ਹੇ ਭਾਈ! (ਅਨੇਕਾਂ ਮਨੁੱਖ ਆਪਣੇ ਆਪ ਨੂੰ) ਦੈਵੀ ਮਨੁੱਖ, ਦੇਵਤੇ (ਅਖਵਾਉਣ ਵਾਲੇ ਕੋਈ ਭੀ ਇਥੇ) ਸਦਾ ਲਈ ਟਿਕੇ ਨਹੀਂ ਰਹਿ ਸਕਦੇ।
(ਅਨੇਕਾਂ ਆਪਣੇ ਆਪ ਨੂੰ) ਰਿਸ਼ੀ ਮੁਨੀ (ਅਖਵਾ ਗਏ, ਅਨੇਕਾਂ ਹੀ ਉਹਨਾਂ ਦੀ) ਸੇਵਾ ਕਰ ਕੇ (ਜਗਤ ਤੋਂ ਆਖ਼ਰ ਆਪੋ ਆਪਣੀ ਵਾਰੀ) ਚਲੇ ਜਾਂਦੇ ਰਹੇ ॥੧॥
ਹੇ ਭਾਈ! ਆਤਮਕ ਜੀਵਨ ਵਾਲੇ (ਸਫਲ ਜੀਵਨ ਵਾਲੇ ਸਿਰਫ਼ ਉਹੀ) ਵੇਖੇ ਜਾਂਦੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ।
ਉਹਨਾਂ ਨੇ ਹੀ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਦਰਸਨ ਕੀਤਾ ਹੈ ॥੧॥ ਰਹਾਉ ॥
ਹੇ ਭਾਈ! ਸ਼ਾਹ, ਵਾਪਾਰੀ, ਬਾਦਸ਼ਾਹ (ਸਭਨਾਂ ਨੇ ਆਖ਼ਰ) ਮਰਨਾ ਹੈ।
ਜੇਹੜਾ ਭੀ ਕੋਈ (ਇਥੇ) ਦਿੱਸਦਾ ਹੈ, ਹਰੇਕ ਨੂੰ ਮੌਤ ਨੇ ਲੈ ਜਾਣਾ ਹੈ ॥੨॥
ਹੇ ਭਾਈ! ਮਨੁੱਖ ਝੂਠੇ ਮੋਹ ਵਿਚ ਸਦਾ ਫਸਿਆ ਰਹਿੰਦਾ ਹੈ (ਤੇ, ਪਰਮਾਤਮਾ ਨੂੰ ਭੁਲਾਈ ਰੱਖਦਾ ਹੈ,
ਪਰ ਜਦੋਂ ਦੁਨੀਆ ਦੇ ਪਦਾਰਥ) ਛੱਡ ਕੇ ਤੁਰਦਾ ਹੈ, ਤਾਂ ਤਦੋਂ ਪਛੁਤਾਂਦਾ ਹੈ ॥੩॥
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! (ਮੈਨੂੰ) ਨਾਨਕ ਨੂੰ (ਇਹ) ਦਾਤ ਦੇਹ (ਕਿ)
ਮੈਂ (ਨਾਨਕ) ਦਿਨ ਰਾਤ ਤੇਰਾ ਨਾਮ ਜਪਦਾ ਰਹਾਂ ॥੪॥੮॥੧੪॥
ਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਵੱਸਦਾ ਹੈਂ,
(ਦੁਨੀਆ ਦੀਆਂ) ਸਾਰੀਆਂ ਚੀਜ਼ਾਂ ਤੇਰੀ ਹੀ ਮਰਯਾਦਾ ਦੇ ਧਾਗੇ ਵਿਚ (ਪ੍ਰੋਤੀਆਂ ਹੋਈਆਂ) ਹਨ ॥੧॥
ਹੇ ਪ੍ਰਭੂ! ਤੂੰ ਸਾਡਾ ਪ੍ਰੀਤਮ ਹੈਂ, ਤੂੰ ਸਾਡੀ ਜਿੰਦ ਦਾ ਆਸਰਾ ਹੈਂ।
ਤੈਨੂੰ ਹੀ ਵੇਖ ਵੇਖ ਕੇ (ਸਾਡਾ) ਮਨ ਖ਼ੁਸ਼ ਹੁੰਦਾ ਹੈ ॥੧॥ ਰਹਾਉ ॥
ਹੇ ਪ੍ਰਭੂ! (ਤੈਥੋਂ ਵਿਛੁੜ ਕੇ ਜੀਵ) ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਥੱਕ ਜਾਂਦੇ ਹਨ।
ਮਨੁੱਖਾ ਜਨਮ ਵਿਚ ਆ ਕੇ (ਤੇਰੀ ਮੇਹਰ ਨਾਲ) ਸਾਧ ਸੰਗਤਿ ਦਾ ਆਸਰਾ ਲੈਂਦੇ ਹਨ ॥੨॥
ਹੇ ਭਾਈ! (ਪਰਮਾਤਮਾ) ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਮਨੁੱਖ ਦੀ ਸਮਝ ਤੋਂ ਪਰੇ ਹੈ, ਅਤੇ ਜੋ ਬੇਅੰਤ ਹੈ,
(ਸਾਧ ਸੰਗਤਿ ਦੀ ਬਰਕਤਿ ਨਾਲ) ਨਾਨਕ ਦਿਨ ਰਾਤ ਉਸ ਦਾ ਨਾਮ ਸਿਮਰਦਾ ਹੈ ॥੩॥੯॥੧੫॥
ਹੇ ਭਾਈ! ਉਸ ਮਾਇਆ ਦੇ ਕਾਰਨ ਮਿਲੀ ਵਡਿਆਈ ਭੀ ਕਿਸੇ ਕੰਮ ਨਹੀਂ,
ਜਿਸ ਮਾਇਆ ਦੇ ਨਾਸ ਹੁੰਦਿਆਂ ਰਤਾ ਚਿਰ ਨਹੀਂ ਲੱਗਦਾ ॥੧॥
ਹੇ ਭਾਈ! ਇਹ (ਜਗਤ ਇਉਂ ਹੈ, ਜਿਵੇਂ) ਸੁਪਨਾ (ਹੁੰਦਾ) ਹੈ, (ਸੁਪਨੇ ਵਿਚ) ਸੁੱਤਾ ਹੋਇਆ ਮਨੁੱਖ (ਇਹ) ਨਹੀਂ ਜਾਣਦਾ (ਕਿ ਮੈਂ ਸੁੱਤਾ ਪਿਆ ਹਾਂ, ਤੇ ਸੁਪਨਾ ਵੇਖ ਰਿਹਾ ਹਾਂ।
ਇਸੇ ਤਰ੍ਹਾਂ ਮਨੁੱਖ ਜਗਤ ਦੇ ਮੋਹ ਵਾਲੀ) ਗ਼ਾਫ਼ਲ ਹਾਲਤ ਵਿਚ (ਜਗਤ ਦੇ ਮੋਹ ਨਾਲ) ਚੰਬੜਿਆ ਰਹਿੰਦਾ ਹੈ ॥੧॥ ਰਹਾਉ ॥
ਹੇ ਭਾਈ! ਮੂਰਖ ਮਨੁੱਖ ਮਾਇਆ ਦੇ ਵੱਡੇ ਮੋਹ ਵਿਚ ਮਸਤ ਰਹਿੰਦਾ ਹੈ,
ਪਰ ਵੇਂਹਦਿਆਂ ਵੇਂਹਦਿਆਂ ਹੀ (ਇਥੋਂ) ਉਠ ਕੇ ਤੁਰ ਪੈਂਦਾ ਹੈ ॥੨॥
ਹੇ ਭਾਈ! (ਪਰਮਾਤਮਾ ਦਾ ਨਾਮ ਹੀ ਜਪ) ਉਸ ਦਾ ਦਰਬਾਰ ਉੱਚੇ ਤੋਂ ਉੱਚਾ ਹੈ।
ਉਹ ਅਨੇਕਾਂ ਜੀਵਾਂ ਨੂੰ ਨਾਸ ਭੀ ਕਰਦਾ ਹੈ, ਤੇ, ਪੈਦਾ ਭੀ ਕਰਦਾ ਹੈ ॥੩॥
ਜਿਸ ਪਰਮਾਤਮਾ ਵਰਗਾ ਹੋਰ ਕੋਈ ਦੂਜਾ ਨਾਹ ਅਜੇ ਤਕ ਕੋਈ ਹੋਇਆ ਹੈ, ਨਾਹ ਹੀ (ਅਗਾਂਹ ਨੂੰ) ਹੋਵੇਗਾ,
ਹੇ ਨਾਨਕ! ਉਸ ਇਕ ਪਰਮਾਤਮਾ ਦਾ ਨਾਮ ਹੀ ਜਪਿਆ ਕਰ ॥੪॥੧੦॥੧੬॥
ਹੇ ਭਾਈ! (ਭਗਤ ਜਨਾਂ ਦੇ ਅੰਗ-ਸੰਗ ਰਹਿਣ ਵਾਲੇ) ਉਸ (ਪ੍ਰਭੂ ਦੇ ਨਾਮ) ਨੂੰ ਮੈਂ ਸਦਾ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।
ਹੇ ਪ੍ਰਭੂ! ਮੈਂ ਤੇਰੇ ਸੋਹਣੇ ਚਰਨ ਧੋ ਧੋ ਕੇ (ਨਿੱਤ) ਪੀਂਦਾ ਹਾਂ ॥੧॥
ਹੇ ਭਾਈ! ਮਾਲਕ-ਪ੍ਰਭੂ ਆਪਣੇ ਭਗਤ ਜਨਾਂ ਦੇ ਨਾਲ ਵੱਸਦਾ ਹੈ।
ਮੇਰਾ ਉਹ ਹਰੀ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ ਰਹਾਉ ॥
ਹੇ ਪ੍ਰਭੂ! ਮੁੜ ਮੁੜ (ਇਹ) ਸੁਣ ਕੇ (ਕਿ ਤੇਰਾ) ਨਾਮ ਆਤਮਕ ਜੀਵਨ ਦੇਣ ਵਾਲਾ (ਹੈ,) ਮੈਂ (ਤੇਰਾ ਨਾਮ) ਸਿਮਰਦਾ ਰਹਿੰਦਾ ਹਾਂ,
ਅੱਠੇ ਪਹਰ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹਾਂ ॥੨॥
ਹੇ ਪ੍ਰਭੂ! ਤੇਰੇ ਕੌਤਕ ਵੇਖ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੁੰਦਾ ਹੈ
ਹੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ! ਤੇਰੇ ਗੁਣ ਬੇਅੰਤ ਹਨ ॥੩॥
ਜਿਸ ਦੇ ਸਿਮਰਨ ਦੀ ਬਰਕਤਿ ਨਾਲ ਕੋਈ ਡਰ ਪੋਹ ਨਹੀਂ ਸਕਦਾ,
ਹੇ ਨਾਨਕ! ਤੂੰ ਭੀ ਸਦਾ ਹੀ ਉਸ ਹਰੀ ਦਾ ਨਾਮ ਜਪਿਆ ਕਰ ॥੪॥੧੧॥੧੭॥
ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਹਾਂ,
ਅਤੇ ਆਪਣੀ ਜੀਭ ਨਾਲ ਪਰਮਾਤਮਾ (ਦੇ ਨਾਮ) ਦਾ ਜਾਪ ਜਪਦਾ ਹਾਂ ॥੧॥
ਹੇ ਭਾਈ! ਗੁਰੂ ਦੀ ਹਸਤੀ ਮਨੁੱਖਾ ਜੀਵਨ ਦਾ ਫਲ ਦੇਣ ਵਾਲੀ ਹੈ। ਮੈਂ (ਗੁਰੂ ਦੇ) ਦਰਸਨ ਤੋਂ ਸਦਕੇ ਜਾਂਦਾ ਹਾਂ।
ਗੁਰੂ ਦੇ ਕੋਮਲ ਚਰਨਾਂ ਨੂੰ ਮੈਂ ਆਪਣੇ ਮਨ ਦਾ ਜਿੰਦ ਦਾ ਆਸਰਾ ਬਣਾਂਦਾ ਹਾਂ ॥੧॥ ਰਹਾਉ ॥
ਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਮੈਂ ਜਨਮ ਮਰਨ ਦਾ ਗੇੜ ਮੁਕਾ ਲਿਆ ਹੈ,
ਅਤੇ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਕੰਨਾਂ ਨਾਲ ਸੁਣ ਕੇ (ਇਸ ਨੂੰ ਮੈਂ ਆਪਣੇ ਜੀਵਨ ਦਾ) ਆਸਰਾ ਬਣਾ ਰਿਹਾ ਹਾਂ ॥੨॥
ਹੇ ਭਾਈ! (ਗੁਰੂ ਦੀ ਬਰਕਤਿ ਨਾਲ) ਮੈਂ ਕਾਮ ਕ੍ਰੋਧ ਲੋਭ ਮੋਹ (ਆਦਿਕ) ਨੂੰ ਤਿਆਗਿਆ ਹੈ।
ਹਿਰਦੇ ਵਿਚ ਪ੍ਰਭੂ-ਨਾਮ ਨੂੰ ਪੱਕਾ ਕਰ ਕੇ ਟਿਕਾਣਾ, ਦੂਜਿਆਂ ਦੀ ਸੇਵਾ ਕਰਨੀ, ਆਚਰਨ ਨੂੰ ਪਵਿਤ੍ਰ ਰੱਖਣਾ-ਇਹ ਮੈਂ ਚੰਗੀ ਜੀਵਨ-ਮਰਯਾਦਾ ਬਣਾ ਲਈ ਹੈ ॥੩॥
ਨਾਨਕ ਆਖਦਾ ਹੈ- (ਹੇ ਭਾਈ! ਤੂੰ ਭੀ) ਇਹ ਅਸਲੀਅਤ ਆਪਣੇ ਮਨ ਵਿਚ ਵਸਾ ਲੈ,
ਅਤੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ (ਆਪਣੇ ਆਪ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੪॥੧੨॥੧੮॥
ਹੇ ਪ੍ਰਭੂ! ਅਸੀਂ ਭੁੱਲਣਹਾਰ ਜੀਵ ਲੋਭ ਵਿਚ ਮੋਹ ਵਿਚ ਮਸਤ ਰਹਿੰਦੇ ਹਾਂ।