ਹਰ ਰੋਜ਼ ਉੱਦਮ ਨਾਲ ਇਸ ਸਰੀਰ ਨੂੰ ਪਾਲੀ ਪੋਸੀਦਾ ਹੈ, (ਜ਼ਿੰਦਗੀ ਦਾ ਮਨੋਰਥ) ਸਮਝਣ ਤੋਂ ਬਿਨਾ ਇਹ ਮੂਰਖ ਤੇ ਬੇ-ਸਮਝ ਹੀ ਰਹਿੰਦਾ ਹੈ।
ਇਸ ਨੂੰ ਕਦੇ ਉਹ ਪਰਮਾਤਮਾ (ਜਿਸ ਨੇ ਇਸ ਨੂੰ ਪੈਦਾ ਕੀਤਾ ਹੈ) ਚੇਤੇ ਨਹੀਂ ਆਉਂਦਾ, ਤੇ ਆਖ਼ਰ ਇਹ ਮਸਾਣਾਂ ਵਿਚ ਸੁੱਟ ਦਿੱਤਾ ਜਾਇਗਾ।
(ਹੇ ਪ੍ਰਾਣੀ! ਅਜੇ ਭੀ ਵੇਲਾ ਹੈ, ਆਪਣੇ) ਗੁਰੂ ਨਾਲ ਚਿੱਤ ਜੋੜ, ਤੇ (ਪਰਮਾਤਮਾ ਦਾ ਨਾਮ ਸਿਮਰ ਕੇ) ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣ ॥੧॥
ਹੇ ਪ੍ਰਾਣੀ! ਤੂੰ (ਜਗਤ ਵਿਚ ਪਰਮਾਤਮਾ ਦੇ ਨਾਮ ਦਾ) ਲਾਭ ਖੱਟਣ ਵਾਸਤੇ ਆਇਆ ਹੈਂ।
ਤੂੰ ਕਿਸ ਖ਼ੁਆਰੀ ਵਾਲੇ ਕੰਮ ਵਿਚ ਰੁੱਝਾ ਪਿਆ ਹੈਂ? ਤੇਰੀ ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ ॥੧॥ ਰਹਾਉ ॥
ਪਸ਼ੂ ਕਲੋਲ ਕਰਦਾ ਹੈ ਪੰਛੀ ਕਲੋਲ ਕਰਦਾ ਹੈ (ਪਸ਼ੂ ਨੂੰ ਪੰਛੀ ਨੂੰ) ਮੌਤ ਨਹੀਂ ਦਿੱਸਦੀ,
(ਪਰ) ਮਨੁੱਖ ਭੀ ਉਸੇ ਹੀ ਸਾਥ ਵਿਚ (ਜਾ ਰਲਿਆ ਹੈ, ਪਸ਼ੂ ਪੰਛੀ ਵਾਂਗ ਇਸ ਨੂੰ ਭੀ ਮੌਤ ਚੇਤੇ ਨਹੀਂ, ਤੇ ਇਹ) ਮਾਇਆ ਦੇ ਜਾਲ ਵਿਚ ਫਸਿਆ ਪਿਆ ਹੈ।
ਮਾਇਆ ਦੇ ਜਾਲ ਤੋਂ ਬਚੇ ਹੋਏ ਉਹੀ ਬੰਦੇ ਦਿੱਸਦੇ ਹਨ, ਜੇਹੜੇ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਹਿਰਦੇ ਵਿਚ ਵਸਾਂਦੇ ਹਨ ॥੨॥
(ਹੇ ਪ੍ਰਾਣੀ!) ਜੇਹੜਾ (ਇਹ) ਘਰ ਛੱਡ ਕੇ ਸਦਾ ਲਈ ਤੁਰ ਜਾਣਾ ਹੈ, ਉਹ ਤੈਨੂੰ ਆਪਣੇ ਮਨ ਵਿਚ (ਪਿਆਰਾ) ਲੱਗ ਰਿਹਾ ਹੈ,
ਤੇ ਜਿਥੇ ਜਾ ਕੇ ਤੇਰਾ ਵਾਹ ਪੈਣਾ ਹੈ ਉਸ ਦਾ ਤੈਨੂੰ (ਰਤਾ ਭੀ) ਫ਼ਿਕਰ ਨਹੀਂ।
(ਸਭ ਜੀਵ ਮਾਇਆ ਦੇ ਮੋਹ ਵਿਚ ਫਸੇ ਪਏ ਹਨ, ਇਸ ਮੋਹ ਵਿਚ) ਫਸੇ ਹੋਏ ਉਹੀ ਬੰਦੇ ਨਿਕਲਦੇ ਹਨ ਜੇਹੜੇ ਗੁਰੂ ਦੀ ਚਰਨੀਂ ਪੈ ਜਾਂਦੇ ਹਨ ॥੩॥
(ਪਰ ਮਾਇਆ ਦਾ ਮੋਹ ਹੈ ਹੀ ਬੜਾ ਪ੍ਰਬਲ, ਇਸ ਵਿਚੋਂ ਗੁਰੂ ਤੋਂ ਬਿਨਾ) ਕੋਈ ਬਚਾ ਨਹੀਂ ਸਕਦਾ, (ਗੁਰੂ ਤੋਂ ਬਿਨਾ ਅਜੇਹੀ ਸਮਰਥਾ ਵਾਲਾ) ਕੋਈ ਨਹੀਂ ਦਿੱਸਦਾ।
ਮੈਂ ਤਾਂ ਸਾਰੀ ਸ੍ਰਿਸ਼ਟੀ ਢੂੰਡ ਕੇ ਗੁਰੂ ਦੀ ਸਰਨ ਆ ਪਿਆ ਹਾਂ।
ਹੇ ਨਾਨਕ (ਆਖ-) ਸੱਚੇ ਪਾਤਿਸ਼ਾਹ ਨੇ, ਗੁਰੂ ਨੇ ਮੈਨੂੰ (ਮਾਇਆ ਦੇ ਮੋਹ ਦੇ ਸਮੁੰਦਰ ਵਿਚ) ਡੁੱਬਦੇ ਨੂੰ ਕੱਢ ਲਿਆ ਹੈ ॥੪॥੩॥੭੩॥
(ਕਿਸੇ ਦੇ ਘਰ ਘੜੀ ਦੋ ਘੜੀ ਲਈ ਗਿਆ ਹੋਇਆ ਕੋਈ ਪ੍ਰਾਹੁਣਾ ਉਸ ਘਰ ਦੇ ਕੰਮ ਸਵਾਰਨ ਵਾਲਾ ਬਣ ਬੈਠੇ ਤਾਂ ਹਾਸੋ-ਹੀਣਾ ਹੀ ਹੁੰਦਾ ਹੈ, ਤਿਵੇਂ ਜੀਵ ਇਸ ਜਗਤ ਵਿਚ) ਘੜੀ ਦੋ ਘੜੀਆਂ ਦਾ ਪ੍ਰਾਹੁਣਾ ਹੈ, ਪਰ ਇਸ ਦੇ ਹੀ ਕੰਮ-ਧੰਧੇ ਨਿਜਿੱਠਣ ਵਾਲਾ ਬਣ ਜਾਂਦਾ ਹੈ।
ਮੂਰਖ (ਜੀਵਨ ਦਾ ਸਹੀ ਰਾਹ) ਨਹੀਂ ਸਮਝਦਾ, ਮਾਇਆ ਦੇ ਮੋਹ ਵਿਚ ਤੇ ਕਾਮਵਾਸ਼ਨਾ ਵਿਚ ਫਸਿਆ ਰਹਿੰਦਾ ਹੈ।
ਜਦੋਂ (ਇਥੋਂ) ਉੱਠ ਕੇ ਤੁਰ ਪੈਂਦਾ ਹੈ ਤਾਂ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਇਆਂ ਕੀਹ ਬਣਦਾ ਹੈ?) ਜਮਾਂ ਦੇ ਵੱਸ ਪੈ ਜਾਂਦਾ ਹੈ ॥੧॥
ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਉੱਗਾ ਹੋਇਆ ਹੋਵੇ ਤੇ ਕਿਸੇ ਭੀ ਵੇਲੇ ਕੰਢੇ ਨੂੰ ਢਾਹ ਲਗ ਕੇ ਰੁੱਖ ਨਦੀ ਵਿਚ ਰੁੜ੍ਹ ਜਾਂਦਾ ਹੈ, ਤਿਵੇਂ) ਤੂੰ (ਮੌਤ-ਨਦੀ ਦੇ) ਕੰਢੇ ਉੱਤੇ ਬੈਠਾ ਹੋਇਆ ਹੈਂ (ਪਤਾ ਨਹੀਂ ਕੇਹੜੇ ਵੇਲੇ ਤੇਰੀ ਮੌਤ ਆ ਜਾਏ)।
ਜੇ (ਤੇਰੇ ਮੱਥੇ ਉੱਤੇ) ਪੂਰਬਲੇ ਜਨਮ ਵਿਚ (ਕੀਤੀ ਕਮਾਈ ਦਾ ਚੰਗਾ ਲੇਖ) ਲਿਖਿਆ ਹੋਇਆ ਹੋਵੇ, ਤਾਂ ਤੂੰ ਗੁਰੂ ਦਾ ਉਪਦੇਸ਼ ਕਮਾ ਲਏਂ (ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਣਾਏਂ, ਤੇ ਆਤਮਕ ਮੌਤ ਤੋਂ ਬਚ ਜਾਏਂ) ॥੧॥ ਰਹਾਉ ॥
ਇਹ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾਹ ਵੱਢੀ ਜਾਏ, ਡੱਡਿਆਂ ਤੇ ਆਈ ਹੋਈ (ਅੱਧ-ਪੱਕੀ) ਨਾਹ ਵੱਢੀ ਜਾਏ, ਤੇ ਸਿਰਫ਼ ਪੱਕੀ ਹੋਈ ਹੀ ਵੱਢੀ ਜਾਏ।
(ਖੇਤ ਦਾ ਮਾਲਕ ਜਦੋਂ ਚਾਹੁੰਦਾ ਹੈ) ਵਾਢੇ ਤਿਆਰ ਕਰਦਾ ਹੈ, ਜੋ ਦਾਤਰੇ ਲੈ ਲੈ ਕੇ (ਖੇਤ ਵਿਚ) ਆ ਪਹੁੰਚਦੇ ਹਨ।
ਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਹੈ, (ਉਹ ਵਾਢੇ ਖੇਤ ਨੂੰ) ਵੱਢ ਕੇ ਸਾਰਾ ਖੇਤ ਮਿਣ ਲੈਂਦੇ ਹਨ (ਇਸ ਤਰ੍ਹਾਂ ਜਗਤ ਦਾ ਮਾਲਕ ਪ੍ਰਭੂ ਜਦੋਂ ਹੁਕਮ ਕਰਦਾ ਹੈ ਜਮ ਆ ਕੇ ਜੀਵਾਂ ਨੂੰ ਲੈ ਜਾਂਦੇ ਹਨ, ਚਾਹੇ ਬਾਲ-ਉਮਰ ਹੋਣ, ਚਾਹੇ ਜਵਾਨ ਹੋਣ ਤੇ ਚਾਹੇ ਬੁੱਢੇ ਹੋ ਚੁੱਕੇ ਹੋਣ) ॥੨॥
(ਮਾਇਆ-ਗ੍ਰਸੇ ਮੂਰਖ ਮਨੁੱਖ ਦੀ ਜੀਵਨ-ਰਾਤ ਦਾ) ਪਹਿਲਾ ਪਹਰ ਦੁਨੀਆ ਦੇ ਧੰਧਿਆਂ ਵਿਚ ਬੀਤ ਜਾਂਦਾ ਹੈ, ਦੂਜੇ ਪਹਰ (ਮੋਹ ਦੀ ਨੀਂਦ ਵਿਚ) ਰੱਜ ਕੇ ਸੁੱਤਾ ਰਹਿੰਦਾ ਹੈ।
ਤੀਜੇ ਪਹਰ ਵਿਸ਼ੇ ਭੋਗਦਾ ਰਹਿੰਦਾ ਹੈ, ਤੇ ਚੌਥੇ ਪਹਰ (ਆਖ਼ਰ) ਦਿਨ ਚੜ੍ਹ ਪੈਂਦਾ ਹੈ (ਬੁਢੇਪਾ ਆ ਕੇ ਮੌਤ ਆ ਕੂਕਦੀ ਹੈ)।
ਜਿਸ ਪ੍ਰਭੂ ਨੇ ਇਸ ਨੂੰ ਜਿੰਦ ਤੇ ਸਰੀਰ ਦਿੱਤਾ ਹੈ ਉਹ ਕਦੇ ਭੀ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ (ਉਸ ਨੂੰ ਕਦੇ ਭੀ ਯਾਦ ਨਹੀਂ ਕਰਦਾ) ॥੩॥
ਹੇ ਨਾਨਕ! (ਆਖ-) ਮੈਂ ਸਾਧ ਸੰਗਤਿ ਤੋਂ ਸਦਕੇ ਜਾਂਦਾ ਹਾਂ, ਸਾਧ ਸੰਗਤਿ ਤੋਂ ਆਪਣੀ ਜਿੰਦ ਕੁਰਬਾਨ ਕਰਦਾ ਹਾਂ,
ਕਿਉਂਕਿ ਸਾਧ ਸੰਗਤਿ ਤੋਂ ਹੀ ਮਨ ਵਿਚ (ਪ੍ਰਭੂ ਦੇ ਸਿਮਰਨ ਦੀ) ਸੂਝ ਪੈਦਾ ਹੁੰਦੀ ਹੈ, (ਸਾਧ ਸੰਗਤਿ ਦੀ ਰਾਹੀਂ ਹੀ) ਸਭ ਦੇ ਦਿਲ ਦੀ ਜਾਣਨ ਵਾਲਾ ਅਕਾਲਪੁਰਖ ਮਿਲਦਾ ਹੈ।
ਹੇ ਨਾਨਕ! (ਆਖ-) ਅੰਤਰਜਾਮੀ ਸੁਜਾਣ ਪ੍ਰਭੂ ਨੂੰ (ਸਾਧ ਸੰਗਤਿ ਦੀ ਕਿਰਪਾ ਨਾਲ ਹੀ) ਮੈਂ ਸਦਾ ਆਪਣੇ ਅੰਗ-ਸੰਗ ਵੇਖਿਆ ਹੈ ॥੪॥੪॥੭੪॥
(ਮੇਰੀ ਤਾਂ ਸਦਾ ਇਹੀ ਅਰਦਾਸ ਹੈ ਕਿ) ਹੋਰ ਸਾਰੀਆਂ ਗੱਲਾਂ ਬੇ-ਸ਼ੱਕ ਭੁੱਲ ਜਾਣ, ਪਰ ਇਕ ਪਰਮਾਤਮਾ ਦਾ ਨਾਮ ਮੈਨੂੰ (ਕਦੇ) ਨਾਹ ਭੁੱਲੇ।
ਗੁਰੂ ਨੇ (ਦੁਨੀਆ ਦੇ) ਧੰਧਿਆਂ ਦਾ ਮੇਰਾ ਸਾਰਾ ਮੋਹ ਸਾੜ ਕੇ ਮੈਨੂੰ ਪ੍ਰਭੂ ਦਾ ਨਾਮ ਦਿੱਤਾ ਹੈ। ਇਹ ਸਦਾ-ਥਿਰ ਨਾਮ ਹੀ ਹੁਣ ਮੇਰਾ (ਜੀਵਨ-) ਮਨੋਰਥ ਹੈ।
ਮੈਂ (ਦੁਨੀਆ ਦੀਆਂ) ਸਾਰੀਆਂ ਆਸਾਂ ਮਨ ਵਿਚੋਂ ਦੂਰ ਕਰ ਕੇ ਇਕ ਪਰਮਾਤਮਾ ਦੀ ਆਸ (ਆਪਣੇ ਅੰਦਰ) ਪੱਕੀ ਕਰਦਾ ਹਾਂ।
ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਆਸਰਾ ਲਿਆ ਹੈ ਉਹਨਾਂ ਨੂੰ ਪਰਲੋਕ ਵਿਚ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ ॥੧॥
ਹੇ ਮੇਰੇ ਮਨ! ਕਰਤਾਰ ਦੀ ਸਿਫ਼ਤ-ਸਾਲਾਹ ਕਰ।
(ਪਰ ਇਹ ਸਿਫ਼ਤ-ਸਾਲਾਹ ਦੀ ਦਾਤ ਗੁਰੂ ਪਾਸੋਂ ਮਿਲਦੀ ਹੈ, ਸੋ ਤੂੰ) ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਢਹਿ ਪਉ ॥੧॥ ਰਹਾਉ ॥
ਜੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਮਨ ਵਿਚ ਵੱਸ ਪਏ, ਤਾਂ ਨਾਹ ਦੁਨੀਆ ਦੇ ਦੁੱਖ ਜ਼ੋਰ ਪਾ ਸਕਦੇ ਹਨ, ਨਾਹ ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਸਕਦੀ ਹੈ।
ਜਦੋਂ ਹਿਰਦੇ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸਦਾ ਹੋਵੇ, ਤਾਂ ਕਿਸੇ ਵੀ ਕੰਮ ਵਿਚ ਲੱਗੀਏ, ਆਤਮਕ ਜੀਵਨ ਕਮਜ਼ੋਰ ਨਹੀਂ ਹੁੰਦਾ।
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣੇ ਹੱਥ ਦੇ ਕੇ (ਵਿਕਾਰਾਂ ਵਲੋਂ) ਬਚਾਂਦਾ ਹੈਂ, ਕੋਈ (ਵਿਕਾਰ) ਉਸ ਨੂੰ ਆਤਮਕ (ਮੌਤੇ) ਮਾਰ ਨਹੀਂ ਸਕਦਾ।
(ਹੇ ਭਾਈ!) ਆਤਮਕ ਆਨੰਦ ਦੇਣ ਵਾਲੇ ਸਤਿਗੁਰੂ ਦੀ ਸਰਨ ਲੈਣੀ ਚਾਹੀਦੀ ਹੈ, ਸਤਿਗੁਰੂ (ਮਨ ਵਿਚੋਂ) ਸਾਰੇ ਔਗੁਣ ਧੋ ਕੇ ਕੱਢ ਦੇਂਦਾ ਹੈ ॥੨॥
ਹੇ ਪ੍ਰਕਾਸ਼ ਸਰੂਪ-ਪ੍ਰਭੂ! ਮੈਂ ਸੇਵਕ (ਤੇਰੇ ਪਾਸੋਂ) ਉਹਨਾਂ (ਜੀਵ-ਇਸਤ੍ਰੀਆਂ) ਦੀ ਸੇਵਾ (ਦਾ ਦਾਨ) ਮੰਗਦਾ ਹਾਂ, ਜਿਨ੍ਹਾਂ ਨੂੰ ਤੂੰ ਆਪਣੀ ਸੇਵਾ ਵਿਚ ਲਾਇਆ ਹੋਇਆ ਹੈ।