ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ)।
(ਸਿਮਰਨ ਤੋਂ ਵਾਂਜਿਆ ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ ॥੧॥
(ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਤੇ ਹਰੀ ਨੇ ਮੇਹਰ ਕੀਤੀ ਹੈ।
ਉਹ ਮਨੁੱਖ ਸਦਾ ਸੁਖੀ ਜੀਵਨ ਬਿਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੁੰਦੀ ਹੈ। ਹੇ ਨਾਨਕ! (ਆਖ-) ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ ॥੨॥੨॥
ਰਾਗ ਟੋਡੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮਨ! ਜੀਵ ਦਸੀਂ ਪਾਸੀਂ ਦੌੜਦਾ ਫਿਰਦਾ ਹੈ,
ਮਾਇਆ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਲੋਭ ਵਿਚ ਮੋਹਿਆ ਰਹਿੰਦਾ ਹੈ, (ਪਰ ਜੀਵ ਦੇ ਭੀ ਕੀਹ ਵੱਸ?) ਉਸ ਪ੍ਰਭੂ ਨੇ ਆਪ ਹੀ ਇਸ ਨੂੰ ਕੁਰਾਹੇ ਪਾ ਰੱਖਿਆ ਹੈ ਰਹਾਉ॥
ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਨਾਲ, ਸਾਧ ਸੰਗਤਿ ਨਾਲ, ਇਕ ਪਲ ਵਾਸਤੇ ਭੀ ਆਪਣਾ ਇਹ ਮਨ ਨਹੀਂ ਜੋੜਦਾ।
ਕਸੁੰਭੇ ਦੇ ਫੁੱਲ ਦੇ ਰੰਗ ਵੇਖ ਕੇ ਖ਼ੁਸ਼ ਹੁੰਦਾ ਹੈ, ਪਰਾਏ ਘਰ ਤੱਕਣ ਤੁਰ ਪੈਂਦਾ ਹੈ ॥੧॥
ਹੇ ਮਨ! ਤੂੰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪਿਆਰ ਨਹੀਂ ਪਾਇਆ, ਤੂੰ ਗੁਰੂ ਨੂੰ ਪ੍ਰਸੰਨ ਨਹੀਂ ਕੀਤਾ।
ਨਾਸਵੰਤ ਪਦਾਰਥਾਂ ਦੀ ਖ਼ਾਤਰ ਤੂੰ ਦੌੜਦਾ ਫਿਰਦਾ ਹੈਂ (ਇਹ ਤੇਰੀ ਭਟਕਣਾ ਕਦੇ ਮੁੱਕਦੀ ਨਹੀਂ) ਜਿਵੇਂ ਤੇਲੀ ਦਾ ਬਲਦ (ਕੋਹਲੂ ਅੱਗੇ ਜੁੱਪ ਕੇ) ਤੁਰਦਾ ਰਹਿੰਦਾ ਹੈ (ਉਸ ਕੋਹਲੂ ਦੇ ਦੁਆਲੇ ਹੀ ਉਸ ਦਾ ਪੈਂਡਾ ਮੁੱਕਦਾ ਨਹੀਂ, ਮੁੜ ਮੁੜ ਉਸੇ ਦੇ ਦੁਆਲੇ ਤੁਰਿਆ ਫਿਰਦਾ ਹੈ) ॥੨॥
ਹੇ ਮਨ! (ਮਾਇਆ ਦੇ ਸੁਆਦ ਵਿਚ ਮਸਤ ਮਨੁੱਖ) ਪ੍ਰਭੂ ਦਾ ਨਾਮ ਨਹੀਂ ਜਪਦਾ, ਸੇਵਾ ਨਹੀਂ ਕਰਦਾ, ਜੀਵਨ ਪਵਿਤ੍ਰ ਨਹੀਂ ਬਣਾਂਦਾ, ਇਕ ਪਲ ਭਰ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕਰਦਾ।
ਕਈ ਕਿਸਮ ਦੇ ਨਾਸਵੰਤ (ਜਗਤ) ਵਿਚ ਆਪਣੇ ਮਨ ਨੂੰ ਜੋੜ ਕੇ ਸੰਤੁਸ਼ਟ ਰਹਿੰਦਾ ਹੈ, ਆਪਣੇ ਅਸਲ ਪਦਾਰਥ ਨੂੰ ਨਹੀਂ ਪਛਾਣਦਾ ॥੩॥
ਹੇ ਮਨ! (ਮਾਇਆ-ਮਗਨ ਮਨੁੱਖ) ਕਦੇ ਹੋਰਨਾਂ ਦੀ ਸੇਵਾ-ਭਲਾਈ ਨਹੀਂ ਕਰਦਾ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਨਹੀਂ ਸਿਮਰਦਾ,
(ਕਾਮਾਦਿਕ) ਪੰਜਾਂ ਵੈਰੀਆਂ ਨਾਲ ਸਾਥ ਬਣਾਈ ਰੱਖਦਾ ਹੈ, ਮੇਲ-ਮਿਲਾਪ ਰੱਖਦਾ ਹੈ, ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ ॥੪॥
ਮੈਂ (ਤਾਂ) ਸਾਧ ਸੰਗਤਿ ਵਿਚ ਜਾ ਕੇ ਬੇਨਤੀ ਕਰਦਾ ਹਾਂ-ਹੇ ਹਰੀ! ਮੈਂ ਇਹ ਸੁਣ ਕੇ ਤੇਰੀ ਸਰਨ ਆਇਆ ਹਾਂ ਕਿ ਤੂੰ ਭਗਤੀ ਨਾਲ ਪਿਆਰ ਕਰਨ ਵਾਲਾ ਹੈਂ।
ਹੇ ਨਾਨਕ! (ਆਖ-) ਮੈਂ ਦੌੜ ਕੇ ਪ੍ਰਭੂ ਦੇ ਦਰ ਤੇ ਆ ਪਿਆ ਹਾਂ (ਤੇ ਬੇਨਤੀ ਕਰਦਾ ਹਾਂ-ਹੇ ਪ੍ਰਭੂ!) ਮੈਨੂੰ ਆਪਣਾ ਬਣਾ ਕੇ ਮੇਰੀ ਇੱਜ਼ਤ ਰੱਖ ॥੫॥੧॥੩॥
ਹੇ ਭਾਈ! (ਜਨਮ-ਮਨੋਰਥ ਨੂੰ) ਸਮਝਣ ਤੋਂ ਬਿਨਾ ਮਨੁੱਖ (ਜਗਤ ਵਿਚ) ਆਇਆ ਵਿਅਰਥ ਹੀ ਜਾਣੋ।
(ਜਨਮ-ਮਨੋਰਥ ਦੀ ਸੂਝ ਤੋਂ ਬਿਨਾ ਜੇ ਮਨੁੱਖ ਆਪਣੇ ਸਰੀਰ ਵਾਸਤੇ) ਅਨੇਕਾਂ ਸਿੰਗਾਰਾਂ ਦੀਆਂ ਬਨਾਵਟਾਂ ਕਰਦਾ ਹੈ (ਤਾਂ ਇਉਂ ਹੀ ਹੈ) ਜਿਵੇਂ ਮੁਰਦੇ ਨੂੰ ਕਪੜੇ ਪਾਏ ਜਾ ਰਹੇ ਹਨ ਰਹਾਉ॥
(ਹੇ ਭਾਈ! ਜੀਵਨ-ਮਨੋਰਥ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਸ਼ੂਮ ਦੌੜ-ਭੱਜ ਕਰ ਕਰ ਕੇ ਮੇਹਨਤ ਕਰਦਾ ਹੈ, ਮਾਇਆ ਜੋੜਦਾ ਹੈ,
(ਪਰ ਉਸ ਮਾਇਆ ਨਾਲ) ਉਹ ਦਾਨ-ਪੁੰਨ ਨਹੀਂ ਕਰਦਾ, ਸੰਤ ਜਨਾਂ ਦੀ ਸੇਵਾ ਭੀ ਨਹੀਂ ਕਰਦਾ। ਉਹ ਧਨ ਉਸ ਦੇ ਕਿਸੇ ਭੀ ਕੰਮ ਨਹੀਂ ਆਉਂਦਾ ॥੧॥
(ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਇਸਤ੍ਰੀ ਗਹਣੇ ਪਾ ਕੇ ਆਪਣੀ ਸੇਜ ਸਵਾਰਦੀ ਹੈ, (ਸੁੰਦਰਤਾ ਦਾ) ਅਡੰਬਰ ਕਰਦੀ ਹੈ,
ਪਰ ਉਸ ਨੂੰ ਆਪਣੇ ਖਸਮ ਦਾ ਮਿਲਾਪ ਹਾਸਲ ਨਹੀਂ ਹੁੰਦਾ। (ਉਹਨਾਂ ਗਹਣਿਆਂ ਆਦਿ ਨੂੰ) ਵੇਖ ਵੇਖ ਕੇ ਉਸ ਨੂੰ ਸਗੋਂ ਦੁੱਖ ਪ੍ਰਤੀਤ ਹੁੰਦਾ ਹੈ ॥੨॥
(ਨਾਮ-ਹੀਣ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਮਨੁੱਖ ਸਾਰਾ ਦਿਨ (ਇਹ) ਮਜੂਰੀ ਕਰਦਾ ਹੈ (ਕਿ) ਮੂਹਲੀ ਨਾਲ ਤੁਹ ਹੀ ਛੜਦਾ ਰਹਿੰਦਾ ਹੈ,
(ਜਾਂ) ਕਿਸੇ ਵਿਗਾਰੀ ਨੂੰ (ਵਿਗਾਰ ਵਿਚ ਨਿਰਾ) ਕਸ਼ਟ ਹੀ ਮਿਲਦਾ ਹੈ। (ਮਜੂਰ ਦੀ ਮਜੂਰੀ ਜਾਂ ਵਿਗਾਰੀ ਦੀ ਵਿਗਾਰ ਵਿਚੋਂ) ਉਹਨਾਂ ਦੇ ਆਪਣੇ ਕੰਮ ਕੁਝ ਭੀ ਨਹੀਂ ਆਉਂਦਾ ॥੩॥
ਹੇ ਦਾਸ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਸ ਦੇ ਹਿਰਦੇ ਵਿਚ (ਪਰਮਾਤਮਾ ਆਪਣਾ) ਨਾਮ ਵਸਾਂਦਾ ਹੈ,
ਉਹ ਮਨੁੱਖ ਸਾਧ ਸੰਗਤਿ ਦੀ ਸਰਨੀ ਪੈਂਦਾ ਹੈ, ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ ॥੪॥੨॥੪॥
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੇਰੇ ਹਿਰਦੇ ਵਿਚ ਵੱਸਦਾ ਰਹੁ।
ਹੇ ਪ੍ਰਭੂ! ਮੇਰੇ ਅੰਦਰ ਇਹੋ ਜਿਹੀ ਅਕਲ ਦਾ ਚਾਨਣ ਕਰ, ਕਿ ਤੇਰੇ ਨਾਲ ਮੇਰੀ ਪ੍ਰੀਤ ਬਣੀ ਰਹੇ ਰਹਾਉ॥
ਹੇ ਪ੍ਰਭੂ! ਮੈਂ ਤੇਰੇ ਸੇਵਕ ਦੀ ਚਰਨ-ਧੂੜ ਪ੍ਰਾਪਤ ਕਰਾਂ, (ਉਹ ਚਰਨ-ਧੂੜ) ਲੈ ਲੈ ਕੇ ਮੈਂ (ਆਪਣੇ) ਮੱਥੇ ਉੱਤੇ ਲਾਂਦਾ ਰਹਾਂ।
(ਹੇ ਪ੍ਰਭੂ! ਮੇਹਰ ਕਰ) ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ (ਜਿਸ ਦੀ ਬਰਕਤਿ ਨਾਲ) ਵੱਡੇ ਵੱਡੇ ਵਿਕਾਰੀਆਂ ਤੋਂ ਭੀ ਪਵਿਤ੍ਰ ਹੋ ਜਾਂਦੇ ਹਨ ॥੧॥