(ਹੇ ਭਾਈ! ਜੇ ਉਸ ਭਗਵਾਨ ਦਾ ਆਸਰਾ ਮਨ ਵਿਚ ਪੱਕਾ ਕਰਨਾ ਹੈ, ਤਾਂ) ਗੁਰੂ ਦਾ ਸ਼ਬਦ (ਆਪਣੇ) ਮਨ ਵਿਚ ਟਿਕਾਈ ਰੱਖ।
(ਗੁਰ-ਸ਼ਬਦ ਦੀ ਸਹਾਇਤਾ ਨਾਲ ਭਗਵਾਨ ਦਾ) ਨਾਮ ਸਿਮਰ, ਤੇਰੇ ਸਾਰੇ ਚਿੰਤਾ-ਫ਼ਿਕਰ ਦੂਰ ਹੋ ਜਾਣਗੇ ॥੧॥
(ਹੇ ਭਾਈ!) ਭਗਵਾਨ ਤੋਂ ਬਿਨਾ (ਜੀਵਾਂ ਦਾ) ਹੋਰ ਕੋਈ ਆਸਰਾ ਨਹੀਂ ਹੈ।
ਉਹ ਭਗਵਾਨ ਹੀ (ਜੀਵਾਂ ਨੂੰ) ਮਾਰਦਾ ਹੈ, ਉਹ ਭਗਵਾਨ ਹੀ (ਜੀਵਾਂ ਨੂੰ) ਪਾਲਦਾ ਹੈ ॥੧॥ ਰਹਾਉ ॥
(ਹੇ ਭਾਈ! ਜੇ ਭਗਵਾਨ ਦਾ ਆਸਰਾ ਲੈਣਾ ਹੈ, ਤਾਂ) ਆਪਣੇ ਹਿਰਦੇ ਵਿਚ ਦਿਲ ਵਿਚ ਗੁਰੂ ਦੇ ਚਰਨ ਵਸਾ (ਭਾਵ, ਨਿਮਤ੍ਰਾ ਨਾਲ ਗੁਰੂ ਦੀ ਸਰਨ ਪਉ)।
(ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ) ਜਪ ਕੇ ਤੂੰ (ਤ੍ਰਿਸ਼ਨਾ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥
(ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤਿ ਹੈ, ਗੁਰੂ ਦਾ ਸਰੂਪ ਹੈ) ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤ ਜੋੜ,
ਤੂੰ ਇਸ ਲੋਕ ਵਿਚ ਤੇ ਪਰਲੋਕ ਵਿਚ ਆਦਰ ਹਾਸਲ ਕਰੇਂਗਾ ॥੩॥
ਹੇ ਨਾਨਕ! ਜੇਹੜਾ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਗੁਰੂ ਦੀ ਸਰਨ ਆਉਂਦਾ ਹੈ,
ਉਸ ਦੇ ਸਾਰੇ ਚਿੰਤਾ-ਫ਼ਿਕਰ ਮੁੱਕ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦਾ ਹੈ ॥੪॥੬੧॥੧੩੦॥
(ਹੇ ਭਾਈ! ਉਸ ਗੋਬਿੰਦ ਦੀ ਬਾਣੀ ਜਪ) ਜਿਸ ਦਾ ਸਿਮਰਨ ਕੀਤਿਆਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ,
(ਤੇ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦਾ ਅਮੋਲਕ ਨਾਮ ਮਨ ਵਿਚ ਆ ਵੱਸਦਾ ਹੈ ॥੧॥
ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ ਉੱਚਾਰਨ ਕਰ।
(ਇਸ ਬਾਣੀ ਦੀ ਰਾਹੀਂ ਹੀ) ਸੰਤ ਜਨ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦੇ ਹਨ ॥੧॥ ਰਹਾਉ ॥
(ਹੇ ਭਾਈ!) ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, (ਉਸ ਗੋਬਿੰਦ ਦੀ ਸਿਫ਼ਤ-ਸਾਲਾਹ ਕਰਦਾ ਰਹੁ),
ਜਿਸ ਦੀ ਮਿਹਰ ਦੀ ਨਿਗਾਹ ਨਾਲ ਸਦਾ ਆਤਮਕ ਆਨੰਦ ਮਿਲਦਾ ਹੈ ॥੨॥
(ਹੇ ਭਾਈ! ਉਸ) ਇੱਕ ਗੋਬਿੰਦ ਨੂੰ ਆਪਣਾ ਸੱਜਣ ਮਿੱਤਰ ਸਾਥੀ ਬਣਾ,
ਤੇ ਉਸ ਹਰੀ ਦੀ ਸਿਫ਼ਤ-ਸਾਲਾਹ ਦੇ ਅੱਖਰ (ਸੰਸਕਾਰ) ਆਪਣੇ ਮਨ ਵਿਚ ਉੱਕਰ ਲੈ ॥੩॥
(ਹੇ ਭਾਈ! ਸਾਰੇ ਜਗਤ ਦਾ ਉਹ) ਮਾਲਕ ਹਰ ਥਾਂ ਵਿਆਪਕ ਹੈ,
ਤੇ ਹਰੇਕ ਦੇ ਦਿਲ ਦੀ ਜਾਣਦਾ ਹੈ, ਨਾਨਕ (ਭੀ) ਉਸ ਅੰਤਰਜਾਮੀ ਸੁਆਮੀ ਦੇ ਗੁਣ ਗਾਂਦਾ ਹੈ ॥੪॥੬੨॥੧੩੧॥
(ਹੇ ਭਾਈ!) ਸਾਰਾ ਸੰਸਾਰ (ਕਿਸੇ ਨ ਕਿਸੇ) ਡਰ-ਸਹਮ ਦੇ ਹੇਠ ਦਬਿਆ ਰਹਿੰਦਾ ਹੈ।
ਸਿਰਫ਼ ਉਸ ਮਨੁੱਖ ਉਤੇ (ਕੋਈ) ਡਰ ਆਪਣਾ ਜ਼ੋਰ ਨਹੀਂ ਪਾ ਸਕਦਾ ਜਿਸ ਨੂੰ (ਪਰਮਾਤਮਾ ਦਾ) ਨਾਮ (ਜੀਵਨ ਵਾਸਤੇ) ਸਹਾਰਾ ਮਿਲਿਆ ਹੋਇਆ ਹੈ ॥੧॥
ਹੇ ਪ੍ਰਭੂ! ਤੇਰੀ ਸਰਣ ਪਿਆਂ (ਤੇਰਾ ਪੱਲਾ ਫੜਿਆਂ) ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ।
(ਕਿਉਂਕਿ ਫਿਰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹੀ ਕੰਮ ਕੀਤਾ ਜਾ ਸਕਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ ॥੧॥ ਰਹਾਉ ॥
ਦੁੱਖ ਮੰਨਣ ਵਿਚ ਜਾਂ ਖ਼ੁਸ਼ੀ ਮਨਾਣ ਵਿਚ (ਸੰਸਾਰੀ ਜੀਵ ਵਾਸਤੇ ਡਰ-ਸਹਮ ਦਾ) ਆਉਣਾ ਜਾਣਾ ਬਣਿਆ ਰਹਿੰਦਾ ਹੈ।
ਸਿਰਫ਼ ਉਸ ਮਨੁੱਖ ਨੇ (ਟਿਕਵਾਂ) ਆਤਮਕ ਆਨੰਦ ਪ੍ਰਾਪਤ ਕੀਤਾ ਹੈ ਜੇਹੜਾ ਪ੍ਰਭੂ ਨੂੰ ਪਿਆਰਾ ਲੱਗਦਾ ਹੈ (ਜੋ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ॥੨॥
(ਹੇ ਭਾਈ! ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚ ਜੀਵਾਂ ਉਤੇ) ਮਾਇਆ ਆਪਣਾ ਬਹੁਤ ਜ਼ੋਰ ਪਾਈ ਰੱਖਦੀ ਹੈ।
ਜਿਨ੍ਹਾਂ (ਵਡ-ਭਾਗੀਆਂ) ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ (ਇਸ ਅਗਨਿ-ਸਾਗਰ ਵਿਚ ਵਿਚਰਦੇ ਹੋਏ ਭੀ ਅੰਤਰ-ਆਤਮੇ) ਠੰਡੇ-ਠਾਰ ਟਿਕੇ ਰਹਿੰਦੇ ਹਨ ॥੩॥
ਬਚਾਣ ਦੀ ਤਾਕਤ ਰੱਖਣ ਵਾਲਾ ਪਰਮਾਤਮਾ ਆਪ ਹੀ ਬਚਾਂਦਾ ਹੈ।
(ਪਰ) ਹੇ ਨਾਨਕ! (ਡਰ-ਸਹਮ ਤੋਂ ਬਚਣ ਲਈ, ਅਗਨਿ-ਸਾਗਰ ਦੇ ਵਿਕਾਰਾਂ ਦੇ ਸੇਕ ਤੋਂ ਬਚਣ ਲਈ) ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ? (ਇਸ ਵਾਸਤੇ ਉਸ ਪਰਮਾਤਮਾ ਦਾ ਪੱਲਾ ਫੜੀ ਰੱਖ) ॥੪॥੬੩॥੧੩੨॥
(ਹੇ ਪਾਰਬ੍ਰਹਮ ਪ੍ਰਭੂ!) ਤੇਰੀ ਮਿਹਰ ਨਾਲ ਹੀ (ਤੇਰਾ) ਨਾਮ ਜਪਿਆ ਜਾ ਸਕਦਾ ਹੈ।
ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿਚ (ਜੀਵ ਨੂੰ) ਇੱਜ਼ਤ ਮਿਲ ਸਕਦੀ ਹੈ ॥੧॥
ਹੇ ਪਾਰਬ੍ਰਹਮ ਪ੍ਰਭੂ! ਤੈਥੋਂ ਬਿਨਾ (ਜੀਵਾਂ ਦਾ ਹੋਰ) ਕੋਈ (ਆਸਰਾ) ਨਹੀਂ ਹੈ।
ਤੇਰੀ ਕਿਰਪਾ ਨਾਲ ਹੀ (ਜੀਵ ਨੂੰ) ਸਦਾ ਲਈ ਆਤਮਕ ਆਨੰਦ ਮਿਲ ਸਕਦਾ ਹੈ ॥੧॥ ਰਹਾਉ ॥
(ਹੇ ਪਾਰਬ੍ਰਹਮ ਪ੍ਰਭੂ!) ਜੇ ਤੂੰ (ਜੀਵ ਦੇ) ਮਨ ਵਿਚ ਆ ਵੱਸੇਂ ਤਾਂ (ਜੀਵ ਨੂੰ ਕੋਈ) ਦੁੱਖ ਪੋਹ ਨਹੀਂ ਸਕਦਾ।
ਤੇਰੀ ਮਿਹਰ ਨਾਲ ਜੀਵ ਦੀ ਭਟਕਣਾ ਦੂਰ ਹੋ ਜਾਂਦੀ ਹੈ, ਜੀਵ ਦਾ ਡਰ-ਸਹਮ ਭੱਜ ਜਾਂਦਾ ਹੈ ॥੨॥
ਹੇ ਪਾਰਬ੍ਰਹਮ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਜਗਤ ਦੇ ਮਾਲਕ ਪ੍ਰਭੂ!
ਹੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ॥੩॥
(ਜੇ ਤੇਰੀ ਮਿਹਰ ਹੋਵੇ ਤਾਂ ਹੀ) ਮੈਂ ਆਪਣੇ ਗੁਰੂ ਅੱਗੇ (ਇਹ) ਅਰਦਾਸ ਕਰ ਸਕਦਾ ਹਾਂ,
ਕਿ ਮੈਨੂੰ ਨਾਨਕ ਨੂੰ ਪ੍ਰਭੂ ਦਾ ਨਾਮ ਮਿਲੇ (ਨਾਨਕ ਵਾਸਤੇ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ ॥੪॥੬੪॥੧੩੩॥
(ਹੇ ਭਾਈ!) ਜਿਵੇਂ ਦਾਣਿਆਂ ਤੋਂ ਬਿਨਾ ਖ਼ਾਲੀ ਤੋਹ (ਕਿਸੇ ਕੰਮ ਨਹੀਂ ਆਉਂਦੇ।)
(ਇਸੇ ਤਰ੍ਹਾਂ) ਉਹ ਮੂੰਹ ਸੁੰਞੇ ਹਨ ਜੋ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹਨ ॥੧॥
ਹੇ ਪ੍ਰਾਣੀ! ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ।
ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਜੋ ਆਖ਼ਿਰ ਪਰਾਇਆ ਹੋ ਜਾਂਦਾ ਹੈ (ਜੋ ਮੌਤ ਆਉਣ ਤੇ ਛੱਡਣਾ ਪੈਂਦਾ ਹੈ) ਫਿਟਕਾਰ-ਜੋਗ (ਕਿਹਾ ਜਾਂਦਾ) ਹੈ ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਕਿਸੇ ਮੱਥੇ ਉਤੇ ਭਾਗ ਨਹੀਂ ਖੁਲ੍ਹਦਾ।
ਖਸਮ ਤੋਂ ਬਿਨਾ (ਇਸਤ੍ਰੀ ਦਾ) ਸੁਹਾਗ ਨਹੀਂ ਹੋ ਸਕਦਾ ॥੨॥
(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦ ਵਿਚ ਰੁੱਝਦਾ ਹੈ,
ਉਸ ਦੀ ਕੋਈ ਆਸ ਸਿਰੇ ਨਹੀਂ ਚੜ੍ਹਦੀ ॥੩॥
ਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਬਖ਼ਸ਼ਦਾ ਹੈਂ,
ਹੇ ਨਾਨਕ! (ਆਖ-) ਉਹੀ ਦਿਨ ਰਾਤ ਤੇਰਾ ਨਾਮ ਜਪਦਾ ਹੈ ॥੪॥੬੫॥੧੩੪॥