(ਹੇ ਗੁਰੂ ਅੰਗਦ!) ਤੇਰੀ ਬ੍ਰਿਤੀ ਸਦਾ ਅਕਾਲ ਪੁਰਖ ਵਿਚ ਟਿਕੀ ਰਹਿੰਦੀ ਹੈ, ਕਰਣੀ ਵਿਚ ਤੂੰ ਸੁਤੰਤਰ ਹੈਂ (ਭਾਵ, ਤੇਰੇ ਉਤੇ ਮਾਇਆ ਆਦਿਕ ਦਾ ਬਲ ਨਹੀਂ ਪੈ ਸਕਦਾ)।
ਜਿਵੇਂ ਫਲ ਵਾਲਾ ਰੁੱਖ ਨਿਊਂਦਾ ਹੈ ਤੇ ਖੇਚਲ ਸਹਾਰਦਾ ਹੈ, ਤਿਵੇਂ (ਗੁਰੂ ਅੰਗਦ ਦੀ) ਨਿਰਮਲ ਵਿਚਾਰ ਹੈ, (ਭਾਵ, ਗੁਰੂ ਅੰਗਦ ਭੀ ਇਸੇ ਤਰ੍ਹਾਂ ਨਿਊਂਦਾ ਹੈ, ਤੇ ਸੰਸਾਰੀ ਜੀਵਾਂ ਦੀ ਖ਼ਾਤਰ ਖੇਚਲ ਸਹਾਰਦਾ ਹੈ)।
(ਹੇ ਗੁਰੂ ਅੰਗਦ!) ਤੂੰ ਇਹ ਭੇਤ ਪਾ ਲਿਆ ਹੈ ਕਿ ਅਚਰਜ ਤੇ ਅਲੱਖ ਹਰੀ ਸਰਬ-ਵਿਆਪਕ ਹੈ।
ਅੰਮ੍ਰਿਤ-ਭਰੀ ਸੁੰਦਰ ਬਾਣੀ-ਰੂਪ ਕਿਰਣ ਦੁਆਰਾ (ਸੰਸਾਰੀ ਜੀਆਂ ਦੇ ਹਿਰਦੇ ਵਿਚ) ਤੂੰ ਸਹਜ ਸੁਭਾਇ ਹੀ ਅੰਮ੍ਰਿਤ ਸਿੰਜ ਰਿਹਾ ਹੈਂ।
(ਹੇ ਗੁਰੂ ਅੰਗਦ!) ਤੂੰ ਗੁਰੂ (ਨਾਨਕ ਦੇਵ ਜੀ) ਵਾਲਾ ਦਰਜਾ ਹਾਸਲ ਕਰ ਲਿਆ ਹੈ, ਅਤੇ ਸਤ ਸੰਤੋਖ ਨੂੰ ਗ੍ਰਹਿਣ ਕਰ ਲਿਆ ਹੈ।
ਕਲ੍ਯ੍ਯਸਹਾਰ (ਕਵੀ) ਉੱਚੀ ਪੁਕਾਰ ਕੇ ਆਖਦਾ ਹੈ- ਜਿਨ੍ਹਾਂ ਜਨਾਂ ਨੂੰ ਲਹਣੇ ਜੀ ਦਾ ਦਰਸ਼ਨ ਹੋਇਆ ਹੈ, ਉਹਨਾਂ ਨੇ ਅਕਾਲ ਪੁਰਖ ਨੂੰ ਪਰਸ ਲਿਆ ਹੈ' ॥੬॥
(ਹੇ ਗੁਰੂ ਅੰਗਦ!) ਤੂੰ ਆਪਣੇ ਮਨ ਵਿਚ ਸਰਧਾ ਪ੍ਰਾਪਤ ਕੀਤੀ ਹੈ, ਹਜ਼ੂਰ (ਗੁਰੂ ਨਾਨਕ ਜੀ) ਨੇ ਤੈਨੂੰ ਗੰਭੀਰ (ਹਰੀ) ਵਿਚ ਪਹੁੰਚ ਦੇ ਦਿੱਤੀ ਹੈ।
ਨਾਸ ਕਰਨ ਵਾਲਾ ਜ਼ਹਰ (ਭਾਵ, ਮਾਇਆ ਦਾ ਮੋਹ) ਤੇਰੇ ਸਰੀਰ ਵਿਚੋਂ ਨੱਸ ਗਿਆ ਹੈ ਅਤੇ ਤੂੰ ਅੰਤਰ ਆਤਮੇ ਨਾਮ-ਅੰਮ੍ਰਿਤ ਪੀ ਲਿਆ ਹੈ।
ਜਿਸ ਅਕਾਲ ਪੁਰਖ ਨੇ ਆਪਣੀ ਸੱਤਾ (ਸਾਰੇ) ਜੁਗਾਂ ਵਿਚ ਰੱਖੀ ਹੋਈ ਹੈ, ਉਸ ਦਾ ਪ੍ਰਕਾਸ਼ (ਗੁਰੂ ਅੰਗਦ ਦੇ) ਹਿਰਦੇ ਵਿਚ ਜਾਗ ਪਿਆ ਹੈ।
ਅਕਾਲ ਪੁਰਖ ਇਕ-ਰਸ ਸਭ ਦੇ ਅੰਦਰ ਵਿਆਪ ਰਿਹਾ ਹੈ, ਉਸ ਵਿਚ ਸਤਿਗੁਰੂ (ਅੰਗਦ ਦੇਵ) ਆਤਮਕ ਅਡੋਲਤਾ ਵਾਲੀ ਸਮਾਧੀ ਜੋੜੀ ਰੱਖਦਾ ਹੈ।
ਜੋ ਉਦਾਰ ਚਿੱਤ ਵਾਲਾ ਹੈ, ਜੋ ਗਰੀਬੀ ਦੂਰ ਕਰਨ ਵਾਲਾ ਹੈ, ਅਤੇ ਜਿਸ ਨੂੰ ਵੇਖ ਕੇ ਪਾਪ ਤ੍ਰਹਿ ਜਾਂਦੇ ਹਨ,
ਕਲ੍ਯ੍ਯਸਹਾਰ ਆਖਦਾ ਹੈ ਕਿ "ਮੈਂ ਆਪਣੀ ਜੀਭ ਨਾਲ ਸਦਾ ਪ੍ਰੇਮ ਵਿਚ ਤੇ ਆਤਮਕ ਅਡੋਲਤਾ ਵਿਚ (ਟਿਕ ਕੇ) ਉਸ ਲਹਣੇ ਜੀ ਦਾ ਜਸ ਉਚਾਰਦਾ ਹਾਂ ॥੭॥
ਅਕਾਲ ਪੁਰਖ ਦਾ ਨਾਮ (ਸਾਰੇ ਰੋਗਾਂ ਦੀ) ਦਵਾਈ ਹੈ, ਨਾਮ (ਸਭ ਦਾ) ਆਸਰਾ ਹੈ ਅਤੇ ਨਾਮ ਹੀ ਸਮਾਧੀ ਵਾਲਾ ਆਨੰਦ ਹੈ; ਅਕਾਲ ਪੁਰਖ ਦੇ ਨਾਮ ਦਾ ਝੰਡਾ ਸਦਾ ਸੋਭ ਰਿਹਾ ਹੈ।
ਹੇ ਕਲ੍ਯ੍ਯਸਹਾਰ! ਹਰਿ-ਨਾਮ ਦੀ ਬਰਕਤਿ ਨਾਲ ਹੀ (ਗੁਰੂ ਅੰਗਦ) ਰੰਗ ਵਿਚ ਰੱਤਾ ਹੋਇਆ ਹੈ। ਇਹ ਨਾਮ ਦੇਵਤਿਆਂ ਤੇ ਮਨੁੱਖਾਂ ਨੂੰ ਸੁਗੰਧਿਤ ਕਰ ਰਿਹਾ ਹੈ।
ਜਿਸ ਮਨੁੱਖ ਨੇ ਨਾਮ ਦੀ ਛੋਹ (ਗੁਰੂ ਅੰਗਦ ਦੇਵ ਜੀ) ਤੋਂ ਪ੍ਰਾਪਤ ਕੀਤੀ ਹੈ, ਉਸ ਦਾ ਸਤ ਧਰਮ-ਰੂਪ ਸੂਰਜ ਸੰਸਾਰ ਵਿਚ ਚਮਕ ਪਿਆ ਹੈ।
ਸਤਿਗੁਰੂ (ਅੰਗਦ ਦੇਵ ਜੀ) ਦਾ ਦਰਸ਼ਨ ਕਰਨ ਨਾਲ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ ॥੮॥
ਸਦਾ-ਥਿਰ ਹਰੀ ਦਾ ਨਾਮ ਹੀ (ਗੁਰੂ ਅੰਗਦ ਦੇਵ ਜੀ ਦਾ) ਤੀਰਥ ਹੈ, ਨਾਮ ਹੀ ਇਸ਼ਨਾਨ ਹੈ ਅਤੇ ਨਾਮ ਤੇ ਪਿਆਰ ਹੀ (ਉਹਨਾਂ ਦਾ) ਭੋਜਨ ਹੈ। ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਿਆਂ ਹੀ (ਗੁਰੂ ਅੰਗਦ) ਸੋਭ ਰਿਹਾ ਹੈ।
(ਗੁਰੂ ਅੰਗਦ ਦੇਵ ਜੀ ਨੇ) ਅਕਾਲ ਪੁਰਖ ਦਾ ਨਾਮ ਗੁਰੂ (ਨਾਨਕ ਦੇਵ ਜੀ) ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੈ, ਇਹ ਸੱਚਾ ਨਾਮ ਸੰਗਤਾਂ ਨੂੰ ਸੁਗੰਧਿਤ ਕਰਦਾ ਹੈ।
ਦਾਸ ਕਲ੍ਯ੍ਯਸਹਾਰ ਕਵੀ ਆਖਦਾ ਹੈ, ਜਿਸ (ਗੁਰੂ ਅੰਗਦ ਦੇਵ ਜੀ) ਦਾ ਸੰਜਮ ਅਕਾਲ ਪੁਰਖ ਦਾ ਨਾਮ ਹੈ ਅਤੇ ਵਰਤ ਭੀ ਹਰੀ ਦਾ ਨਾਮ ਹੀ ਹੈ,
ਉਸ ਗੁਰੂ ਦਾ ਦਰਸ਼ਨ ਕੀਤਿਆਂ ਸਦਾ-ਥਿਰ ਹਰਿ-ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਮਨੁੱਖਾ-ਜਨਮ ਸਫਲਾ ਹੋ ਜਾਂਦਾ ਹੈ" ॥੯॥
(ਗੁਰੂ ਅੰਗਦ ਦੇਵ ਜਿਸ ਉੱਤੇ) ਆਤਮਕ ਜੀਵਨ ਦੇਣ ਵਾਲੀ ਭਲੀ ਨਿਗਾਹ ਕਰਦਾ ਹੈ, (ਉਸ ਦੇ) ਪਾਪ ਤੇ ਸਾਰੀਆਂ ਮੈਲਾਂ ਦੂਰ ਕਰ ਦੇਂਦਾ ਹੈ,
ਅਤੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ-ਇਹ ਸਾਰੇ ਉਸ ਦੇ ਕਾਬੂ ਵਿਚ ਕਰ ਦੇਂਦਾ ਹੈ।
(ਗੁਰੂ ਅੰਗਦ ਦੇ) ਮਨ ਵਿਚ ਸਦਾ ਸੁਖ ਵੱਸ ਰਿਹਾ ਹੈ, (ਉਹ) ਸੰਸਾਰ ਦਾ ਦੁੱਖ ਦੂਰ ਕਰਦਾ ਹੈ।
ਸਤਿਗੁਰੂ ਨੌ ਨਿਧੀਆਂ ਦਾ ਦਰੀਆਉ ਹੈ; ਸਾਡੇ ਜਨਮਾਂ ਦੀ ਕਾਲਖ ਧੋਂਦਾ ਹੈ।
ਹੇ ਕਲ੍ਯ੍ਯਸਹਾਰ! ??? (ਐਸੇ) ਗੁਰੂ (ਅੰਗਦ ਦੇਵ ਜੀ) ਨੂੰ ਦਿਨ ਰਾਤ ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਟਿਕ ਕੇ ਸੇਵਨਾ ਚਾਹੀਦਾ ਹੈ।
(ਐਸੇ) ਸਤਿਗੁਰੂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ" ॥੧੦॥
ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਉਸ ਸਦਾ-ਥਿਰ ਅਕਾਲ ਪੁਰਖ ਨੂੰ ਸਿਮਰ; ਜਿਸ ਦਾ ਇਕ ਨਾਮ ਸੰਸਾਰ ਵਿਚ ਅਛੱਲ ਹੈ।
ਜਿਸ ਨਾਮ ਨੇ ਭਗਤਾਂ ਨੂੰ ਸੰਸਾਰ-ਸਾਗਰ ਤੋਂ ਪਾਰ ਉਤਾਰਿਆ ਹੈ, ਉਸ ਉੱਤਮ ਨਾਮ ਨੂੰ ਸਿਮਰੋ।
ਉਸੇ ਨਾਮ ਵਿਚ (ਗੁਰੂ) ਨਾਨਕ ਆਨੰਦ ਲੈ ਰਿਹਾ ਹੈ, (ਉਸੇ ਨਾਮ ਦੁਆਰਾ) ਲਹਣਾ ਜੀ ਟਿੱਕ ਗਏ, ਜਿਸ ਕਰਕੇ ਸਾਰੀਆਂ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਹੋਈਆਂ।
ਹੇ ਕਲ੍ਯ੍ਯ ਕਵੀ! (ਉਸੇ ਦੀ ਬਰਕਤਿ ਨਾਲ) ਉੱਚੀ ਬੁੱਧੀ ਵਾਲੇ ਗੁਰੂ ਅਮਰਦਾਸ ਦੀ ਸੋਭਾ ਲੋਕਾਂ ਵਿਚ ਪਸਰ ਰਹੀ ਹੈ।
(ਜਿਵੇਂ) ਮੌਲਸਰੀ ਦੇ ਸ੍ਰੇਸ਼ਟ ਰੁੱਖ ਦੀਆਂ ਸ਼ਾਖ਼ਾਂ (ਖਿੱਲਰ ਕੇ ਸੁਗੰਧੀ ਖਿਲਾਰਦੀਆਂ ਹਨ, ਤਿਵੇਂ ਗੁਰੂ ਅਮਰਦਾਸ ਦੀ) ਸੋਭਾ-ਰੂਪ ਸੂਰਜ ਦੀ ਕਿਰਣ ਦੇ ਜਗਤ ਵਿਚ ਪਰਗਟ ਹੋਣ ਦੇ ਕਾਰਣ-
ਪਹਾੜ, ਦੱਖਣ ਚੜ੍ਹਦੇ ਲਹਿੰਦੇ (ਭਾਵ, ਹਰ ਪਾਸੇ) ਲੋਕ ਗੁਰੂ ਅਮਰਦਾਸ ਜੀ ਦੀ ਜੈ-ਜੈਕਾਰ ਕਰ ਰਹੇ ਹਨ।