(ਹੇ ਪ੍ਰਭੂ!) ਤੂੰ ਆਪ ਹੀ (ਜਗਤ-ਰਚਨਾ ਦਾ) ਵਸੀਲਾ ਹੈਂ, ਤੂੰ ਆਪ ਹੀ ਜਗਤ ਹੈਂ (ਭਾਵ, ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ)।
ਤੇਰੇ ਹੁਕਮ ਵਿਚ ਹੀ (ਜੀਵਾਂ ਦਾ) ਜਨਮ ਹੁੰਦਾ ਹੈ, ਤੇਰੇ ਹੁਕਮ ਵਿਚ ਹੀ ਮੌਤ ਆਉਂਦੀ ਹੈ ॥੨॥
(ਹੇ ਪ੍ਰਭੂ!) ਤੇਰਾ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ।
ਨਾਨਕ ਦਾਸ ਤੇਰੀ ਬਖ਼ਸ਼ਸ (ਦਾ ਆਸਵੰਦ ਹੈ) ॥੩॥੮॥
ਰਾਗ ਵਡਹੰਸ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪਿਆਰੇ! ਮੇਰੇ ਮਨ ਵਿਚ (ਗੁਰੂ ਨੂੰ) ਮਿਲਣ ਦੀ ਤਾਂਘ ਹੈ, ਮੈਂ ਕਿਸ ਤਰ੍ਹਾਂ ਪੂਰੇ ਗੁਰੂ ਨੂੰ ਲੱਭਾਂ?
ਜੇ ਬਾਲਕ ਨੂੰ ਸੌ ਖੇਡਾਂ ਨਾਲ ਖਿਡਾਇਆ ਜਾਏ (ਪਰਚਾਇਆ ਜਾਏ), ਤਾਂ ਭੀ ਉਹ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ।
(ਤਿਵੇਂ ਹੀ) ਹੇ ਸਖੀ! ਜੇ ਮੈਨੂੰ ਸੌ ਭੋਜਨ ਭੀ ਦਿੱਤੇ ਜਾਣ, ਤਾਂ ਭੀ ਮੇਰੇ ਅੰਦਰ (ਵੱਸਦੀ ਪ੍ਰਭੂ-ਮਿਲਾਪ ਦੀ) ਭੁੱਖ ਲਹਿ ਨਹੀਂ ਸਕਦੀ।
ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ, ਤੇ (ਉਸ ਦੇ) ਦਰਸਨ ਤੋਂ ਬਿਨਾ ਮੇਰਾ ਮਨ ਸ਼ਾਂਤੀ ਨਹੀਂ ਹਾਸਲ ਕਰ ਸਕਦਾ ॥੧॥
ਹੇ ਮੇਰੇ ਸੱਜਣ! ਹੇ ਮੇਰੇ ਪਿਆਰੇ ਵੀਰ! (ਮੇਰੀ ਬੇਨਤੀ) ਸੁਣ! ਤੇ ਮੈਨੂੰ ਆਤਮਕ ਆਨੰਦ ਦੇਣ ਵਾਲਾ ਮਿਤ੍ਰ-ਗੁਰੂ ਮਿਲਾ।
ਉਹ (ਗੁਰੂ) ਮੇਰੀ ਜਿੰਦ ਦੀ ਸਾਰੀ ਪੀੜਾ ਜਾਣਦਾ ਹੈ, ਤੇ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ।
ਮੈਂ ਉਸ (ਪਰਮਾਤਮਾ) ਤੋਂ ਬਿਨਾ ਰਤਾ ਭਰ ਸਮਾ ਭੀ ਨਹੀਂ ਰਹਿ ਸਕਦਾ (ਮੇਰੀ ਹਾਲਤ ਇੰਜ ਹੈ) ਜਿਵੇਂ ਪਪੀਹਾ ਵਰਖਾ ਦੀ ਬੂੰਦ ਦੀ ਖ਼ਾਤਰ ਵਿਲਕਦਾ ਹੈ।
(ਹੇ ਪ੍ਰਭੂ!) ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਮੈਂ ਆਪਣੇ ਹਿਰਦੇ ਵਿਚ ਵਸਾਵਾਂ? ਤੂੰ ਮੈਨੂੰ ਗੁਣ-ਹੀਣ ਨੂੰ (ਸਦਾ) ਬਚਾ ਲੈਂਦਾ ਹੈਂ ॥੨॥
ਹੇ ਸਖੀ! ਮੈਂ ਪ੍ਰਭੂ-ਪਤੀ ਨੂੰ ਮਿਲਣ ਵਾਸਤੇ ਉਤਾਵਲੀ ਹੋ ਰਹੀ ਹਾਂ, ਮੈਂ ਕਦੋਂ ਉਸ ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗੀ?
ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਸਾਰੇ ਪਦਾਰਥਾਂ ਦੇ ਭੋਗ ਭੁੱਲ ਚੁੱਕੇ ਹਨ, ਇਹ ਪਦਾਰਥ ਪ੍ਰਭੂ-ਪਤੀ ਤੋਂ ਬਿਨਾ ਮੇਰੇ ਕਿਸੇ ਕੰਮ ਨਹੀਂ।
ਮੈਨੂੰ ਤਾਂ ਆਪਣੇ ਸਰੀਰ ਉੱਤੇ ਇਹ ਕੱਪੜਾ ਭੀ ਨਹੀਂ ਸੁਖਾਂਦਾ, ਤਾਹੀਏਂ ਮੈਂ ਕੋਈ ਪਹਿਰਾਵਾ ਨਹੀਂ ਕਰ ਸਕਦੀ।
ਜਿਨ੍ਹਾਂ ਸਹੇਲੀਆਂ ਨੇ ਪਿਆਰੇ ਲਾਲ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਹਨਾਂ ਅੱਗੇ ਅਰਜ਼ੋਈ ਕਰਦੀ ਹਾਂ (ਕਿ ਮੈਨੂੰ ਭੀ ਉਸ ਦੇ ਚਰਨਾਂ ਵਿਚ ਜੋੜ ਦੇਣ) ॥੩॥
ਹੇ ਸਹੇਲੀ! ਜੇ ਮੈਂ ਸਾਰੇ ਸਿੰਗਾਰ ਕਰ ਭੀ ਲਏ, ਤਾਂ ਭੀ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਇਹ ਸਿੰਗਾਰ) ਕਿਸੇ ਕੰਮ ਨਹੀਂ ਆਉਂਦੇ।
ਹੇ ਸਖੀ! ਜੇ ਪ੍ਰਭੂ-ਪਤੀ ਨੇ ਮੇਰੀ ਵਾਤ/ਹਾਲਤ ਹੀ ਨਾਂ ਪੁੱਛੀ (ਭਾਵ, ਮੇਰੇ ਵਲ ਧਿਆਨ ਹੀ ਨਾਂ ਕੀਤਾ) ਤਾਂ ਮੇਰੀ ਤਾਂ ਸਾਰੀ ਜਵਾਨੀ ਹੀ ਵਿਅਰਥ ਚਲੀ ਜਾਵੇਗੀ।
ਹੇ ਸਖੀ! ਉਹ ਸੁਹਾਗਣਾਂ ਬਹੁਤ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਹਿਰਦੇ ਵਿਚ ਖਸਮ-ਪ੍ਰਭੂ ਸਦਾ ਟਿਕਿਆ ਰਹਿੰਦਾ ਹੈ।
ਹੇ ਸਹੇਲੀ! ਮੈਂ ਉਹਨਾਂ ਸੁਹਾਗਣਾਂ ਤੋਂ ਕੁਰਬਾਨ ਹਾਂ, ਮੈਂ ਸਦਾ ਉਹਨਾਂ ਦੇ ਪੈਰ ਧੋਂਦੀ ਹਾਂ (ਧੋਣ ਨੂੰ ਤਿਆਰ ਹਾਂ) ॥੪॥
ਹੇ ਸਹੇਲੀ! ਜਿਤਨਾ ਚਿਰ ਮੈਨੂੰ ਕਿਸੇ ਹੋਰ (ਦੇ ਆਸਰੇ) ਦਾ ਭੁਲੇਖਾ ਸੀ, ਉਤਨਾ ਚਿਰ ਮੈਂ ਪ੍ਰਭੂ ਨੂੰ (ਆਪਣੇ ਤੋਂ) ਦੂਰ (-ਵੱਸਦਾ) ਜਾਣਦੀ ਰਹੀ।
ਪਰ, ਹੇ ਸਹੇਲੀ! ਜਦੋਂ ਮੈਨੂੰ ਪੂਰਾ ਗੁਰੂ ਮਿਲ ਪਿਆ, ਤਾਂ ਮੇਰੀ ਹਰੇਕ ਆਸ ਹਰੇਕ ਤਾਂਘ ਪੂਰੀ ਹੋ ਗਈ।
ਤੇ, ਹੇ ਸਖੀ! ਮੈਂ ਸਾਰੇ ਸੁਖਾਂ ਤੋਂ ਸ੍ਰੇਸ਼ਟ (ਪ੍ਰਭੂ-ਮਿਲਾਪ ਦਾ) ਸੁਖ ਪਾ ਲਿਆ ਤੇ ਮੈਨੂੰ ਉਹ ਪ੍ਰਭੂ-ਪਤੀ ਸਭਨਾਂ ਵਿਚ ਵੱਸਦਾ ਦਿੱਸ ਪਿਆ।
ਹੇ ਸਹੇਲੀ! ਦਾਸ ਨਾਨਕ ਨੇ ਗੁਰੂ ਦੀ ਚਰਨੀਂ ਲੱਗ ਕੇ ਮੈਂ ਪਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਕਰ ਲਿਆ ਹੈ ॥੫॥੧॥੯॥
ਰਾਗ ਵਡਹੰਸ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਤੇ ਹਰਿ-ਨਾਮ ਦੀ ਰੌ (ਮੇਰੇ ਅੰਦਰ) ਚੱਲ ਪਈ ਹੈ, ਹਰੀ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਮੇਰੀ ਵਿਚਾਰ (ਦਾ ਧੁਰਾ) ਬਣ ਗਿਆ ਹੈ,
ਤੇ ਮੈਂ ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਮੇਰੇ ਵੱਡੇ ਭਾਗ ਜਾਗ ਪਏ ਹਨ ॥੧॥
ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਤੋਂ ਸਦਕੇ ਜਾਇਆ ਕਰ।
ਪਰ ਇਹ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਤੂੰ ਤਦੋਂ ਹੀ ਹਾਸਲ ਕਰ ਸਕੇਂਗਾ, ਜੇ ਤੂੰ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣਿਆ ਰਹੇਂਗਾ ॥੧॥ ਰਹਾਉ ॥