੇਣਾ ਚਾਹੀਦਾ ਹੈ (ਕਿਸੇ ਹੋਰ ਦੀ ਆਸ ਨਹੀਂ ਬਣਾਣੀ ਚਾਹੀਦੀ) ॥੭॥
ਹੇ ਨਾਨਕ! ਜਿਥੇ ਜਿਥੇ ਮੈਂ ਫਿਰਦਾ ਹਾਂ, ਉਥੇ ਉਥੇ ਉਹ ਸਦਾ ਕਾਇਮ ਰਹਿਣ ਵਾਲਾ (ਪਰਮਾਤਮਾ) ਹੀ (ਮੌਜੂਦ ਹੈ)।
ਮੈਂ ਜਿਥੇ (ਭੀ) ਵੇਖਦਾ ਹਾਂ, ਉਥੇ ਸਿਰਫ਼ ਪਰਮਾਤਮਾ ਹੀ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਇਹ ਸਮਝ ਆਉਂਦੀ ਹੈ ॥੮॥
ਗੁਰੂ ਦਾ ਸ਼ਬਦ (ਮਨੁੱਖ ਦੇ ਅੰਦਰੋਂ ਸਾਰੇ) ਦੁੱਖਾਂ ਦਾ ਨਾਸ ਕਰ ਸਕਣ ਵਾਲਾ ਹੈ (ਪਰ ਇਹ ਤਦੋਂ ਹੀ ਨਿਸ਼ਚਾ ਬਣਦਾ ਹੈ) ਜੇ ਕੋਈ ਮਨੁੱਖ (ਆਪਣੇ) ਮਨ ਵਿਚ (ਗੁਰ-ਸ਼ਬਦ ਨੂੰ) ਵਸਾ ਲਏ।
ਗੁਰੂ ਦੀ ਕਿਰਪਾ ਨਾਲ ਹੀ (ਗੁਰੂ ਦਾ ਸ਼ਬਦ ਮਨੁੱਖ ਦੇ) ਮਨ ਵਿਚ ਵੱਸਦਾ ਹੈ, ਗੁਰ-ਸ਼ਬਦ ਦੀ ਪ੍ਰਾਪਤੀ ਭਾਗਾਂ ਨਾਲ ਹੀ ਹੁੰਦੀ ਹੈ ॥੯॥
ਹੇ ਨਾਨਕ! (ਦੁਨੀਆ ਵਿਚ) ਲੱਖਾਂ ਹੀ ਜੀਵ, ਅਣਗਿਣਤ ਜੀਵ, ਬੇਅੰਤ ਜੀਵ 'ਮੈਂ (ਵੱਡਾ)' ਮੈਂ (ਵੱਡਾ)-ਇਹ ਆਖਦੇ ਆਖਦੇ ਦੁਖੀ ਹੋ ਹੋ ਕੇ ਆਤਮਕ ਮੌਤੇ ਮਰਦੇ ਰਹੇ।
ਜਿਹੜੇ ਮਨੁੱਖ ਗੁਰੂ ਨੂੰ ਮਿਲ ਪਏ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਅਲੱਖ ਪ੍ਰਭੂ ਨੂੰ ਮਿਲ ਪਏ, ਉਹ ਇਸ 'ਹਉ ਹਉ' ਤੋਂ ਬਚਦੇ ਰਹੇ ॥੧੦॥
ਮੈਂ ਉਹਨਾਂ (ਵਡਭਾਗੀ) ਮਨੁੱਖਾਂ ਦੀ ਚਰਨੀਂ ਲੱਗਦਾ ਹਾਂ ਜਿਨ੍ਹਾਂ ਪੂਰੀ ਸਰਧਾ ਨਾਲ ਗੁਰੂ ਨੂੰ ਸੇਵਿਆ ਹੈ (ਗੁਰੂ ਦਾ ਪੱਲਾ ਫੜਿਆ ਹੈ)।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਅਤੇ ਮਨੁੱਖ ਦੇ ਅੰਦਰ) ਮਾਇਆ ਦਾ ਲਾਲਚ ਦੂਰ ਹੁੰਦਾ ਹੈ।
ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ) ਨਾਮ ਵਿਚ ਜੁੜਦਾ ਹੈ ਉਹ ਸਾਰੇ ਮਨੁੱਖ ਪਵਿੱਤਰ ਜੀਵਨ ਵਾਲੇ ਚਮਕਦੇ ਜੀਵਨ ਵਾਲੇ ਹੋ ਜਾਂਦੇ ਹਨ।
ਹੇ ਨਾਨਕ! (ਦੁਨੀਆ ਦੀਆਂ) ਹੋਰ (ਸਾਰੀਆਂ) ਪਾਤਿਸ਼ਾਹੀਆਂ ਨਾਸਵੰਤ ਹਨ। ਅਸਲ ਪਾਤਿਸ਼ਾਹ ਉਹ ਹਨ, ਜੋ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ ॥੧੧॥
ਜਿਵੇਂ (ਕਿਸੇ) ਮਨੁੱਖ ਦੇ ਘਰ ਵਿਚ (ਉਸ ਦੀ) ਪਤਿਬ੍ਰਤਾ ਇਸਤ੍ਰੀ ਹੈ ਜੋ ਪਿਆਰ-ਭਾਵਨਾ ਨਾਲ (ਆਪਣੇ ਪਤੀ ਦੀ ਸੇਵਾ ਕਰਨ ਦੀ) ਬਹੁਤ ਤਾਂਘ ਕਰਦੀ ਹੈ,
ਖੱਟੇ ਤੇ ਮਿੱਠੇ ਰਸ ਪਾ ਕੇ ਕਈ ਸਵਾਦਲੀਆਂ ਭਾਜੀਆਂ (ਪਤੀ ਵਾਸਤੇ) ਬਣਾਂਦੀ ਰਹਿੰਦੀ ਹੈ;
ਇਸੇ ਤਰ੍ਹਾਂ ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ ਕੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।
ਉਹਨਾਂ ਭਗਤਾਂ ਨੇ ਆਪਣਾ ਮਨ ਆਪਣਾ ਤਨ ਆਪਣਾ ਧਨ (ਸਭ ਕੁਝ) ਗੁਰੂ ਦੇ ਅੱਗੇ ਲਿਆ ਰੱਖਿਆ ਹੁੰਦਾ ਹੈ, ਉਹਨਾਂ ਨੇ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੁੰਦਾ ਹੈ।
ਪਰਮਾਤਮਾ ਦੇ ਅਦਬ ਵਿਚ ਟਿਕ ਕੇ ਪਰਮਾਤਮਾ ਦੇ ਭਗਤ ਉਸ ਦੀ ਭਗਤੀ ਦੀ ਬਹੁਤ ਤਾਂਘ ਰੱਖਦੇ ਹਨ, ਪ੍ਰਭੂ (ਉਹਨਾਂ ਦੀ) ਤਾਂਘ ਪੂਰੀ ਕਰ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।