ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1380


ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥

('ਵਿਸੁ ਗੰਦਲਾਂ' ਪਿੱਛੇ ਦੌੜ ਦੌੜ ਕੇ ਹੀ) ਸ਼ੇਖ਼ ਫਰੀਦ (ਹੁਣ) ਬੁੱਢਾ ਹੋ ਗਿਆ ਹੈ, ਸਰੀਰ ਕੰਬਣ ਲੱਗ ਪਿਆ ਹੈ।

ਜੇ ਸਉ ਵਰਿੑਆ ਜੀਵਣਾ ਭੀ ਤਨੁ ਹੋਸੀ ਖੇਹ ॥੪੧॥

ਜੇ ਸਉ ਵਰ੍ਹੇ ਭੀ ਜੀਊਣਾ ਮਿਲ ਜਾਏ, ਤਾਂ ਭੀ (ਅੰਤ ਨੂੰ) ਸਰੀਰ ਮਿੱਟੀ ਹੋ ਜਾਇਗਾ (ਤੇ ਇਹਨਾਂ 'ਵਿਸੁ ਗੰਦਲਾਂ' ਤੋਂ ਸਾਥ ਟੁੱਟ ਜਾਇਗਾ) ॥੪੧॥

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥

ਹੇ ਫਰੀਦ! ਹੇ ਸਾਂਈਂ! (ਇਹਨਾਂ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਮੈਨੂੰ ਪਰਾਏ ਬੂਹੇ ਤੇ ਬੈਠਣ ਨਾਹ ਦੇਈਂ।

ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥

ਪਰ ਜੇ ਤੂੰ ਇਸੇ ਤਰ੍ਹਾਂ ਰੱਖਣਾ ਹੈ (ਭਾਵ, ਜੇ ਤੂੰ ਮੈਨੂੰ ਦੂਜਿਆਂ ਦਾ ਮੁਥਾਜ ਬਣਾਣਾ ਹੈ) ਤਾਂ ਮੇਰੇ ਸਰੀਰ ਵਿਚੋਂ ਜਿੰਦ ਕੱਢ ਲੈ ॥੪੨॥

ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ॥

ਮੋਢੇ ਉੱਤੇ ਕੁਹਾੜਾ ਤੇ ਸਿਰ ਉਤੇ ਘੜਾ (ਰੱਖੀ) ਲੋਹਾਰ ਜੰਗਲ ਵਿਚ ਬਾਦਸ਼ਾਹ (ਬਣਿਆ ਹੁੰਦਾ) ਹੈ (ਕਿਉਂਕਿ ਜਿਸ ਰੁੱਖ ਤੇ ਚਾਹੇ ਕੁਹਾੜਾ ਚਲਾ ਸਕਦਾ ਹੈ) (ਇਸੇ ਤਰ੍ਹਾਂ ਮਨੁੱਖ ਜਗਤ-ਰੂਪ ਜੰਗਲ ਵਿਚ ਸਰਦਾਰ ਹੈ)।

ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ ॥੪੩॥

ਹੇ ਫਰੀਦ! ਮੈਂ ਤਾਂ (ਇਸ ਜਗਤ-ਰੂਪ ਜੰਗਲ ਵਿਚ) ਆਪਣੇ ਮਾਲਕ-ਪ੍ਰਭੂ ਨੂੰ ਲੱਭ ਰਿਹਾ ਹਾਂ, ਤੇ, ਤੂੰ, (ਹੇ ਜੀਵ! ਲੋਹਾਰ ਵਾਂਗ) ਕੋਲੇ ਲੱਭ ਰਿਹਾ ਹੈਂ (ਭਾਵ, 'ਵਿਸੁ ਗੰਦਲਾਂ'-ਰੂਪ ਕੋਲੇ ਲੱਭਦਾ ਹੈਂ) ॥੪੩॥

ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥

ਹੇ ਫਰੀਦ! ਕਈ ਬੰਦਿਆਂ ਪਾਸ ਆਟਾ ਬਹੁਤ ਹੈ ('ਵਿਸੁ ਗੰਦਲਾਂ' ਬਹੁਤ ਹਨ, ਦੁਨੀਆ ਦੇ ਪਦਾਰਥ ਬਹੁਤ ਹਨ), ਇਕਨਾਂ ਪਾਸ (ਇਤਨਾ ਭੀ) ਨਹੀਂ ਜਿਤਨਾ (ਆਟੇ ਵਿਚ) ਲੂਣ (ਪਾਈਦਾ) ਹੈ।

ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ ॥੪੪॥

(ਮਨੁੱਖੀ ਜੀਵਨ ਦੀ ਸਫਲਤਾ ਦਾ ਮਾਪ ਇਹ 'ਵਿਸੁ ਗੰਦਲਾਂ' ਨਹੀਂ), ਅੱਗੇ ਜਾ ਕੇ (ਅਮਲਾਂ ਉੱਤੇ) ਪਛਾਣ ਹੋਵੇਗੀ ਕਿ ਮਾਰ ਕਿਸ ਨੂੰ ਪੈਂਦੀ ਹੈ ॥੪੪॥

ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ ॥

(ਇਹਨਾਂ 'ਵਿਸੁ ਗੰਦਲਾਂ' ਦਾ ਕੀਹ ਮਾਣ?) (ਜਿਨ੍ਹਾਂ ਲੋਕਾਂ ਦੇ) ਪਾਸ ਧੌਂਸੇ (ਵੱਜਦੇ ਸਨ), ਸਿਰ ਉੱਤੇ ਛਤਰ (ਝੁਲਦੇ ਸਨ), ਤੂਤੀਆਂ (ਵੱਜਦੀਆਂ ਸਨ) ਉਸਤਤੀ ਦੇ ਛੰਦ (ਗਾਂਵੇ ਜਾਂਦੇ ਸਨ),

ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ ॥੪੫॥

ਉਹ ਭੀ ਆਖ਼ਰ ਮਸਾਣਾਂ ਵਿਚ ਜਾ ਸੁੱਤੇ, ਤੇ ਯਤੀਮਾਂ ਨਾਲ ਜਾ ਰਲੇ (ਭਾਵ, ਯਤੀਮਾਂ ਵਰਗੇ ਹੀ ਹੋ ਗਏ) ॥੪੫॥

ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ ॥

ਹੇ ਫਰੀਦ! ('ਵਿਸੁ ਗੰਦਲਾਂ' ਦੇ ਵਪਾਰੀਆਂ ਵਲ ਤੱਕ!) ਘਰ ਮਹਲ ਮਾੜੀਆਂ ਉਸਾਰਨ ਵਾਲੇ ਭੀ (ਇਹਨਾਂ ਨੂੰ ਛੱਡ ਕੇ) ਚਲੇ ਗਏ।

ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥੪੬॥

ਉਹੋ ਹੀ ਸਉਦਾ ਕੀਤੋ ਨੇ, ਜੋ ਨਾਲ ਨਾਹ ਨਿਭਿਆ ਤੇ (ਅੰਤ ਖ਼ਾਲੀ ਹੱਥ) ਕਬਰੀਂ ਜਾ ਪਏ ॥੪੬॥

ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ ॥

ਹੇ ਫਰੀਦ! ਇਹ 'ਵਿਸੁ ਗੰਦਲਾਂ' ਤਾਂ ਕਿਤੇ ਰਹੀਆਂ, ਇਸ ਆਪਣੀ ਜਿੰਦ ਦੀ ਭੀ ਕੋਈ ਪਾਂਇਆਂ ਨਹੀਂ। (ਇਸ ਨਾਲੋਂ ਤਾਂ ਨਕਾਰੀ ਗੋਦੜੀ ਦਾ ਹੀ ਵਧੀਕ ਇਤਬਾਰ ਹੋ ਸਕਦਾ ਹੈ, ਕਿਉਂਕਿ) ਗੋਦੜੀ ਨੂੰ ਕਈ ਟਾਂਕੇ ਲੱਗੇ ਹੋਏ ਹਨ, ਪਰ ਜਿੰਦ ਨੂੰ ਇੱਕ ਭੀ ਟਾਂਕਾ ਨਹੀਂ (ਕੀਹ ਪਤਾ, ਕੇਹੜੇ ਵੇਲੇ ਸਰੀਰ ਨਾਲੋਂ ਵੱਖ ਹੋ ਜਾਏ?)

ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ॥੪੭॥

ਵੱਡੇ ਵੱਡੇ ਅਖਵਾਣ ਵਾਲੇ ਸ਼ੇਖ਼ ਆਦਿਕ ਸਭ ਆਪੋ ਆਪਣੀ ਵਾਰੀ ਇਥੋਂ ਤੁਰ ਗਏ ॥੪੭॥

ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ ॥

ਹੇ ਫਰੀਦ! ਇਹਨਾਂ ਦੋਹਾਂ ਅੱਖਾਂ ਦੇ ਸਾਹਮਣੇ (ਇਹਨਾਂ ਦੋਹਾਂ ਦੀਵਿਆਂ ਦੇ ਜਗਦਿਆਂ ਹੀ) ਮੌਤ ਦਾ ਫ਼ਰਿਸਤਾ (ਜਿਸ ਭੀ ਬੰਦੇ ਪਾਸ) ਆ ਬੈਠਾ,

ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥੪੮॥

ਉਸ ਨੇ ਉਸ ਦੇ ਸਰੀਰ-ਰੂਪ ਕਿਲ੍ਹੇ ਉਤੇ ਕਬਜ਼ਾ ਕਰ ਲਿਆ, ਅੰਤਹਕਰਣ ਲੁੱਟ ਲਿਆ (ਭਾਵ, ਜਿੰਦ ਕਾਬੂ ਕਰ ਲਈ) ਤੇ (ਇਹ ਅੱਖਾਂ ਦੇ) ਦੀਵੇ ਬੁਝਾ ਗਿਆ ॥੪੮॥

ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ ॥

ਹੇ ਫਰੀਦ! ਵੇਖ! ਜੋ ਹਾਲਤ ਕਪਾਹ ਦੀ ਹੁੰਦੀ ਹੈ (ਭਾਵ, ਵੇਲਣੇ ਵਿਚ ਵੇਲੀ ਜਾਂਦੀ ਹੈ), ਜੋ ਤਿਲਾਂ ਦੇ ਸਿਰ ਤੇ ਬੀਤਦੀ ਹੈ (ਕੋਹਲੂ ਵਿਚ ਪੀੜੇ ਜਾਂਦੇ ਹਨ),

ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ ॥

ਜੋ ਕਮਾਦ, ਕਾਗਜ਼, ਮਿੱਟੀ ਦੀ ਹਾਂਡੀ ਅਤੇ ਕੋਲਿਆਂ ਨਾਲ ਵਰਤਦੀ ਹੈ,

ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ ॥੪੯॥

ਇਹ ਸਜ਼ਾ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ (ਇਹਨਾਂ 'ਵਿਸੁ ਗੰਦਲਾਂ' ਦੀ ਖ਼ਾਤਰ) ਮੰਦੇ ਕੰਮ ਕਰਦੇ ਹਨ (ਭਾਵ, ਜਿਉਂ ਜਿਉਂ ਦੁਨੀਆਵੀ ਪਦਾਰਥਾਂ ਦੀ ਖ਼ਾਤਰ ਮੰਦੇ ਕੰਮ ਕਰਦੇ ਹਨ, ਤਿਉਂ ਤਿਉਂ ਬੜੇ ਦੁਖੀ ਹੁੰਦੇ ਹਨ ॥੪੯॥

ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥

ਹੇ ਫਰੀਦ! (ਤੇਰੇ) ਮੋਢੇ ਉਤੇ ਮੁਸੱਲਾ ਹੈ, (ਤੂੰ) ਗਲ ਵਿਚ ਕਾਲੀ ਖ਼ਫ਼ਨੀ (ਪਾਈ ਹੋਈ ਹੈ), (ਤੇਰੇ) ਮੂੰਹ ਵਿਚ ਗੁੜ ਹੈ; (ਪਰ) ਦਿਲ ਵਿਚ ਕੈਂਚੀ ਹੈ (ਭਾਵ, ਬਾਹਰ ਲੋਕਾਂ ਨੂੰ ਵਿਖਾਲਣ ਲਈ ਫ਼ਕੀਰੀ ਵੇਸ ਹੈ, ਮੂੰਹੋਂ ਭੀ ਲੋਕਾਂ ਨਾਲ ਮਿੱਠਾ ਬੋਲਦਾ ਹੈਂ, ਪਰ ਦਿਲੋਂ 'ਵਿਸੁ ਗੰਦਲਾਂ' ਦੀ ਖ਼ਾਤਰ ਖੋਟਾ ਹੈਂ ਸੋ)

ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥੫੦॥

ਬਾਹਰ ਤਾਂ ਚਾਨਣ ਦਿੱਸ ਰਿਹਾ ਹੈ (ਪਰ) ਦਿਲ ਵਿਚ ਹਨੇਰੀ ਰਾਤ (ਵਾਪਰੀ ਹੋਈ) ਹੈ ॥੫੦॥

ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥

ਹੇ ਫਰੀਦ! ਜੇ ਕੋਈ (ਰੱਬ ਦੇ ਪਿਆਰ ਵਿਚ ਰੰਗੇ ਹੋਏ ਦਾ) ਸਰੀਰ ਚੀਰੇ (ਤਾਂ ਉਸ ਵਿਚੋਂ) ਰਤਾ ਜਿਤਨਾ ਭੀ ਲਹੂ ਨਹੀਂ ਨਿਕਲਦਾ (ਪਰ, ਹੇ ਫਰੀਦ! ਤੂੰ ਤਾਂ ਮੁਸੱਲੇ ਤੇ ਖ਼ਫ਼ਨੀ ਆਦਿਕ ਨਾਲ ਨਿਰਾ ਬਾਹਰ ਦਾ ਹੀ ਖ਼ਿਆਲ ਰੱਖਿਆ ਹੋਇਆ ਹੈ)

ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥੫੧॥

ਜੋ ਬੰਦੇ ਰੱਬ ਨਾਲ ਰੰਗੇ ਹੁੰਦੇ ਹਨ (ਭਾਵ, ਰੱਬ ਦੇ ਪਿਆਰ ਵਿਚ ਰੰਗੇ ਹੁੰਦੇ ਹਨ), ਉਹਨਾਂ ਦੇ ਸਰੀਰ ਵਿਚ ('ਵਿਸੁ ਗੰਦਲਾਂ' ਦਾ ਮੋਹ-ਰੂਪ) ਲਹੂ ਨਹੀਂ ਹੁੰਦਾ ॥੫੧॥

ਮਃ ੩ ॥

ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥

ਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ), ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ (ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?)

ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥

ਜੋ ਬੰਦੇ ਆਪਣੇ ਖਸਮ (ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ (ਉਹਨਾਂ ਦੇ) ਇਸ ਸਰੀਰ ਵਿਚ ਲਾਲਚ-ਰੂਪ ਲਹੂ ਨਹੀਂ ਹੁੰਦਾ।

ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥

ਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ, ਤਾਂ ਸਰੀਰ (ਇਸ ਤਰ੍ਹਾਂ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ-ਰੂਪ ਰੱਤ ਨਿਕਲ ਜਾਂਦੀ ਹੈ।

ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥

ਜਿਵੇਂ ਅੱਗ ਵਿਚ (ਪਾਇਆ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ; ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ-ਰੂਪ ਮੈਲ ਨੂੰ ਕੱਟ ਦੇਂਦਾ ਹੈ।

ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥੫੨॥

ਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਨਿਹੁਂ ਲਾ ਕੇ (ਉਸ ਦੇ ਨਿਹੁਂ ਵਿਚ) ਰੰਗੇ ਹੋਏ ਹਨ ॥੫੨॥

ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥

ਹੇ ਫਰੀਦ! ਉਹੀ ਸੋਹਣਾ ਤਲਾਬ ਲੱਭ, ਜਿਸ ਵਿਚੋਂ (ਅਸਲ) ਚੀਜ਼ (ਨਾਮ-ਰੂਪ ਮੋਤੀ) ਮਿਲ ਪਏ,

ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥੫੩॥

ਛੱਪੜ ਭਾਲਿਆਂ ਕੁਝ ਨਹੀਂ ਮਿਲਦਾ, (ਉਥੇ ਤਾਂ) ਚਿੱਕੜ ਵਿਚ (ਹੀ) ਹੱਥ ਡੁੱਬਦਾ ਹੈ ॥੫੩॥

ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ ॥

ਹੇ ਫਰੀਦ! ਜਿਸ ਜੁਆਨ (ਜੀਵ-) ਇਸਤ੍ਰੀ ਨੇ (ਪਰਮਾਤਮਾ-) ਪਤੀ ਨਾ ਮਾਣਿਆ (ਭਾਵ, ਜਿਸ ਜੀਵ ਨੇ ਜੁਆਨੀ ਵੇਲੇ ਰੱਬ ਨੂੰ ਨਾਹ ਸਿਮਰਿਆ), ਉਹ (ਜੀਵ-) ਇਸਤ੍ਰੀ ਜਦੋਂ ਬੁੱਢੀ ਹੋ ਕੇ ਮਰ ਗਈ,

ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ॥੫੪॥

ਤਾਂ (ਫਿਰ) ਕਬਰ ਵਿਚ ਤਰਲੇ ਲੈਂਦੀ ਹੈ (ਭਾਵ, ਮਰਨ ਪਿਛੋਂ ਜੀਵ ਪਛੁਤਾਂਦਾ ਹੈ) ਕਿ ਹੇ (ਪ੍ਰਭੂ-) ਪਤੀ! ਮੈਂ ਤੈਨੂੰ (ਵੇਲੇ-ਸਿਰ) ਨਾਹ ਮਿਲੀ ॥੫੪॥

ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ ॥

ਹੇ ਫਰੀਦ! ਸਿਰ ਚਿੱਟਾ ਹੋ ਗਿਆ ਹੈ, ਦਾੜ੍ਹੀ ਚਿੱਟੀ ਹੋ ਗਈ ਹੈ, ਮੁਛਾਂ ਭੀ ਚਿੱਟੀਆਂ ਹੋ ਗਈਆਂ ਹਨ।

ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ ॥੫੫॥

ਹੇ ਗ਼ਾਫ਼ਿਲ ਤੇ ਕਮਲੇ ਮਨ! (ਅਜੇ ਭੀ ਤੂੰ ਦੁਨੀਆ ਦੀਆਂ ਹੀ) ਮੌਜਾਂ ਕਿਉਂ ਮਾਣ ਰਿਹਾ ਹੈਂ? ॥੫੫॥

ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ ॥

ਹੇ ਫਰੀਦ! ਕੋਠੇ ਦੀ ਦੌੜ ਕਿਥੋਂ ਤਕ (ਭਾਵ, ਕੋਠੇ ਉਤੇ ਦੌੜ ਲੰਮੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਰੱਬ ਵਲੋਂ ਗ਼ਾਫ਼ਿਲ ਭੀ ਕਦ ਤਕ ਰਹੇਂਗਾ? ਉਮਰ ਆਖ਼ਰ ਮੁੱਕ ਜਾਇਗੀ, ਸੋ) ਰੱਬ (ਵਾਲੇ ਪਾਸੇ) ਤੋਂ ਇਹ ਕੋਝੀ (ਗ਼ਫ਼ਲਤ ਦੀ) ਨੀਂਦ ਦੂਰ ਕਰ ਦੇਹ।

ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥੫੬॥

(ਉਮਰ ਦੇ) ਜੋ ਗਿਣਵੇਂ ਦਿਨ ਮਿਲੇ ਹੋਏ ਹਨ ਉਹ ਛਾਲਾਂ ਮਾਰ ਮਾਰ ਕੇ ਮੁੱਕਦੇ ਜਾ ਰਹੇ ਹਨ ॥੫੬॥

ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥

ਹੇ ਫਰੀਦ! (ਇਹ ਜੋ ਤੇਰੇ) ਘਰ ਤੇ ਮਹਲ-ਮਾੜੀਆਂ (ਹਨ, ਇਹਨਾਂ ਦੇ) ਇਸ (ਸਿਲਸਿਲੇ) ਵਿਚ ਚਿੱਤ ਨਾਹ ਜੋੜ।

ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥੫੭॥

(ਮਰਨ ਤੇ ਜਦੋਂ ਕਬਰ ਵਿਚ ਤੇਰੇ ਉੱਤੇ) ਅਤੋਲਵੀਂ ਮਿੱਟੀ ਪਏਗੀ ਤਦੋਂ (ਇਹਨਾਂ ਵਿਚੋਂ) ਕੋਈ ਭੀ ਸਾਥੀ ਨਹੀਂ ਬਣੇਗਾ ॥੫੭॥

ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥

ਹੇ ਫਰੀਦ! (ਨਿਰਾ) ਮਹਲ-ਮਾੜੀਆਂ ਤੇ ਧਨ ਨੂੰ ਚਿੱਤ ਵਿਚ ਨਾਹ ਟਿਕਾਈ ਰੱਖ, (ਸਭ ਤੋਂ) ਬਲੀ ਮੌਤ ਨੂੰ ਚਿੱਤ ਵਿਚ ਰੱਖ (ਚੇਤੇ ਰੱਖ)।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430