(ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ ਤੇ ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ।
(ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ ॥੪॥
ਜਦੋਂ ਮੁਗ਼ਲਾਂ ਤੇ ਪਠਾਣਾਂ ਦੀ ਲੜਾਈ ਹੋਈ, ਲੜਾਈ ਦੇ ਮੈਦਾਨ ਵਿਚ (ਦੋਹਾਂ ਧਿਰਾਂ ਨੇ) ਤਲਵਾਰ ਚਲਾਈ।
ਉਹਨਾਂ ਮੁਗ਼ਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੇ ਹੱਥ ਵਿਚ ਹੀ ਚਿੜ ਚਿੜ ਕਰ ਗਈਆਂ।
ਪਰ ਹੇ ਭਾਈ! ਧੁਰੋ ਹੀ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਾਟ ਜਾਂਦੀ ਹੈ, ਉਹਨਾਂ ਮਰਨਾ ਹੀ ਹੁੰਦਾ ਹੈ ॥੫॥
ਕੀਹ ਹਿੰਦੂ-ਇਸਤ੍ਰੀਆਂ, ਕੀਹ ਮੁਸਲਮਾਨ ਔਰਤਾਂ ਤੇ ਕੀਹ ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ,
ਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤਕ ਲੀਰ ਲੀਰ ਹੋ ਗਏ, ਤੇ ਕਈਆਂ ਦਾ (ਮਰ ਕੇ) ਮਸਾਣਾਂ ਵਿਚ ਜਾ ਵਾਸਾ ਹੋਇਆ।
(ਜੇਹੜੀਆਂ ਬਚ ਰਹੀਆਂ, ਉਹ ਭੀ ਵਿਚਾਰੀਆਂ ਕੀਹ ਬਚੀਆਂ?) ਜਿਨ੍ਹਾਂ ਦੇ ਸੋਹਣੇ ਖਸਮ ਘਰਾਂ ਵਿਚ ਨਾਹ ਆਏ, ਉਹਨਾਂ (ਉਹ ਬਿਪਤਾ ਦੀ) ਰਾਤ ਕਿਵੇਂ ਕੱਟੀ ਹੋਵੇਗੀ? ॥੬॥
ਪਰ ਇਹ ਦਰਦ-ਭਰੀ ਕਹਾਣੀ ਕਿਸ ਨੂੰ ਆਖ ਕੇ ਸੁਣਾਈ ਜਾਏ? ਕਰਤਾਰ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਂਦਾ ਹੈ।
ਹੇ ਕਰਤਾਰ! ਦੁਖ ਹੋਵੇ ਚਾਹੇ ਸੁਖ ਹੋਵੇ ਤੇਰੀ ਰਜ਼ਾ ਵਿਚ ਹੀ ਵਾਪਰਦਾ ਹੈ। ਤੈਥੋਂ ਬਿਨਾ ਹੋਰ ਕਿਸ ਪਾਸ ਜਾ ਕੇ ਦੁੱਖ ਫਰੋਲੀਏ?
ਹੇ ਨਾਨਕ! ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ (ਵੇਖ ਵੇਖ ਕੇ) ਸੰਤੁਸ਼ਟ ਹੋ ਰਿਹਾ ਹੈ। (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਲਿਖਿਆ ਲੇਖ ਭੋਗੀਦਾ ਹੈ ॥੭॥੧੨॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਆਸਾ-ਕਾਫੀ, ਘਰ ੮ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਜਿਵੇਂ ਕੋਈ ਗਵਾਲਾ ਪਰਾਏ ਚਰਾਂਦ ਵਿਚ (ਆਪਣਾ ਮਾਲ-ਡੰਗਰ ਚਾਰਨ ਲਈ ਲੈ ਜਾਂਦਾ ਹੈ) ਤਿਵੇਂ ਇਹ ਜਗਤ ਦੀ ਕਾਰ ਹੈ।
ਜੇਹੜੇ ਆਦਮੀ (ਮੌਤ ਨੂੰ ਭੁਲਾ ਕੇ) ਪੱਕੇ ਘਰ ਮਕਾਨ ਬਣਾਂਦੇ ਹਨ, ਉਹ ਵਿਅਰਥ ਉੱਦਮ ਕਰਦੇ ਹਨ ॥੧॥
(ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਜੀਵੋ! ਹੋਸ਼ ਕਰੋ, ਹੋਸ਼ ਕਰੋ। (ਤੁਹਾਡੇ ਸਾਹਮਣੇ ਤੁਹਾਡਾ ਸਾਥੀ) ਜੀਵ-ਵਣਜਾਰਾ (ਦੁਨੀਆ ਤੋਂ ਸਦਾ ਲਈ) ਜਾ ਰਿਹਾ ਹੈ (ਇਸੇ ਤਰ੍ਹਾਂ) ਤੁਹਾਡੀ ਵਾਰੀ ਆਵੇਗੀ। ਪਰਮਾਤਮਾ ਨੂੰ ਯਾਦ (ਰੱਖੋ) ॥੧॥ ਰਹਾਉ ॥
ਸਦਾ ਟਿਕੇ ਰਹਿਣ ਵਾਲੇ ਘਰ ਤਦੋਂ ਹੀ ਬਣਾਏ ਜਾਂਦੇ ਹਨ ਜੇ ਇਥੇ ਸਦਾ ਟਿਕੇ ਰਹਿਣਾ ਹੋਵੇ,
ਪਰ ਜੇ ਕੋਈ ਮਨੁੱਖ ਵਿਚਾਰ ਕਰੇ (ਤਾਂ ਅਸਲੀਅਤ ਇਹ ਹੈ ਕਿ) ਜਦੋਂ ਜਿੰਦ ਇਥੋਂ ਤੁਰ ਪੈਂਦੀ ਹੈ ਤਾਂ ਸਰੀਰ ਭੀ ਢਹਿ ਪੈਂਦਾ ਹੈ (ਨਾਹ ਸਰੀਰ ਰਹਿੰਦਾ ਹੈ ਤੇ ਨਾਹ ਜਿੰਦ) ॥੨॥
(ਕਿਸੇ ਸੰਬੰਧੀ ਦੇ ਮਰਨ ਤੇ) ਕਿਉਂ ਵਿਅਰਥ 'ਹਾਇ! ਹਾਇ'! ਕਰਦੇ ਹੋ। ਸਦਾ-ਥਿਰ ਤਾਂ ਪਰਮਾਤਮਾ ਹੀ ਹੈ ਜੋ ਹੁਣ ਭੀ ਮੌਜੂਦ ਹੈ ਤੇ ਸਦਾ ਮੌਜੂਦ ਰਹੇਗਾ।
ਜੇ ਤੁਸੀ (ਆਪਣੇ) ਉਸ ਮਰਨ ਵਾਲੇ ਦੇ ਮਰਨ ਤੇ ਰੋਂਦੇ ਹੋ ਤਾਂ (ਮਰਨਾ ਤਾਂ ਤੁਸਾਂ ਭੀ ਹੈ) ਤੁਹਾਨੂੰ ਭੀ ਕੋਈ ਰੋਵੇਗਾ ॥੩॥
ਤੁਸੀ (ਕਿਸੇ ਦੇ ਮਰਨ ਤੇ ਰੋਣ ਦਾ) ਵਿਅਰਥ ਪਿੱਟਣਾ ਪਿੱਟਦੇ ਹੋ, ਵਿਅਰਥ ਕੰਮ ਕਰਦੇ ਹੋ।
ਜੇਹੜਾ ਮਰ ਗਿਆ ਹੈ, ਉਹ ਤਾਂ ਤੁਹਾਡਾ ਰੋਣਾ ਬਿਲਕੁਲ ਨਹੀਂ ਸੁਣਦਾ। ਤੁਸੀਂ (ਲੋਕਾਚਾਰੀ) ਸਿਰਫ਼ ਲੋਕਾਂ ਨੂੰ ਸੁਣਾ ਰਹੇ ਹੋ ॥੪॥
(ਜੀਵ ਦੇ ਕੀਹ ਵੱਸ?) ਹੇ ਨਾਨਕ! ਜਿਸ ਪਰਮਾਤਮਾ ਦੇ ਹੁਕਮ ਨਾਲ ਜੀਵ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ ਹੈ, ਉਹੀ ਇਸ ਨੂੰ ਜਗਾਂਦਾ ਹੈ।
(ਪ੍ਰਭੂ ਦੀ ਮੇਹਰ ਨਾਲ) ਜੇ ਜੀਵ ਇਹ ਸਮਝ ਲਏ ਕਿ ਮੇਰਾ ਅਸਲ ਘਰ ਕਿਹੜਾ ਹੈ ਤਾਂ ਉਸ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਵਿਆਪਦੀ ॥੫॥
ਜੇ ਕੋਈ ਮਰਨ ਵਾਲਾ ਮਨੁੱਖ ਮਰਨ ਵੇਲੇ ਆਪਣੇ ਨਾਲ ਕੁਝ ਧਨ ਲੈ ਜਾਂਦਾ ਹੈ,
ਤਾਂ ਤੁਸੀ ਭੀ ਧਨ ਬੇਸ਼ੱਕ ਜੋੜੀ ਚੱਲੋ। ਵੇਖ ਵਿਚਾਰ ਕੇ ਸਮਝੋ! ॥੬॥
(ਨਾਮ-ਸਿਮਰਨ ਦਾ ਅਜੇਹਾ) ਵਣਜ-ਵਪਾਰ ਕਰੋ, ਜਿਸ ਤੋਂ ਜੀਵਨ ਮਨੋਰਥ ਦਾ ਲਾਭ ਖੱਟ ਸਕੋ, ਨਹੀਂ ਤਾਂ ਪਛਤਾਣਾ ਪਵੇਗਾ।
ਮਾੜੇ ਕੰਮ ਛੱਡੋ, ਗੁਣ ਗ੍ਰਹਣ ਕਰੋ, ਇਸ ਤਰ੍ਹਾਂ ਅਸਲ (ਖੱਟੀ) ਖੱਟੋ! ॥੭॥
ਧਰਮ ਨੂੰ ਧਰਤੀ ਬਣਾਵੋ, ਉਸ ਵਿਚ ਸੁੱਚਾ ਆਚਰਨ ਬੀ ਬੀਜੋ। ਬੱਸ! ਇਹੋ ਜਿਹੀ (ਆਤਮਕ ਜੀਵਨ ਨੂੰ ਪ੍ਰਫੁਲਤ ਕਰਨ ਵਾਲੀ) ਖੇਤੀ-ਵਾਹੀ ਕਰੋ!
ਜੇ ਤੁਸੀ (ਇਥੋਂ ਉੱਚੇ ਆਤਮਕ ਜੀਵਨ ਦਾ) ਲਾਭ ਖੱਟ ਕੇ ਲੈ ਜਾਵੋਗੇ ਤਾਂ (ਸਿਆਣੇ) ਵਪਾਰੀ ਸਮਝੇ ਜਾਉਗੇ! ॥੮॥
(ਜਿਸ ਮਨੁੱਖ ਉਤੇ ਪਰਮਾਤਮਾ ਦੀ) ਬਖ਼ਸ਼ਸ਼ ਹੋਵੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਇਸ ਵਿਚਾਰ ਨੂੰ ਸਮਝਦਾ ਹੈ।
ਉਹ ਪਰਮਾਤਮਾ ਦਾ ਨਾਮ ਉਚਾਰਦਾ ਹੈ, ਨਾਮ ਸੁਣਦਾ ਹੈ, ਤੇ ਨਾਮ ਵਿਚ ਹੀ ਵਿਹਾਰ ਕਰਦਾ ਹੈ ॥੯॥
ਸੰਸਾਰ ਦੀ ਇਹ ਕਾਰ (ਸਦਾ ਤੋਂ) ਤੁਰੀ ਆਈ ਹੈ, ਕੋਈ (ਨਾਮ ਵਿਚ ਜੁੜ ਕੇ ਆਤਮਕ) ਲਾਭ ਖੱਟਦਾ ਹੈ, (ਕੋਈ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਿਚ) ਘਾਟਾ ਖਾਂਦਾ ਹੈ।
ਹੇ ਨਾਨਕ! ਪਰਮਾਤਮਾ ਨੂੰ ਜੋ ਚੰਗਾ ਲੱਗਦਾ ਹੈ (ਉਹੀ ਹੁੰਦਾ ਹੈ), ਇਹੀ ਉਸ ਦੀ ਬਜ਼ੁਰਗੀ ਹੈ! ॥੧੦॥੧੩॥
ਮੈਂ ਸਾਰੀ ਸ੍ਰਿਸ਼ਟੀ ਭਾਲ ਵੇਖੀ ਹੈ, ਮੈਨੂੰ ਕੋਈ ਭੀ ਆਪਣਾ (ਸੱਚਾ ਦਰਦੀ) ਨਹੀਂ ਲੱਭਾ।
ਹੇ ਮੇਰੇ ਸਾਹਿਬ! ਜੇ ਤੈਨੂੰ (ਮੇਰੀ ਬੇਨਤੀ) ਪਸੰਦ ਆਵੇ (ਤਾਂ ਮੇਹਰ ਕਰ) ਤੂੰ ਮੇਰਾ (ਰਾਖਾ ਬਣ), ਮੈਂ ਤੇਰਾ (ਸੇਵਕ) ਬਣਿਆ ਰਹਾਂ ॥੧॥
ਮੈਨੂੰ (ਤੇਰੇ ਦਰ ਤੋਂ ਬਿਨਾ) ਕੋਈ ਹੋਰ ਦਰ ਨਹੀਂ ਲੱਭਦਾ, ਹੋਰ ਕਿਸ ਦੇ ਅੱਗੇ ਮੈਂ ਸਲਾਮ ਕਰਾਂ?
ਸਿਰਫ਼ ਇਕ ਤੂੰ ਹੀ ਮੇਰਾ ਮਾਲਕ ਹੈਂ (ਮੈਂ ਤੈਥੋਂ ਹੀ ਇਹ ਦਾਨ ਮੰਗਦਾ ਹਾਂ ਕਿ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮੇਰੇ ਮੂੰਹ ਵਿਚ (ਟਿਕਿਆ ਰਹੇ) ॥੧॥ ਰਹਾਉ ॥
(ਲੋਕ) ਸਿੱਧ ਤੇ ਪੀਰ (ਬਣਨ ਲਈ) ਪੁੱਗੇ ਹੋਏ ਜੋਗੀਆਂ ਦੀ ਸੇਵਾ ਕਰਦੇ ਹਨ, ਤੇ ਉਹਨਾਂ ਪਾਸੋਂ ਰਿੱਧੀਆਂ ਸਿੱਧੀਆਂ (ਦੀ ਤਾਕਤ) ਮੰਗਦੇ ਹਨ।
(ਮੇਰੀ ਇਕ ਤੇਰੇ ਅੱਗੇ ਹੀ ਇਹ ਅਰਦਾਸਿ ਹੈ ਕਿ) ਅਭੁੱਲ ਗੁਰੂ ਦੀ ਬਖ਼ਸ਼ੀ ਬੁੱਧੀ ਅਨੁਸਾਰ ਮੈਨੂੰ ਤੇਰਾ ਨਾਮ ਕਦੇ ਨਾਹ ਭੁੱਲੇ! ॥੨॥