ਰਾਗ ਗੂਜਰੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਮਨ! ਤੂੰ (ਉਸ ਰਿਜ਼ਕ ਦੀ ਖ਼ਾਤਰ) ਕਿਉਂ ਸੋਚਾਂ ਸੋਚਦਾ ਰਹਿੰਦਾ ਹੈਂ ਜੇਹੜਾ (ਰਿਜ਼ਕ ਅਪੜਾਣ ਦੇ) ਆਹਰ ਵਿਚ ਪਰਮਾਤਮਾ ਆਪ ਲੱਗਾ ਪਿਆ ਹੈ।
(ਵੇਖ,) ਪਹਾੜਾਂ ਦੇ ਪੱਥਰਾਂ ਵਿਚ (ਪਰਮਾਤਮਾ ਨੇ) ਜੀਵ ਪੈਦਾ ਕੀਤੇ ਹੋਏ ਹਨ ਉਹਨਾਂ ਦਾ ਰਿਜ਼ਕ ਉਸ ਨੇ ਪਹਿਲਾਂ ਹੀ ਤਿਆਰ ਕਰ ਕੇ ਰੱਖ ਦਿੱਤਾ ਹੁੰਦਾ ਹੈ ॥੧॥
ਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਤੇਰੀ ਸਾਧ ਸੰਗਤਿ ਵਿਚ ਮਿਲਦੇ ਹਨ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।
ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਇਉਂ ਹਰੇ (ਆਤਮਕ ਜੀਵਨ ਵਾਲੇ) ਹੋ ਜਾਂਦੇ ਹਨ ਜਿਵੇਂ ਕੋਈ ਸੁੱਕੇ ਰੁੱਖ ਹਰੇ ਹੋ ਜਾਣ ॥੧॥ ਰਹਾਉ ॥
ਹੇ ਮਨ! ਮਾਂ, ਪਿਉ, ਹੋਰ ਲੋਕ, ਪੁੱਤਰ, ਇਸਤ੍ਰੀ-ਇਹਨਾਂ ਵਿਚੋਂ ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ।
ਪਰਮਾਤਮਾ ਆਪ ਹਰੇਕ ਜੀਵ ਵਾਸਤੇ ਰਿਜ਼ਕ ਅਪੜਾਂਦਾ ਹੈ। ਹੇ ਮਨ! ਤੂੰ (ਰਿਜ਼ਕ ਵਾਸਤੇ) ਕਿਉਂ ਸਹਮ ਕਰਦਾ ਹੈਂ? ॥੨॥
(ਹੇ ਮਨ! ਵੇਖ, ਕੂੰਜ) ਉੱਡਦੀ ਹੈ, ਤੇ ਉੱਡ ਕੇ (ਆਪਣੇ ਆਲ੍ਹਣੇ ਤੋਂ) ਸੈਂਕੜੇ ਕੋਹ (ਦੂਰ) ਆ ਜਾਂਦੀ ਹੈ, ਉਸ ਦੇ ਬੱਚੇ ਉਸ ਦੇ ਪਿੱਛੇ ਇਕੱਲੇ ਪਏ ਰਹਿੰਦੇ ਹਨ।
(ਦੱਸ,) ਉਹਨਾਂ ਬੱਚਿਆਂ ਨੂੰ ਕੌਣ (ਚੋਗਾ) ਖਵਾਂਦਾ ਹੈ? ਕੌਣ ਚੋਗਾ ਚੁਗਾਂਦਾ ਹੈ? (ਕੂੰਜ) ਆਪਣੇ ਮਨ ਵਿਚ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੈ (ਪਰਮਾਤਮਾ ਦੀ ਕੁਦਰਤਿ! ਇਸ ਯਾਦ ਨਾਲ ਹੀ ਉਹ ਬੱਚੇ ਪਲਦੇ ਰਹਿੰਦੇ ਹਨ) ॥੩॥
(ਹੇ ਮਨ! ਦੁਨੀਆ ਦੇ) ਸਾਰੇ ਖ਼ਜ਼ਾਨੇ, ਅਠਾਰਾਂ ਸਿੱਧੀਆਂ (ਕਰਾਮਾਤੀ ਤਾਕਤਾਂ)-ਇਹ ਸਭ ਪਰਮਾਤਮਾ ਦੇ ਹੱਥਾਂ ਦੀਆਂ ਤਲੀਆਂ ਉਤੇ ਟਿਕੇ ਰਹਿੰਦੇ ਹਨ।
ਹੇ ਨਾਨਕ! ਉਸ ਪਰਮਾਤਮਾ ਤੋਂ ਸਦਕੇ ਸਦਾ ਕੁਰਬਾਨ ਹੁੰਦੇ ਰਹਿਣਾ ਚਾਹੀਦਾ ਹੈ (ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ!) ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੪॥੧॥
ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਦੁਨੀਆਦਾਰ ਮਨੁੱਖ ਕਰਮ-ਕਾਂਡ ਕਰਦੇ ਹਨ, (ਇਸ਼ਨਾਨ, ਸੰਧਿਆ ਆਦਿਕ) ਛੇ (ਪ੍ਰਸਿੱਧ ਮਿਥੇ ਹੋਏ ਧਾਰਮਿਕ) ਕਰਮ ਕਮਾਂਦੇ ਹਨ, ਇਹਨਾਂ ਕੰਮਾਂ ਵਿਚ ਹੀ ਇਹ ਲੋਕ ਪਰਚੇ ਰਹਿੰਦੇ ਹਨ।
ਪਰ ਇਹਨਾਂ ਦੇ ਮਨ ਵਿਚ ਟਿਕੀ ਹੋਈ ਹਉਮੈ ਦੀ ਮੈਲ (ਇਹਨਾਂ ਕੰਮਾਂ ਨਾਲ) ਨਹੀਂ ਉਤਰਦੀ। ਗੁਰੂ ਦੀ ਸਰਨ ਪੈਣ ਤੋਂ ਬਿਨਾ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ॥੧॥
ਹੇ ਮੇਰੇ ਮਾਲਕ-ਪ੍ਰਭੂ! ਕਿਰਪਾ ਕਰ ਕੇ ਮੈਨੂੰ (ਦੁਰਮਤਿ ਤੋਂ) ਬਚਾਈ ਰੱਖ।
(ਮੈਂ ਵੇਖਦਾ ਹਾਂ ਕਿ) ਕ੍ਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਮਨੁੱਖ (ਤੇਰਾ ਸੱਚਾ) ਭਗਤ ਹੈ (ਦੁਰਮਤਿ ਦੇ ਕਾਰਨ) ਹੋਰ ਸਾਰੇ ਮਤਲਬੀ ਹੀ ਹਨ (ਆਪਣੇ ਮਤਲਬ ਦੀ ਖ਼ਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰ ਰਹੇ ਹਨ) ॥੧॥ ਰਹਾਉ ॥
ਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ,
ਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ। ਤੁਸੀ ਭੀ ਬੇ-ਸ਼ੱਕ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ) ॥੨॥
ਲੋਕ ਅਠਾਹਠ ਤੀਰਥਾਂ ਦੇ ਇਸ਼ਨਾਨ ਕਰ ਕੇ, ਤੇ, ਸਾਰੀ ਧਰਤੀ ਤੇ ਭੌਂ ਕੇ ਆ ਜਾਂਦੇ ਹਨ,
ਦਿਨ ਰਾਤ ਹੋਰ ਭੀ ਅਨੇਕਾਂ ਸਰੀਰਕ ਪਵਿਤ੍ਰਤਾ ਦੇ ਸਾਧਨ ਕਰਦੇ ਹਨ। ਪਰ, ਗੁਰੂ ਤੋਂ ਬਿਨਾ ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ ॥੩॥
ਹੇ ਨਾਨਕ! (ਆਖ-) ਭੌਂ ਭੌਂ ਕੇ ਸਾਰੇ ਜਗਤ ਵਿਚ ਭੌਂ ਕੇ ਜੇਹੜੇ ਮਨੁੱਖ ਆਖ਼ਰ ਪਰਮਾਤਮਾ ਦੇ ਦਰ ਤੇ ਆ ਡਿੱਗਦੇ ਹਨ,
ਪਰਮਾਤਮਾ ਉਹਨਾਂ ਦੇ ਅੰਦਰੋਂ ਦੁਰਮਤਿ ਮਿਟਾ ਕੇ ਉਹਨਾਂ ਦੇ ਮਨ ਵਿਚ ਸੁਚੱਜੀ ਅਕਲ ਦਾ ਪਰਕਾਸ਼ ਕਰ ਦੇਂਦਾ ਹੈ, ਗੁਰੂ ਦੀ ਸਰਨ ਪਾ ਕੇ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੪॥੧॥੨॥
ਹੇ ਮਾਂ! ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਵਾਸਤੇ ਦੇਵ-ਪੂਜਾ ਲਈ ਖ਼ਾਸ ਮੰਤ੍ਰਾਂ ਦਾ) ਜਾਪ ਹੈ, ਹਰਿ-ਨਾਮ ਧਨ ਹੀ (ਮੇਰੇ ਵਾਸਤੇ) ਧੂਣੀਆਂ ਦਾ ਤਪਾਣਾ ਹੈ; ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਆਤਮਕ ਜੀਵਨ ਲਈ) ਖ਼ੁਰਾਕ ਹੈ, ਤੇ, ਇਹ ਖ਼ੁਰਾਕ ਮੈਨੂੰ ਚੰਗੀ ਲੱਗੀ ਹੈ।
ਹੇ ਮਾਂ! ਅੱਖ ਝਮਕਣ ਜਿਤਨੇ ਸਮੇ ਲਈ ਭੀ ਮੈਂ ਆਪਣੇ ਮਨ ਤੋਂ ਨਹੀਂ ਭੁਲਾਂਦਾ, ਮੈਂ ਇਹ ਧਨ ਸਾਧ ਸੰਗਤਿ ਵਿਚ (ਰਹਿ ਕੇ) ਲੱਭਾ ਹੈ ॥੧॥
ਹੇ ਮਾਂ! (ਕਿਸੇ ਮਾਂ ਦਾ ਉਹ) ਪੁੱਤਰ ਖੱਟ ਕੇ ਘਰ ਆਇਆ ਸਮਝ,
ਜੇਹੜਾ ਤੁਰਦਿਆਂ ਬੈਠਿਆਂ ਜਾਗਦਿਆਂ ਸੁੱਤਿਆਂ ਹਰ ਵੇਲੇ ਹਰਿ-ਨਾਮ-ਧਨ ਦਾ ਹੀ ਵਪਾਰ ਕਰਦਾ ਹੈ ॥੧॥ ਰਹਾਉ ॥
ਹੇ ਮਾਂ! ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ-ਧਨ ਨੂੰ ਹੀ ਤੀਰਥ-ਇਸ਼ਨਾਨ ਸਮਝਿਆ ਹੈ ਨਾਮ-ਧਨ ਨੂੰ ਹੀ ਸ਼ਾਸਤ੍ਰ ਆਦਿਕਾਂ ਦੀ ਵਿਚਾਰ ਮਿਥਿਆ ਹੈ, ਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਹੀ ਸੁਰਤਿ ਜੋੜਦਾ ਹੈ (ਇਸੇ ਨੂੰ ਸਮਾਧੀ ਲਾਣੀ ਸਮਝਦਾ ਹੈ।)
ਜਿਸ ਮਨੁੱਖ ਨੇ ਸੰਸਾਰ-ਨਦੀ ਤੋਂ ਪਾਰ ਲੰਘਣ ਲਈ ਹਰਿ-ਨਾਮ-ਧਨ ਨੂੰ ਤੁਲਹਾ ਬਣਾ ਲਿਆ ਹੈ, ਬੇੜੀ ਬਣਾ ਲਿਆ ਹੈ, ਪਰਮਾਤਮਾ ਉਸ ਨੂੰ ਸੰਸਾਰ-ਸਮੁੰਦਰ ਤੋਂ ਤਾਰ ਕੇ ਪਾਰਲੇ ਪਾਸੇ ਅਪੜਾ ਦੇਂਦਾ ਹੈ ॥੨॥