ਹੇ ਗੁਰੂ! ਤੇਰੀ ਹੀ ਕ੍ਰਿਪਾ ਨਾਲ ਉੱਚੀ ਪਦਵੀ ਮਿਲਦੀ ਹੈ, ਅਤੇ ਸਤਸੰਗ ਵਿਚ ਮਨ ਜੁੜ ਜਾਂਦਾ ਹੈ।
ਹੇ ਗੁਰੂ! ਤੂੰ ਧੰਨ ਹੈਂ, ਇਹ ਰਚਨਾ ਤੇਰੀ ਹੀ ਹੈ; (ਤੱਤਾਂ ਦਾ) ਮੇਲ (ਕਰ ਕੇ) ਤੂੰ ਇਹ ਤਮਾਸ਼ਾ ਤੇ ਖੇਲ ਰਚਾ ਦਿੱਤਾ ਹੈ ॥੩॥੧੩॥੪੨॥
ਜੋ ਅਕਾਲ ਪੁਰਖ ਅਪਹੁੰਚ ਹੈ, ਅਨੰਤ ਹੈ, ਅਨਾਦਿ ਹੈ, ਜਿਸ ਦਾ ਮੁੱਢ ਕੋਈ ਨਹੀਂ ਜਾਣਦਾ,
ਜਿਸ ਦਾ ਧਿਆਨ ਸਦਾ ਸ਼ਿਵ ਤੇ ਬ੍ਰਹਮਾ ਧਰ ਰਹੇ ਹਨ ਤੇ ਜਿਸ ਦੇ (ਗੁਣਾਂ) ਨੂੰ ਵੇਦ ਵਰਣਨ ਕਰ ਰਿਹਾ ਹੈ।
ਉਹ ਅਕਾਲ ਪੁਰਖ ਅਕਾਰ-ਰਹਿਤ ਹੈ, ਵੈਰ-ਰਹਿਤ ਹੈ, ਕੋਈ ਹੋਰ ਉਸ ਦੇ ਸਮਾਨ ਨਹੀਂ ਹੈ,
ਉਹ ਜੀਵਾਂ ਨੂੰ ਪੈਦਾ ਕਰਨ ਤੇ ਮਾਰਨ ਦੀ ਤਾਕਤ ਰੱਖਣ ਵਾਲਾ ਹੈ, ਉਹ ਪ੍ਰਭੂ (ਜੀਵਾਂ ਨੂੰ ਸੰਸਾਰ-ਸਾਗਰ ਤੋਂ) ਤਾਰਣ ਲਈ ਜਹਾਜ਼ ਹੈ।
ਜਿਸ ਅਕਾਲ ਪੁਰਖ ਨੇ ਕਈ ਤਰ੍ਹਾਂ ਦਾ ਜਗਤ ਰਚਿਆ ਹੈ, ਉਸ ਨੂੰ ਦਾਸ ਮਥੁਰਾ ਜੀਭ ਨਾਲ ਜਪਦਾ ਹੈ।
ਉਹੀ ਸਤਿਨਾਮੁ ਕਰਤਾ ਪੁਰਖ ਗੁਰੂ ਰਾਮਦਾਸ ਜੀ ਦੇ ਹਿਰਦੇ ਵਿਚ ਵੱਸਦਾ ਹੈ ॥੧॥
ਅਡੋਲ ਬੁੱਧ ਤੇ ਉੱਚੀ ਮੱਤ ਪ੍ਰਾਪਤ ਕਰਨ ਲਈ ਮੈਂ ਉਸ (ਗੁਰੂ) ਦੀ ਸਰਨ ਲਈ ਹੈ,
ਜਿਸ ਸਮਰੱਥ ਗੁਰੂ ਦਾ ਧਰਮ ਦਾ ਝੰਡਾ ਸਦਾ ਝੁੱਲ ਰਿਹਾ ਹੈ। ਪਾਪਾਂ ਦੇ ਪੁੰਜ ਤੇ ਤਰੰਗ (ਆਪਣੇ ਅੰਦਰੋਂ) ਦੂਰ ਕਰਨ ਲਈ (ਮੈਂ ਗੁਰੂ ਦੀ ਸ਼ਰਨ ਲਈ ਹੈ)।
ਦਾਸ ਮਥੁਰਾ ਨੇ ਹਿਰਦੇ ਵਿਚ ਸੋਚ-ਸਮਝ ਕੇ ਇਹ ਸੱਚ ਆਖਿਆ ਹੈ, ਇਸ ਤੋਂ ਬਿਨਾ ਕੋਈ ਹੋਰ ਵਿਚਾਰਨ-ਜੋਗ ਗੱਲ ਨਹੀਂ ਹੈ,
ਕਿ ਸੰਸਾਰ-ਸਾਗਰ ਤੋਂ ਪਾਰ ਉਤਾਰਨ ਲਈ ਹਰੀ ਦਾ ਨਾਮ ਹੀ ਕਲਜੁਗ ਵਿਚ ਵੱਡਾ ਜਹਾਜ਼ ਹੈ (ਅਤੇ ਉਹ ਨਾਮ ਸਮਰੱਥ ਗੁਰੂ ਤੋਂ ਮਿਲਦਾ ਹੈ) ॥੨॥
(ਜਿਨ੍ਹਾਂ ਮਨੁੱਖਾਂ ਨੇ ਇਸ ਵਿਚ) ਬ੍ਰਿਤੀ ਜੋੜੀ ਹੈ ਅਤੇ (ਜੋ) ਸਦਾ ਇੱਕ ਰਸ ਸਤਸੰਗ ਵਿਚ (ਜੁੜ ਕੇ) ਸੋਹਣੇ ਰੰਗ ਵਿਚ ਰੰਗੀਜ ਕੇ ਹਰੀ ਦਾ ਜਸ ਗਾਉਂਦੇ ਹਨ,
(ਉਹ ਕਿਸੇ ਹੋਰ ਪਾਸੇ) ਭਟਕਦੇ ਨਹੀਂ ਫਿਰਦੇ। (ਇਹ ਸਤਿਗੁਰੂ ਵਾਲਾ) ਧਰਮ ਦਾ ਰਾਹ ਧਰਤੀ-ਦੇ-ਆਸਰੇ ਹਰੀ ਨੇ ਆਪ ਚਲਾਇਆ ਹੈ।
ਹੇ ਮਥੁਰਾ! ਜੋ ਮਨੁੱਖ ਗੁਰੂ (ਰਾਮਦਾਸ ਜੀ) ਦੇ ਚਰਨਾਂ ਵਿਚ ਮਨ ਜੋੜਦੇ ਹਨ, ਉਹਨਾਂ ਦੇ ਭਾਗ ਚੰਗੇ ਹਨ, ਉਹ ਮਨ-ਭਾਉਂਦੇ ਫਲ ਪਾਂਦੇ ਹਨ।
ਉਹਨਾਂ ਨੂੰ ਧਰਮ ਰਾਜ ਦਾ ਡਰ ਕਿਥੇ ਰਹਿੰਦਾ ਹੈ? (ਬਿਲਕੁਲ ਨਹੀਂ ਰਹਿੰਦਾ) ॥੩॥
(ਗੁਰੂ ਰਾਮਦਾਸ ਇਕ ਐਸਾ ਸਰੋਵਰ ਹੈ ਜਿਸ ਵਿਚ ਪਰਮਾਤਮਾ ਦਾ) ਪਵਿੱਤਰ ਨਾਮ-ਅੰਮ੍ਰਿਤ ਭਰਿਆ ਹੋਇਆ ਹੈ (ਉਸ ਵਿਚ) ਅੰਮ੍ਰਿਤ ਵੇਲੇ ਸ਼ਬਦ ਦੀਆਂ ਲਹਿਰਾਂ ਉੱਠਦੀਆਂ ਹਨ,
(ਇਹ ਸਰੋਵਰ) ਬੜਾ ਡੂੰਘਾ ਗੰਭੀਰ ਤੇ ਅਥਾਹ ਹੈ, ਸਦਾ ਨਕਾ-ਨਕ ਭਰਿਆ ਰਹਿੰਦਾ ਹੈ ਤੇ ਸਭ ਤਰ੍ਹਾਂ ਦੇ ਰਤਨਾਂ ਦਾ ਖ਼ਜ਼ਾਨਾ ਹੈ।
(ਉਸ ਸਰੋਵਰ ਵਿਚ) ਸੰਤ-ਹੰਸ ਕਲੋਲ ਕਰਦੇ ਹਨ, ਉਹਨਾਂ ਦਾ ਜਮਾਂ ਦਾ ਡਰ ਤੇ ਦੁੱਖਾਂ ਦਾ ਲੇਖਾ ਮਿਟ ਗਿਆ ਹੁੰਦਾ ਹੈ।
ਕਲਜੁਗ ਦੇ ਪਾਪ ਦੂਰ ਕਰਨ ਲਈ ਸਤਿਗੁਰੂ ਦਾ ਦਰਸ਼ਨ ਸਾਰੇ ਸੁਖਾਂ ਦਾ ਸਮੁੰਦਰ ਹੈ ॥੪॥
ਸਾਰੇ ਜੁਗਾਂ ਵਿਚ ਭੌਂਦਾ ਹੋਇਆ ਕੋਈ ਮੁਨੀ ਜਿਸ (ਹਰੀ) ਦੀ ਖ਼ਾਤਰ ਧਿਆਨ ਧਰਦਾ ਹੈ, ਅਤੇ ਕਦੇ ਹੀ ਉਸ ਨੂੰ ਅੰਦਰ ਦਾ ਚਾਨਣਾ ਲੱਭਦਾ ਹੈ,
ਜਿਸ ਹਰੀ ਦਾ ਜਸ ਬ੍ਰਹਮਾ ਵੇਦਾਂ ਦੀ ਬਾਣੀ ਸਮੇਤ ਗਾਉਂਦਾ ਹੈ, ਅਤੇ ਜਿਸ ਵਿਚ ਸਮਾਧੀ ਲਾ ਕੇ ਸ਼ਿਵ ਕੈਲਾਸ਼ ਪਰਬਤ ਨਹੀਂ ਛੱਡਦਾ;
ਜਿਸ (ਦਾ ਦਰਸਨ ਕਰਨ) ਦੀ ਖ਼ਾਤਰ ਅਨੇਕਾਂ ਜੋਗੀ, ਜਤੀ, ਸਿੱਧ ਤੇ ਸਾਧਿਕ ਤਪ ਕਰਦੇ ਹਨ ਅਤੇ ਜਟਾ-ਜੂਟ ਰਹਿ ਕੇ ਉਦਾਸ-ਭੇਖ ਧਾਰ ਕੇ ਫਿਰਦੇ ਹਨ,
ਉਸ (ਹਰੀ-ਰੂਪ) ਗੁਰੂ (ਅਮਰਦਾਸ ਜੀ) ਨੇ ਸਹਜ ਸੁਭਾਇ ਜੀਆਂ ਉਤੇ ਕਿਰਪਾ ਕੀਤੀ ਤੇ ਗੁਰ ਰਾਮਦਾਸ ਜੀ ਨੂੰ ਹਰੀ-ਨਾਮ ਦੀ ਵਡਿਆਈ ਬਖ਼ਸ਼ੀ ॥੫॥
(ਗੁਰੂ ਰਾਮਦਾਸ ਜੀ ਪਾਸ) ਨਾਮ-ਰੂਪ ਖ਼ਜ਼ਾਨਾ ਹੈ, (ਆਪ ਦੀ) ਅੰਤਰਮੁਖ ਬ੍ਰਿਤੀ ਹੈ, (ਆਪ ਦੇ) ਤੇਜ ਦਾ ਪੁੰਜ ਤਿੰਨਾਂ ਲੋਕਾਂ ਵਿਚ ਚਮਕ ਰਿਹਾ ਹੈ,
(ਆਪ ਦਾ) ਦਰਸ਼ਨ ਕਰ ਕੇ (ਦਰਸਨ ਕਰਨ ਵਾਲਿਆਂ ਦਾ) ਭਰਮ ਭਟਕ ਕੇ ਭੱਜ ਜਾਂਦਾ ਹੈ, ਅਤੇ (ਉਹਨਾਂ ਦੇ) ਦੁੱਖ ਦੂਰ ਹੋ ਕੇ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਦੇ ਸੁਖ ਪਰਗਟ ਹੋ ਜਾਂਦੇ ਹਨ।
ਸੇਵਕ ਤੇ ਸਿੱਖ ਸਦਾ (ਗੁਰੂ ਰਾਮਦਾਸ ਜੀ ਦੇ ਚਰਨਾਂ ਦੇ) ਆਸ਼ਿਕ ਹਨ, ਜਿਵੇਂ ਭੌਰੇ ਫੁੱਲਾਂ ਦੀ ਵਾਸ਼ਨਾ ਦੇ।
ਪ੍ਰਤੱਖ ਗੁਰੂ (ਅਮਰਦਾਸ ਜੀ) ਨੇ ਆਪ ਹੀ ਗੁਰੂ ਰਾਮਦਾਸ ਜੀ ਦਾ ਸੱਚਾ ਤਖ਼ਤ ਨਿਹਚਲ ਟਿਕਾ ਦਿੱਤਾ ਹੈ ॥੬॥