ਪਿਆਰਾ ਪ੍ਰਭੂ ਪੂਰੇ ਤੌਰ ਤੇ ਵਿਆਪਕ ਦਿਖਦਾ ਹੈ, ਤੂੰ ਉਸ ਨੂੰ ਹਾਜ਼ਰ ਨਾਜ਼ਰ ਦੇਖ ਤੇ ਸਮਝ ਕਿ ਹਰ ਯੁਗ ਵਿੱਚ ਇਕੋ ਹੀ ਪ੍ਰਭੂ ਹੈ।
ਜੇਹੜੀ ਜੀਵ-ਇਸਤ੍ਰੀ ਬਾਲ-ਭੋਲੇ ਸੁਭਾਵ ਵਾਲੀ ਬਣ ਕੇ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਤੀ ਨੂੰ ਯਾਦ ਕਰਦੀ ਹੈ, ਉਸ ਨੂੰ ਉਹ ਸਿਰਜਣਹਾਰ ਮਿਲ ਪੈਂਦਾ ਹੈ।
ਜਿਸ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਹ ਸਰੋਵਰ-ਪ੍ਰਭੂ ਵਿਚ ਹਰ ਵੇਲੇ ਚੁੱਭੀ ਲਾਈ ਰੱਖਦੀ ਹੈ।
ਹੇ ਨਾਨਕ! ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਜੇਹੜੀ ਗੁਰੂ ਦੇ ਸ਼ਬਦ ਦੀ ਰਾਹੀਂ ਹਰ ਵੇਲੇ ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ ॥੨॥
ਹੇ ਆਤਮਕ ਮੌਤ ਸਹੇੜ ਰਹੀ ਜਿੰਦੇ! ਜਾ ਕੇ (ਉਹਨਾਂ) ਸੁਹਾਗਣਾਂ ਪਾਸੋਂ (ਜੀਵਨ-ਜੁਗਤਿ) ਪੁੱਛ, ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ।
ਪਰ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਨਹੀਂ ਕੀਤਾ ਉਹਨਾਂ ਨੇ ਪ੍ਰਭੂ ਦੀ ਰਜ਼ਾ (ਵਿਚ ਤੁਰਨ ਦੀ ਜਾਚ) ਨਹੀਂ ਸਿੱਖੀ।
ਜਿਨ੍ਹਾਂ ਨੇ ਆਪਾ-ਭਾਵ ਦੂਰ ਕਰ ਲਿਆ, ਉਹਨਾਂ ਨੇ (ਆਪਣੇ ਅੰਦਰ ਹੀ) ਪ੍ਰਭੂ-ਪਤੀ ਨੂੰ ਲੱਭ ਲਿਆ, ਪ੍ਰਭੂ-ਪਤੀ ਪ੍ਰੇਮ ਨਾਲ ਉਹਨਾਂ ਨੂੰ ਆਪਣਾ ਮਿਲਾਪ ਬਖ਼ਸ਼ੀ ਰੱਖਦਾ ਹੈ।
ਜੇਹੜੀ ਜੀਵ-ਇਸਤ੍ਰੀ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦਾ ਨਾਮ ਸਿਮਰਦੀ ਰਹਿੰਦੀ ਹੈ।
ਉਹ ਜੀਵ-ਇਸਤ੍ਰੀ ਵੱਡੇ ਭਾਗਾਂ ਵਾਲੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਲਗਨ ਬਣੀ ਰਹਿੰਦੀ ਹੈ, ਉਸ ਨੂੰ ਪ੍ਰਭੂ ਦਾ ਪਿਆਰ ਚੰਗਾ ਲੱਗਦਾ ਹੈ।
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾ ਲਿਆ ਹੈ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ॥੩॥
ਹੇ (ਆਤਮਕ ਮੌਤੇ) ਮੋਈ ਹੋਈ ਜਿੰਦੇ! ਤੂੰ (ਆਪਣੇ ਅੰਦਰੋਂ) ਹਉਮੈ ਦੂਰ ਕਰ ਤੇ ਗੁਰੂ ਦੇ ਅਨੁਸਾਰ ਹੋ ਕੇ (ਜੀਵਨ-ਤੋਰ) ਤੁਰ।
ਮੋਈ ਹੋਈ ਜਿੰਦੇ! ਇੰਜ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਨਿਵਾਸ ਹਾਸਲ ਕਰ ਕੇ ਸਦਾ ਲਈ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਰਹੇਂਗੀ।
ਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਗੁਰ-ਸ਼ਬਦ ਸਦਾ ਲਈ ਵਸਾ ਲੈਂਦੀ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦੀ ਹੈ।
ਪ੍ਰਭੂ-ਪਤੀ ਜੋ ਆਨੰਦ ਦਾ ਸੋਮਾ ਹੈ ਤੇ ਜਿਸ ਦਾ ਜੋਬਨ ਸਦਾ ਕਾਇਮ ਰਹਿਣ ਵਾਲਾ ਹੈ ਨੇ ਜੀਵ-ਇਸਤ੍ਰੀ ਨੂੰ ਸਦਾ ਵਾਸਤੇ ਸੋਹਣੇ ਜੀਵਨ ਵਾਲੀ ਬਣਾ ਦਿੱਤਾ।
ਇੰਜ ਉਸ ਨੂੰ ਪ੍ਰਭੂ-ਪਤੀ ਦਾ ਸੁਹਾਗ ਮਿਲਨ ਕਾਰਨ ਉਸ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੋਹਣੇ ਆਤਮਕ ਜੀਵਨ ਵਾਲੀ ਬਣ ਜਾਂਦੀ ਹੈ।
ਹੇ ਨਾਨਕ! ਜਦੋਂ ਜੀਵ-ਇਸਤ੍ਰੀ ਗੁਰੂ ਦੇ ਅਨੁਸਾਰ ਤੁਰਦੀ ਹੈ, ਤਾਂ ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ ॥੪॥੧॥
ਜੇ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ (ਹਰਿ-ਨਾਮ ਦਾ) ਵਪਾਰ ਕੀਤਾ ਜਾਏ, ਤਾਂ ਇਹ ਸਾਰਾ ਵਪਾਰ ਮਨੁੱਖ ਲਈ ਭਲਾ ਹੁੰਦਾ ਹੈ।
ਪਰਮਾਤਮਾ ਦਾ ਨਾਮ ਹਰ ਵੇਲੇ ਉਚਾਰਨਾ ਚਾਹੀਦਾ ਹੈ, ਪ੍ਰਭੂ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ, ਇਹੀ ਹੈ ਮਨੁੱਖਾ ਜਨਮ ਦੀ ਖੱਟੀ।
ਹਰਿ-ਨਾਮ ਦਾ ਸੁਆਦ ਲੈਣਾ ਚਾਹੀਦਾ ਹੈ, ਹਰਿ-ਨਾਮ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਇਹੀ ਮਨੁੱਖਾ ਜਨਮ ਦਾ ਲਾਭ ਹੈ।
ਉਹ (ਆਤਮਕ) ਗੁਣ ਇਕੱਠੇ ਕਰ ਕੇ, ਔਗੁਣ ਦੂਰ ਕਰ ਕੇ ਆਪਣੇ ਆਤਮਕ ਜੀਵਨ ਨੂੰ ਪਰਖਦਾ ਹੈ।
ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਹਾਸਲ ਕਰ ਲਈ, ਉਸ ਨੇ ਬੜੀ ਇੱਜ਼ਤ ਪਾਈ ਤੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਹਰਿ-ਨਾਮ-ਰਸ ਪੀਣਾ ਚਾਹੀਦਾ ਹੈ।
ਹੇ ਨਾਨਕ! ਪਰਮਾਤਮਾ ਦੀ ਭਗਤੀ ਇਕ ਅਸਚਰਜ ਦਾਤ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਭਗਤੀ ਕੀਤੀ ਹੈ ॥੧॥
ਗੁਰੂ ਦੇ ਸਨਮੁਖ ਰਹਿ ਕੇ ਹਰਿ-ਨਾਮ ਦੀ ਖੇਤੀ ਆਪਣੇ ਮਨ ਵਿਚ ਬੀਜਣੀ ਚਾਹੀਦੀ ਹੈ ਤੇ ਇੰਜ ਹਰਿ-ਨਾਮ ਬੀਜ ਆਪਣੇ ਹਿਰਦੇ ਵਿਚ ਉਗਾਣਾ ਚਾਹੀਦਾ ਹੈ।
ਤੂੰ ਆਪਣੇ ਹਿਰਦੇ ਵਿਚ ਹਰਿ-ਨਾਮ ਦਾ ਸੁਆਦ ਚੱਖਿਆ ਕਰ, ਤੇ ਇਸ ਤਰ੍ਹਾਂ ਪਰਲੋਕ ਦਾ ਲਾਭ ਖੱਟ।
ਉਹ ਮਨੁੱਖ ਪਰਲੋਕ ਦਾ ਲਾਭ ਖੱਟ ਲੈਂਦਾ ਹੈ ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ ਤੇ ਉਸ ਦੀ ਨਾਮ-ਖੇਤੀ ਦਾ ਵਪਾਰ ਸਲਾਹੁਣ-ਜੋਗ ਹੈ।
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਆਪਣੇ ਮਨ ਵਿਚ ਵਸਾਂਦਾ ਹੈ ਉਹ ਗੁਰ-ਸ਼ਬਦ ਦੀ ਵਿਚਾਰ ਸਮਝ ਲੈਂਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਿਰੀ ਸੰਸਾਰਕ ਖੇਤੀ ਤੇ ਸੰਸਾਰਕ ਵਣਜ ਕਰ ਕੇ ਥੱਕ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਤ੍ਰੇਹ ਨਹੀਂ ਮਿਟਦੀ, ਮਾਇਆ ਦੀ ਭੁੱਖ ਨਹੀਂ ਦੂਰ ਹੁੰਦੀ।
ਹੇ ਨਾਨਕ! ਤੂੰ ਪ੍ਰੇਮ ਨਾਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ-ਬੀਜ ਬੀਜਿਆ ਕਰ ॥੨॥
ਹਰਿ-ਨਾਮ ਸਿਮਰਨ ਦੇ ਵਪਾਰ ਵਿਚ ਉਹ ਮਨੁੱਖ ਹੀ ਲੱਗਦੇ ਹਨ ਜਿਨ੍ਹਾਂ ਦੇ ਮੱਥੇ ਉੱਤੇ ਵੱਡੀ ਕਿਸਮਤ ਦੀ ਮਣੀ ਚਮਕ ਪੈਂਦੀ ਹੈ।
ਗੁਰੂ ਦੀ ਮੱਤ ਦੀ ਬਰਕਤਿ ਨਾਲ ਉਹਨਾਂ ਦਾ ਮਨ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ।
ਜਿਨ੍ਹਾਂ ਮਨੁੱਖਾਂ ਦੇ ਮੂੰਹ ਉਤੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦੀ ਲਗਨ ਲੱਗ ਜਾਂਦੀ ਹੈ, ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀਜ ਕੇ ਉਹ ਵਿਚਾਰਵਾਨ ਬਣ ਜਾਂਦੇ ਹਨ।
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ (ਹਉਮੈ ਵਿਚ) ਝੱਲਾ ਹੋਇਆ ਫਿਰਦਾ ਹੈ (ਇਹ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਦੂਰ ਕੀਤੀ ਜਾ ਸਕਦੀ ਹੈ।
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ (ਮਨੁੱਖ ਦੇ ਅੰਦਰ ਉੱਚੀ) ਮੱਤ ਪੈਦਾ ਹੁੰਦੀ ਹੈ, ਗੁਰੂ ਦੀ ਸਰਨ ਪਿਆਂ ਹਰਿ-ਨਾਮ-ਸੁਹਾਗ ਮਿਲ ਜਾਂਦਾ ਹੈ।