ਕਿਸ ਦਾ ਕੋਈ ਪੁੱਤਰ ਹੈ? ਕਿਸ ਦਾ ਕੋਈ ਪਿਉ ਹੈ? (ਭਾਵ, ਪਿਉ ਤੇ ਪੁੱਤਰ ਵਾਲਾ ਸਾਕ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਪ੍ਰਭੂ ਨੇ ਇਕ ਖੇਡ ਰਚੀ ਹੋਈ ਹੈ)।
ਕੌਣ ਮਰਦਾ ਹੈ ਤੇ ਕੌਣ (ਇਸ ਮੌਤ ਦੇ ਕਾਰਨ ਪਿਛਲਿਆਂ ਨੂੰ) ਕਲੇਸ਼ ਦੇਂਦਾ ਹੈ? (ਭਾਵ, ਨਾ ਹੀ ਕੋਈ ਕਿਸੇ ਦਾ ਮਰਦਾ ਹੈ ਅਤੇ ਨਾਹ ਹੀ ਇਸ ਤਰ੍ਹਾਂ ਪਿਛਲਿਆਂ ਨੂੰ ਕਲੇਸ਼ ਦੇਂਦਾ ਹੈ, ਸੰਜੋਗਾਂ ਅਨੁਸਾਰ ਚਾਰ ਦਿਨਾਂ ਦਾ ਮੇਲਾ ਹੈ) ॥੧॥
ਪ੍ਰਭੂ-ਠੱਗ ਨੇ ਜਗਤ (ਦੇ ਜੀਵਾਂ) ਨੂੰ ਮੋਹ-ਰੂਪ ਠਗ-ਬੂਟੀ ਲਾਈ ਹੋਈ ਹੈ (ਜਿਸ ਕਰਕੇ ਜੀਵ ਸੰਬੰਧੀਆਂ ਦਾ ਮੋਹ ਰੱਖ ਕੇ ਤੇ ਪ੍ਰਭੂ ਨੂੰ ਭੁਲਾ ਕੇ ਕਲੇਸ਼ ਪਾ ਰਹੇ ਹਨ),
ਪਰ ਹੇ ਮੇਰੀ ਮਾਂ! (ਮੈਂ ਇਸ ਠਗ-ਬੂਟੀ ਵਿਚ ਨਹੀਂ ਫਸਿਆ, ਕਿਉਂਕਿ) ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ ॥੧॥ ਰਹਾਉ ॥
ਕਿਸ (ਇਸਤ੍ਰੀ) ਦਾ ਕੋਈ ਖਸਮ? ਕਿਸ (ਖਸਮ) ਦੀ ਕੋਈ ਵਹੁਟੀ? (ਭਾਵ, ਇਹ ਇਸਤ੍ਰੀ ਪਤੀ ਵਾਲਾ ਸਾਕ ਭੀ ਜਗਤ ਵਿਚ ਸਦਾ-ਥਿਰ ਰਹਿਣ ਵਾਲਾ ਨਹੀਂ, ਇਹ ਖੇਡ ਆਖ਼ਿਰ ਮੁੱਕ ਜਾਂਦੀ ਹੈ)।
ਇਸ ਅਸਲੀਅਤ ਨੂੰ (ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਹੀ ਸਮਝੋ (ਭਾਵ, ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਇਹ ਅਸਲੀਅਤ ਸਮਝੀ ਜਾ ਸਕਦੀ ਹੈ) ॥੨॥
ਕਬੀਰ ਆਖਦਾ ਹੈ-ਜਿਸ ਜੀਵ ਦਾ ਮਨ (ਮੋਹ-ਰੂਪ ਠਗਬੂਟੀ ਬਨਾਣ ਵਾਲੇ ਪ੍ਰਭੂ-) ਠੱਗ ਨਾਲ ਇਕ-ਮਿਕ ਹੋ ਗਿਆ ਹੈ,
(ਉਸ ਵਾਸਤੇ) ਠਗ-ਬੂਟੀ ਮੁੱਕ ਗਈ (ਸਮਝੋ), ਕਿਉਂਕਿ ਉਸ ਨੇ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ ॥੩॥੩੯॥
ਹਰ ਥਾਂ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ,
(ਤਾਹੀਏਂ) ਮੈਂ ਜਨਮ ਮਰਨ ਦੀ (ਬੇੜੀ) ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ॥੧॥ ਰਹਾਉ ॥
(ਪ੍ਰਭੂ ਨੇ) ਮੈਨੂੰ ਸਤਸੰਗ ਵਿਚ ਰਲਾ ਦਿੱਤਾ ਹੈ,
ਤੇ (ਕਾਮ ਆਦਿਕ) ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ।
ਹੁਣ ਮੈਂ ਜੀਭ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ-ਰੂਪ ਜਾਪ ਜਪਦਾ ਹਾਂ।
ਮੈਨੂੰ ਤਾਂ ਉਸ ਨੇ ਬਿਨਾ ਦੰਮਾਂ ਦੇ ਆਪਣਾ ਗੋੱਲਾ ਬਣਾ ਲਿਆ ਹੈ ॥੧॥
ਸਤਿਗੁਰੂ ਨੇ (ਮੇਰੇ ਉਤੇ) ਬੜੀ ਮਿਹਰ ਕੀਤੀ ਹੈ,
ਮੈਨੂੰ ਉਸ ਨੇ ਸੰਸਾਰ-ਸਮੁੰਦਰ ਵਿਚੋਂ ਕੱਢ ਲਿਆ ਹੈ।
ਮੇਰੀ ਹੁਣ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਗਈ ਹੈ।
ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ ॥੨॥
(ਮੇਰੇ ਅੰਦਰੋਂ) ਮਾਇਆ ਵਾਲੀ ਸੜਨ ਮਿਟ ਗਈ ਹੈ। ਮਾਇਆ ਦਾ ਬਦਲਾ ਭਾਂਬੜ ਬੁੱਝ ਗਿਆ ਹੈ;
(ਹੁਣ) ਮੇਰੇ ਮਨ ਵਿਚ ਸੰਤੋਖ ਹੈ, (ਪ੍ਰਭੂ ਦਾ) ਨਾਮ (ਮਾਇਆ ਦੇ ਥਾਂ ਮੇਰੇ ਮਨ ਦਾ) ਆਸਰਾ ਬਣ ਗਿਆ ਹੈ।
ਪਾਣੀ ਵਿਚ, ਧਰਤੀ ਤੇ, ਹਰ ਥਾਂ ਪ੍ਰਭੂ-ਖਸਮ ਜੀ ਵੱਸ ਰਹੇ (ਜਾਪਦੇ) ਹਨ;
ਮੈਂ ਜਿੱਧਰ ਤੱਕਦਾ ਹਾਂ, ਓਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ (ਦਿੱਸਦਾ) ਹੈ ॥੩॥
ਪ੍ਰਭੂ ਨੇ ਆਪ ਹੀ ਆਪਣੀ ਭਗਤੀ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ।
ਹੇ ਪਿਆਰੇ ਵੀਰ! (ਮੈਨੂੰ ਤਾਂ) ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖ ਮਿਲ ਪਿਆ ਹੈ (ਮੇਰੇ ਤਾਂ ਭਾਗ ਜਾਗ ਪਏ ਹਨ)।
ਜਿਸ (ਭੀ ਜੀਵ) ਉੱਤੇ ਮਿਹਰ ਕਰਦਾ ਹੈ, ਉਸ ਲਈ (ਅਜਿਹਾ) ਸੋਹਣਾ ਸਬੱਬ ਬਣਾ ਦੇਂਦਾ ਹੈ।
ਕਬੀਰ ਦਾ ਖਸਮ-ਪ੍ਰਭੂ ਗ਼ਰੀਬਾਂ ਨੂੰ ਨਿਵਾਜਣ ਵਾਲਾ ਹੈ ॥੪॥੪੦॥
(ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ-ਪਾਤਕ ਦੀ ਭਿੱਟ ਪੈਦਾ ਹੋ ਜਾਂਦੀ ਹੈ ਤਾਂ) ਪਾਣੀ ਵਿਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, (ਹਰ ਥਾਂ) ਸੂਤਕ ਦੀ ਉਤਪੱਤੀ ਹੈ (ਭਾਵ, ਹਰ ਥਾਂ ਭਿੱਟਿਆ ਹੋਇਆ ਹੈ, ਕਿਉਂਕਿ)
ਕਿਸੇ ਜੀਵ ਦੇ ਜੰਮਣ ਤੇ ਸੂਤਕ (ਪੈ ਜਾਂਦਾ ਹੈ) ਫਿਰ ਮਰਨ ਤੇ ਭੀ ਸੂਤਕ (ਆ ਪੈਂਦਾ ਹੈ); (ਇਸ) ਭਿੱਟ (ਤੇ ਭਰਮ) ਵਿਚ ਦੁਨੀਆ ਖ਼ੁਆਰ ਹੋ ਰਹੀ ਹੈ ॥੧॥
ਹੇ ਪੰਡਿਤ! (ਜਦੋਂ ਹਰ ਥਾਂ ਸੂਤਕ ਪੈ ਰਿਹਾ ਹੈ) ਸੁੱਚਾ ਕੌਣ (ਹੋ ਸਕਦਾ) ਹੈ?
(ਤਾਂ ਫਿਰ) ਹੇ ਪਿਆਰੇ ਮਿੱਤਰ! ਇਸ ਗੱਲ ਨੂੰ ਗਹੁ ਨਾਲ ਵਿਚਾਰ ਤੇ ਦੱਸ ॥੧॥ ਰਹਾਉ ॥
(ਨਿਰੇ ਇਹਨੀਂ ਅੱਖੀਂ ਦਿੱਸਦੇ ਜੀਵ ਹੀ ਨਹੀਂ ਜੰਮਦੇ ਮਰਦੇ, ਸਾਡੇ ਬੋਲਣ ਚਾਲਣ ਆਦਿਕ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ, ਤਾਂ ਫਿਰ) ਅੱਖਾਂ ਵਿਚ ਸੂਤਕ ਹੈ, ਬੋਲਣ (ਭਾਵ, ਜੀਭ) ਵਿਚ ਸੂਤਕ ਹੈ, ਕੰਨਾਂ ਵਿਚ ਭੀ ਸੂਤਕ ਹੈ।
ਉਠਦਿਆਂ ਬੈਠਦਿਆਂ ਹਰ ਵੇਲੇ (ਸਾਨੂੰ) ਸੂਤਕ ਪੈ ਰਿਹਾ ਹੈ, (ਸਾਡੀ) ਰਸੋਈ ਵਿਚ ਭੀ ਸੂਤਕ ਹੈ ॥੨॥
(ਜਿੱਧਰ ਵੇਖੋ) ਹਰੇਕ ਜੀਵ (ਸੂਤਕ ਦੇ ਭਰਮਾਂ ਵਿਚ) ਫਸਣ ਦਾ ਹੀ ਢੰਗ ਜਾਣਦਾ ਹੈ, (ਇਹਨਾਂ ਵਿਚੋਂ) ਖ਼ਲਾਸੀ ਕਰਾਣ ਦੀ ਸਮਝ ਕਿਸੇ ਵਿਰਲੇ ਨੂੰ ਹੈ।
ਕਬੀਰ ਆਖਦਾ ਹੈ-ਜੋ ਜੋ ਮਨੁੱਖ (ਆਪਣੇ) ਹਿਰਦੇ ਵਿਚ ਪ੍ਰਭੂ ਨੂੰ ਸਿਮਰਦਾ ਹੈ, ਉਹਨਾਂ ਨੂੰ (ਇਹ) ਭਿੱਟ ਨਹੀਂ ਲੱਗਦੀ ॥੩॥੪੧॥
ਇਹ ਇਕ (ਵੱਡਾ) ਸ਼ੰਕਾ ਦੂਰ ਕਰ ਦੇਹ (ਭਾਵ, ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ),
ਹੇ ਪ੍ਰਭੂ! ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ (ਭਾਵ, ਜੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਣਾ ਹੈ) ॥੧॥ ਰਹਾਉ ॥
ਕੀ ਇਹ ਮਨ ਬਲਵਾਨ ਹੈ ਜਾਂ (ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ) ਜਿਸ ਨਾਲ ਮਨ ਪਤੀਜ ਜਾਂਦਾ ਹੈ (ਤੇ ਭਟਕਣੋਂ ਹਟ ਜਾਂਦਾ ਹੈ)?
ਕੀ ਪਰਮਾਤਮਾ ਸਤਕਾਰ-ਜੋਗ ਹੈ, ਜਾਂ (ਉਸ ਤੋਂ ਵਧੀਕ ਸਤਕਾਰ-ਜੋਗ ਉਹ ਮਹਾਂਪੁਰਖ ਹੈ), ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ? ॥੧॥
ਕੀ ਬ੍ਰਹਮਾ (ਆਦਿਕ ਦੇਵਤਾ) ਬਲੀ ਹੈ, ਜਾਂ (ਉਸ ਤੋਂ ਵਧੀਕ ਉਹ ਪ੍ਰਭੂ ਹੈ) ਜਿਸ ਦਾ ਪੈਦਾ ਕੀਤਾ ਹੋਇਆ (ਇਹ ਬ੍ਰਹਮਾ) ਹੈ?
ਕੀ ਵੇਦ (ਆਦਿਕ ਧਰਮ-ਪੁਸਤਕਾਂ ਦਾ ਗਿਆਨ) ਸਿਰ-ਨਿਵਾਉਣ-ਜੋਗ ਹੈ ਜਾਂ ਉਹ (ਮਹਾਂਪੁਰਖ) ਜਿਸ ਤੋਂ (ਇਹ ਗਿਆਨ) ਮਿਲਿਆ? ॥੨॥
ਕਬੀਰ ਆਖਦਾ ਹੈ-ਮੇਰੇ ਮਨ ਵਿਚ ਇਹ ਸ਼ੱਕ ਉੱਠ ਰਿਹਾ ਹੈ,
ਕਿ ਤੀਰਥ (ਧਰਮ-ਅਸਥਾਨ) ਪੂਜਣ-ਜੋਗ ਹੈ ਜਾਂ ਪ੍ਰਭੂ ਦਾ (ਉਹ) ਭਗਤ (ਵਧੀਕ ਪੂਜਣ-ਜੋਗ ਹੈ ਜਿਸ ਦਾ ਸਦਕਾ ਉਹ ਤੀਰਥ ਬਣਿਆ) ॥੩॥੪੨॥
ਹੇ ਸੱਜਣ! ਵੇਖ, (ਜਦੋਂ) ਗਿਆਨ ਦੀ ਹਨੇਰੀ ਆਉਂਦੀ ਹੈ,
ਤਾਂ ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ; ਮਾਇਆ ਦੇ ਆਸਰੇ ਖਲੋਤਾ ਹੋਇਆ (ਇਹ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ) ਟਿਕਿਆ ਨਹੀਂ ਰਹਿ ਸਕਦਾ ॥੧॥ ਰਹਾਉ ॥
(ਭਰਮਾਂ-ਵਹਿਮਾਂ ਵਿਚ) ਡੋਲਦੇ ਮਨ ਦੀ ਦ੍ਵੈਤ-ਰੂਪ ਥੰਮ੍ਹੀ ਡਿੱਗ ਪੈਂਦੀ ਹੈ (ਭਾਵ, ਪ੍ਰਭੂ ਦੀ ਟੇਕ ਛੱਡ ਕੇ ਕਦੇ ਕੋਈ ਆਸਰਾ ਤੱਕਣਾ, ਕਦੇ ਕੋਈ ਸਹਾਰਾ ਬਣਾਉਣਾ-ਮਨ ਦੀ ਇਹ ਡਾਵਾਂ-ਡੋਲ ਹਾਲਤ ਮੁੱਕ ਜਾਂਦੀ ਹੈ)। ਇਸ ਦੁਨੀਆਵੀ ਆਸਰੇ ਦੀ ਥੰਮ੍ਹੀ ਤੇ ਟਿਕਿਆ ਹੋਇਆ) ਮੋਹ-ਰੂਪ ਵਲਾ (ਭੀ ਡਿੱਗ ਕੇ) ਟੁੱਟ ਜਾਂਦਾ ਹੈ।
(ਇਸ ਮੋਹ-ਰੂਪ ਵਲੇ ਤੇ ਟਿਕਿਆ ਹੋਇਆ) ਤ੍ਰਿਸ਼ਨਾ ਦਾ ਛੱਪਰ (ਵਲਾ ਟੁੱਟ ਜਾਣ ਕਰਕੇ) ਭੁੰਞੇ ਆ ਪੈਂਦਾ ਹੈ, ਤੇ ਇਸ ਕੁਚੱਜੀ ਮੱਤ ਦਾ ਭਾਂਡਾ ਭੱਜ ਜਾਂਦਾ ਹੈ (ਭਾਵ, ਇਹ ਸਾਰੀ ਦੀ ਸਾਰੀ ਕੁਚੱਜੀ ਮੱਤ ਮੁੱਕ ਜਾਂਦੀ ਹੈ) ॥੧॥