(ਮਾਇਆ ਦੇ ਮੋਹ ਦੇ ਪ੍ਰਭਾਵ ਵਿਚ) ਇਸਤ੍ਰੀ ਅਤੇ ਮਰਦ ਕਾਮ-ਵਾਸ਼ਨਾ ਵਿਚ ਫਸੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਦੀ ਜਾਚ ਨਹੀਂ ਸਿੱਖਦੇ।
(ਮਾਇਆ ਦੇ ਮੋਹ ਵਿਚ ਫਸੇ ਜੀਵਾਂ ਨੂੰ ਆਪਣੇ) ਮਾਂ ਪਿਉ ਪੁੱਤਰ, ਭਰਾ (ਹੀ) ਬਹੁਤ ਪਿਆਰੇ ਲੱਗਦੇ ਹਨ, (ਜਿਸ ਸਰੋਵਰ ਵਿਚ) ਪਾਣੀ ਨਹੀਂ, (ਪਾਣੀ ਦੀ ਥਾਂ ਮੋਹ ਹੈ ਉਸ ਵਿਚ) ਡੁੱਬ ਕੇ (ਨਕਾ-ਨਕ ਫਸ ਕੇ) ਆਤਮਕ ਮੌਤ ਸਹੇੜ ਲੈਂਦੇ ਹਨ।
ਮੋਹ-ਰੂਪੀ ਪਾਣੀ ਵਾਲੇ ਮਾਇਆ-ਸਰ ਵਿਚ ਨਕਾ-ਨਕ ਫਸ ਕੇ ਜੀਵ ਆਤਮਕ ਮੌਤ ਸਹੇੜਦੇ ਹਨ ਤੇ ਆਪਣੇ ਆਤਮਕ ਜੀਵਨ ਨੂੰ ਨਹੀਂ ਪਰਖਦੇ-ਜਾਚਦੇ। (ਇਸ ਤਰ੍ਹਾਂ) ਸੰਸਾਰ ਵਿਚ (ਜੀਵਾਂ ਨੂੰ) ਹਉਮੈ ਦੀ ਭਟਕਣਾ ਲੱਗੀ ਹੋਈ ਹੈ।
ਜੇਹੜਾ ਭੀ ਜੀਵ ਜਗਤ ਵਿਚ (ਜਨਮ ਲੈ ਕੇ) ਆਉਂਦਾ ਹੈ ਉਹ (ਇਸ ਭਟਕਣਾ ਵਿਚ) ਫਸਦਾ ਜਾਂਦਾ ਹੈ, (ਇਸ ਵਿਚੋਂ ਉਹੀ) ਬਚਦੇ ਹਨ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦੇ ਹਨ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਉਚਾਰਦਾ ਹੈ, ਉਹ ਆਪ (ਇਸ ਮਾਇਆ-ਸਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਪਿਆਰੇ ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥
ਹੇ ਭਾਈ! ਇਹ ਜਗਤ (ਪਰਮਾਤਮਾ ਦੀ ਰਚੀ ਹੋਈ ਇਕ) ਖੇਡ ਹੈ (ਇਸ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ।
ਹੇ ਭਾਈ! ਪਰਮਾਤਮਾ ਦੀ ਭਗਤੀ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਰੱਖ (ਇਹੀ) ਸਦਾ ਰਹਿਣ ਵਾਲੀ (ਚੀਜ਼) ਹੈ, ਪਰਮਾਤਮਾ ਦਾ ਨਾਮ-ਵਣਜ ਹੀ ਸਦਾ ਕਾਇਮ ਰਹਿਣ ਵਾਲਾ ਹੈ।
ਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ-ਵਣਜ ਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ, ਇਹ ਧਨ ਗੁਰੂ ਦੀ ਮਤਿ ਤੇ ਤੁਰਿਆਂ ਮਿਲਦਾ ਹੈ।
ਪ੍ਰਭੂ ਦੀ ਸੇਵਾ-ਭਗਤੀ, ਪ੍ਰਭੂ-ਚਰਨਾਂ ਵਿਚ ਸੁਰਤ ਜੋੜਨੀ-ਇਹ ਸਦਾ ਕਾਇਮ ਰਹਿਣ ਵਾਲੀ (ਰਾਸਿ) ਹੈ (ਇਸ ਦੀ ਬਰਕਤਿ ਨਾਲ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਸਕੀਦਾ ਹੈ।
ਸਾਨੂੰ ਮਤਿ-ਹੀਣਿਆਂ ਨੂੰ, ਮੂਰਖਾਂ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਇਆਂ ਨੂੰ ਸਤਿਗੁਰੂ ਨੇ ਹੀ ਜੀਵਨ ਦੇ ਸਹੀ ਰਸਤੇ ਉਤੇ ਪਾਇਆ ਹੈ।
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ, ਤੇ, ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੩॥
(ਪਰ) ਹੇ ਭਾਈ! (ਜੀਵਾਂ ਦੇ ਕੁੱਝ ਵੱਸ ਨਹੀਂ। ਮਾਇਆ-ਸਰ ਵਿਚੋਂ ਡੁੱਬਣ ਤੋਂ ਬਚਾਣ ਵਾਲਾ ਪ੍ਰਭੂ ਆਪ ਹੀ ਹੈ) ਪ੍ਰਭੂ ਆਪ ਹੀ (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ (ਸਭ ਕੁਝ) ਕਰਦਾ ਹੈ, ਪ੍ਰਭੂ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ) ਜੀਵਨ ਸੋਹਣੇ ਬਣਾਂਦਾ ਹੈ।
ਪ੍ਰਭੂ ਆਪ ਹੀ ਸਤਿਗੁਰੂ ਮਿਲਾਂਦਾ ਹੈ, ਆਪ ਹੀ (ਗੁਰੂ ਦਾ) ਸ਼ਬਦ ਬਖ਼ਸ਼ਦਾ ਹੈ, ਤੇ ਆਪ ਹੀ ਹਰੇਕ ਜੁਗ ਵਿਚ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ।
ਹਰੇਕ ਜੁਗ ਵਿਚ ਹਰੀ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ, ਆਪ ਹੀ ਉਹਨਾਂ ਦੇ ਜੀਵਨ ਸਵਾਰਦਾ ਹੈ, ਆਪ ਹੀ (ਉਹਨਾਂ ਨੂੰ) ਭਗਤੀ ਵਿਚ ਜੋੜਦਾ ਹੈ।
ਉਹ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਤੇ ਪਛਾਣਨ ਵਾਲਾ ਹੈ, ਉਹ ਆਪ ਹੀ (ਆਪਣੇ ਭਗਤਾਂ ਪਾਸੋਂ ਆਪਣੀ) ਸੇਵਾ-ਭਗਤੀ ਕਰਾਂਦਾ ਹੈ।
(ਹੇ ਭਾਈ!) ਪਰਮਾਤਮਾ ਆਪ ਹੀ (ਆਪਣੇ) ਗੁਣਾਂ ਦੀ ਦਾਤ ਬਖ਼ਸ਼ਦਾ ਹੈ, (ਸਾਡੇ) ਅਉਗਣ ਦੂਰ ਕਰਦਾ ਹੈ, ਤੇ (ਸਾਡੇ) ਹਿਰਦੇ ਵਿਚ (ਆਪਣਾ) ਨਾਮ ਵਸਾਂਦਾ ਹੈ।
ਹੇ ਨਾਨਕ! (ਆਖ-ਮੈਂ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਤੋਂ ਸਦਾ ਸਦਕੇ ਜਾਂਦਾ ਹਾਂ, ਉਹ ਆਪ ਹੀ ਸਭ ਕੁਝ ਕਰਦਾ ਹੈ ਤੇ ਆਪ ਹੀ ਸਭ ਕੁਝ ਕਰਾਂਦਾ ਹੈ ॥੪॥੪॥
ਹੇ ਪਿਆਰੀ ਜਿੰਦੇ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ, ਅਤੇ) ਪਰਮਾਤਮਾ ਦਾ ਨਾਮ ਸਿਮਰ,
(ਇਸ ਤਰ੍ਹਾਂ) ਤੂੰ ਆਪਣੇ ਆਪ ਵਿਚੋਂ ਦੂਰ ਨਹੀਂ ਜਾਹਿਂਗੀ (ਮਾਇਆ ਦੇ ਮੋਹ ਵਿਚ ਭਟਕਣ ਤੋਂ ਬਚ ਜਾਹਿਂਗੀ)। (ਹੇ ਜਿੰਦੇ!) ਹਿਰਦੇ-ਘਰ ਵਿਚ ਟਿਕੇ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ।
ਜੇਹੜਾ ਜੀਵ ਆਤਮਕ ਅਡੋਲਤਾ ਵਿਚ ਟਿਕ ਕੇ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ਸਦਾ (ਪ੍ਰਭੂ-ਚਰਨਾਂ ਵਿਚ) ਚਿੱਤ ਜੋੜਦਾ ਹੈ, ਉਹ ਹਿਰਦੇ-ਘਰ ਵਿਚ ਟਿਕਿਆ ਰਹਿ ਕੇ ਪਰਮਾਤਮਾ ਨੂੰ ਲੱਭ ਲੈਂਦਾ ਹੈ।
(ਸੋ, ਹੇ ਜਿੰਦੇ!) ਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਪਰ ਇਹ ਸੇਵਾ ਉਹੀ ਮਨੁੱਖ ਕਰਦਾ ਹੈ) ਜਿਸ ਪਾਸੋਂ ਪਰਮਾਤਮਾ ਆਪ ਕਰਾਏ (ਜਿਸ ਨੂੰ ਆਪ ਪ੍ਰੇਰਨਾ ਕਰੇ)।
(ਉਹ ਮਨੁੱਖ ਫਿਰ ਆਪਣੇ ਹਿਰਦੇ-ਖੇਤ ਵਿਚ) ਪਰਮਾਤਮਾ ਦਾ ਨਾਮ ਹੀ ਬੀਜਦਾ ਹੈ (ਉਥੇ) ਨਾਮ ਹੀ ਉੱਗਦਾ ਹੈ, ਉਹ ਮਨੁੱਖ ਆਪਣੇ ਮਨ ਵਿਚ ਸਦਾ ਨਾਮ ਹੀ ਵਸਾਈ ਰੱਖਦਾ ਹੈ।
ਹੇ ਨਾਨਕ! ਸਦਾ-ਥਿਰ ਪ੍ਰਭੂ ਵਿਚ ਜੁੜ ਕੇ, ਪ੍ਰਭੂ-ਨਾਮ ਵਿਚ ਟਿਕ ਕੇ (ਮਨੁੱਖ ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ, (ਨਾਮ ਸਿਮਰਨ ਦੀ ਬਰਕਤਿ ਨਾਲ) ਪਹਿਲੇ ਜਨਮ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਨੁੱਖ ਦੇ ਅੰਦਰ ਉੱਘੜ ਪੈਂਦਾ ਹੈ ॥੧॥
ਹੇ ਪਿਆਰੀ ਜਿੰਦੇ! ਪਰਮਾਤਮਾ ਦਾ ਨਾਮ ਮਿੱਠਾ ਹੈ (ਪਰ ਇਹ ਤੈਨੂੰ ਤਦੋਂ ਹੀ ਸਮਝ ਆਵੇਗੀ) ਜਦੋਂ ਤੂੰ ਚਿੱਤ ਜੋੜ ਕੇ (ਇਹ ਨਾਮ-ਰਸ) ਚੱਖੇਂਗੀ।
ਹੇ ਮੇਰੀ ਨਿਕਰਮਣ ਜੀਭ! ਪਰਮਾਤਮਾ ਦੇ ਨਾਮ ਦਾ ਸੁਆਦ ਚੱਖ, ਤੇ ਹੋਰ ਹੋਰ ਰਸਾਂ ਦੇ ਸੁਆਦ ਛੱਡ ਦੇ।
(ਪਰ ਜੀਭ ਦੇ ਭੀ ਕੀਹ ਵੱਸ?) ਜਦੋਂ ਪਰਮਾਤਮਾ ਨੂੰ ਚੰਗਾ ਲੱਗੇ, ਤਦੋਂ ਜੀਭ ਸਦਾ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦੀ ਹੈ, ਤੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੀ ਹੋ ਜਾਂਦੀ ਹੈ।
(ਹੇ ਜਿੰਦੇ!) ਜੇਹੜਾ ਮਨੁੱਖ ਨਾਮ ਸਿਮਰਦਾ ਹੈ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ,
ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰ (ਨਾਮ-ਰਸ ਦੀ ਤਾਂਘ) ਪੈਦਾ ਹੁੰਦੀ ਹੈ, ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ ਹੋਰ ਹੋਰ ਰਸਾਂ ਦੀ ਖਿੱਚ) ਦੂਰ ਹੋ ਜਾਂਦੀ ਹੈ, ਨਾਮ ਸਿਮਰਨ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।
(ਪਰ) ਹੇ ਨਾਨਕ! ਪਰਮਾਤਮਾ ਦਾ ਨਾਮ ਗੁਰੂ ਦੀ ਮਤਿ ਉਤੇ ਤੁਰਿਆਂ ਮਿਲਦਾ ਹੈ, ਪਰਮਾਤਮਾ ਆਪ ਹੀ ਆਪਣੇ ਨਾਮ ਦੀ ਲਗਨ ਪੈਦਾ ਕਰਦਾ ਹੈ ॥੨॥
ਹੇ ਪਿਆਰੀ ਜਿੰਦੇ! (ਜਿਵੇਂ ਇਹ ਬਿਗਾਨੀ ਨੌਕਰੀ ਬੜੀ ਦੁਖਦਾਈ ਹੁੰਦੀ ਹੈ ਕਿ ਮਨੁੱਖ ਆਪਣੀ ਇਸਤ੍ਰੀ ਨੂੰ ਘਰ ਛੱਡ ਕੇ ਪਰਦੇਸ ਵਿਚ ਚਲਾ ਜਾਂਦਾ ਹੈ,
ਤਿਵੇ ਪਰਮਾਤਮਾ ਨੂੰ ਵਿਸਾਰ ਕੇ) ਹੋਰ ਹੋਰ ਖ਼ੁਸ਼ਾਮਦ (ਬੜੀ ਦੁਖਦਾਈ ਹੈ ਕਿਉਂਕਿ) ਜੀਵ-ਇਸਤ੍ਰੀ (ਆਪਣਾ ਅੰਦਰਲਾ ਆਤਮਕ ਟਿਕਾਣਾ) ਛੱਡ ਕੇ ਥਾਂ ਥਾਂ ਬਾਹਰ ਭਟਕਦੀ ਫਿਰਦੀ ਹੈ। ਹੇ ਪਿਆਰੀ ਜਿੰਦੇ! ਮਾਇਆ ਦੇ ਮੋਹ ਵਿਚ ਫਸ ਕੇ ਕਿਸੇ ਨੇ ਕਦੇ ਸੁਖ ਨਹੀਂ ਪਾਇਆ, ਮਨੁੱਖ ਮਾਇਆ ਦੇ ਲੋਭ ਵਿਚ ਫਸ ਜਾਂਦਾ ਹੈ।
(ਜਦੋਂ ਮਨੁੱਖ) ਮਾਇਆ ਦੇ ਲੋਭ ਵਿਚ ਫਸਦਾ ਹੈ (ਤਦੋਂ ਮਾਇਆ ਦੀ ਖ਼ਾਤਰ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ (ਉਸ ਹਾਲਤ ਵਿਚ ਇਹ) ਸੁਖ ਕਿਵੇਂ ਪਾ ਸਕਦਾ ਹੈ?
(ਹੇ ਜਿੰਦੇ! ਮਾਇਆ ਦੀ ਖ਼ਾਤਰ ਇਹ ਧਿਰ ਧਿਰ ਦੀ ਖ਼ੁਸ਼ਾਮਦ ਬਹੁਤ ਦੁਖਦਾਈ ਹੈ, ਮਨੁੱਖ ਆਪਣਾ ਆਤਮਕ ਜੀਵਨ (ਮਾਇਆ ਦੇ ਵੱਟੇ) ਵੇਚ ਕੇ ਆਪਣਾ ਕਰਤੱਬ ਛੱਡ ਬੈਠਦਾ ਹੈ।