ਤੂੰ (ਸੰਸਾਰ-ਸਮੁੰਦਰ ਤੋਂ) ਕਿਵੇਂ ਪਾਰ ਲੰਘੇਂਗਾ? ਇਹ ਤਾਂ ਤੈਨੂੰ ਸਮਝ ਹੀ ਨਹੀਂ ਪਈ ਕਿ ਪਰਮਾਤਮਾ ਦਾ ਨਾਮ ਸਿਮਰਿਆਂ ਕਿਹੋ ਜਿਹੀ ਆਤਮਕ ਅਵਸਥਾ ਬਣਦੀ ਹੈ ॥੧॥
(ਹੇ ਪਾਂਡੇ! ਇਕ ਪਾਸੇ ਤੁਸੀਂ ਮਾਸ ਖਾਣ ਨੂੰ ਨਿੰਦਦੇ ਹੋ; ਪਰ ਜੱਗ ਕਰਨ ਵੇਲੇ ਤੁਸੀਂ ਭੀ) ਜੀਵ ਮਾਰਦੇ ਹੋ (ਕੁਰਬਾਨੀ ਦੇਣ ਲਈ, ਤੇ) ਇਸ ਨੂੰ ਧਰਮ ਦਾ ਕੰਮ ਸਮਝਦੇ ਹੋ। ਫਿਰ, ਹੇ ਭਾਈ! ਦੱਸੋ, ਪਾਪ ਕਿਹੜਾ ਹੈ? (ਜੱਗ ਕਰਨ ਵੇਲੇ ਤੁਸੀਂ ਆਪ ਭੀ ਜੀਵ-ਹਿੰਸਾ ਕਰਦੇ ਹੋ, ਪਰ) ਆਪਣੇ ਆਪ ਨੂੰ ਤੁਸੀਂ ਸ੍ਰੇਸ਼ਟ ਰਿਸ਼ੀ ਮਿਥਦੇ ਹੋ।
(ਜੇ ਜੀਵ ਮਾਰਨ ਵਾਲੇ ਲੋਕ ਰਿਸ਼ੀ ਹੋ ਸਕਦੇ ਹਨ,) ਤਾਂ ਤੁਸੀਂ ਕਸਾਈ ਕਿਸ ਨੂੰ ਆਖਦੇ ਹੋ? (ਤੁਸੀਂ ਉਹਨਾਂ ਲੋਕਾਂ ਨੂੰ ਕਸਾਈ ਕਿਉਂ ਆਖਦੇ ਹੋ ਜੋ ਮਾਸ ਵੇਚਦੇ ਹਨ? ॥੨॥
ਹੇ ਅਗਿਆਨੀ ਪਾਂਡੇ! ਤੁਹਾਨੂੰ ਆਪ ਨੂੰ (ਜੀਵਨ ਦੇ ਸਹੀ ਰਸਤੇ ਦੀ) ਸਮਝ ਨਹੀਂ ਆਈ, ਹੋਰ ਕਿਸ ਨੂੰ ਮੱਤਾਂ ਦੇਹ ਰਹੇ ਹੋ?
(ਇਸ ਪੜ੍ਹੀ ਹੋਈ ਵਿੱਦਿਆ ਤੋਂ ਤੁਸੀਂ ਆਪ ਕੋਈ ਲਾਭ ਨਹੀਂ ਉਠਾ ਰਹੇ, ਇਸ) ਵਿੱਦਿਆ ਨੂੰ ਸਿਰਫ਼ ਮਾਇਆ ਦੀ ਖ਼ਾਤਰ ਵੇਚ ਹੀ ਰਹੇ ਹੋ, ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਵਿਅਰਥ ਗੁਜ਼ਰ ਰਹੀ ਹੈ ॥੩॥
(ਜੇ ਮੇਰੀ ਇਸ ਗੱਲ ਉੱਤੇ ਯਕੀਨ ਨਹੀਂ ਆਉਂਦਾ, ਤਾਂ ਆਪਣੇ ਹੀ ਪੁਰਾਣੇ ਰਿਸ਼ੀਆਂ ਦੇ ਬਚਨ ਪੜ੍ਹ ਸੁਣ ਵੇਖੋ) ਨਾਰਦ ਰਿਸ਼ੀ ਦੇ ਇਹੀ ਬਚਨ ਹਨ, ਵਿਆਸ ਇਹੀ ਗੱਲ ਆਖਦਾ ਹੈ; ਸੁਕਦੇਵ ਨੂੰ ਵੀ ਜਾ ਕੇ ਪੁੱਛ ਲਵੋ (ਭਾਵ, ਸੁਕਦੇਵ ਦੇ ਬਚਨ ਪੜ੍ਹ ਕੇ ਭੀ ਵੇਖ ਲਵੋ, ਉਹ ਭੀ ਇਹੀ ਆਖਦਾ ਹੈ ਕਿ ਨਾਮ ਸਿਮਰਿਆਂ ਪਾਰ-ਉਤਾਰਾ ਹੁੰਦਾ ਹੈ)।
ਕਬੀਰ ਆਖਦਾ ਹੈ ਕਿ (ਦੁਨੀਆ ਦੇ ਬੰਧਨਾਂ ਤੋਂ) ਪ੍ਰਭੂ ਦਾ ਨਾਮ ਸਿਮਰ ਕੇ ਹੀ ਮੁਕਤ ਹੋ ਸਕਦੇ ਹੋ, ਨਹੀਂ ਤਾਂ ਆਪਣੇ ਆਪ ਨੂੰ ਡੁੱਬੇ ਸਮਝੋ ॥੪॥੧॥
ਜਦ ਤਕ, ਤੂੰ ਆਪਣੇ ਮਨ ਵਿਚੋਂ ਵਿਕਾਰ ਨਹੀਂ ਛੱਡਦਾ, ਜੰਗਲ ਵਿਚ ਜਾ ਵੱਸਿਆਂ ਪਰਮਾਤਮਾ ਕਿਵੇਂ ਮਿਲ ਸਕਦਾ ਹੈ?
ਜਗਤ ਵਿਚ ਪੂਰਨ ਪੁਰਖ ਉਹੀ ਹਨ ਜਿਨ੍ਹਾਂ ਨੇ ਘਰ ਤੇ ਜੰਗਲ ਨੂੰ ਇਕੋ ਜਿਹਾ ਕਰ ਜਾਣਿਆ ਹੈ (ਭਾਵ, ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਤਿਆਗੀ ਹਨ) ॥੧॥
ਅਸਲ ਸ੍ਰੇਸ਼ਟ ਸੁਖ ਪ੍ਰਭੂ ਦਾ ਨਾਮ ਸਿਮਰਿਆਂ ਹੀ ਮਿਲਦਾ ਹੈ।
(ਇਸ ਵਾਸਤੇ, ਹੇ ਭਾਈ!) ਆਪਣੇ ਹਿਰਦੇ ਵਿਚ ਹੀ ਪ੍ਰੇਮ ਨਾਲ ਰਾਮ ਦਾ ਨਾਮ ਸਿਮਰੋ ॥੧॥ ਰਹਾਉ ॥
ਜੇ ਤੁਸਾਂ ਜਟਾ (ਧਾਰ ਕੇ ਉਹਨਾਂ) ਨੂੰ ਸੁਆਹ ਲਿੰਬ ਲਈ, ਜਾਂ ਕਿਸੇ ਗੁਫ਼ਾ ਵਿਚ ਜਾ ਡੇਰਾ ਲਾਇਆ, ਤਾਂ ਭੀ ਕੀਹ ਹੋਇਆ? (ਮਾਇਆ ਦਾ ਮੋਹ ਇਸ ਤਰ੍ਹਾਂ ਖ਼ਲਾਸੀ ਨਹੀਂ ਕਰਦਾ)।
ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਹਨਾਂ (ਮਾਨੋ) ਸਾਰੇ ਜਗਤ ਨੂੰ ਜਿੱਤ ਲਿਆ, ਕਿਉਂਕਿ ਮਨ ਜਿੱਤਣ ਨਾਲ ਹੀ ਮਾਇਆ ਤੋਂ ਉਪਰਾਮ ਹੋਈਦਾ ਹੈ ॥੨॥
ਹਰ ਕੋਈ ਸੁਰਮਾ ਪਾ ਲੈਂਦਾ ਹੈ, ਪਰ (ਸੁਰਮਾ ਪਾਣ ਵਾਲਿਆਂ ਦੀ) ਨੀਅਤ ਵਿਚ ਕੁਝ ਫ਼ਰਕ ਹੋਇਆ ਕਰਦਾ ਹੈ (ਕੋਈ ਸੁਰਮਾ ਪਾਂਦਾ ਹੈ ਵਿਕਾਰਾਂ ਲਈ, ਤੇ ਕੋਈ ਅੱਖਾਂ ਦੀ ਨਜ਼ਰ ਚੰਗੀ ਰੱਖਣ ਲਈ। ਤਿਵੇਂ, ਮਾਇਆ ਦੇ ਬੰਧਨਾਂ ਤੋਂ ਨਿਕਲਣ ਲਈ ਉੱਦਮ ਕਰਨ ਦੀ ਲੋੜ ਹੈ, ਪਰ ਉੱਦਮ ਉੱਦਮ ਵਿਚ ਫ਼ਰਕ ਹੈ)
ਉਹੀ ਅੱਖਾਂ (ਪ੍ਰਭੂ ਦੀ ਨਜ਼ਰ ਵਿਚ) ਕਬੂਲ ਹਨ ਜਿਨ੍ਹਾਂ (ਗੁਰੂ ਦੇ) ਗਿਆਨ ਦਾ ਸੁਰਮਾ ਪਾਇਆ ਹੈ ॥੩॥
ਕਬੀਰ ਆਖਦਾ ਹੈ ਕਿ ਮੈਨੂੰ ਮੇਰੇ ਗੁਰੂ ਨੇ (ਜੀਵਨ ਦੇ ਸਹੀ ਰਸਤੇ ਦਾ) ਗਿਆਨ ਬਖ਼ਸ਼ ਦਿੱਤਾ ਹੈ। ਮੈਨੂੰ ਹੁਣ ਸਮਝ ਆ ਗਈ ਹੈ।
(ਗੁਰੂ ਦੀ ਕਿਰਪਾ ਨਾਲ) ਮੇਰੇ ਅੰਦਰ ਬੈਠਾ ਹੋਇਆ ਪਰਮਾਤਮਾ ਮੈਨੂੰ ਮਿਲ ਪਿਆ ਹੈ, ਮੇਰਾ ਮਨ (ਜੰਗਲ ਗੁਫ਼ਾ ਆਦਿਕ) ਕਿਸੇ ਹੋਰ ਪਾਸੇ ਨਹੀਂ ਜਾਂਦਾ ॥੪॥੨॥
(ਭਲਾ, ਹੇ ਜੋਗੀ!) ਜਿਸ ਮਨੁੱਖ ਦੇ ਨਿਰਾ ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਣ, ਉਸ ਨੂੰ ਕਿਸੇ ਹੋਰ ਦੀ ਕੀਹ ਮੁਥਾਜੀ ਰਹਿੰਦੀ ਹੈ? (ਤੇ ਤੂੰ ਅਜੇ ਭੀ ਮੁਥਾਜ ਹੋ ਕੇ ਲੋਕਾਂ ਦੇ ਦਰ ਤੇ ਭਟਕਦਾ ਹੈਂ)।
(ਹੇ ਜੋਗੀ! ਤੂੰ ਆਖਦਾ ਹੈਂ 'ਮੈਨੂੰ ਰਿੱਧੀਆਂ ਸਿੱਧੀਆਂ ਫੁਰ ਪਈਆਂ ਹਨ', ਪਰ) ਤੇਰੇ ਨਿਰਾ (ਇਹ ਗੱਲ) ਆਖਣ ਦੀ ਹਾਲਤ ਮੈਂ ਕੀਹ ਦੱਸਾਂ? ਮੈਨੂੰ ਤਾਂ ਗੱਲ ਕਰਦਿਆਂ ਸ਼ਰਮ ਆਉਂਦੀ ਹੈ ॥੧॥
(ਹੇ ਜੋਗੀ!) ਜਿਨ੍ਹਾਂ ਲੋਕਾਂ ਨੂੰ ਸਚ-ਮੁਚ ਪਰਮਾਤਮਾ ਮਿਲ ਪੈਂਦਾ ਹੈ,
ਉਹ (ਭਿੱਛਿਆ ਮੰਗਣ ਲਈ) ਦਰ ਦਰ ਤੇ ਨਹੀਂ ਭਟਕਦੇ ॥੧॥ ਰਹਾਉ ॥
ਦੋ ਚਾਰ ਦਿਨ (ਮਾਇਆ) ਵਰਤਣ ਦੀ ਆਸ ਤੇ ਹੀ ਇਹ ਝੂਠਾ ਜਗਤ ਕਿਤਨਾ ਹੀ ਭਟਕਦਾ ਫਿਰਦਾ ਹੈ।
(ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹਨਾਂ ਨੂੰ ਮੁੜ ਮਾਇਆ ਦੀ ਤ੍ਰੇਹ ਨਹੀਂ ਲੱਗਦੀ ॥੨॥
ਗੁਰੂ ਦੀ ਕਿਰਪਾ ਨਾਲ ਜਿਸ ਨੇ (ਸਹੀ ਜੀਵਨ) ਸਮਝ ਲਿਆ ਹੈ, ਉਹ ਆਸਾਂ ਛੱਡ ਕੇ ਆਸਾਂ ਤੋਂ ਉਤਾਂਹ ਹੋ ਜਾਂਦਾ ਹੈ,
ਕਿਉਂਕਿ ਜਦੋਂ ਮਨੁੱਖ ਅੰਦਰੋਂ ਮਾਇਆ ਤੋਂ ਉਪਰਾਮ ਹੋ ਜਾਏ ਤਾਂ ਉਸ ਨੂੰ ਹਰ ਥਾਂ ਪ੍ਰਭੂ ਦਿੱਸਦਾ ਹੈ (ਮਾਇਆ ਵਲ ਉਸ ਦੀ ਨਿਗਾਹ ਹੀ ਨਹੀਂ ਪੈਂਦੀ) ॥੩॥
ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲਿਆ ਹੈ, ਉਸ ਨੂੰ ਹਰੇਕ ਕੌਤਕ ਵਿਚ ਪ੍ਰਭੂ ਦਾ ਨਾਮ ਹੀ ਦਿੱਸਦਾ ਸੁਣੀਦਾ ਹੈ,
ਕਬੀਰ ਆਖਦਾ ਹੈ- ਉਹ ਸੁੱਧ ਸੋਨਾ ਬਣ ਜਾਂਦਾ ਹੈ, ਉਸ ਦੀ ਭਟਕਣਾ ਸਮੁੰਦਰੋਂ ਪਾਰ ਚਲੀ ਜਾਂਦੀ ਹੈ (ਸਦਾ ਲਈ ਮਿਟ ਜਾਂਦੀ ਹੈ) ॥੪॥੩॥
ਜਿਵੇਂ ਪਾਣੀ ਸਮੁੰਦਰ ਦੇ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ, ਜਿਵੇਂ ਨਦੀ ਦੇ ਪਾਣੀ ਦੀਆਂ ਲਹਿਰਾਂ ਨਦੀ ਦੇ ਪਾਣੀ ਵਿਚ ਲੀਨ ਹੋ ਜਾਂਦੀਆਂ ਹਨ,
ਜਿਵੇਂ ਹਵਾ ਹਵਾ ਵਿਚ ਮਿਲ ਜਾਂਦੀ ਹੈ, ਤਿਵੇਂ ਵਾਸ਼ਨਾ-ਰਹਿਤ ਹੋਇਆ ਮੇਰਾ ਮਨ ਅਫੁਰ ਪ੍ਰਭੂ ਵਿਚ ਮਿਲ ਗਿਆ ਹੈ, ਤੇ ਹੁਣ ਮੈਨੂੰ ਹਰ ਥਾਂ ਪ੍ਰਭੂ ਹੀ ਦਿੱਸ ਰਿਹਾ ਹੈ ॥੧॥
ਮੈਂ ਫਿਰ ਕਦੇ (ਜਨਮ ਮਰਨ ਦੇ ਗੇੜ ਵਿਚ) ਨਹੀਂ ਆਵਾਂਗਾ।
ਇਹ ਜਨਮ ਮਰਨ ਦਾ ਗੇੜ ਪ੍ਰਭੂ ਦੀ ਰਜ਼ਾ (ਅਨੁਸਾਰ) ਹੀ ਹੈ, ਮੈਂ ਉਸ ਰਜ਼ਾ ਨੂੰ ਸਮਝ ਕੇ (ਰਜ਼ਾ ਵਿਚ) ਲੀਨ ਹੋ ਗਿਆ ਹਾਂ ॥੧॥ ਰਹਾਉ ॥
ਹੁਣ ਜਦੋਂ (ਪ੍ਰਭੂ ਵਿਚ ਲੀਨ ਹੋਣ ਕਰਕੇ) ਮੇਰਾ ਪੰਜ-ਤੱਤੀ ਸਰੀਰ ਦਾ ਮੋਹ ਮੁੱਕ ਗਿਆ ਹੈ, ਮੈਂ ਆਪਣਾ ਭੁਲੇਖਾ ਭੀ ਇਉਂ ਮੁਕਾ ਲਿਆ ਹੈ,
ਕਿ ਕਿਸੇ ਖ਼ਾਸ ਭੇਖ (ਦੀ ਮਹੱਤਤਾ ਦਾ ਖ਼ਿਆਲ) ਛੱਡ ਕੇ ਮੈਨੂੰ ਸਭਨਾਂ ਵਿਚ ਹੀ ਪਰਮਾਤਮਾ ਦਿੱਸਦਾ ਹੈ, ਮੈਂ ਇਕ ਪ੍ਰਭੂ ਦਾ ਨਾਮ ਹੀ ਸਿਮਰ ਰਿਹਾ ਹਾਂ ॥੨॥
(ਪਰ, ਇਹ ਪ੍ਰਭੂ ਦੀ ਆਪਣੀ ਹੀ ਮਿਹਰ ਹੈ) ਜਿਸ ਪਾਸੇ ਉਸ ਨੇ ਮੈਨੂੰ ਲਾਇਆ ਹੈ ਮੈਂ ਉਧਰ ਹੀ ਲੱਗ ਪਿਆ ਹਾਂ (ਜਿਹੋ ਜਿਹੇ ਕੰਮ ਉਹ ਮੈਥੋਂ ਕਰਾਉਂਦਾ ਹੈ) ਉਹੋ ਜਿਹੇ ਕੰਮ ਮੈਂ ਕਰ ਰਿਹਾ ਹਾਂ।
ਜਦੋਂ ਭੀ (ਜਿਨ੍ਹਾਂ ਉੱਤੇ) ਪ੍ਰਭੂ ਜੀ ਆਪਣੀ ਮਿਹਰ ਕਰਦੇ ਹਨ, ਉਹ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ॥੩॥
ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪਹਿਲਾਂ) ਵਿਕਾਰਾਂ ਵਲੋਂ ਮਰੋ। ਜਦੋਂ ਇਸ ਤਰ੍ਹਾਂ ਮਰੋਗੇ, ਤਾਂ ਫਿਰ ਆਤਮਕ ਜੀਵਨ ਵਾਲੇ ਪਾਸੇ ਜੀਊ ਪਵੋਗੇ। ਫਿਰ ਕਦੇ ਜਨਮ (ਮਰਨ ਦਾ ਗੇੜ) ਨਹੀਂ ਹੋਵੇਗਾ।