ਜਿਸ ਮਨੁੱਖ ਨੂੰ ਸਤਿਗੁਰੂ ਵਡਿਆਈ ਦੇਂਦਾ ਹੈ, ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ।
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਹੀ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰਦੇ ਹਨ, ਸਦਾ-ਥਿਰ ਪ੍ਰਭੂ ਉਹਨਾਂ ਦੀ ਉਹ (ਨਾਮ ਸਿਮਰਨ ਵਾਲੀ) ਅਕਲ ਪਰਵਾਨ ਕਰਦਾ ਹੈ ॥੪॥੬॥
ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰੂ ਨੇ ਮੇਰੇ ਮਨ ਵਿਚ (ਆਪਣੇ ਚਰਨਾਂ ਦੀ) ਪ੍ਰੀਤ ਪੈਦਾ ਕੀਤੀ ਹੈ।
ਗੁਰੂ ਨੇ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਵਸਾ ਦਿੱਤਾ ਹੈ।
(ਗੁਰੂ ਨੇ) ਮੇਰੇ ਮਨ ਵਿਚ (ਉਹ) ਹਰਿ-ਨਾਮ ਵਸਾ ਦਿੱਤਾ ਹੈ ਜੋ ਸਾਰੇ ਦੁੱਖ ਦੂਰ ਕਰਨ ਦੀ ਸਮਰਥਾ ਵਾਲਾ ਹੈ।
ਵੱਡੇ ਭਾਗਾਂ ਨਾਲ ਮੈਂ ਸਤਿਗੁਰੂ ਦਾ ਦਰਸ਼ਨ ਕਰ ਲਿਆ ਹੈ। ਮੇਰਾ ਗੁਰੂ ਬਹੁਤ ਹੀ ਸਲਾਹੁਣ-ਜੋਗ ਹੈ।
ਹੁਣ ਮੈਂ ਉਠਦਾ ਬੈਠਦਾ ਹਰ ਵੇਲੇ ਗੁਰੂ ਦੀ ਦੱਸੀ ਸੇਵਾ ਕਰਦਾ ਹਾਂ ਜਿਸ ਸੇਵਾ ਦੀ ਬਰਕਤਿ ਨਾਲ ਮੈਂ ਆਤਮਕ ਸ਼ਾਂਤੀ ਹਾਸਲ ਕਰ ਲਈ ਹੈ।
ਮੇਰੇ ਮਨ ਵਿਚ, ਮੇਰੇ ਮਨ ਵਿਚ ਗੁਰੂ ਦਾ ਪਿਆਰ ਪੈਦਾ ਹੋ ਗਿਆ ਹੈ ॥੧॥
ਗੁਰੂ ਦਾ ਦਰਸ਼ਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ, (ਮੇਰਾ ਮਨ) ਰਸ ਨਾਲ ਭਰ ਜਾਂਦਾ ਹੈ।
ਗੁਰੂ ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਕੇ ਟਿਕਾ ਦੇਂਦਾ ਹੈ, (ਉਸ) ਹਰਿ-ਨਾਮ ਨੂੰ ਜਪ ਜਪ ਕੇ ਮੇਰਾ ਮਨ ਖਿੜਿਆ ਰਹਿੰਦਾ ਹੈ।
ਪਰਮਾਤਮਾ ਦਾ ਨਾਮ ਜਪ ਜਪ ਕੇ ਮੇਰਾ ਹਿਰਦਾ ਕੌਲ-ਫੁੱਲ ਵਾਂਗ ਖਿੜ ਪੈਂਦਾ ਹੈ, ਹਰਿ-ਨਾਮ ਲੱਭ ਕੇ (ਇਉਂ ਜਾਪਦਾ ਹੈ ਕਿ) ਮੈਂ ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ।
ਮੇਰੇ ਅੰਦਰੋਂ ਹਉਮੈ ਰੋਗ ਦੂਰ ਹੋ ਗਿਆ ਹੈ, ਮੇਰਾ ਸਾਰਾ ਦੁੱਖ ਲਹਿ ਗਿਆ ਹੈ, ਹਰਿ-ਨਾਮ ਨੇ ਆਤਮਕ ਅਡੋਲਤਾ ਵਿਚ ਮੇਰੀ ਸੁਰਤ ਟਿਕਵੇਂ ਤੌਰ ਤੇ ਜੋੜ ਦਿੱਤੀ ਹੈ।
ਇਹ ਹਰਿ-ਨਾਮ (ਜੋ ਮੇਰੇ ਵਾਸਤੇ ਬੜੀ) ਇੱਜ਼ਤ (ਹੈ), ਮੈਂ ਗੁਰੂ ਪਾਸੋਂ ਹਾਸਲ ਕੀਤਾ ਹੈ, ਗੁਰਦੇਵ (ਦੇ ਚਰਨਾਂ) ਨੂੰ ਛੁਹ ਕੇ ਮੇਰਾ ਮਨ ਆਨੰਦ ਅਨੁਭਵ ਕਰਦਾ ਹੈ।
ਗੁਰੂ ਦਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ, (ਮੇਰਾ ਮਨ) ਰਸ ਨਾਲ ਭਰ ਜਾਂਦਾ ਹੈ ॥੨॥
ਜੇ ਕੋਈ ਲਿਆ ਕੇ, ਜੇ ਕੋਈ ਲਿਆ ਕੇ ਮੈਨੂੰ ਪੂਰਾ ਗੁਰੂ ਮਿਲਾ ਦੇਵੇ,
ਮੈਂ ਆਪਣਾ ਮਨ ਆਪਣਾ ਸਰੀਰ ਉਸ ਦੇ ਹਵਾਲੇ ਕਰ ਦਿਆਂ, ਆਪਣਾ ਸਰੀਰ ਕੱਟ ਕੇ ਉਸ ਨੂੰ ਦੇ ਦਿਆਂ।
ਜੇਹੜਾ ਕੋਈ ਮੈਨੂੰ ਗੁਰੂ ਦੇ ਬਚਨ ਸੁਣਾਵੇ, ਮੈਂ ਆਪਣਾ ਮਨ ਕੱਟ ਕੇ ਆਪਣਾ ਤਨ ਕੱਟ ਕੇ (ਮਨ ਤੇ ਤਨ ਦੀ ਅਪਣੱਤ ਦਾ ਮੋਹ ਕੱਟ ਕੇ) ਉਸ ਦੇ ਹਵਾਲੇ ਕਰ ਦਿਆਂ।
ਮੇਰੇ ਉਤਾਵਲੇ ਹੋ ਰਹੇ ਮਨ ਵਿਚ ਗੁਰੂ ਦੇ ਦਰਸਨ ਦੀ ਤਾਂਘ ਪੈਦਾ ਹੋ ਰਹੀ ਹੈ। ਗੁਰੂ ਨੂੰ ਮਿਲ ਕੇ, ਗੁਰੂ ਦੇ ਦਰਸਨ ਨਾਲ ਮੇਰਾ ਮਨ ਸੁਖ ਅਨੁਭਵ ਕਰਦਾ ਹੈ।
ਹੇ ਹਰੀ! ਹੇ ਸੁਖਦਾਤੇ ਹਰੀ! ਮੇਹਰ ਕਰ, ਮੈਨੂੰ ਪੂਰੇ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼।
ਕੋਈ ਲਿਆ ਕੇ, ਕੋਈ ਲਿਆ ਕੇ ਮੈਨੂੰ ਪੂਰਾ ਗੁਰੂ ਮਿਲਾ ਦੇਵੇ! ॥੩॥
ਗੁਰੂ ਦੇ ਬਰਾਬਰ ਦਾ, ਗੁਰੂ ਦੇ ਬਰਾਬਰ ਦਾ ਦਾਤਾ ਮੈਨੂੰ ਹੋਰ ਕੋਈ ਨਹੀਂ (ਦਿੱਸਦਾ)।
ਗੁਰੂ (ਪਰਮਾਤਮਾ ਦੇ ਨਾਮ ਦਾ) ਦਾਨ ਬਖ਼ਸ਼ਦਾ ਹੈ ਜੋ ਸਰਬ-ਵਿਆਪਕ ਹੈ ਤੇ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।
ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦਾ (ਹਰੇਕ ਕਿਸਮ ਦਾ) ਦੁੱਖ ਭਰਮ ਤੇ ਡਰ ਦੂਰ ਹੋ ਗਿਆ।
ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜ ਗਿਆ, ਉਹ ਸੇਵਕ ਭਾਵਨਾ ਦੀ ਰਾਹੀਂ (ਪਰਮਾਤਮਾ ਵਿਚ) ਮਿਲ ਗਏ।
ਨਾਨਕ ਆਖਦਾ ਹੈ- ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, ਤੇ, ਗੁਰੂ ਤੇ ਪਰਮਾਤਮਾ ਨੂੰ ਮਿਲ ਕੇ ਆਤਮਕ ਆਨੰਦ ਪੈਦਾ ਹੁੰਦਾ ਹੈ।
ਗੁਰੂ ਦੇ ਬਰਾਬਰ ਦਾ, ਗੁਰੂ ਦੇ ਬਰਾਬਰ ਦਾ ਦਾਤਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ ॥੪॥੧॥
ਮੈਂ ਗੁਰੂ ਤੋਂ ਬਿਨਾ, ਮੈਂ ਗੁਰੂ ਤੋਂ ਬਿਨਾ ਬਹੁਤ ਹੀ ਵਿਚਾਰੀ ਸਾਂ।
ਜਦੋਂ ਗੁਰੂ ਦੇ ਮਿਲਾਪ ਦੀ ਰਾਹੀਂ ਜਗਤ ਦਾ ਜੀਵਨ ਦਾਤਾਰ ਪ੍ਰਭੂ ਮਿਲ ਪਿਆ ਤਾਂ ਮੈਂ ਉਸ ਲੀਨ ਹੋ ਗਈ।
ਸਤਿਗੁਰੂ ਦੇ ਮਿਲਾਉਣ ਨਾਲ ਮੈਂ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਈ ਤੇ ਮੈਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਨਾਮ ਆਰਾਧਨਾ ਸ਼ੁਰੂ ਕਰ ਦਿੱਤਾ।
ਜਿਸ ਸੱਜਣ-ਪ੍ਰਭੂ ਨੂੰ ਮਿਲਣ ਦੀ ਖ਼ਾਤਰ ਮੈਂ ਇਤਨੀ ਭਾਲ ਕਰ ਰਹੀ ਸਾਂ ਉਹ ਸੱਜਣ-ਹਰੀ ਮੈਂ ਆਪਣੇ ਹਿਰਦੇ ਵਿਚ ਲੱਭ ਲਿਆ।