ਮਾਣ ਮੋਹ ਅਤੇ ਲੋਭ ਆਦਿਕ ਹੋਰ ਹੋਰ ਵਿਕਾਰਾਂ ਨੂੰ ਪਰਮਾਤਮਾ ਦਾ ਸੇਵਕ ਆਪਣੇ ਚਿੱਤ ਵਿਚ ਨਹੀਂ ਆਉਣ ਦੇਂਦਾ।
ਉਹ ਸਦਾ ਪਰਮਾਤਮਾ ਦਾ ਨਾਮ-ਰਤਨ ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਵਣਜਦਾ ਰਹਿੰਦਾ ਹੈ। ਇਹੀ ਸੌਦਾ ਉਹ ਇਥੋਂ ਲੱਦ ਕੇ ਲੈ ਤੁਰਦਾ ਹੈ ॥੧॥
ਪਰਮਾਤਮਾ ਦੇ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅਖ਼ੀਰ ਤਕ ਬਣੀ ਰਹਿੰਦੀ ਹੈ।
ਜਿਤਨਾ ਚਿਰ ਉਹ ਜਗਤ ਵਿਚ ਜੀਊਂਦਾ ਹੈ ਉਤਨਾ ਚਿਰ ਆਪਣੇ ਮਾਲਕ-ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ, ਜਗਤ ਤੋਂ ਤੁਰਨ ਲੱਗਾ ਭੀ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਈ ਰੱਖਦਾ ਹੈ ॥੧॥ ਰਹਾਉ ॥
ਸੇਵਕ ਉਹ ਹੈ ਜਿਸ ਨੂੰ ਮਾਲਕ-ਪ੍ਰਭੂ ਨੇ ਜਿਹੋ ਜਿਹਾ ਕਦੇ ਹੁਕਮ ਕੀਤਾ, ਉਸ ਨੇ ਉਸ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਿਆ।
ਜੇ ਮਾਲਕ ਨੇ ਉਸ ਨੂੰ ਘਰ ਦੇ ਅੰਦਰ ਟਿਕਾਈ ਰੱਖਿਆ, ਤਾਂ ਸੇਵਕ ਵਾਸਤੇ ਉਥੇ ਹੀ ਆਤਮਕ ਅਡੋਲਤਾ ਤੇ ਆਨੰਦ ਬਣਿਆ ਰਹਿੰਦਾ ਹੈ; (ਜੇ ਮਾਲਕ ਨੇ ਆਖਿਆ-) ਉੱਠ (ਉਸ-ਪਾਸੇ ਵਲ ਜਾਹ, ਤਾਂ ਸੇਵਕ) ਉਸੇ ਪਾਸੇ ਵਲ ਦੌੜ ਪਿਆ ॥੨॥
ਜੇ ਸੇਵਕ ਨੂੰ ਮਾਲਕ-ਪ੍ਰਭੂ ਦੇ ਹੁਕਮ ਵਿਚ ਭੁੱਖ-ਨੰਗ ਆ ਗਈ, ਤਾਂ ਉਸ ਨੂੰ ਹੀ ਉਸ ਨੇ ਸੁਖ ਮੰਨ ਲਿਆ। ਸੇਵਕ ਖ਼ੁਸ਼ੀ ਜਾਂ ਗ਼ਮੀ ਦੀ ਪਰਵਾਹ ਨਹੀਂ ਕਰਦਾ।
ਸੇਵਕ ਨੂੰ ਮਾਲਕ-ਪ੍ਰਭੂ ਦਾ ਜਿਹੜਾ ਜਿਹੜਾ ਹੁਕਮ ਮਿਲਦਾ ਹੈ, ਉਸ ਨੂੰ ਸਿਰ-ਮੱਥੇ ਮੰਨਦਾ ਹੈ ॥੩॥
ਮਾਲਕ-ਪ੍ਰਭੂ ਜਿਸ ਸੇਵਕ ਉਥੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਸੁਧਰ ਜਾਂਦੇ ਹਨ।
ਹੇ ਨਾਨਕ! ਜਿਸ ਸੇਵਕ ਨੇ ਖ਼ਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਭਾਗਾਂ ਵਾਲਾ ਹੈ, ਉਸ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ ॥੪॥੫॥
ਜਿਸ ਮਨੁੱਖ ਉੱਤੇ ਮਾਲਕ-ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਉਸ ਦਾ ਭਾਗ ਜਾਗ ਪੈਂਦਾ ਹੈ।
ਉਸ ਦੀ ਦੌੜ-ਭੱਜ ਮੁੱਕ ਜਾਂਦੀ ਹੈ, ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ, ਉਸ ਦੀ ਸਾਰੀ ਭਟਕਣਾ ਦੂਰ ਹੋ ਜਾਂਦੀ ਹੈ ॥੧॥
ਹੁਣ ਮੈਂ ਆਤਮਕ ਜੀਵਨ ਵਾਲਾ ਦਰਜਾ ਪ੍ਰਾਪਤ ਕਰ ਲਿਆ ਹੈ।
ਸੰਤ ਜਨਾਂ ਦੀ ਸਰਨ ਪੈਣ ਕਰਕੇ ਮੇਰੇ ਮਨ ਵਿਚ ਮੇਰੇ ਚਿੱਤ ਵਿਚ ਸਰਬ-ਵਿਆਪਕ ਸਿਰਜਣ-ਹਾਰ ਪ੍ਰਭੂ ਆ ਵੱਸਿਆ ਹੈ, ॥੧॥ ਰਹਾਉ ॥
(ਜਿਹੜਾ ਮਨੁੱਖ ਸੰਤ ਜਨਾਂ ਦੀ ਸਰਨ ਪੈਂਦਾ ਹੈ ਉਹ ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਮੋਹ (ਆਦਿਕ ਸਾਰੇ ਵਿਕਾਰ) ਦੂਰ ਕਰ ਲੈਂਦਾ ਹੈ, ਉਸ ਦੇ ਇਹ ਸਾਰੇ ਹੀ ਵੈਰੀ ਦੂਰ ਹੋ ਜਾਂਦੇ ਹਨ।
ਸਭ ਨੂੰ ਵੇਖਣ ਵਾਲਾ ਪ੍ਰਭੂ ਉਸ ਨੂੰ ਹਰ ਵੇਲੇ ਅੰਗ-ਸੰਗ ਜਾਪਦਾ ਹੈ, ਕਿਸੇ ਭੀ ਥਾਂ ਤੋਂ ਉਸ ਨੂੰ ਉਹ ਪ੍ਰਭੂ ਦੂਰ ਨਹੀਂ ਜਾਪਦਾ ॥੨॥
ਸੰਤ ਜਨ ਜਿਸ ਮਨੁੱਖ ਦੇ ਮਦਦਗਾਰ ਬਣਦੇ ਹਨ, ਉਸ ਦੇ ਅੰਦਰ ਹਰ ਵੇਲੇ ਠੰਢ ਤੇ ਆਨੰਦ ਬਣਿਆ ਰਹਿੰਦਾ ਹੈ, ਉਸ ਦੀ ਹਰੇਕ ਮੰਗ ਪੂਰੀ ਹੋ ਜਾਂਦੀ ਹੈ।
ਸੰਤਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਸੰਤ ਜਨ ਵਿਕਾਰੀਆਂ ਨੂੰ ਇਕ ਖਿਨ ਵਿਚ ਪਵਿੱਤਰ ਕਰ ਦੇਂਦੇ ਹਨ ॥੩॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਚਰਨਾਂ ਦਾ ਆਸਰਾ ਲੈ ਲਿਆ, ਉਹਨਾਂ ਦੇ ਸਾਰੇ ਡਰ ਦੂਰ ਹੋ ਗਏ, ਉਹ ਨਿਰਭਉ ਹੋ ਗਏ।
ਨਾਨਕ ਭੀ ਦਿਨ ਰਾਤ ਸੁਰਤ ਜੋੜ ਕੇ ਮਾਲਕ-ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ ॥੪॥੬॥
ਹੇ ਭਾਈ! ਜਿਹੜਾ ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਜਿਹੜਾ ਸਾਰੇ ਗੁਣਾਂ ਦਾ ਮਾਲਕ ਹੈ, ਤੂੰ ਉਸ ਦੀ ਸਿਫ਼ਤ-ਸਾਲਾਹ ਕਦੇ ਭੀ ਨਹੀਂ ਕਰਦਾ।
ਉਸ (ਮਾਇਆ) ਨੂੰ ਤਾਂ ਹਰ ਕੋਈ ਇਕ ਖਿਨ ਵਿਚ ਛੱਡ ਜਾਂਦਾ ਹੈ, ਤੂੰ ਭੀ ਉਸੇ ਦੀ ਖ਼ਾਤਰ ਮੁੜ ਮੁੜ ਭਟਕਦਾ ਫਿਰਦਾ ਹੈਂ ॥੧॥
ਤੂੰ ਆਪਣੇ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ?
ਤੂੰ (ਮਾਇਆ ਦੇ ਮੋਹ-) ਵੈਰੀ ਨਾਲ ਮੌਜ-ਮੇਲਿਆਂ ਦੇ ਸੁਆਦ ਵਿਚ ਮਸਤ ਹੈਂ, ਤੇ, ਉਸ (ਮੋਹ ਦੇ) ਨਾਲ ਹੀ ਆਪਣੀ ਜਿੰਦ ਨੂੰ ਸਾੜ ਰਿਹਾ ਹੈਂ (ਆਪਣੇ ਆਤਮਕ ਜੀਵਨ ਨੂੰ ਸਾੜ ਰਿਹਾ ਹੈਂ) ॥੧॥ ਰਹਾਉ ॥
ਜਿਸ ਪਰਮਾਤਮਾ ਦਾ ਨਾਮ ਸੁਣਿਆਂ ਜਮਰਾਜ (ਭੀ) ਛੱਡ ਜਾਂਦਾ ਹੈ ਤੂੰ ਉਸ ਦੀ ਸਰਨ (ਕਿਉਂ) ਨਹੀਂ ਪੈਂਦਾ?
ਤੂੰ ਆਪਣੇ ਅੰਦਰ ਉਸ ਪ੍ਰਭੂ ਦਾ ਆਸਰਾ ਟਿਕਾ ਲੈ, ਜਿਹੜਾ (ਸਿੰਘ-ਪ੍ਰਭੂ) ਨਿਮਾਣੇ ਗਿੱਦੜ ਨੂੰ ਕੱਢ ਦੇਂਦਾ ਹੈ ॥੨॥
ਜਿਸ ਪਰਮਾਤਮਾ ਦਾ ਜਸ ਸੁਣਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੂੰ ਉਸ ਨਾਲ ਪਿਆਰ ਨਹੀਂ ਜੋੜਦਾ।
(ਮਾਇਆ ਦੀ ਪ੍ਰੀਤ) ਸੁਪਨੇ ਦੀ ਹੀ ਹੋਛੀ ਜਿਹੀ ਗੱਲ ਹੈ, ਪਰ ਤੂੰ ਮੁੜ ਮੁੜ ਉਸੇ ਵਿਚ ਆਪਣੇ ਮਨ ਨੂੰ ਫਸਾ ਰਿਹਾ ਹੈਂ ॥੩॥
ਜਿਸ ਮਨੁੱਖ ਉੱਤੇ ਕਿਰਪਾ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦੀ ਮਿਹਰ ਹੁੰਦੀ ਹੈ, ਉਹ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟਦਾ ਹੈ।
ਨਾਨਕ ਆਖਦਾ ਹੈ- ਜਦੋਂ ਪ੍ਰਭੂ ਜੀ ਸਹਾਈ ਬਣਦੇ ਹਨ, ਮਨੁੱਖ ਦੀ ਤ੍ਰਿਗੁਣੀ ਮਾਇਆ ਵਾਲੀ ਭਟਕਣਾ ਮੁੱਕ ਜਾਂਦੀ ਹੈ ॥੪॥੭॥
ਹੇ ਮੂਰਖ! ਸਭ ਦੇ ਦਿਲਾਂ ਦੀ ਜਾਣਨ ਵਾਲਾ ਪਰਮਾਤਮਾ (ਮਨੁੱਖ ਦਾ) ਹਰੇਕ ਕਿਸਮ (ਦਾ ਅੰਦਰਲਾ ਭੇਤ) ਜਾਣਦਾ ਹੈ। ਉਸ ਪਾਸੋਂ ਕਿੱਥੇ ਕੁਝ ਲੁਕਾਇਆ ਜਾ ਸਕਦਾ ਹੈ?
(ਹੇ ਮੂਰਖ! ਜਿਸ ਸਰੀਰ ਦੀ ਖ਼ਾਤਰ ਤੂੰ ਹਰਾਮਖ਼ੋਰੀ ਕਰਦਾ ਹੈਂ, ਉਹ ਸਰੀਰ ਅੰਤ ਵੇਲੇ) ਅੱਗ ਵਿਚ ਪਾ ਕੇ ਸਾੜਿਆ ਜਾਂਦਾ ਹੈ, (ਉਸ ਦੇ) ਹੱਥ ਪੈਰ (ਆਦਿਕ ਅੰਗ) ਇਕ ਖਿਨ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ ॥੧॥