ਹੇ ਮੇਰੇ ਮਨ! ਜਿਸ ਪ੍ਰਭੂ ਪਾਸੋਂ ਤੂੰ ਸਾਰੇ ਸੁਖ ਪਾ ਰਿਹਾ ਹੈਂ, ਉਸ ਨੂੰ ਸਦਾ ਹੀ ਦੋਵੇਂ ਹੱਥ ਜੋੜ ਕੇ (ਪੂਰੀ ਨਿਮ੍ਰਤਾ ਨਾਲ) ਸਿਮਰਿਆ ਕਰ।
ਹੇ ਹਰੀ! (ਆਪਣੇ) ਦਾਸ ਨਾਨਕ ਨੂੰ ਇਕ ਖ਼ੈਰ ਪਾ ਕਿ ਤੇਰੇ ਚਰਨ ਮੇਰੇ ਹਿਰਦੇ ਵਿਚ ਸਦਾ ਹੀ ਵੱਸਦੇ ਰਹਿਣ ॥੪॥੩॥
ਹੇ ਮਨ! (ਜਗਤ ਵਿਚ) ਜਿਤਨੇ ਭੀ ਸ਼ਾਹ ਬਾਦਸ਼ਾਹ ਅਮੀਰ ਸਰਦਾਰ ਚੌਧਰੀ (ਦਿੱਸਦੇ ਹਨ) ਇਹ ਸਾਰੇ ਨਾਸਵੰਤ ਹਨ, (ਇਹੋ ਜਿਹੇ) ਮਾਇਆ ਦੇ ਪਿਆਰ ਨੂੰ ਝੂਠਾ ਸਮਝ।
ਸਿਰਫ਼ ਪਰਮਾਤਮਾ ਹੀ ਨਾਸ-ਰਹਿਤ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ। ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਤਾਹੀਏਂ ਕਬੂਲ ਹੋਵੇਂਗਾ ॥੧॥
ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਸਿਮਰਿਆ ਕਰ, ਇਹੀ ਅਟੱਲ ਆਸਰਾ ਹੈ।
ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ, ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ ॥੧॥ ਰਹਾਉ ॥
ਹੇ ਮੇਰੇ ਮਨ! (ਦੁਨੀਆ ਵਿਚ) ਜਿਤਨੇ ਭੀ ਧਨ ਵਾਲੇ, ਉੱਚੀ ਕੁਲ ਵਾਲੇ, ਜ਼ਮੀਨਾਂ ਦੇ ਮਾਲਕ ਦਿੱਸ ਰਹੇ ਹਨ, ਇਹ ਸਾਰੇ ਨਾਸ ਹੋ ਜਾਣਗੇ, (ਇਹਨਾਂ ਦਾ ਵਡੱਪਣ ਇਉਂ ਹੀ ਕੱਚਾ ਹੈ) ਜਿਵੇਂ ਕਸੁੰਭੇ ਦਾ ਰੰਗ ਕੱਚਾ ਹੈ।
ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਦਾ ਸਿਮਰ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਜਿਸ ਦੀ ਰਾਹੀਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ॥੨॥
(ਹੇ ਮਨ! ਸਾਡੇ ਦੇਸ ਵਿਚ) ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ-ਇਹ ਚਾਰ (ਪ੍ਰਸਿੱਧ) ਵਰਨ ਹਨ, (ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ-ਇਹ) ਚਾਰ ਆਸ਼੍ਰਮ (ਪ੍ਰਸਿੱਧ) ਹਨ। ਇਹਨਾਂ ਵਿਚੋਂ ਜੇਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹੀ (ਸਭ ਤੋਂ) ਸ੍ਰੇਸ਼ਟ ਹੈ (ਜਾਤੀ ਆਦਿਕ ਕਰਕੇ ਨਹੀਂ)।
ਜਿਵੇਂ ਚੰਦਨ ਦੇ ਨੇੜੇ ਵਿਚਾਰਾ ਅਰਿੰਡ ਵੱਸਦਾ ਹੈ (ਤੇ ਸੁਗੰਧਿਤ ਹੋ ਜਾਂਦਾ ਹੈ) ਤਿਵੇਂ ਸਾਧ ਸੰਗਤਿ ਵਿਚ ਮਿਲ ਕੇ ਵਿਕਾਰੀ ਭੀ (ਪਵਿਤੱਰ ਹੋ ਕੇ) ਕਬੂਲ ਹੋ ਜਾਂਦਾ ਹੈ ॥੩॥
ਹੇ ਮਨ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਹੋਰ ਸਭਨਾਂ ਮਨੁੱਖਾਂ ਨਾਲੋਂ ਉੱਚਾ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ।
(ਹੇ ਭਾਈ!) ਦਾਸ ਨਾਨਕ ਉਸ ਮਨੁੱਖਾਂ ਦੇ ਚਰਨ ਧੋਂਦਾ ਹੈ, ਜੇਹੜਾ ਪ੍ਰਭੂ ਦਾ ਸੇਵਕ ਹੈ ਪ੍ਰਭੂ ਦਾ ਭਗਤ ਹੈ, ਭਾਵੇਂ ਉਹ ਜਾਤੀ ਵਲੋਂ ਨੀਚ ਹੀ (ਗਿਣਿਆ ਜਾਂਦਾ) ਹੈ ॥੪॥੪॥
ਹੇ ਮੇਰੇ ਮਨ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਹਰੇਕ ਥਾਂ ਵਿਚ ਮੌਜੂਦ ਹੈ, (ਹਰੇਕ ਜੀਵ ਦੇ ਅੰਦਰ ਵਿਆਪਕ ਹੋ ਕੇ) ਜਿਹੋ ਜਿਹਾ ਕੰਮ (ਕਿਸੇ ਜੀਵ ਪਾਸੋਂ) ਕਰਾਂਦਾ ਹੈ, ਉਹੋ ਜਿਹਾ ਕੰਮ ਹੀ ਜੀਵ ਕਰਦਾ ਹੈ।
ਹੇ ਮਨ! ਇਹੋ ਜਿਹੀ ਤਾਕਤ ਵਾਲੇ ਪ੍ਰਭੂ ਨੂੰ ਸਦਾ ਸਿਮਰਦਾ ਰਹੁ, ਉਹ ਤੈਨੂੰ ਹਰੇਕ (ਦੁੱਖ-ਕਲੇਸ਼) ਤੋਂ ਬਚਾ ਸਕਦਾ ਹੈ ॥੧॥
ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ, ਉਚਾਰਨਾ ਚਾਹੀਦਾ ਹੈ।
(ਜਦੋਂ) ਪਰਮਾਤਮਾ ਤੋਂ ਬਿਨਾ (ਹੋਰ) ਕੋਈ ਨਾਹ ਮਾਰ ਸਕਦਾ ਹੈ ਨਾਹ ਜਿਵਾਲ ਸਕਦਾ ਹੈ, ਤਾਂ ਫਿਰ, ਹੇ ਮੇਰੇ ਮਨ! (ਕਿਸੇ ਤਰ੍ਹਾਂ ਦਾ) ਚਿੰਤਾ-ਫ਼ਿਕਰ ਨਹੀਂ ਕਰਨਾ ਚਾਹੀਦਾ ॥੧॥ ਰਹਾਉ ॥
ਹੇ ਮਨ! ਇਹ ਸਾਰਾ ਦਿੱਸਦਾ ਜਗਤ ਕਰਤਾਰ ਨੇ ਆਪ ਬਣਾਇਆ ਹੈ, ਇਸ ਜਗਤ ਵਿਚ ਉਸ ਨੇ ਆਪ ਹੀ ਆਪਣੀ ਜੋਤੀ ਰੱਖੀ ਹੋਈ ਹੈ।
(ਸਭ ਜੀਵਾਂ ਵਿਚ ਉਹ) ਕਰਤਾਰ ਆਪ ਹੀ ਬੋਲ ਰਿਹਾ ਹੈ। (ਹਰੇਕ ਜੀਵ ਨੂੰ) ਉਹ ਪ੍ਰਭੂ ਆਪ ਹੀ ਬੋਲਣ ਦੀ ਸੱਤਿਆ ਦੇ ਰਿਹਾ ਹੈ। ਪੂਰੇ ਗੁਰੂ ਨੇ (ਮੈਨੂੰ ਹਰ ਥਾਂ) ਉਹ ਇੱਕ ਪ੍ਰਭੂ ਹੀ ਵਿਖਾ ਦਿੱਤਾ ਹੈ ॥੨॥
ਹੇ ਮਨ! (ਹਰੇਕ ਜੀਵ ਦੇ) ਅੰਦਰ ਪ੍ਰਭੂ ਆਪ ਹੀ ਅੰਗ-ਸੰਗ ਵੱਸਦਾ ਹੈ, ਬਾਹਰ ਸਾਰੇ ਜਗਤ ਵਿਚ ਭੀ ਪ੍ਰਭੂ ਹੀ ਹਰ ਥਾਂ ਵੱਸਦਾ ਹੈ। ਦੱਸ! ਹੇ ਮਨ! ਉਸ (ਸਰਬ-ਵਿਆਪਕ) ਪਾਸੋਂ ਕੇਹੜਾ ਲੁਕਾਉ ਕੀਤਾ ਜਾ ਸਕਦਾ ਹੈ?
ਮੇਰੇ ਮਨ! ਉਸ ਪ੍ਰਭੂ ਦੀ ਸੇਵਾ ਭਗਤੀ ਨਿਰਛਲ ਹੋ ਕੇ ਕਰਨੀ ਚਾਹੀਦੀ ਹੈ, ਤਾਂ ਹੀ (ਉਸ ਪਾਸੋਂ) ਸਾਰੇ ਸੁਖ ਹਾਸਲ ਕਰ ਸਕੀਦੇ ਹਨ ॥੩॥
ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਵੱਸ ਵਿਚ ਹਰੇਕ ਚੀਜ਼ ਹੈ, ਉਹ ਸਭਨਾਂ ਵਾਲੋਂ ਵੱਡਾ ਹੈ, ਸਦਾ ਹੀ ਉਸ ਦਾ ਧਿਆਨ ਧਰਨਾ ਚਾਹੀਦਾ ਹੈ।
ਹੇ ਦਾਸ ਨਾਨਕ! (ਆਖ-ਹੇ ਮਨ!) ਉਹ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ, ਉਸ ਦਾ ਸਦਾ ਧਿਆਨ ਧਰਿਆ ਕਰ, ਤੈਨੂੰ ਉਹ (ਹਰੇਕ ਦੁੱਖ-ਕਲੇਸ਼ ਤੋਂ) ਬਚਾਣ ਵਾਲਾ ਹੈ ॥੪॥੫॥
(ਹੇ ਸਹੇਲੀਏ! ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਵਾਸਤੇ (ਇਉਂ) ਲੁਛ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾ ਤਿਹਾਇਆ ਮਨੁੱਖ ॥੧॥
ਹੇ ਭਾਈ! ਪਰਮਾਤਮਾ ਦਾ ਪਿਆਰ ਮੇਰੇ ਮਨ ਵਿਚ ਤੀਰ ਵਾਂਗ ਲੱਗਾ ਹੋਇਆ ਹੈ।
(ਉਸ ਪ੍ਰੇਮ-ਤੀਰ ਦੇ ਕਾਰਨ ਪੈਦਾ ਹੋਈ) ਮੇਰੇ ਮਨ ਦੀ ਅੰਦਰਲੀ ਪੀੜ-ਵੇਦਨਾ ਮੇਰਾ ਹਰੀ ਮੇਰਾ ਪ੍ਰਭੂ ਹੀ ਜਾਣਦਾ ਹੈ ॥੧॥ ਰਹਾਉ ॥
ਹੇ ਸਹੇਲੀਏ! ਹੁਣ ਜੇ ਕੋਈ ਮਨੁੱਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀ ਕੋਈ ਗੱਲ ਸੁਣਾਵੇ (ਤਾਂ ਮੈਨੂੰ ਇਉਂ ਲੱਗਦਾ ਹੈ ਕਿ) ਉਹ ਮਨੁੱਖ ਮੇਰਾ ਭਰਾ ਹੈ ਮੇਰਾ ਵੀਰ ਹੈ ॥੨॥