(ਹੇ ਸਤਸੰਗੀ ਮਿਤ੍ਰ! ਆਉ ਰਲ ਕੇ ਅਸੀ) ਪਰਮਾਤਮਾ ਦੇ ਗੁਣਾਂ ਵਾਲੀ ਬਾਣੀ ਪੜ੍ਹੀਏ ਤੇ ਵਿਚਾਰੀਏ,
ਪਰਮਾਤਮਾ ਦੇ ਨਾਮ ਦੀ ਕਥਾ ਹੀ ਸਦਾ ਸੁਣਾ ਸੁਣਦੇ ਰਹੀਏ।
ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ (ਸਿਫ਼ਤ-ਸਾਲਾਹ) ਦੇ ਗੁਣ ਗਾ ਕੇ ਇਸ ਜਗਤ ਤੋਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ (ਸਿਫ਼ਤ-ਸਾਲਾਹ ਤੋਂ ਬਿਨਾ) ਜਿਸ ਤੋਂ ਪਾਰ ਲੰਘਣਾ ਬਹੁਤਾ ਔਖਾ ਹੈ ॥੧॥
ਹੇ ਸਤਸੰਗੀ ਮਿਤ੍ਰ! ਆਉ, ਪਰਮਾਤਮਾ (ਦੀ ਪ੍ਰਾਪਤੀ) ਵਾਲਾ ਸਤਸੰਗ ਬਣਾਈਏ।
ਜੇਹੜਾ ਗੁਰਮੁਖਿ ਮੈਨੂੰ ਮੇਰੇ ਪ੍ਰੀਤਮ-ਪ੍ਰਭੂ ਦਾ ਸੁਨੇਹਾ ਦੇਵੇ,
ਮੈਨੂੰ ਪਰਮਾਤਮਾ (ਦਾ ਥਹੁ-ਪਤਾ) ਦੱਸੇ ਉਹੀ ਮੇਰਾ ਮਿਤ੍ਰ ਹੈ ਮੇਰਾ ਸਾਥੀ ਹੈ, ਮੇਰਾ ਸੱਜਣ ਹੈ ਮੇਰਾ ਭਰਾ ਹੈ ॥੨॥
(ਹੇ ਸਤਸੰਗੀ ਮਿਤ੍ਰ!) ਪਰਮਾਤਮਾ (ਦਾ ਰੂਪ) ਪੂਰਾ ਗੁਰੂ (ਹੀ) ਮੇਰੀ ਪੀੜਾ ਜਾਣਦਾ ਹੈ
ਕਿ ਪਰਮਾਤਮਾ ਦਾ ਨਾਮ ਉਚਾਰਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆ ਸਕਦੀ।
(ਇਸ ਵਾਸਤੇ ਮੈਂ ਗੁਰੂ ਅੱਗੇ ਹੀ ਬੇਨਤੀ ਕਰਦਾ ਹਾਂ ਤੇ ਆਖਦਾ ਹਾਂ-) ਹੇ ਪੂਰੇ ਸਤਿਗੁਰੂ! ਮੈਨੂੰ (ਆਪਣਾ) ਉਪਦੇਸ਼ ਦੇਹ (ਇਹੀ) ਦਵਾਈ (ਹੈ ਜੋ ਮੇਰੀ ਬੇਦਨ ਦੂਰ ਕਰ ਸਕਦਾ ਹੈ)। ਹੇ ਪੂਰੇ ਸਤਿਗੁਰੂ! ਮੈਨੂੰ ਪਰਮਾਤਮਾ ਦੇ ਨਾਮ ਵਿਚ (ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੩॥
ਹੇ ਦਾਸ ਨਾਨਕ! (ਆਖ-) ਅਸੀਂ ਨਿਮਾਣੇ ਚਾਤ੍ਰਿਕ ਹਾਂ ਤੇ ਗੁਰੂ ਦੀ ਸਰਨ ਆਏ ਹਾਂ।
(ਗੁਰੂ ਦੀ ਕਿਰਪਾ ਨਾਲ ਅਸਾਂ) ਪਰਮਾਤਮਾ ਦਾ ਨਾਮ ਮੂੰਹ ਵਿਚ ਪਾਇਆ ਹੈ (ਜਿਵੇਂ ਚਾਤ੍ਰਿਕ ਸ੍ਵਾਂਤੀ) ਬੂੰਦ (ਮੂੰਹ ਵਿਚ ਪਾਂਦਾ ਹੈ)।
ਪਰਮਾਤਮਾ ਪਾਣੀ ਦਾ ਸਮੁੰਦਰ ਹੈ, ਅਸੀਂ ਉਸ ਪਾਣੀ ਦੀਆਂ ਮੱਛੀਆਂ ਹਾਂ, ਉਸ ਨਾਮ-ਜਲ ਤੋਂ ਬਿਨਾ ਆਤਮਕ ਮੌਤ ਆ ਜਾਂਦੀ ਹੈ (ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ) ॥੪॥੩॥
ਹੇ ਹਰੀ ਜਨੋ! ਹੇ ਸੰਤ ਜਨੋ! ਹੇ ਮੇਰੇ ਭਰਾਵੋ! (ਮੈਨੂੰ) ਮਿਲੋ,
ਮੈਨੂੰ ਮੇਰੇ ਹਰੀ ਪਰਮਾਤਮਾ ਦੀ ਦੱਸ ਪਾਵੋ, ਮੈਨੂੰ (ਉਸ ਦੇ ਦੀਦਾਰ ਦੀ) ਭੁੱਖ ਲੱਗੀ ਹੋਈ ਹੈ।
ਹੇ ਜਗਤ ਦੇ ਜੀਵਨ ਪ੍ਰਭੂ! ਹੇ ਦਾਤਾਰ! ਹੇ ਹਰੀ! ਮੇਰੀ ਇਹ ਸਰਧਾ ਪੂਰੀ ਕਰ ਕਿ ਤੇਰੇ ਦੀਦਾਰ ਵਿਚ ਲੀਨ ਹੋ ਕੇ ਮੇਰਾ ਮਨ (ਤੇਰੇ ਨਾਮ-ਅੰਮ੍ਰਿਤ ਨਾਲ) ਤਰੋ-ਤਰ ਹੋ ਜਾਏ ॥੧॥
(ਮੇਰਾ ਮਨ ਲੋਚਦਾ ਹੈ ਕਿ) ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਾਂ।
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਮੇਰੇ ਮਨ ਵਿਚ ਪਿਆਰੀਆਂ ਲੱਗ ਰਹੀਆਂ ਹਨ।
ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ-ਜਲ ਮੇਰੇ ਮਨ ਵਿਚ ਚੰਗਾ ਲਗ ਰਿਹਾ ਹੈ। ਇਹ ਨਾਮ-ਜਲ ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ ॥੨॥
ਵੱਡੇ ਭਾਗਾਂ ਵਾਲੇ ਮਨੁੱਖ ਪ੍ਰਭੂ ਦਾ ਮਿਲਾਪ ਕਰਾਣ ਵਾਲੀ ਸਾਧ ਸੰਗਤਿ ਪ੍ਰਾਪਤ ਕਰਦੇ ਹਨ।
ਪਰ ਨਿਭਾਗੇ ਬੰਦੇ ਭਟਕਣਾ ਪੈ ਕੇ ਚੋਟਾਂ ਖਾਂਦੇ ਹਨ (ਵਿਕਾਰਾਂ ਦੀਆਂ ਸੱਟਾਂ ਸਹਾਰਦੇ ਹਨ)।
ਚੰਗੀ ਕਿਸਮਤ ਤੋਂ ਬਿਨਾ ਸਾਧ ਸੰਗਤਿ ਨਹੀਂ ਮਿਲਦੀ। ਸਾਧ ਸੰਗਤਿ ਤੋਂ ਬਿਨਾ (ਮਨੁੱਖ ਦਾ ਮਨ ਵਿਕਾਰਾਂ ਦੀ) ਮੈਲ ਨਾਲ ਲਿਬੜਿਆ ਰਹਿੰਦਾ ਹੈ ॥੩॥
ਹੇ ਜਗਤ ਨੂੰ ਜੀਵਨ ਦੇਣ ਵਾਲੇ ਪਿਆਰੇ ਪ੍ਰਭੂ! ਆ ਕੇ ਮੈਨੂੰ ਮਿਲ।
ਹੇ ਹਰੀ! ਆਪਣੇ ਮਨ ਵਿਚ ਦਇਆ ਧਾਰ ਕੇ ਮੈਨੂੰ ਆਪਣਾ ਨਾਮ ਦੇਹ।
ਹੇ ਦਾਸ ਨਾਨਕ! (ਆਖ-) ਗੁਰੂ ਦੀ ਮਤਿ ਦੀ ਬਰਕਤਿ ਨਾਲ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਪਿਆਰਾ ਲੱਗਦਾ ਹੈ, ਉਸ ਦਾ ਮਨ (ਸਦਾ) ਨਾਮ ਵਿਚ ਹੀ ਭਿੱਜਿਆ ਰਹਿੰਦਾ ਹੈ ॥੪॥੪॥
ਮੈਂ ਗੁਰੂ ਦੀ ਦਿੱਤੀ ਹੋਈ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਕਰ ਲਈ ਹੈ, ਮੈਨੂੰ ਪਰਮਾਤਮਾ ਦਾ ਨਾਮ-ਰਸ ਮਿਲ ਗਿਆ ਹੈ।
ਮੇਰਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਗਿਆ ਹੈ, ਮੈਨੂੰ (ਗੁਰੂ ਨੇ) ਪਰਮਾਤਮਾ ਦਾ ਨਾਮ-ਰਸ ਪਿਲਾ ਦਿੱਤਾ ਹੈ।
(ਹੁਣ) ਮੈਂ ਸਦਾ ਪਰਮਾਤਮਾ ਦਾ ਨਾਮ ਮੂੰਹ ਨਾਲ ਉਚਾਰਦਾ ਰਹਿੰਦਾ ਹਾਂ, ਪਰਮਾਤਮਾ ਦੇ ਨਾਮ-ਰਸ ਵਿਚ ਮੇਰਾ ਮਨ ਉਛਲ ਉਛਲ ਪੈਂਦਾ ਹੈ ॥੧॥
ਹੇ ਸੰਤ ਜਨੋ! ਆਵੋ, ਮੈਨੂੰ ਆਪਣੇ ਗਲ ਨਾਲ ਲਾ ਲਵੋ,
ਤੇ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਵੋ।
ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਮਿਲੋ। ਜੇਹੜਾ ਕੋਈ ਸਤਿਗੁਰੂ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ (ਤੇ ਮੈਨੂੰ ਸੁਣਾਂਦਾ ਹੈਂ) ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਹਾਂ ॥੨॥
ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ,
ਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿਚ ਪਾ ਦਿੱਤਾ ਹੈ।
ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
ਦਇਆ ਦੇ ਘਰ ਪ੍ਰਭੂ ਨੇ ਜਿਸ ਮਨੁੱਖ ਉੱਤੇ ਮਿਹਰ ਕੀਤੀ,
ਉਸ ਨੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਮਾਇਆ ਦੀ ਮੈਲ ਸਾਰੀ ਹੀ ਦੂਰੀ ਕਰ ਲਈ।
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ (ਆਪਣੇ) ਸਰੀਰ-ਹੱਟ ਵਿਚ ਹੀ ਸਰੀਰ-ਸ਼ਹਰ ਵਿਚ ਹੀ (ਟਿਕ ਕੇ) ਪਰਮਾਤਮਾ ਦੇ ਨਾਮ ਦਾ ਸੌਦਾ ਖ਼ਰੀਦਦੇ ਹਨ ॥੪॥੫॥
(ਮੇਰੀ ਅਰਦਾਸਿ ਹੈ ਕਿ) ਮੈਂ ਗੋਬਿੰਦ ਦੇ ਗੁਣ ਗਾਵਾਂ, ਮੈਂ ਹਰੀ ਦਾ ਨਾਮ ਸਿਮਰਾਂ,
ਤੇ ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਵਾਂ।
ਹੇ ਹਰੀ! ਹੇ ਪ੍ਰਭੂ! ਹੇ ਅਪਹੁੰਚ (ਪ੍ਰਭੂ)! ਹੇ ਅਗੋਚਰ (ਪ੍ਰਭੂ)! ਹੇ ਸੁਆਮੀ! (ਜੇ ਤੇਰੀ ਮਿਹਰ ਹੋਵੇ ਤਾਂ) ਸਤਿਗੁਰੂ ਨੂੰ ਮਿਲ ਕੇ ਤੇਰੇ ਨਾਮ ਦਾ ਆਨੰਦ ਮਾਣਿਆ ਜਾ ਸਕਦਾ ਹੈ ॥੧॥