(ਹਾਂ) ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਹ ਨਿੰਦਕ ਭੀ ਚੰਗੀ ਅਵਸਥਾ ਤੇ ਅੱਪੜ ਜਾਂਦੇ ਹਨ ॥੨॥
ਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਅੱਤ ਚੁੱਕੀ ਰੱਖਦਾ ਹੈ,
ਤੇ ਇਕ ਪਲਕ ਭਰ ਭੀ (ਅੱਤ ਚੁੱਕਣ ਵਲੋਂ) ਆਰਾਮ ਨਹੀਂ ਲੈਂਦਾ।
ਸੰਤ ਦਾ ਨਿੰਦਕ ਵੱਡਾ ਜ਼ਾਲਮ ਬਣ ਜਾਂਦਾ ਹੈ,
ਤੇ ਰੱਬ ਵਲੋਂ ਫਿਟਕਾਰਿਆ ਜਾਂਦਾ ਹੈ।
ਸੰਤ ਦਾ ਨਿੰਦਕ ਰਾਜ (ਭਾਵ, ਦੁਨੀਆ ਦੇ ਸੁਖਾਂ) ਤੋਂ ਵਾਂਜਿਆਂ ਰਹਿੰਦਾ ਹੈ,
(ਸਦਾ) ਦੁਖੀ ਤੇ ਆਤੁਰ ਰਹਿੰਦਾ ਹੈ।
ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਰੋਗ ਵਿਆਪਦੇ ਹਨ,
(ਕਿਉਂਕਿ) ਉਸ ਨੂੰ (ਸੁਖਾਂ ਦੇ ਸੋਮੇ ਪ੍ਰਭੂ ਤੋਂ) ਸਦਾ ਵਿਛੋੜਾ ਰਹਿੰਦਾ ਹੈ।
ਸੰਤਾਂ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ।
ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਸ (ਨਿੰਦਕ) ਦਾ ਭੀ (ਨਿੰਦਿਆ ਤੋਂ) ਛੁਟਕਾਰਾ ਹੋ ਜਾਂਦਾ ਹੈ ॥੩॥
ਸੰਤ ਦਾ ਨਿੰਦਕ ਸਦਾ ਮੈਲੇ ਮਨ ਵਾਲਾ ਹੈ,
(ਤਾਹੀਏਂ) ਉਹ (ਕਦੇ) ਕਿਸੇ ਦਾ ਸੱਜਣ ਨਹੀਂ ਬਣਦਾ।
(ਅੰਤ ਵੇਲੇ) ਸੰਤ ਦੇ ਨਿੰਦਕ ਨੂੰ (ਧਰਮਰਾਜ ਤੋਂ) ਸਜ਼ਾ ਮਿਲਦੀ ਹੈ,
ਤੇ ਸਾਰੇ ਉਸ ਦਾ ਸਾਥ ਛੱਡ ਜਾਂਦੇ ਹਨ।
ਸੰਤ ਦੀ ਨਿੰਦਿਆ ਕਰਨ ਵਾਲਾ ਬੜਾ ਆਕੜ-ਖਾਨ ਬਣ ਜਾਂਦਾ ਹੈ,
ਤੇ ਸਦਾ ਮੰਦੇ ਕੰਮ ਕਰਦਾ ਹੈ।
(ਇਹਨੀਂ ਔਗੁਣੀਂ) ਸੰਤ ਦਾ ਨਿੰਦਕ ਜੰਮਦਾ ਮਰਦਾ ਰਹਿੰਦਾ ਹੈ,
ਤੇ ਸੰਤ ਦੀ ਨਿੰਦਿਆ ਦੇ ਕਾਰਨ ਸੁਖਾਂ ਤੋਂ ਵਾਂਜਿਆ ਜਾਂਦਾ ਹੈ।
ਸੰਤ ਦੇ ਨਿੰਦਕ ਨੂੰ ਕੋਈ ਸਹਾਰਾ ਨਹੀਂ ਮਿਲਦਾ,
(ਪਰ ਹਾਂ), ਹੇ ਨਾਨਕ! ਜੇ ਸੰਤ ਚਾਹੇ ਤਾਂ ਆਪਣੇ ਨਾਲ ਉਸ (ਨਿੰਦਕ) ਨੂੰ ਮਿਲਾ ਲੈਂਦਾ ਹੈ ॥੪॥
ਸੰਤ ਦੀ ਨਿੰਦਿਆ ਕਰਨ ਵਾਲਾ ਅੱਧ ਵਿਚੋਂ ਹੀ ਰਹਿ ਜਾਂਦਾ ਹੈ,
ਕਿਸੇ ਕੰਮ ਵਿਚ ਨੇਪਰੇ ਨਹੀਂ ਚੜ੍ਹਦਾ।
ਸੰਤ ਦੇ ਨਿੰਦਕ ਨੂੰ, (ਮਾਨੋ) ਜੰਗਲਾਂ ਵਿਚ ਖ਼ੁਆਰ ਕਰੀਦਾ ਹੈ,
ਤੇ (ਰਾਹੋਂ ਖੁੰਝਾ ਕੇ) ਔੜਦੇ ਪਾ ਦੇਈਦਾ ਹੈ।
ਸੰਤ ਦਾ ਨਿੰਦਕ ਅੰਦਰੋਂ (ਅਸਲੀ ਜ਼ਿੰਦਗੀ ਤੋਂ ਜੋ ਮਨੁੱਖ ਦਾ ਆਧਾਰ ਹੈ) ਖ਼ਾਲੀ ਹੁੰਦਾ ਹੈ,
ਜਿਵੇਂ ਪ੍ਰਾਣਾਂ ਤੋਂ ਬਿਨਾ ਮੁਰਦਾ ਲੋਥ ਹੈ।
ਸੰਤ ਦੇ ਨਿੰਦਕਾਂ ਦੀ (ਨੇਕ ਕਮਾਈ ਤੇ ਸਿਮਰਨ ਵਾਲੀ) ਕੋਈ ਪੱਕੀ ਨੀਂਹ ਨਹੀਂ ਹੁੰਦੀ,
ਆਪ ਹੀ (ਨਿੰਦਿਆ ਦੀ) ਕਮਾਈ ਕਰ ਕੇ ਆਪ ਹੀ (ਉਸ ਦਾ ਮੰਦਾ ਫਲ) ਖਾਂਦੇ ਹਨ।
ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ (ਨਿੰਦਿਆ ਦੀ ਵਾਦੀ ਤੋਂ) ਬਚਾ ਨਹੀਂ ਸਕਦਾ,
(ਪਰ) ਹੇ ਨਾਨਕ! ਜੇ ਸੰਤ ਚਾਹੇ ਤਾਂ (ਨਿੰਦਕ ਨੂੰ ਨਿੰਦਿਆ ਦੇ ਸੁਭਾਉ ਤੋਂ) ਬਚਾ ਸਕਦਾ ਹੈ ॥੫॥
ਸੰਤ ਦਾ ਨਿੰਦਕ ਇਉਂ ਵਿਲਕਦਾ ਹੈ,
ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫ਼ਦੀ ਹੈ।
ਸੰਤ ਦਾ ਨਿੰਦਕ ਤ੍ਰਿਸ਼ਨਾ ਦਾ ਮਾਰਿਆ ਹੋਇਆ ਕਦੇ ਰੱਜਦਾ ਨਹੀਂ,
ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ (ਭਾਵ, ਸੰਤ ਦੀ ਸੋਭਾ ਦਾ ਸੜਿਆ ਹੋਇਆ ਈਰਖਾ ਦੇ ਕਾਰਨ ਨਿੰਦਿਆ ਕਰਦਾ ਹੈ ਤੇ ਇਹ ਈਰਖਾ ਘਟਦੀ ਨਹੀਂ)।
ਸੰਤ ਦਾ ਨਿੰਦਕ ਭੀ ਇਕੱਲਾ ਛੁੱਟੜ ਪਿਆ ਰਹਿੰਦਾ ਹੈ (ਕੋਈ ਉਸ ਦੇ ਨੇੜੇ ਨਹੀਂ ਆਉਂਦਾ),
ਜਿਵੇਂ ਅੰਦਰੋਂ ਸੜਿਆ ਹੋਇਆ ਤਿਲ ਦਾ ਬੂਟਾ ਪੈਲੀ ਵਿਚ ਹੀ ਨਿਮਾਣਾ ਪਿਆ ਰਹਿੰਦਾ ਹੈ।
ਸੰਤ ਦਾ ਨਿੰਦਕ ਧਰਮੋਂ ਹੀਣ ਹੁੰਦਾ ਹੈ,
ਤੇ ਸਦਾ ਝੂਠ ਬੋਲਦਾ ਹੈ।
(ਪਰ) ਪਹਿਲੀ ਕੀਤੀ ਹੋਈ ਨਿੰਦਿਆ ਦਾ ਇਹ ਫਲ (-ਰੂਪ ਸੁਭਾਉ) ਨਿੰਦਕ ਦਾ ਮੁੱਢ ਤੋਂ ਹੀ (ਜਦੋਂ ਉਸ ਨਿੰਦਿਆ ਦਾ ਕੰਮ ਫੜਿਆ) ਤੁਰਿਆ ਆ ਰਿਹਾ ਹੈ (ਸੋ, ਉਸ ਸੁਭਾਉ ਦੇ ਕਾਰਣ ਵਿਚਾਰਾ ਹੋਰ ਕਰੇ ਭੀ ਕੀਹ?)
ਹੇ ਨਾਨਕ! (ਇਹ ਮਾਲਕ ਦੀ ਰਜ਼ਾ ਹੈ) ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ॥੬॥
ਸੰਤਾਂ ਦੀ ਨਿੰਦਿਆ ਕਰਨ ਵਾਲਾ ਭ੍ਰਿਸ਼ਟਿਆ ਜਾਂਦਾ ਹੈ,
ਪ੍ਰਭੂ ਦੀ ਦਰਗਾਹ ਵਿਚ ਉਸ ਨੂੰ ਸਜ਼ਾ ਮਿਲਦੀ ਹੈ।
ਸੰਤਾਂ ਦਾ ਨਿੰਦਕ ਸਦਾ ਆਤੁਰ ਰਹਿੰਦਾ ਹੈ,
ਨਾਹ ਉਹ ਜੀਊਂਦਿਆਂ ਵਿਚ ਤੇ ਨਾਹ ਮੋਇਆਂ ਵਿਚ ਹੁੰਦਾ ਹੈ।
ਸੰਤ ਦੇ ਨਿੰਦਕ ਦੀ ਆਸ ਕਦੇ ਸਿਰੇ ਨਹੀਂ ਚੜ੍ਹਦੀ,
ਜਗਤ ਤੋਂ ਨਿਰਾਸ ਹੀ ਚੱਲ ਜਾਂਦਾ (ਭਲਾ, ਸੰਤਾਂ ਵਾਲੀ ਸੋਭਾ ਉਸ ਨੂੰ ਕਿਵੇਂ ਮਿਲੇ?)।
ਸੰਤ ਦੀ ਨਿੰਦਿਆ ਕਰਨ ਨਾਲ ਕੋਈ ਮਨੁੱਖ (ਨਿੰਦਿਆ ਦੀ) ਇਸ ਤ੍ਰੇਹ ਤੋਂ ਬਚਦਾ ਨਹੀਂ।
ਜਿਹੋ ਜਿਹੀ ਮਨੁੱਖ ਦੀ ਨੀਅਤ ਹੁੰਦੀ ਹੈ, ਤਿਹੋ ਜਿਹਾ ਉਸ ਦਾ ਸੁਭਾਉ ਬਣ ਜਾਂਦਾ ਹੈ।
(ਬਚੇ ਭੀ ਕਿਵੇਂ?) ਪਿਛਲੀ ਕੀਤੀ (ਮੰਦ) ਕਮਾਈ ਦੇ ਇਕੱਠੇ ਹੋਏ (ਸੁਭਾਉ-ਰੂਪ) ਫਲ ਨੂੰ ਕੋਈ ਮਿਟਾ ਨਹੀਂ ਸਕਦਾ।
ਹੇ ਨਾਨਕ! (ਇਸ ਭੇਤ ਨੂੰ) ਉਹ ਸੱਚਾ ਪ੍ਰਭੂ ਜਾਣਦਾ ਹੈ ॥੭॥
ਸਾਰੇ ਜੀਅ ਜੰਤ ਉਸ ਪ੍ਰਭੂ ਦੇ ਹਨ, ਉਹੀ ਸਭ ਕੁਝ ਕਰਨ ਦੇ ਸਮਰੱਥ ਹੈ,
ਸਦਾ ਉਸ ਪ੍ਰਭੂ ਅੱਗੇ ਸਿਰ ਨਿਵਾਓ।
ਦਿਨ ਰਾਤਿ ਪ੍ਰਭੂ ਦੇ ਗੁਣ ਗਾਓ,
ਦਮ-ਬ-ਦਮ ਉਸੇ ਨੂੰ ਯਾਦ ਕਰੋ।
(ਜਗਤ ਵਿਚ) ਹਰੇਕ ਖੇਡ ਉਸੇ ਦੀ ਵਰਤਾਈ ਵਰਤ ਰਹੀ ਹੈ,
ਪ੍ਰਭੂ (ਜੀਵ ਨੂੰ) ਜਿਹੋ ਜਿਹਾ ਬਣਾਉਂਦਾ ਹੈ ਉਹੋ ਜਿਹਾ ਹਰੇਕ ਜੀਵ ਬਣ ਜਾਂਦਾ ਹੈ।
(ਜਗਤ-ਰੂਪ) ਆਪਣੀ ਖੇਡ ਆਪ ਹੀ ਕਰਨ ਜੋਗਾ ਹੈ।
ਕੌਣ ਕੋਈ ਦੂਜਾ ਸਲਾਹ ਦੱਸ ਸਕਦਾ ਹੈ?