(ਹੇ ਭਾਈ!) ਉਹੀ ਮਨੁੱਖ ਰੂਪ ਵਾਲਾ ਹੈ ਉਹੀ ਤੀਖਣ ਬੁੱਧਿ ਵਾਲਾ ਹੈ ਉਹੀ ਸਿਆਣਾ ਹੈ,
ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਨੂੰ (ਸਦਾ ਸਿਰ ਮੱਥੇ ਉਤੇ) ਮੰਨਿਆ ਹੈ ॥੨॥
(ਹੇ ਭਾਈ! ਜਿਸ ਮਨੁੱਖ ਨੇ ਮਾਲਕ-ਪ੍ਰਭੂ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ਲਿਆ ਹੈ) ਉਹੀ ਮਨੁੱਖ ਜਗਤ ਵਿਚ ਆਇਆ ਸਫਲ ਹੈ।
ਆਪਣੇ ਮਾਲਕ-ਪ੍ਰਭੂ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ॥੩॥
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ,
ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੱਗਾ ਰਹਿੰਦਾ ਹੈ ॥੪॥੯੦॥੧੫੯॥
(ਹੇ ਭਾਈ!) ਪਰਮਾਤਮਾ ਦੇ ਭਗਤ ਨਾਲ ਮਾਇਆ-ਵੇੜ੍ਹੇ ਮਨੁੱਖ ਦਾ ਜੋੜ ਨਹੀਂ ਬਣ ਸਕਦਾ,
(ਕਿਉਂਕਿ) ਉਹ ਸਾਕਤ ਵਿਸ਼ਿਆਂ ਦਾ ਪਿਆਰਾ ਹੁੰਦਾ ਹੈ ਤੇ ਉਸ ਭਗਤ ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹਿਆ ਹੁੰਦਾ ਹੈ ॥੧॥ ਰਹਾਉ ॥
(ਹਰੀ ਦੇ ਦਾਸ ਅਤੇ ਸਾਕਤ ਦਾ ਸੰਗ ਇਉਂ ਹੀ ਹੈ) ਜਿਵੇਂ ਕਿਸੇ ਅਨਾੜੀ ਅਸਵਾਰ ਵਾਸਤੇ ਇਕ ਸਜਾਈ ਹੋਈ ਘੋੜੀ ਹੋਵੇ,
ਜਿਵੇਂ ਕੋਈ ਖੁਸਰਾ ਇਸਤ੍ਰੀ ਨੂੰ ਪਿਆਰ ਕਰਦਾ ਹੋਵੇ ॥੧॥
(ਹੇ ਭਾਈ!) ਹਰੀ ਦੇ ਦਾਸ ਅਤੇ ਸਾਕਤ ਦਾ ਮੇਲ ਇਉਂ ਹੀ ਹੈ, ਜਿਵੇਂ ਕੋਈ ਮਨੁੱਖ ਨਿਆਣਾ ਪਾ ਕੇ ਬਲਦ ਨੂੰ ਚੋਣ ਲੱਗ ਪਏ,
ਜਿਵੇਂ ਕੋਈ ਮਨੁੱਖ ਗਾਂ ਉਤੇ ਚੜ੍ਹ ਕੇ ਉਸ ਨੂੰ ਸ਼ੇਰ ਦੇ ਪਿੱਛੇ ਦੁੜਾਣ ਲੱਗ ਪਏ ॥੨॥
(ਹੇ ਭਾਈ!) ਹਰੀ ਦੇ ਭਗਤ ਤੇ ਸਾਕਤ ਦਾ ਜੋੜ ਇਉਂ ਹੈ, ਜਿਵੇਂ ਕੋਈ ਮਨੁੱਖ ਭੇਡ ਲੈ ਕੇ ਉਸ ਨੂੰ ਕਾਮਧੇਨ ਮਿਥ ਕੇ ਪੂਜਣ ਲੱਗ ਪਏ,
ਜਿਵੇਂ ਕੋਈ ਮਨੁੱਖ ਸਰਮਾਏ ਤੋਂ ਬਿਨਾ ਹੀ ਸੌਦਾ ਖ਼ਰੀਦਣ ਉੱਠ ਦੌੜੇ ॥੩॥
ਹੇ ਨਾਨਕ! (ਹਰੀ ਦੇ ਦਾਸਾਂ ਦੀ ਸੰਗਤਿ ਵਿਚ ਟਿਕ ਕੇ) ਪਰਮਾਤਮਾ ਦਾ ਨਾਮ ਆਪਣੇ ਚਿੱਤ ਵਿਚ ਸਿਮਰ,
ਪਰਮਾਤਮਾ ਵਰਗੇ ਮਾਲਕ ਤੇ ਮਿੱਤਰ ਦਾ ਸਿਮਰਨ ਕਰਿਆ ਕਰ ॥੪॥੯੧॥੧੬੦॥
ਹੇ ਭਾਈ! ਉਹ ਅਕਲ ਪਵਿਤ੍ਰ ਆਖੀ ਜਾਂਦੀ ਹੈ ਧੀਰਜ ਵਾਲੀ ਆਖੀ ਜਾਂਦੀ ਹੈ,
(ਜਿਸ ਦਾ ਆਸਰਾ ਲੈ ਕੇ ਮਨੁੱਖ) ਸਭ ਰਸਾਂ ਤੋਂ ਸ੍ਰੇਸ਼ਟ ਪ੍ਰਭੂ-ਨਾਮ ਦਾ ਰਸ ਪੀਂਦਾ ਹੈ ॥੧॥
(ਹੇ ਭਾਈ!) ਆਪਣੇ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਆਸਰਾ ਬਣਾ,
(ਇਉਂ ਕੀਤਿਆਂ) ਜਨਮ ਮਰਨ ਦੇ ਗੇੜ ਤੋਂ ਖ਼ਲਾਸੀ ਹੋ ਜਾਂਦੀ ਹੈ ॥੧॥ ਰਹਾਉ ॥
(ਹੇ ਭਾਈ!) ਉਹ ਸਰੀਰ ਪਵਿਤ੍ਰ ਹੈ ਜਿਸ ਵਿਚ ਕੋਈ ਪਾਪ ਨਹੀਂ ਪੈਦਾ ਹੁੰਦਾ।
ਪਰਮਾਤਮਾ ਦੇ ਪ੍ਰੇਮ-ਰੰਗ ਦੀ ਬਰਕਤਿ ਨਾਲ ਪਵਿਤ੍ਰ ਹੋਏ ਮਨੁੱਖ ਦਾ ਤੇਜ-ਪਰਤਾਪ (ਚਮਕਦਾ ਹੈ) ॥੨॥
(ਹੇ ਭਾਈ! ਸਾਧ ਸੰਗਤਿ ਕਰਿਆ ਕਰ) ਸਾਧ ਸੰਗਤਿ ਵਿਚ ਰਿਹਾਂ (ਅੰਦਰੋਂ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।
(ਸਾਧ ਸੰਗਤਿ ਦਾ) ਸਭ ਤੋਂ ਉੱਚਾ ਇਹੀ ਉਪਕਾਰ ਹੈ ॥੩॥
ਜੇਹੜੇ ਮਨੁੱਖ ਪਰਮਾਤਮਾ ਦੀ ਪ੍ਰੇਮ-ਭਗਤੀ ਦੇ ਰੰਗ ਵਿਚ ਰੰਗੇ ਰਹਿੰਦੇ ਹਨ,
ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੯੨॥੧੬੧॥
(ਹੇ ਭਾਈ!) ਪਰਮਾਤਮਾ ਨਾਲ ਜਿਨ੍ਹਾਂ ਮਨੁੱਖਾਂ ਦੀ ਇਹੋ ਜਿਹੀ ਪ੍ਰੀਤਿ (ਜਿਸ ਦਾ ਜ਼ਿਕਰ ਇਥੇ ਕੀਤਾ ਜਾ ਰਿਹਾ ਹੈ) ਬਣਦੀ ਹੈ,
ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਾਰੇ ਗੁਣਾਂ ਨਾਲ ਭਰਪੂਰ ਹੋ ਜਾਂਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੧॥ ਰਹਾਉ ॥
ਜਿਵੇਂ ਇਸਤ੍ਰੀ ਆਪਣੇ ਪਤੀ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ,
ਤਿਵੇਂ ਹਰੀ ਦਾ ਦਾਸ ਹਰੀ ਦਾ ਨਾਮ ਚੇਤੇ ਕਰ ਕੇ ਅੰਤਰ ਆਤਮੇ ਹੁਲਾਰੇ ਵਿਚ ਆਉਂਦਾ ਹੈ ॥੧॥
ਜਿਵੇਂ ਮਾਂ ਆਪਣੇ ਪੁੱਤਰਾਂ ਨੂੰ ਵੇਖ ਵੇਖ ਕੇ ਜੀਊਂਦੀ ਹੈ,
ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਨਾਲ ਤਾਣੇ ਪੇਟੇ ਦੇ ਸੂਤਰ ਵਾਂਗ ਰੱਤਾ ਰਹਿੰਦਾ ਹੈ ॥੨॥
(ਜਿਵੇਂ, ਹੇ ਭਾਈ!) ਲਾਲਚੀ ਮਨੁੱਖ ਧਨ ਵੇਖ ਕੇ ਖ਼ੁਸ਼ੀ ਮਨਾਂਦਾ ਹੈ,
ਤਿਵੇਂ ਪਰਮਾਤਮਾ ਦੇ ਭਗਤ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਲਪਟਿਆ ਰਹਿੰਦਾ ਹੈ ॥੩॥
ਹੇ ਦਾਤਾਰ! ਇਕ ਰਤਾ ਜਿਤਨਾ ਸਮਾ ਭੀ ਨਾਹ ਭੁੱਲ।
ਹੇ ਨਾਨਕ ਦੇ ਪ੍ਰਾਣਾਂ ਦੇ ਆਸਰੇ ਪ੍ਰਭੂ! (ਤੂੰ ਮੈਨੂੰ ਨਾਹ ਭੁੱਲੇਂ)! ॥੪॥੯੩॥੧੬੨॥
(ਹੇ ਭਾਈ!) ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਹਰਿ-ਨਾਮ-ਰਸ ਵਿਚ ਮਸਤ ਰਹਿੰਦੇ ਹਨ,
ਉਹ ਮਨੁੱਖ ਪਰਮਾਤਮਾ ਦੇ ਸੁਹਣੇ ਚਰਨਾਂ ਦੀ ਪ੍ਰੇਮ-ਭਗਤੀ ਵਿੱਚ ਵਿੱਝੇ ਰਹਿੰਦੇ ਹਨ (ਜਿਵੇਂ ਭੌਰਾ ਫੁੱਲ ਵਿਚ ਵਿੱਝ ਜਾਂਦਾ ਹੈ) ॥੧॥ ਰਹਾਉ ॥
(ਹੇ ਭਾਈ! ਉਹਨਾਂ ਮਨੁੱਖਾਂ ਨੂੰ ਦੁਨੀਆ ਦੇ) ਹੋਰ ਸਾਰੇ ਰਸ (ਪ੍ਰਭੂ-ਨਾਮ-ਰਸ ਦੇ ਟਾਕਰੇ ਤੇ) ਸੁਆਹ ਦਿੱਸਦੇ ਹਨ,
ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਦੇ ਸਾਰੇ ਪਦਾਰਥ ਉਹਨਾਂ ਨੂੰ ਵਿਅਰਥ ਜਾਪਦੇ ਹਨ ॥੧॥
(ਹੇ ਭਾਈ!) ਉਹਨਾਂ ਨੂੰ ਪਰਮਾਤਮਾ) ਆਪ (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ,
(ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਹਨ) ਗੋਬਿੰਦ ਦੇ ਗੁਣ ਅਸਚਰਜ ਪਰਤਾਪ ਵਾਲੇ ਹਨ ॥੨॥
(ਹੇ ਭਾਈ! ਹਰਿ-ਨਾਮ-ਰਸ ਵਿਚ ਮਸਤ ਬੰਦਿਆਂ ਨੂੰ) ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਵਣ ਵਿਚ ਤ੍ਰਿਣ ਵਿਚ ਤਿੰਨ-ਭਵਨੀ ਸੰਸਾਰ ਵਿਚ ਵਿਆਪਕ ਦਿੱਸਦਾ ਹੈ,
ਉਹਨਾਂ ਨੂੰ ਇਹ ਸਾਰਾ ਜਗਤ ਪਰਮਾਤਮਾ ਦਾ ਖਿਲਾਰਾ ਦਿੱਸਦਾ ਹੈ, ਪਰਮਾਤਮਾ ਸਭ ਜੀਵਾਂ ਦੇ ਅੰਗ-ਸੰਗ ਪ੍ਰਤੀਤ ਹੁੰਦਾ ਹੈ, ਤੇ ਦਇਆ ਦਾ ਘਰ ਦਿੱਸਦਾ ਹੈ ॥੩॥
ਨਾਨਕ ਆਖਦਾ ਹੈ- (ਹੇ ਭਾਈ! ਤੂੰ ਭੀ ਆਪਣੇ ਹਿਰਦੇ ਵਿਚ) ਉਹ ਸਿਫ਼ਤ-ਸਾਲਾਹ ਸੰਭਾਲ,
ਜਿਸ (ਸਿਫ਼ਤ-ਸਾਲਾਹ-ਰੂਪ ਕਥਨੀ) ਨੂੰ ਸਿਰਜਣਹਾਰ ਪ੍ਰਭੂ ਆਦਰ-ਸਤਕਾਰ ਦੇਂਦਾ ਹੈ ॥੪॥੯੪॥੧੬੩॥
(ਹੇ ਭਾਈ!) ਪਰਮਾਤਮਾ ਦੇ ਨਾਮ-ਸਰ ਵਿਚ ਸਦਾ ਹੀ ਇਸ਼ਨਾਨ ਕਰਨਾ ਚਾਹੀਦਾ ਹੈ।
(ਪਰਮਾਤਮਾ ਦੇ ਨਾਮ ਦਾ ਰਸ) ਸਭ ਤੋਂ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲੇ ਇਸ ਹਰਿ-ਨਾਮ-ਰਸ ਨੂੰ ਬੜੇ ਪ੍ਰੇਮ ਨਾਲ ਪੀਣਾ ਚਾਹੀਦਾ ਹੈ ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ ਦਾ ਨਾਮ ਪਵਿਤ੍ਰ ਜਲ ਹੈ,
(ਇਸ ਜਲ ਵਿਚ) ਇਸ਼ਨਾਨ ਕਰਦਿਆਂ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਸਭ ਵਾਸ਼ਨਾਂ ਮੁੱਕ ਜਾਂਦੀਆਂ ਹਨ) ॥੧॥