ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 522


ਭਗਤ ਤੇਰੇ ਦਇਆਲ ਓਨੑਾ ਮਿਹਰ ਪਾਇ ॥

ਹੇ ਦਇਆਲ ਪ੍ਰਭੂ! ਬੰਦਗੀ ਕਰਨ ਵਾਲੇ ਬੰਦੇ ਤੇਰੇ ਹੋ ਕੇ ਰਹਿੰਦੇ ਹਨ, ਤੂੰ ਉਹਨਾਂ ਤੇ ਕਿਰਪਾ ਕਰਦਾ ਹੈਂ;

ਦੂਖੁ ਦਰਦੁ ਵਡ ਰੋਗੁ ਨ ਪੋਹੇ ਤਿਸੁ ਮਾਇ ॥

(ਜਿਸ ਮਨੁੱਖ ਤੇ ਤੂੰ ਮਿਹਰ ਕਰਦਾ ਹੈਂ) ਉਸ ਨੂੰ ਮਾਇਆ ਪੋਹ ਨਹੀਂ ਸਕਦੀ, ਕੋਈ ਦੁਖ ਦਰਦ ਕੋਈ ਵੱਡੇ ਤੋਂ ਵੱਡਾ ਰੋਗ ਉਸ ਨੂੰ ਪੋਹ ਨਹੀਂ ਸਕਦਾ।

ਭਗਤਾ ਏਹੁ ਅਧਾਰੁ ਗੁਣ ਗੋਵਿੰਦ ਗਾਇ ॥

ਗੋਵਿੰਦ ਦੇ ਗੁਣ ਗਾ ਗਾ ਕੇ ਇਹ (ਸਿਫ਼ਤ-ਸਾਲਾਹ) ਭਗਤਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦੀ ਹੈ;

ਸਦਾ ਸਦਾ ਦਿਨੁ ਰੈਣਿ ਇਕੋ ਇਕੁ ਧਿਆਇ ॥

ਤੇ ਦਿਨ ਰਾਤ ਸਦਾ ਹੀ ਇਕ ਪ੍ਰਭੂ ਨੂੰ ਸਿਮਰ ਸਿਮਰ ਕੇ,

ਪੀਵਤਿ ਅੰਮ੍ਰਿਤ ਨਾਮੁ ਜਨ ਨਾਮੇ ਰਹੇ ਅਘਾਇ ॥੧੪॥

ਨਾਮ-ਰੂਪ ਅੰਮ੍ਰਿਤ ਪੀ ਪੀ ਕੇ ਸੇਵਕ ਨਾਮ ਵਿਚ ਹੀ ਰੱਜੇ ਰਹਿੰਦੇ ਹਨ ॥੧੪॥

ਸਲੋਕ ਮਃ ੫ ॥

ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥

ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕ੍ਰੋੜਾਂ ਵਿਘਨ ਆ ਘੇਰਦੇ ਹਨ।

ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੧॥

ਹੇ ਨਾਨਕ! (ਅਜੇਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੁੰਞੇ ਘਰਾਂ ਵਿਚ ਕਾਂ ਲੌਂਦਾ ਹੈ (ਪਰ ਓਥੋਂ ਉਸ ਨੂੰ ਮਿਲਦਾ ਕੁਝ ਨਹੀਂ) ॥੧॥

ਮਃ ੫ ॥

ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ ॥

ਉਹੀ ਰੁੱਤ ਸੋਹਣੀ ਹੈ ਜਦੋਂ ਪਿਆਰੇ ਪ੍ਰਭੂ-ਪਤੀ ਦਾ ਮੇਲ ਹੁੰਦਾ ਹੈ,

ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ ॥੨॥

ਸੋ, ਹੇ ਨਾਨਕ! ਉਸ ਨੂੰ ਹਰ ਵੇਲੇ ਯਾਦ ਕਰੀਏ, ਕਦੇ ਘੜੀ ਦੋ ਘੜੀਆਂ ਭੀ ਉਹ ਪ੍ਰਭੂ ਨਾਹ ਭੁੱਲੇ ॥੨॥

ਪਉੜੀ ॥

ਸੂਰਬੀਰ ਵਰੀਆਮ ਕਿਨੈ ਨ ਹੋੜੀਐ ॥

(ਕਾਮਾਦਿਕ ਵਿਕਾਰ) ਬੜੇ ਸੂਰਮੇ ਤੇ ਬਹਾਦਰ (ਸਿਪਾਹੀ) ਹਨ, ਕਿਸੇ ਨੇ ਇਹਨਾਂ ਨੂੰ ਠੱਲ੍ਹਿਆ ਨਹੀਂ।

ਫਉਜ ਸਤਾਣੀ ਹਾਠ ਪੰਚਾ ਜੋੜੀਐ ॥

ਇਹਨਾਂ ਪੰਜਾਂ ਨੇ ਬੜੀ ਬਲ ਵਾਲੀ ਤੇ ਹਠੀਲੀ ਫ਼ੌਜ ਇਕੱਠੀ ਕੀਤੀ ਹੋਈ ਹੈ,

ਦਸ ਨਾਰੀ ਅਉਧੂਤ ਦੇਨਿ ਚਮੋੜੀਐ ॥

(ਦੁਨੀਆਦਾਰ ਤਾਂ ਕਿਤੇ ਰਹੇ) ਤਿਆਗੀਆਂ ਨੂੰ (ਭੀ) ਇਹ ਦਸ ਇੰਦ੍ਰੇ ਚਮੋੜ ਦੇਂਦੇ ਹਨ।

ਜਿਣਿ ਜਿਣਿ ਲੈਨਿੑ ਰਲਾਇ ਏਹੋ ਏਨਾ ਲੋੜੀਐ ॥

ਇਹ (ਕਾਮਾਦਿਕ ਵਿਕਾਰ) ਸਭ ਨੂੰ ਜਿੱਤ ਜਿੱਤ ਕੇ ਆਪਣੇ ਅਨੁਸਾਰੀ ਕਰੀ ਜਾਂਦੇ ਹਨ, ਬੱਸ! ਇਹੀ ਗੱਲ ਇਹ ਲੋੜਦੇ ਹਨ।

ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ ॥

ਸਾਰੇ ਹੀ ਤ੍ਰੈਗੁਣੀ ਜੀਵ ਇਹਨਾਂ ਦੇ ਦਬਾਉ ਹੇਠ ਹਨ, ਕਿਸੇ ਨੇ ਇਹਨਾਂ ਨੂੰ ਮੋੜਾ ਨਹੀਂ ਪਾਇਆ।

ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ ॥

(ਕਾਮਾਦਿਕ) ਭਟਕਣਾ (ਮਾਨੋ) ਕਿਲ੍ਹਾ ਹੈ ਤੇ ਮਾਇਆ (ਦੁਆਲੇ ਦੀ ਡੂੰਘੀ) ਖਾਈ। (ਇਹ ਕਿਲ੍ਹਾ) ਕਿਵੇਂ ਤੋੜਿਆ ਜਾਏ?

ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ ॥

ਪੂਰੇ ਸਤਿਗੁਰੂ ਨੂੰ ਯਾਦ ਕੀਤਿਆਂ ਇਹ ਕਰੜੀ ਫ਼ੌਜ ਸਰ ਕੀਤੀ ਜਾ ਸਕਦੀ ਹੈ।

ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ ॥੧੫॥

(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਦਿਨ ਰਾਤ ਹੱਥ ਜੋੜ ਕੇ ਉਸ ਗੁਰੂ ਦੇ ਸਾਹਮਣੇ ਖਲੋਤਾ ਰਹਾਂ ॥੧੫॥

ਸਲੋਕ ਮਃ ੫ ॥

ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ ॥

ਰੋਜ਼ ਦਿਨ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਸਾਰੇ ਪਾਪ ਉਤਰ ਜਾਂਦੇ ਹਨ।

ਕੋਟਿ ਕਲੇਸਾ ਊਪਜਹਿ ਨਾਨਕ ਬਿਸਰੈ ਨਾਉ ॥੧॥

ਹੇ ਨਾਨਕ! ਜੇ ਪ੍ਰਭੂ ਦਾ ਨਾਮ ਭੁੱਲ ਜਾਏ ਤਾਂ ਕ੍ਰੋੜਾਂ ਦੁੱਖ ਲੱਗ ਜਾਂਦੇ ਹਨ ॥੧॥

ਮਃ ੫ ॥

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥

ਹੇ ਨਾਨਕ! ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਹੈ।

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥

ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ (ਭਾਵ, ਦੁਨੀਆ ਦੇ ਸਾਰੇ ਕੰਮ ਕਾਰ ਕਰਦਿਆਂ) ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈ ॥੨॥

ਪਉੜੀ ॥

ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥

ਧੰਨ ਹੈ ਉਹ ਸਤਿਗੁਰੂ ਜਿਸ ਨੇ (ਅਸਾਡਾ) ਭਰਮ ਦਾ ਕਿਲ੍ਹਾ ਤੋੜ ਦਿੱਤਾ ਹੈ।

ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥

ਅਚਰਜ ਵਡਿਆਈ ਵਾਲਾ ਹੈ ਉਹ ਗੁਰੂ ਜਿਸ ਨੇ (ਅਸਾਨੂੰ) ਰੱਬ ਨਾਲ ਜੋੜ ਦਿੱਤਾ ਹੈ।

ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ ॥

ਗੁਰੂ ਅਮੁਕ ਨਾਮ-ਖ਼ਜ਼ਾਨਾ-ਰੂਪ ਦਵਾਈ ਦੇਂਦਾ ਹੈ,

ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ ॥

ਤੇ ਇੰਜ ਅਸਾਡਾ ਵੱਡਾ ਭਿਆਨਕ ਰੋਗ ਨਾਸ ਕਰ ਦਿੱਤਾ ਹੈ।

ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ ॥

(ਜਿਸ ਮਨੁੱਖ ਨੇ ਗੁਰੂ ਪਾਸੋਂ) ਪ੍ਰਭੂ-ਨਾਮ ਰੂਪ ਵੱਡਾ ਖ਼ਜ਼ਾਨਾ ਹਾਸਲ ਕੀਤਾ ਹੈ,

ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥

ਉਸ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ ਤੇ ਮਨੁੱਖਾ-ਜਨਮ (ਦੀ) ਅਪਾਰ (ਬਾਜ਼ੀ) ਜਿੱਤ ਲਈ ਹੈ।

ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥

ਸੱਤਿਆ ਵਾਲੇ ਗੁਰਦੇਵ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ,

ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥

ਸਤਿਗੁਰੂ ਉਸ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ ਜੋ ਬੇਅੰਤ ਹੈ ਅਲੱਖ ਹੈ ਤੇ ਅਭੇਵ ਹੈ ॥੧੬॥

ਸਲੋਕੁ ਮਃ ੫ ॥

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥

(ਪ੍ਰਭੂ ਦੀ ਭਗਤੀ ਦਾ) ਉੱਦਮ ਕਰਦਿਆਂ ਆਤਮਕ ਜੀਵਨ ਮਿਲਦਾ ਹੈ, (ਇਹ ਨਾਮ ਦੀ) ਕਮਾਈ ਕੀਤਿਆਂ ਸੁਖ ਮਾਣੀਦਾ ਹੈ।

ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥

ਹੇ ਨਾਨਕ! ਨਾਮ ਸਿਮਰਿਆਂ ਪਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ ॥੧॥

ਮਃ ੫ ॥

ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥

ਪਵਿਤ੍ਰ ਸਤ-ਸੰਗ ਕਰਾਂ, ਗੋਬਿੰਦ ਦਾ ਸਿਮਰਨ ਕਰਾਂ ਤੇ ਭਲੀਆਂ ਸੋਚਾਂ ਸੋਚਾਂ,

ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੨॥

ਹੇ ਭਗਵਾਨ! ਮੈਂ ਨਾਨਕ ਉਤੇ ਕਿਰਪਾ ਕਰ ਕਿ ਮੈਂ ਇਕ ਘੜੀ ਭਰ ਭੀ ਤੇਰਾ ਨਾਮ ਨਾਹ ਭੁਲਾਵਾਂ ॥੨॥

ਪਉੜੀ ॥

ਤੇਰਾ ਕੀਤਾ ਹੋਇ ਤ ਕਾਹੇ ਡਰਪੀਐ ॥

(ਹੇ ਪ੍ਰਭੂ!) ਜੋ ਕੁਝ ਵਾਪਰਦਾ ਹੈ ਤੇਰਾ ਹੀ ਕੀਤਾ ਹੁੰਦਾ ਹੈ ਤਾਂ (ਅਸੀਂ) ਕਿਉਂ (ਕਿਸੇ ਤੋਂ) ਡਰੀਏ?

ਜਿਸੁ ਮਿਲਿ ਜਪੀਐ ਨਾਉ ਤਿਸੁ ਜੀਉ ਅਰਪੀਐ ॥

ਜਿਸ ਨੂੰ ਮਿਲ ਕੇ ਪ੍ਰਭੂ ਦਾ ਨਾਮ ਜਪਿਆ ਜਾਏ, ਉਸ ਅਗੇ ਆਪਣਾ ਆਪ ਭੇਟਾ ਕਰ ਦੇਣਾ ਚਾਹੀਦਾ ਹੈ।

ਆਇਐ ਚਿਤਿ ਨਿਹਾਲੁ ਸਾਹਿਬ ਬੇਸੁਮਾਰ ॥

ਜੇ ਬੇਅੰਤ ਸਾਹਿਬ ਚਿੱਤ ਵਿਚ ਆ ਵੱਸੇ ਤਾਂ ਨਿਹਾਲ ਹੋ ਜਾਈਦਾ ਹੈ।

ਤਿਸ ਨੋ ਪੋਹੇ ਕਵਣੁ ਜਿਸੁ ਵਲਿ ਨਿਰੰਕਾਰ ॥

ਜਿਸ ਦੇ ਪੱਖ ਤੇ ਨਿਰੰਕਾਰ ਹੋ ਜਾਏ, ਉਸ ਤੇ ਕੋਈ ਦਬਾ ਨਹੀਂ ਪਾ ਸਕਦਾ।

ਸਭੁ ਕਿਛੁ ਤਿਸ ਕੈ ਵਸਿ ਨ ਕੋਈ ਬਾਹਰਾ ॥

ਹਰੇਕ ਚੀਜ਼ ਉਸ ਪਰਮਾਤਮਾ ਦੇ ਵੱਸ ਵਿਚ ਹੈ, ਉਸ ਦੇ ਹੁਕਮ ਤੋਂ ਪਰੇ ਕੋਈ ਨਹੀਂ।

ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ ॥

ਉਹ ਪ੍ਰਭੂ ਭਗਤਾਂ ਦੇ ਮਨ ਵਿਚ ਆ ਵੱਸਦਾ ਹੈ (ਉਹਨਾਂ ਦੇ ਅੰਦਰ) ਸਮਾ ਜਾਂਦਾ ਹੈ।

ਤੇਰੇ ਦਾਸ ਧਿਆਇਨਿ ਤੁਧੁ ਤੂੰ ਰਖਣ ਵਾਲਿਆ ॥

(ਹੇ ਪ੍ਰਭੂ!) ਤੇਰੇ ਦਾਸ ਤੈਨੂੰ ਯਾਦ ਕਰਦੇ ਹਨ ਤੇ ਤੂੰ ਉਹਨਾਂ ਦੀ ਰੱਖਿਆ ਕਰਦਾ ਹੈਂ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430