ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 80


ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥

ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਅਨੁਸਾਰ ਚਿਰ ਦਾ ਵਿੱਛੁੜਿਆ ਲੱਛਮੀ-ਪਤੀ ਪ੍ਰਭੂ (ਫਿਰ) ਮਿਲ ਪੈਂਦਾ ਹੈ।

ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥

(ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਸਿਮਰਨ ਕੀਤਿਆਂ) ਮਨ ਵਿਚ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ (ਜੀਵਾਂ ਦੇ) ਅੰਦਰ ਬਾਹਰ ਹਰ ਥਾਂ ਵਿਆਪਕ ਹੈ।

ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥੪॥

ਹੇ ਪ੍ਰੀਤਮ ਮਨ! ਨਾਨਕ (ਤੈਨੂੰ) ਸਿੱਖਿਆ ਦੇਂਦਾ ਹੈ ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆ ਕਰ ॥੪॥

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਪ੍ਰੇਮ ਭਗਤਿ ਮਨੁ ਲੀਨਾ ॥

ਹੇ (ਮੇਰੇ) ਪਿਆਰੇ ਮਨ! ਹੇ (ਮੇਰੇ) ਮਿਤ੍ਰ ਮਨ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਮਸਤ ਰਹਿੰਦਾ ਹੈ,

ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥

ਹੇ ਪਿਆਰੇ ਮਿਤ੍ਰ ਮਨ! ਉਹ ਮਨੁੱਖ ਪਰਮਾਤਮਾ ਨੂੰ ਮਿਲ ਕੇ (ਇਉਂ) ਆਤਮਕ ਜੀਵਨ ਹਾਸਲ ਕਰਦਾ ਹੈ (ਜਿਵੇਂ) ਮੱਛੀ ਪਾਣੀ ਨੂੰ ਮਿਲ ਕੇ ਜੀਊਂਦੀ ਹੈ।

ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ ॥

ਸਤਿਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਕੇ ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ (-ਰੂਪ) ਪਾਣੀ ਪੀ ਕੇ (ਮਾਇਆ ਦੀ ਤ੍ਰੇਹ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸਾਰੇ ਸੁਖ ਆ ਵੱਸਦੇ ਹਨ,

ਸ੍ਰੀਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਿਗੁਰ ਤੁਠੇ ॥

ਉਹ ਮਨੁੱਖ ਲੱਛਮੀ-ਪਤੀ ਪ੍ਰਭੂ ਦਾ ਮੇਲ ਹਾਸਲ ਕਰ ਲੈਂਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ, ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ।

ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥

ਉਸ ਨੂੰ ਠਾਕੁਰ ਨੇ ਆਪਣੇ ਪੱਲੇ ਲਾ ਲਿਆ ਹੈ, ਠਾਕੁਰ ਪਾਸੋਂ ਉਸ ਨੂੰ (ਮਾਨੋ) ਨੌਂ ਹੀ ਖ਼ਜ਼ਾਨੇ ਮਿਲ ਗਏ ਹਨ ਕਿਉਂਕਿ ਠਾਕੁਰ ਨੇ ਉਸ ਨੂੰ ਆਪਣਾ ਨਾਮ ਦੇ ਦਿੱਤਾ ਹੈ ਜੋ (ਮਾਨੋ, ਜਗਤ ਦਾ) ਸਾਰਾ ਹੀ ਧਨ ਹੈ।

ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥੫॥੧॥੨॥

ਹੇ ਨਾਨਕ! ਜਿਸ ਮਨੁੱਖ ਨੂੰ ਸੰਤ ਜਨਾਂ ਨੇ (ਪਰਮਾਤਮਾ ਦੇ ਸਿਮਰਨ ਦੀ) ਸਿੱਖਿਆ ਸਮਝਾ ਦਿੱਤੀ ਹੈ, ਉਸ ਦਾ ਮਨ ਪਰਮਾਤਮਾ ਦੀ ਪ੍ਰੇਮਾ-ਭਗਤੀ ਵਿਚ ਲੀਨ ਰਹਿੰਦਾ ਹੈ ॥੫॥੧॥੨॥

ਸਿਰੀਰਾਗ ਕੇ ਛੰਤ ਮਹਲਾ ੫ ॥

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਡਖਣਾ ॥

ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥

ਮੇਰਾ ਪਿਆਰਾ ਪ੍ਰਭੂ-ਪਤੀ (ਮੇਰੇ) ਹਿਰਦੇ ਵਿਚ (ਵੱਸਦਾ ਹੈ, ਪਰ ਉਸ ਦਾ) ਦੀਦਾਰ ਕਿਵੇਂ ਹੋਵੇ?

ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥੧॥

ਹੇ ਨਾਨਕ! ਉਹ ਪ੍ਰਾਣਾਂ ਦਾ ਆਸਰਾ ਪ੍ਰਭੂ ਸੰਤ ਜਨਾਂ ਦੀ ਸਰਨ ਪਿਆਂ ਹੀ ਲੱਭਦਾ ਹੈ ॥੧॥

ਛੰਤੁ ॥

ਛੰਤੁ:

ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥

ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਪਾਈ ਰੱਖਣ ਦੀ ਮਰਯਾਦਾ ਸੰਤ ਜਨਾਂ ਦੇ ਮਨ ਵਿਚ (ਹੀ) ਵੱਸਦੀ ਹੈ।

ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥

ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਪਿਆਰ ਪਾਣਾ (ਸੰਤ ਜਨਾਂ ਨੂੰ) ਉਲਟੀ ਰੀਤਿ ਜਾਪਦੀ ਹੈ, ਨੀਤੀ ਦੇ ਉਲਟ ਪ੍ਰਤੀਤ ਹੁੰਦੀ ਹੈ, ਪ੍ਰਭੂ ਦੇ ਦਾਸਾਂ ਨੂੰ ਇਹ ਪਸੰਦ ਨਹੀਂ ਆਉਂਦੀ।

ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥

ਪਰਮਾਤਮਾ ਦੇ ਦਰਸਨ ਤੋਂ ਬਿਨਾ (ਕੋਈ ਹੋਰ ਜੀਵਨ-ਜੁਗਤ) ਪਰਮਾਤਮਾ ਦੇ ਦਾਸਾਂ ਨੂੰ ਚੰਗੀ ਨਹੀਂ ਲੱਗਦੀ। (ਪਰਮਾਤਮਾ ਦਾ ਦਾਸ ਪਰਮਾਤਮਾ ਦੇ ਦਰਸਨ ਤੋਂ ਬਿਨਾ) ਇਕ ਪਲ ਭਰ ਭੀ ਧੀਰਜ ਨਹੀਂ ਕਰ ਸਕਦਾ।

ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥

ਦਾਸ ਦਾ ਮਨ ਦਾਸ ਦਾ ਤਨ ਪ੍ਰਭੂ ਦੇ ਨਾਮ ਤੋਂ ਬਿਨਾ ਲਿੱਸਾ ਹੋ ਜਾਂਦਾ ਹੈ, (ਨਾਮ ਤੋਂ ਬਿਨਾ ਉਸ ਨੂੰ) ਆਤਮਕ ਮੌਤ ਆ ਗਈ ਜਾਪਦੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ।

ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥

ਹੇ ਮੇਰੇ ਪਿਆਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੈਨੂੰ ਆਪਣੇ ਦਾਸ ਨੂੰ) ਮਿਲ, ਤਾ ਕਿ ਤੇਰਾ ਦਾਸ ਸਾਧ ਸੰਗਤਿ ਵਿਚ ਮਿਲ ਕੇ ਤੇਰੇ ਗੁਣ ਗਾ ਸਕੇ।

ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ ਮਨਿ ਤਨਿ ਅੰਕਿ ਸਮਾਵਏ ॥੧॥

ਹੇ ਨਾਨਕ ਦੇ ਖਸਮ-ਪ੍ਰਭੂ! ਮਿਹਰ ਕਰ, ਤਾ ਕਿ ਤੇਰਾ ਦਾਸ ਨਾਨਕ ਮਨ ਦੀ ਰਾਹੀਂ ਤਨ ਦੀ ਰਾਹੀਂ ਤੇਰੀ ਗੋਦ ਵਿਚ (ਹੀ) ਸਮਾਇਆ ਰਹੇ ॥੧॥

ਡਖਣਾ ॥

ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥

(ਗੁਰੂ ਨੂੰ ਮਿਲਿਆਂ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ) ਹਰੇਕ ਥਾਂ ਵਿਚ (ਵੱਸ ਰਿਹਾ ਹੈ ਤੇ) ਸੋਭ ਰਿਹਾ ਹੈ, ਕੋਈ ਭੀ ਜੀਵ ਐਸਾ ਨਹੀਂ ਦਿੱਸਦਾ ਜੋ ਪਰਮਾਤਮਾ ਤੋਂ ਵੱਖਰਾ ਕੋਈ ਹੋਰ ਹੋਵੇ।

ਖੁਲੑੜੇ ਕਪਾਟ ਨਾਨਕ ਸਤਿਗੁਰ ਭੇਟਤੇ ॥੧॥

ਹੇ ਨਾਨਕ! ਗੁਰੂ ਨੂੰ ਮਿਲਿਆਂ (ਮਾਇਆ ਦੇ ਮੋਹ ਨਾਲ ਮਨੁੱਖ ਦੀ ਬੁੱਧੀ ਦੇ ਬੰਦ ਹੋਏ) ਕਵਾੜ ਖੁਲ੍ਹ ਜਾਂਦੇ ਹਨ ॥੧॥

ਛੰਤੁ ॥

ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥

ਹੇ ਸੁੰਦਰ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੰਤਾਂ ਦੇ ਆਸਰੇ ਪ੍ਰਭੂ! (ਸੰਤਾਂ ਨੇ ਤੇਰੀ ਸਿਫ਼ਤ-ਸਾਲਾਹ ਦੇ) ਬਚਨ ਵਿਚਾਰੇ ਹਨ, (ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਵਿਚਾਰੀ ਹੈ (ਹਿਰਦੇ ਵਿਚ ਵਸਾਈ ਹੈ।)

ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥

ਸੁਆਸ ਸੁਆਸ (ਤੇਰਾ ਨਾਮ) ਸਿਮਰਦਿਆਂ (ਉਹਨਾਂ ਨੂੰ ਇਹ) ਪੂਰਾ ਭਰੋਸਾ ਬਣ ਜਾਂਦਾ ਹੈ ਕਿ (ਪ੍ਰਭੂ ਦਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ।

ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥

ਹੇ ਗੁਣਾਂ ਦੇ ਸੋਮੇ ਪ੍ਰਭੂ! ਹੇ ਸੰਤਾਂ ਦੀ ਜਿੰਦ-ਜਾਨ ਪ੍ਰਭੂ! (ਸੰਤਾਂ ਨੂੰ ਇਹ ਭਰੋਸਾ ਬੱਝ ਜਾਂਦਾ ਹੈ ਕਿ ਤੇਰਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ, ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ (ਮਨ ਤੋਂ) ਪਰੇ ਹਟਾਣਾ ਨਹੀਂ ਚਾਹੀਦਾ।

ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥

(ਉਹਨਾਂ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਮਨ-ਇੱਛਿਤ ਫਲ ਬਖ਼ਸ਼ਦਾ ਹੈ ਤੇ ਹਰੇਕ ਜੀਵ ਦੀ ਪੀੜਾ ਦੀ ਸਾਰ ਲੈਂਦਾ ਹੈ।

ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥

ਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਜੀਵਾਂ ਦੇ ਅੰਗ-ਸੰਗ ਰਹਿਣ ਵਾਲੇ ਪ੍ਰਭੂ! (ਤੇਰਾ ਨਾਮ) ਜਪ ਕੇ ਮਨੁੱਖਾ ਜਨਮ (ਕਿਸੇ ਜੁਆਰੀਏ ਵਾਂਗ) ਜੂਏ (ਦੀ ਬਾਜ਼ੀ) ਵਿਚ ਵਿਅਰਥ ਨਹੀਂ ਗਵਾਇਆ ਜਾਂਦਾ।

ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥

ਪਰਮਾਤਮਾ ਦੇ ਪਾਸ ਨਾਨਕ ਦੀ ਇਹ ਬੇਨਤੀ ਹੈ-ਹੇ ਪ੍ਰਭੂ! ਕਿਰਪਾ ਕਰ (ਮੈਨੂੰ ਆਪਣਾ ਨਾਮ ਦੇਹ ਤੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ॥੨॥

ਡਖਣਾ ॥

ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥

(ਜਿਨ੍ਹਾਂ ਵਡ-ਭਾਗੀਆਂ ਉੱਤੇ) ਖਸਮ-ਪ੍ਰਭੂ ਕਿਰਪਾਲ ਹੁੰਦਾ ਹੈ, ਉਹਨਾਂ ਨੂੰ ਗੁਰਮੁਖਾਂ ਦੀ ਚਰਨ ਧੂੜ ਵਿਚ ਇਸ਼ਨਾਨ (ਕਰਨਾ ਨਸੀਬ ਹੁੰਦਾ ਹੈ)।

ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥੧॥

ਜਿਨ੍ਹਾਂ ਨੂੰ ਹਰਿ-ਨਾਮ-ਧਨ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੂੰ ਹਰਿ-ਨਾਮ ਪਦਾਰਥ ਮਿਲ ਜਾਂਦਾ ਹੈ, ਹੇ ਨਾਨਕ! ਉਹਨਾਂ ਨੂੰ (ਮਾਨੋ) ਸਾਰੇ ਹੀ ਸੋਹਣੇ ਪਦਾਰਥ ਮਿਲ ਜਾਂਦੇ ਹਨ ॥੧॥

ਛੰਤੁ ॥

ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥

ਮਾਲਕ-ਪ੍ਰਭੂ ਦੇ ਸੋਹਣੇ ਚਰਨ ਭਗਤ ਜਨਾਂ (ਦੇ ਮਨ) ਵਾਸਤੇ ਨਿਵਾਸ-ਅਸਥਾਨ ਹੁੰਦਾ ਹੈ (ਭਗਤ ਜਨ ਪ੍ਰਭੂ ਚਰਨਾਂ ਵਿਚ ਟਿਕੇ ਰਹਿਣ ਦੀ ਹੀ) ਆਸ਼ਾ ਧਾਰ ਕੇ ਆਪਣਾ ਜੀਵਨ ਉੱਚਾ ਕਰਦੇ ਹਨ।

ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ ॥

ਪਰਮਾਤਮਾ ਦਾ ਨਾਮ ਸਿਮਰ-ਸਿਮਰ ਕੇ (ਭਗਤ ਜਨ ਆਪਣੇ) ਮਨ ਦੀ ਰਾਹੀਂ (ਆਪਣੇ) ਸਰੀਰ ਦੀ ਰਾਹੀਂ ਪ੍ਰਭੂ-ਨਾਮ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਸਦਾ ਪੀਂਦੇ ਰਹਿੰਦੇ ਹਨ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430
Share