(ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿਚ ਵਿਕਾਰਾਂ ਤੋਂ ਬਚ ਨਿਕਲਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ ॥੪॥੩॥੫੦॥
ਹੇ ਭਾਈ! ਉਹ ਸੰਤ ਜਨ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ। ਜੋ ਕੁਝ ਪਰਮਾਤਮਾ ਕਰਦਾ ਹੈ, ਉਸ ਨੂੰ ਉਹ ਪਰਮਾਤਮਾ ਦਾ ਕੀਤਾ ਹੀ ਮੰਨਦੇ ਹਨ।
ਹੇ ਭਾਈ! ਜਿਨ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾ ਲਈ, ਉਹਨਾਂ ਦੀ ਵਡਿਆਈ ਸਭ ਥਾਵਾਂ ਵਿਚ (ਖਿੱਲਰ ਜਾਂਦੀ ਹੈ) ॥੧॥
ਹੇ ਮੇਰੇ ਪ੍ਰਭੂ! ਤੇਰੇ ਸੰਤਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
ਹੇ ਭਾਈ! ਸੰਤ ਜਨਾਂ ਦੀ ਪਰਮਾਤਮਾ ਨਾਲ ਡੂੰਘੀ ਪ੍ਰੀਤ ਬਣੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ ॥੧॥ ਰਹਾਉ ॥
ਹੇ ਭਾਈ! ਕ੍ਰੋੜਾਂ ਅਪਰਾਧ ਕਰਨ ਵਾਲਾ ਮਨੁੱਖ ਭੀ ਸੰਤ ਦੀ ਸੰਗਤਿ ਵਿਚ (ਟਿਕ ਕੇ) ਵਿਕਾਰਾਂ ਤੋਂ ਬਚ ਜਾਂਦਾ ਹੈ, (ਫਿਰ) ਜਮ ਉਸ ਦੇ ਨੇੜੇ ਨਹੀਂ ਆਉਂਦਾ।
ਜੇ ਕੋਈ ਮਨੁੱਖ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੁੜਿਆ ਹੋਵੇ-ਸੰਤ ਅਜੇਹੇ ਅਨੇਕਾਂ ਮਨੁੱਖਾਂ ਨੂੰ ਲਿਆ ਕੇ ਪਰਮਾਤਮਾ ਨਾਲ ਮਿਲਾ ਦੇਂਦਾ ਹੈ ॥੨॥
ਹੇ ਭਾਈ! ਜੇਹੜਾ ਭੀ ਮਨੁੱਖ ਸੰਤ ਦੀ ਸਰਨ ਆ ਪੈਂਦਾ ਹੈ, ਸੰਤ ਉਸ ਦੇ ਅੰਦਰੋਂ ਮਾਇਆ ਦਾ ਮੋਹ, ਭਟਕਣਾ, ਡਰ ਦੂਰ ਕਰ ਦੇਂਦਾ ਹੈ।
ਮਨੁੱਖ ਜਿਹੋ ਜਿਹੀ ਵਾਸਨਾ ਧਾਰ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਉਹੀ ਫ਼ਲ ਸੰਤ ਜਨਾਂ ਤੋਂ ਪ੍ਰਾਪਤ ਕਰ ਲੈਂਦਾ ਹੈ ॥੩॥
ਹੇ ਭਾਈ! ਜੇਹੜੇ ਸੇਵਕ ਆਪਣੇ ਪ੍ਰਭੂ ਨੂੰ ਪਿਆਰੇ ਲੱਗ ਚੁਕੇ ਹਨ, ਮੈਂ ਉਹਨਾਂ ਦੀ ਕਿਤਨੀ ਕੁ ਵਡਿਆਈ ਬਿਆਨ ਕਰਾਂ?
ਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ, ਉਹ ਸਾਰੀ ਲੁਕਾਈ ਤੋਂ ਬੇ-ਮੁਥਾਜ ਹੋ ਗਏ ॥੪॥੪॥੫੧॥
ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਰਨ ਆ ਪਏ, ਤੂੰ ਉਹਨਾਂ ਨੂੰ ਆਪਣੇ ਹੱਥ ਦੇ ਕੇ (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ ਬਚਾ ਲਿਆ।
ਉਹਨਾਂ ਨੇ ਕਿਸੇ ਹੋਰ ਦੀ ਮਦਦ ਦੀ ਆਸ ਆਪਣੇ ਦਿਲੋਂ ਮੁਕਾ ਦਿੱਤੀ, ਉਹਨਾਂ ਦੇ ਹਿਰਦੇ ਵਿਚ ਤੇਰਾ ਹੀ ਮਾਣ ਤੇਰਾ ਹੀ ਸਹਾਰਾ ਬਣਿਆ ਰਹਿੰਦਾ ਹੈ ॥੧॥
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਜੇ ਤੂੰ (ਜੀਵਾਂ ਦੇ) ਚਿੱਤ ਵਿਚ ਆ ਵੱਸੇਂ, ਤਾਂ ਉਹ (ਸੰਸਾਰ-ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ।
ਉਹ ਮਨੁੱਖ ਤੇਰਾ ਨਾਮ ਜਪ ਕੇ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦੇ ਹਨ, ਉਹਨਾਂ ਨੂੰ (ਹਰ ਗੱਲੇ) ਤੇਰਾ ਹੀ ਆਸਰਾ ਤੇਰੀ ਸਹਾਇਤਾ ਦਾ ਭਰੋਸਾ ਬਣਿਆ ਰਹਿੰਦਾ ਹੈ ॥੧॥ ਰਹਾਉ ॥
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਉਤੇ ਤੂੰ ਆਪ ਦਇਆਵਾਨ ਹੋ ਗਿਆ, ਤੂੰ ਉਹਨਾਂ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਕੱਢ ਲਿਆ।
ਤੂੰ ਉਹਨਾਂ ਦੀ ਸਾਰ ਲੈ ਕੇ, ਉਹਨਾਂ ਦੀ ਸੰਭਾਲ ਕਰ ਕੇ ਉਹਨਾਂ ਨੂੰ ਸਾਰੇ ਸੁਖ ਬਖ਼ਸ਼ੇ। ਹੇ ਭਾਈ! ਪ੍ਰਭੂ ਆਪ ਉਹਨਾਂ ਦੀ ਪਾਲਣਾ ਕਰਦਾ ਹੈ ॥੨॥
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਆਪਣੀ ਮੇਹਰ ਦੀ ਨਿਗਾਹ ਕਰਦਾ ਹੈ, ਉਹਨਾਂ ਦੇ (ਮੋਹ ਦੇ) ਬੰਧਨ ਕੱਟ ਕੇ ਉਹਨਾਂ ਨੂੰ ਵਿਕਾਰਾਂ ਤੋਂ ਛਡਾ ਲੈਂਦਾ ਹੈ।
ਉਹਨਾਂ ਨੂੰ ਆਪ ਹੀ ਆਪਣੀ ਸੇਵਾ-ਭਗਤੀ ਵਿਚ ਜੋੜ ਲੈਂਦਾ ਹੈ। ਹੇ ਭਾਈ! ਪ੍ਰਭੂ ਨੇ ਉਹਨਾਂ ਪਾਸੋਂ ਆਪਣੀ ਭਗਤੀ ਆਪ ਹੀ ਕਰਾ ਲਈ ॥੩॥
(ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਗਈ, ਉਹਨਾਂ ਦੇ ਅੰਦਰੋਂ ਮੋਹ ਅਤੇ ਹੋਰ ਸਾਰੇ ਡਰ ਨਾਸ ਹੋ ਗਏ, ਉਹਨਾਂ ਦਾ ਸਾਰਾ ਚਿੰਤਾ-ਝੋਰਾ ਮੁੱਕ ਗਿਆ,
ਹੇ ਨਾਨਕ! ਸੁਖ ਦੇਣ ਵਾਲੇ ਪ੍ਰਭੂ ਨੇ ਜਿਨ੍ਹਾਂ ਉਤੇ ਦਇਆ ਕੀਤੀ ਉਹਨਾਂ ਨੂੰ ਪੂਰਾ ਗੁਰੂ ਮਿਲ ਪਿਆ ॥੪॥੫॥੫੨॥
ਹੇ ਭਾਈ! ਜਦੋਂ ਅਜੇ ਸੰਸਾਰ ਹੀ ਨਹੀਂ ਸੀ (ਇਹ ਜੀਵ ਭੀ ਨਹੀਂ ਸੀ, ਤਦੋਂ) ਇਹ ਜੀਵ ਕੀਹ ਕਰਦਾ ਸੀ? ਤੇ, ਕੇਹੜੇ ਕਰਮ ਕਰ ਕੇ ਇਹ ਹੋਂਦ ਵਿਚ ਆਇਆ ਹੈ?
(ਅਸਲ ਗੱਲ ਇਹ ਕਿ) ਪਰਮਾਤਮਾ ਨੇ ਆਪ ਹੀ ਜਗਤ-ਰਚਨਾ ਰਚੀ ਹੈ, ਉਹ ਆਪ ਹੀ ਆਪਣਾ ਇਹ ਜਗਤ-ਤਮਾਸ਼ਾ ਰਚ ਕੇ ਆਪ ਹੀ ਇਸ ਤਮਾਸ਼ੇ ਨੂੰ ਵੇਖ ਰਿਹਾ ਹੈ ॥੧॥
ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੀ ਪ੍ਰੇਰਨਾ ਸਹਾਇਤਾ ਤੋਂ ਬਿਨਾ) ਮੈਥੋਂ ਕੋਈ ਕੰਮ ਨਹੀਂ ਹੋ ਸਕਦਾ।
ਹੇ ਭਾਈ! ਉਹ ਪਰਮਾਤਮਾ ਹੀ ਸਾਰੇ ਜੀਵਾਂ ਵਿਚ ਇਕ-ਰਸ ਵਿਆਪਕ ਹੈ, ਉਹ ਆਪ ਹੀ (ਜੀਵਾਂ ਵਿਚ ਬੈਠ ਕੇ) ਸਭ ਕੁਝ ਕਰਦਾ ਹੈ, ਉਹ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ ॥੧॥ ਰਹਾਉ ॥
ਹੇ ਪ੍ਰਭੂ! ਇਹ ਜੀਵ ਅੰਞਾਣ ਅਕਲ ਵਾਲਾ ਤੇ ਨਾਸਵੰਤ ਸਰੀਰ ਵਾਲਾ ਹੈ। ਜੇ ਇਸ ਦੇ ਕੀਤੇ ਕਰਮਾਂ ਦਾ ਲੇਖਾ ਗਿਣਿਆ ਗਿਆ, ਤਾਂ ਇਹ ਕਿਸੇ ਭੀ ਤਰ੍ਹਾਂ ਸੁਰਖ਼ਰੂ ਨਹੀਂ ਹੋ ਸਕਦਾ।
ਹੇ ਸਭ ਕੁਝ ਕਰਨ ਦੇ ਸਮਰਥ ਪ੍ਰਭੂ! ਤੂੰ ਆਪ ਹੀ ਮੇਹਰ ਕਰ (ਤੇ ਬਖ਼ਸ਼)। ਤੇਰੀ ਬਖ਼ਸ਼ਸ਼ ਵੱਖਰੀ ਹੀ ਕਿਸਮ ਦੀ ਹੈ ॥੨॥
ਹੇ ਪ੍ਰਭੂ! (ਜਗਤ ਦੇ) ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਹਰੇਕ ਸਰੀਰ ਵਿਚ ਤੇਰਾ ਹੀ ਧਿਆਨ ਧਰਿਆ ਜਾ ਰਿਹਾ ਹੈ।
ਤੂੰ ਕਿਹੋ ਜਿਹਾ ਹੈਂ, ਤੂੰ ਕੇਡਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ। ਤੇਰੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ ॥੩॥
ਹੇ ਪ੍ਰਭੂ! ਮੈਂ ਗੁਣ-ਹੀਨ ਹਾਂ, ਮੈਂ ਮੂਰਖ ਹਾਂ, ਮੈਂ ਬੇ-ਸਮਝ ਹਾਂ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੈਂ ਕੋਈ ਧਾਰਮਿਕ ਕੰਮ ਕਰਨੇ ਭੀ ਨਹੀਂ ਜਾਣਦਾ (ਜਿਨ੍ਹਾਂ ਨਾਲ ਤੈਨੂੰ ਖ਼ੁਸ਼ ਕਰ ਸਕਾਂ)।
ਹੇ ਪ੍ਰਭੂ! ਮੇਹਰ ਕਰ, (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ, ਅਤੇ (ਨਾਨਕ ਨੂੰ) ਤੇਰੀ ਰਜ਼ਾ ਮਿੱਠੀ ਲੱਗਦੀ ਰਹੇ ॥੪॥੬॥੫੩॥