ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 423


ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥

ਉਸ ਪਰਮਾਤਮਾ ਦੇ ਅਨੇਕਾਂ ਹੀ ਰੂਪਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਮੈਂ ਕੀਹ ਆਖ ਕੇ ਉਹਨਾਂ ਦਾ ਕੋਈ ਵਿਚਾਰ ਦੱਸਾਂ? ॥੨॥

ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ ॥

ਹੇ ਪ੍ਰਭੂ! ਇਸ ਜਗਤ ਵਿਚ (ਮਾਇਆ ਦੇ) ਤਿੰਨ ਗੁਣ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੇ (ਜਗਤ-ਉਤਪੱਤੀ ਦੀਆਂ) ਚਾਰ ਖਾਣੀਆਂ ਤੇਰੀਆਂ ਹੀ ਰਚੀਆਂ ਹੋਈਆਂ ਹਨ।

ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥

ਤੇਰੀ ਮੇਹਰ ਹੋਵੇ ਤਦੋਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ, ਤਦੋਂ ਹੀ ਕੋਈ ਤੇਰੇ ਅਕੱਥ ਸਰੂਪ ਦੀਆਂ ਕੋਈ ਗੱਲਾਂ ਕਰ ਸਕਦਾ ਹੈ ॥੩॥

ਤੂੰ ਕਰਤਾ ਕੀਆ ਸਭੁ ਤੇਰਾ ਕਿਆ ਕੋ ਕਰੇ ਪਰਾਣੀ ॥

ਹੇ ਪ੍ਰਭੂ! ਤੂੰ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਤੇਰੇ ਹੁਕਮ ਤੋਂ ਬਿਨਾ ਕੋਈ ਜੀਵ ਕੁਝ ਨਹੀਂ ਕਰ ਸਕਦਾ।

ਜਾ ਕਉ ਨਦਰਿ ਕਰਹਿ ਤੂੰ ਅਪਣੀ ਸਾਈ ਸਚਿ ਸਮਾਣੀ ॥੪॥

ਜਿਸ ਜੀਵ-ਇਸਤ੍ਰੀ ਉੱਤੇ ਤੂੰ ਮੇਹਰ ਦੀ ਨਜ਼ਰ ਕਰਦਾ ਹੈਂ ਉਹ ਤੇਰੇ ਸਦਾ-ਥਿਰ ਨਾਮ ਵਿਚ ਲੀਨ ਰਹਿੰਦੀ ਹੈ ॥੪॥

ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥

ਹੇ ਪ੍ਰਭੂ! ਜਿਤਨੀ ਭੀ ਆਵਾਗਵਨ ਵਿਚ ਪਈ ਹੋਈ ਸ੍ਰਿਸ਼ਟੀ ਹੈ ਇਸ ਵਿਚ ਹਰੇਕ ਜੀਵ (ਆਪਣੇ ਵਲੋਂ) ਤੇਰਾ ਹੀ ਨਾਮ ਜਪਦਾ ਹੈ,

ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥

ਪਰ ਜਦੋਂ ਤੈਨੂੰ ਚੰਗਾ ਲੱਗਦਾ ਤਾਂ ਗੁਰੂ ਦੀ ਸਰਨ ਪਿਆ ਹੋਇਆ ਜੀਵ (ਇਸ ਭੇਦ ਨੂੰ) ਸਮਝਦਾ ਹੈ, ਆਪਣੇ ਮਨ ਦੇ ਪਿਛੇ ਤੁਰਨ ਵਾਲੀ ਹੋਰ ਮੂਰਖ ਲੁਕਾਈ ਤਾਂ ਭਟਕਦੀ ਹੀ ਫਿਰਦੀ ਹੈ ॥੫॥

ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥

(ਬ੍ਰਹਮਾ ਇਤਨਾ ਵੱਡਾ ਦੇਵਤਾ ਮੰਨਿਆ ਗਿਆ ਹੈ, ਕਹਿੰਦੇ ਹਨ ਪਰਮਾਤਮਾ ਨੇ) ਚਾਰੇ ਵੇਦ ਬ੍ਰਹਮਾ ਨੂੰ ਦਿੱਤੇ (ਬ੍ਰਹਮਾ ਨੇ ਚਾਰੇ ਵੇਦ ਰਚੇ, ਉਹ ਇਹਨਾਂ ਨੂੰ) ਮੁੜ ਮੁੜ ਪੜ੍ਹਕੇ ਇਹਨਾਂ ਦੀ ਹੀ ਵਿਚਾਰ ਕਰਦਾ ਰਿਹਾ।

ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥੬॥

ਉਹ ਵਿਚਾਰਾ ਇਹ ਨਾਹ ਸਮਝ ਸਕਿਆ ਕਿ ਪ੍ਰਭੂ ਦਾ ਹੁਕਮ ਮੰਨਣਾ ਸਹੀ ਜੀਵਨ-ਰਾਹ ਹੈ, ਉਹ ਨਰਕ ਸੁਰਗ ਦੀਆਂ ਵਿਚਾਰਾਂ ਵਿਚ ਹੀ ਟਿਕਿਆ ਰਿਹਾ ॥੬॥

ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥

(ਪਰਮਾਤਮਾ ਨੇ ਰਾਮ ਕ੍ਰਿਸ਼ਨ ਆਦਿਕ) ਆਪੋ ਆਪਣੇ ਜੁਗ ਦੇ ਮਹਾਂ ਪੁਰਖ ਪੈਦਾ ਕੀਤੇ, ਲੋਕ ਉਹਨਾਂ ਨੂੰ (ਪਰਮਾਤਮਾ ਦਾ) ਅਵਤਾਰ ਮੰਨ ਕੇ ਸਲਾਹੁੰਦੇ ਚਲੇ ਆ ਰਹੇ ਹਨ।

ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥

ਉਹਨਾਂ ਨੇ ਭੀ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ, ਮੈਂ (ਵਿਚਾਰਾ) ਕੀਹ ਆਖ ਕੇ ਉਸ ਦੇ ਗੁਣਾਂ ਦਾ ਵਿਚਾਰ ਕਰ ਸਕਦਾ ਹਾਂ? ॥੭॥

ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰਾ ਪੈਦਾ ਕੀਤਾ ਹੋਇਆ ਜਗਤ ਤੇਰੀ ਸਦਾ-ਥਿਰ ਹਸਤੀ ਦਾ ਸਰੂਪ ਹੈ। ਜੇ ਤੂੰ ਆਪ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਮੈਂ ਤੇਰਾ ਸਦਾ-ਥਿਰ ਨਾਮ ਉਚਾਰ ਸਕਦਾ ਹਾਂ।

ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥੮॥੧॥੨੩॥

ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣਾ ਸਦਾ-ਥਿਰ ਨਾਮ ਜਪਣ ਦੀ ਸੂਝ ਬਖ਼ਸ਼ਦਾ ਹੈਂ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ ॥੮॥੧॥੨੩॥

ਆਸਾ ਮਹਲਾ ੩ ॥

ਸਤਿਗੁਰ ਹਮਰਾ ਭਰਮੁ ਗਵਾਇਆ ॥

ਗੁਰੂ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ,

ਹਰਿ ਨਾਮੁ ਨਿਰੰਜਨੁ ਮੰਨਿ ਵਸਾਇਆ ॥

ਤੇ ਨਿਰਲੇਪ ਪ੍ਰਭੂ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ।

ਸਬਦੁ ਚੀਨਿ ਸਦਾ ਸੁਖੁ ਪਾਇਆ ॥੧॥

ਹੁਣ ਮੈਂ ਗੁਰੂ ਦੇ ਸ਼ਬਦ ਨੂੰ ਪਛਾਣ ਕੇ (ਸ਼ਬਦ ਦੀ ਕਦਰ ਸਮਝ ਕੇ) ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣ ਰਿਹਾ ਹਾਂ ॥੧॥

ਸੁਣਿ ਮਨ ਮੇਰੇ ਤਤੁ ਗਿਆਨੁ ॥

ਹੇ ਮੇਰੇ ਮਨ! (ਪਰਮਾਤਮਾ ਬਾਰੇ ਇਹ) ਇਹ ਅਸਲੀਅਤ ਦੀ ਗਲ ਸੁਣ,

ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥੧॥ ਰਹਾਉ ॥

ਕਿ ਪ੍ਰਭੂ ਜੋ ਸਾਰੇ ਪਦਾਰਥ ਦੇਣ ਦੀ ਸਮਰੱਥਾ ਵਾਲਾ ਹੈ ਤੇ ਹਰੇਕ ਢੰਗ ਜਾਣਦਾ ਹੈ। (ਸਾਰੇ ਸੁਖਾਂ ਦਾ) ਖ਼ਜ਼ਾਨਾ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ ਮਿਲਦਾ ਹੈ ॥੧॥ ਰਹਾਉ ॥

ਸਤਿਗੁਰ ਭੇਟੇ ਕੀ ਵਡਿਆਈ ॥

ਇਹ ਗੁਰੂ ਨੂੰ ਮਿਲਣ ਦੀ ਹੀ ਬਰਕਤ ਹੈ ਕਿ,

ਜਿਨਿ ਮਮਤਾ ਅਗਨਿ ਤ੍ਰਿਸਨਾ ਬੁਝਾਈ ॥

ਮੇਰੀ ਮੋਹ ਤੇ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ,

ਸਹਜੇ ਮਾਤਾ ਹਰਿ ਗੁਣ ਗਾਈ ॥੨॥

ਤੇ ਹੁਣ ਮੈਂ ਆਤਮਕ ਅਡੋਲਤਾ ਵਿਚ ਮਸਤ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥

ਵਿਣੁ ਗੁਰ ਪੂਰੇ ਕੋਇ ਨ ਜਾਣੀ ॥

ਪੂਰੇ ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਬਾਰੇ ਤੱਤ-ਗਿਆਨ) ਨਹੀਂ ਜਾਣ ਸਕਦਾ,

ਮਾਇਆ ਮੋਹਿ ਦੂਜੈ ਲੋਭਾਣੀ ॥

(ਕਿਉਂਕਿ ਗੁਰੂ ਦੀ ਸਰਨ ਤੋਂ ਬਿਨਾਂ) ਮਨੁੱਖ ਮਾਇਆ ਦੇ ਮੋਹ ਵਿਚ ਹੋਰ ਹੋਰ ਲੋਭ ਵਿਚ ਫਸਿਆ ਰਹਿੰਦਾ ਹੈ।

ਗੁਰਮੁਖਿ ਨਾਮੁ ਮਿਲੈ ਹਰਿ ਬਾਣੀ ॥੩॥

ਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ (ਦੀ ਕਦਰ) ਪੈਂਦੀ ਹੈ ॥੩॥

ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥

(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਹੀ ਸਭ ਤੋਂ ਸ੍ਰੇਸ਼ਟ ਤਪ ਹੈ,

ਹਰਿ ਜੀਉ ਮਨਿ ਵਸੈ ਸਭ ਦੂਖ ਵਿਸਾਰਣਹਾਰੁ ॥

ਜਿਸ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ ਤੇ ਪਰਮਾਤਮਾ ਮਨ ਵਿਚ ਆ ਵੱਸਦਾ ਹੈ,

ਦਰਿ ਸਾਚੈ ਦੀਸੈ ਸਚਿਆਰੁ ॥੪॥

ਤੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੁਰਖ਼-ਰੂ ਦਿੱਸਦਾ ਹੈ ॥੪॥

ਗੁਰ ਸੇਵਾ ਤੇ ਤ੍ਰਿਭਵਣ ਸੋਝੀ ਹੋਇ ॥

(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਤਿੰਨਾਂ ਭਵਨਾਂ ਵਿਚ ਵਿਆਪਕ ਪਰਮਾਤਮਾ ਦੀ ਸੂਝ ਪ੍ਰਾਪਤ ਹੁੰਦੀ ਹੈ,

ਆਪੁ ਪਛਾਣਿ ਹਰਿ ਪਾਵੈ ਸੋਇ ॥

ਤੇ ਉਹ ਮਨੁੱਖ ਆਪਣਾ ਆਤਮਕ ਜੀਵਨ ਪੜਤਾਲ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।

ਸਾਚੀ ਬਾਣੀ ਮਹਲੁ ਪਰਾਪਤਿ ਹੋਇ ॥੫॥

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲ ਜਾਂਦੀ ਹੈ ॥੫॥

ਗੁਰ ਸੇਵਾ ਤੇ ਸਭ ਕੁਲ ਉਧਾਰੇ ॥

(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦਾ ਸਦਕਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਵਿਕਾਰਾਂ ਤੋਂ ਬਚਾ ਲੈਂਦਾ ਹੈ,

ਨਿਰਮਲ ਨਾਮੁ ਰਖੈ ਉਰਿ ਧਾਰੇ ॥

ਮਨੁੱਖ ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ,

ਸਾਚੀ ਸੋਭਾ ਸਾਚਿ ਦੁਆਰੇ ॥੬॥

ਤੇ ਉਸ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸਦਾ-ਟਿਕਵੀਂ ਵਡਿਆਈ ਮਿਲ ਜਾਂਦੀ ਹੈ ॥੬॥

ਸੇ ਵਡਭਾਗੀ ਜਿ ਗੁਰਿ ਸੇਵਾ ਲਾਏ ॥

(ਹੇ ਮੇਰੇ ਮਨ!) ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੀ ਸੇਵਾ ਭਗਤੀ ਵਿਚ ਜੋੜ ਦਿੱਤਾ ਹੈ।

ਅਨਦਿਨੁ ਭਗਤਿ ਸਚੁ ਨਾਮੁ ਦ੍ਰਿੜਾਏ ॥

ਗੁਰੂ ਉਹਨਾਂ ਦੇ ਹਿਰਦੇ ਵਿਚ ਹਰ ਵੇਲੇ ਪਰਮਾਤਮਾ ਦੀ ਭਗਤੀ ਤੇ ਸਦਾ-ਥਿਰ ਨਾਮ ਦਾ ਸਿਮਰਨ ਪੱਕਾ ਕਰ ਦੇਂਦਾ ਹੈ।

ਨਾਮੇ ਉਧਰੇ ਕੁਲ ਸਬਾਏ ॥੭॥

(ਹੇ ਮਨ!) ਹਰਿ-ਨਾਮ ਦੀ ਬਰਕਤਿ ਨਾਲ, ਉਹਨਾਂ ਦੇ ਸਾਰੇ ਕੁਲ ਭੀ ਵਿਕਾਰਾਂ ਤੋਂ ਬਚ ਜਾਂਦੇ ਹਨ ॥੭॥

ਨਾਨਕੁ ਸਾਚੁ ਕਹੈ ਵੀਚਾਰੁ ॥

ਨਾਨਕ (ਤੈਨੂੰ) ਅਟੱਲ (ਨਿਯਮ ਦੀ) ਵਿਚਾਰ ਦੱਸਦਾ ਹੈ,

ਹਰਿ ਕਾ ਨਾਮੁ ਰਖਹੁ ਉਰਿ ਧਾਰਿ ॥

(ਉਹ ਵਿਚਾਰ ਇਹ ਹੈ ਕਿ) ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਟਿਕਾਈ ਰੱਖ।

ਹਰਿ ਭਗਤੀ ਰਾਤੇ ਮੋਖ ਦੁਆਰੁ ॥੮॥੨॥੨੪॥

ਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੮॥੨॥੨੪॥

ਆਸਾ ਮਹਲਾ ੩ ॥

ਆਸਾ ਆਸ ਕਰੇ ਸਭੁ ਕੋਈ ॥

(ਦੁਨੀਆ ਵਿਚ) ਹਰੇਕ ਜੀਵ ਆਸਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ।

ਹੁਕਮੈ ਬੂਝੈ ਨਿਰਾਸਾ ਹੋਈ ॥

ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਆਸਾਂ ਦੇ ਜਾਲ ਵਿਚੋਂ ਨਿਕਲ ਜਾਂਦਾ ਹੈ।

ਆਸਾ ਵਿਚਿ ਸੁਤੇ ਕਈ ਲੋਈ ॥

ਬੇਅੰਤ ਲੁਕਾਈ ਆਸਾਂ (ਦੇ ਜਾਲ) ਵਿਚ (ਫਸ ਕੇ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਪਈ ਹੈ।

ਸੋ ਜਾਗੈ ਜਾਗਾਵੈ ਸੋਈ ॥੧॥

ਉਹੀ ਮਨੁੱਖ (ਇਸ ਨੀਂਦ ਵਿਚੋਂ) ਜਾਗਦਾ ਹੈ ਜਿਸ ਨੂੰ (ਗੁਰੂ ਦੀ ਸਰਨ ਪਾ ਕੇ) ਪਰਮਾਤਮਾ ਆਪ ਜਗਾਂਦਾ ਹੈ ॥੧॥

ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥

ਗੁਰੂ ਨੇ (ਜਿਸ ਨੂੰ) ਹਰਿ-ਨਾਮ (ਸਿਮਰਨਾ) ਸਿਖਾ ਦਿੱਤਾ (ਉਸ ਦੀ ਮਾਇਆ ਵਾਲੀ ਭੁੱਖ ਮਿਟ ਗਈ)। ਹਰਿ-ਨਾਮ ਤੋਂ ਬਿਨਾ (ਮਾਇਆ ਵਾਲੀ) ਭੁੱਖ ਦੂਰ ਨਹੀਂ ਹੁੰਦੀ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430
Flag Counter