ਹੇ ਸਤਸੰਗੀ ਸੱਜਣ! ਤੂੰ ਸੋਹਣੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਮੈਂ ਪੁੱਛਦਾ ਹਾਂ, ਮੈਨੂੰ ਭੀ ਉਸ ਦੀ ਦੱਸ ਪਾ।
ਤੂੰ ਸੋਹਣੇ ਲਾਲ ਨੂੰ ਲੱਭ ਲਿਆ ਹੈ, ਤੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ। ਜਿਸ ਜੀਵ-ਇਸਤ੍ਰੀ ਦੇ ਮੱਥੇ ਦੇ ਭਾਗ ਜਾਗਦੇ ਹਨ (ਉਸ ਨੂੰ ਮਿਲਾਪ ਹੁੰਦਾ ਹੈ)।
(ਹੇ ਸਖੀ!) ਮਾਲਕ-ਪ੍ਰਭੂ ਨੇ (ਮੇਰੀ ਭੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੇਰਾ ਕੋਈ ਗੁਣ ਔਗੁਣ ਉਸ ਨੇ ਨਹੀਂ ਪਰਖਿਆ।
ਹੇ ਪ੍ਰਭੂ! ਤੈਂ ਜਿਸ ਜੀਵ ਇਸਤ੍ਰੀ ਨੂੰ ਗੁਣਾਂ ਦਾ ਹਾਰ ਨੂੰ ਪਹਿਨਾਇਆ ਹੈ, ਨਾਮ ਦੇ ਰੰਗ ਵਿੱਚ ਰੰਗਿਆ, ਉਸ ਦਾ ਸਾਰਾ ਜੀਵਨ ਹੀ ਸ਼ੋਭਨੀਕ ਹੋ ਜਾਂਦਾ ਹੈ।
ਹੇ ਦਾਸ ਨਾਨਕ! (ਆਖ-) ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ, ਜਿਸ ਦੇ ਨਾਲ (ਜਿਸ ਦੇ ਹਿਰਦੇ ਵਿਚ) ਖਸਮ-ਪ੍ਰਭੂ ਵੱਸਦਾ ਹੈ ॥੩॥
ਹੇ ਸਤਸੰਗੀ ਸੱਜਣ! ਜੇਹੜੀ ਸੁੱਖਣਾ ਮੈਂ ਸਦਾ ਸੁੱਖਦੀ ਰਹਿੰਦੀ ਸਾਂ, ਉਹ (ਸੁੱਖਣਾ) ਮੈਂ ਪਾ ਲਈ ਹੈ (ਮੇਰੀ ਉਹ ਮੁਰਾਦ ਪੂਰੀ ਹੋ ਗਈ ਹੈ)।
ਜਿਸ ਪ੍ਰਭੂ-ਪਤੀ ਨੂੰ ਮੈਂ (ਚਿਰਾਂ ਤੋਂ) ਲੱਭਦੀ ਆ ਰਹੀ ਸਾਂ ਉਹ (ਮੇਰੇ ਹਿਰਦੇ ਵਿਚ) ਆ ਵੱਸਿਆ ਹੈ।
ਹੁਣ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਵਾਜੇ ਵੱਜ ਰਹੇ ਹਨ। ਸਦਾ ਨਵੇਂ ਪ੍ਰੇਮ-ਰੰਗ ਵਾਲਾ ਤੇ ਦਇਆ ਦਾ ਸੋਮਾ ਪ੍ਰਭੂ-ਪਤੀ (ਮੇਰੇ ਅੰਦਰ ਆ ਵੱਸਿਆ ਹੈ, ਹੁਣ ਮੇਰੇ ਅੰਦਰ) ਬੜਾ ਆਨੰਦ ਤੇ ਉਤਸ਼ਾਹ ਬਣ ਰਿਹਾ ਹੈ।
ਹੇ ਸਤਸੰਗੀ ਸੱਜਣ! ਵੱਡੀ ਕਿਸਮਤ ਨਾਲ ਉਹ ਪ੍ਰਭੂ-ਪਤੀ ਮੈਨੂੰ ਲੱਭਾ ਹੈ, ਗੁਰੂ ਨੇ ਮੈਨੂੰ ਸਾਧ ਸੰਗਤਿ ਵਿਚ (ਉਸ ਨਾਲ) ਮਿਲਾ ਦਿੱਤਾ ਹੈ।
(ਗੁਰੂ ਨੇ) ਮੇਰਾ ਆਪਾ ਪਿਆਰੇ ਦੇ ਅੰਕ ਵਿਚ ਮਿਲਾ ਦਿੱਤਾ ਹੈ, ਮੇਰੀ ਹਰੇਕ ਆਸ ਮੁਰਾਦ ਪੂਰੀ ਹੋ ਗਈ ਹੈ।
ਨਾਨਕ ਬੇਨਤੀ ਕਰਦਾ ਹੈ-ਜੇਹੜੀ ਸੁੱਖਣਾ ਮੈਂ (ਸਦਾ) ਸੁੱਖਦੀ ਰਹਿੰਦੀ ਸਾਂ, ਗੁਰੂ ਨੂੰ ਮਿਲ ਕੇ ਉਹ (ਸੁੱਖਣਾ) ਮੈਂ ਹਾਸਲ ਕਰ ਲਈ ਹੈ ॥੪॥੧॥
ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਲੋਕੁ।
ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ (ਸਰਨ ਆਏ ਦੀ) ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ।
ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ ॥੧॥
ਛੰਤੁ।
ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ।
ਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ।
ਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ।
ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ।
ਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ।
ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥
ਹੇ ਭਾਈ! ਪਰਮਾਤਮਾ ਦੇ ਅਣਗਿਣਤ ਗੁਣਾਂ ਦਾ ਨਿਰਨਾ ਨਹੀਂ ਹੋ ਸਕਦਾ, ਉਸ ਦਾ ਨਾਮਣਾ (ਵਡੱਪਣ) ਸਭ ਤੋਂ ਉੱਚਾ ਹੈ।
ਨਾਨਕ ਦੀ (ਉਸੇ ਦੇ ਦਰ ਤੇ ਹੀ) ਅਰਦਾਸ ਹੈ ਕਿ (ਮੈਨੂੰ) ਨਿਆਸਰੇ ਨੂੰ (ਉਸ ਦੇ ਚਰਨਾਂ ਵਿਚ) ਥਾਂ ਮਿਲ ਜਾਏ ॥੨॥
ਛੰਤੁ।
ਹੇ ਭਾਈ! ਅਸਾਂ ਜੀਵਾਂ ਵਾਸਤੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਥਾਂ ਨਹੀਂ ਹੈ, (ਪਰਮਾਤਮਾ ਦਾ ਦਰ ਛੱਡ ਕੇ) ਅਸੀਂ ਹੋਰ ਕਿਸ ਦੇ ਪਾਸ ਜਾ ਸਕਦੇ ਹਾਂ?
ਦੋਵੇਂ ਹੱਥ ਜੋੜ ਕੇ ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ।
ਹੇ ਭਾਈ! ਆਪਣੇ ਉਸ ਪ੍ਰਭੂ ਦਾ ਧਿਆਨ ਧਰ ਕੇ (ਉਸ ਦੇ ਦਰ ਤੋਂ) ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ।
(ਆਪਣੇ ਅੰਦਰੋਂ) ਅਹੰਕਾਰ, ਮੋਹ, ਅਤੇ ਕੋਈ ਹੋਰ ਆਸਰਾ ਭਾਲਣ ਦਾ ਭੈੜ ਤਿਆਗ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਹੀ ਸੁਰਤ ਜੋੜਨੀ ਚਾਹੀਦੀ ਹੈ।
ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ (ਆਪਣੇ ਅੰਦਰੋਂ) ਸਾਰਾ ਆਪਾ-ਭਾਵ ਮਿਟਾ ਦੇਣਾ ਚਾਹੀਦਾ ਹੈ।
ਨਾਨਕ (ਤਾਂ ਪ੍ਰਭੂ ਦੇ ਦਰ ਤੇ ਹੀ) ਬੇਨਤੀ ਕਰਦਾ ਹੈ (ਤੇ ਆਖਦਾ ਹੈ-ਹੇ ਪ੍ਰਭੂ!) ਮੇਹਰ ਕਰ (ਤੇਰੀ ਮੇਹਰ ਨਾਲ ਹੀ ਤੇਰੇ) ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਹੋ ਸਕੀਦਾ ਹੈ ॥੨॥
ਹੇ (ਮੇਰੇ) ਮਨ! ਜਿਸ ਪਰਮਾਤਮਾ ਦੇ ਹੱਥ ਵਿਚ (ਸਾਡੀ) ਹਰੇਕ (ਜੀਵਨ-) ਜੁਗਤਿ ਹੈ, ਉਸ ਦਾ ਨਾਮ ਸਿਮਰਨਾ ਚਾਹੀਦਾ ਹੈ।
ਹੇ ਨਾਨਕ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ, (ਇਹੀ ਧਨ) ਸਾਡੇ ਨਾਲ ਸਾਥ ਕਰਦਾ ਹੈ ॥੩॥
ਛੰਤੁ।
ਹੇ ਭਾਈ! ਸਿਰਫ਼ ਪਰਮਾਤਮਾ ਹੀ (ਸਦਾ ਨਾਲ ਨਿਭਣ ਵਾਲਾ) ਸਾਥੀ ਹੈ, ਉਸ ਤੋਂ ਬਿਨਾ ਹੋਰ ਕੋਈ (ਸਾਥੀ) ਨਹੀਂ।
ਉਹੀ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਹਰੇਕ ਥਾਂ ਵਿਚ ਵੱਸ ਰਿਹਾ ਹੈ।
ਹੇ ਭਾਈ! ਉਹ ਮਾਲਕ-ਪ੍ਰਭੂ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪ ਰਿਹਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।
ਉਸ ਗੋਪਾਲ ਗੋਬਿੰਦ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਉਸ ਦੇ ਗੁਣ ਬੇਅੰਤ ਹਨ, ਮੈਂ ਉਸ ਦੇ ਗੁਣ ਕੀਹ ਗਿਣ ਸਕਦਾ ਹਾਂ?
ਹੇ ਭਾਈ! ਉਸ ਮਾਲਕ ਦੀ ਸਰਨ ਪਿਆ ਰਹੁ, ਉਹ ਹੀ ਸਾਰੇ ਸੁਖ ਅਪੜਾਣ ਵਾਲਾ ਹੈ। ਉਸ ਤੋਂ ਬਿਨਾ (ਅਸਾਂ ਜੀਵਾਂ ਦਾ) ਹੋਰ ਕੋਈ (ਸਹਾਰਾ) ਨਹੀਂ ਹੈ।
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਜਿਸ ਉਤੇ ਤੂੰ ਮੇਹਰ ਕਰਦਾ ਹੈਂ, ਉਸ ਨੂੰ ਤੇਰਾ ਨਾਮ ਹਾਸਲ ਹੋ ਜਾਂਦਾ ਹੈ ॥੩॥