(ਉੱਠ ਕੇ ਰੱਬ ਨੂੰ ਯਾਦ ਕਰ, ਇਹ) ਫ਼ਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ, ਤੇ ਮਿਲਦੀ ਹੈ ਵੱਡੇ ਭਾਗਾਂ ਨਾਲ ॥੧੧੧॥
(ਰਾਤ ਦੇ) ਪਹਿਲੇ ਪਹਿਰ ਦੀ ਬੰਦਗੀ (ਮਾਨੋ) ਇਕ ਸੋਹਣਾ ਜਿਹਾ ਫੁੱਲ ਹੈ, ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ।
ਜੋ ਬੰਦੇ (ਅੰਮ੍ਰਿਤ ਵੇਲੇ) ਜਾਗਦੇ ਹਨ ਉਹ ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ ॥੧੧੨॥
ਬਖ਼ਸ਼ਸ਼ਾਂ ਮਾਲਕ ਦੀਆਂ (ਆਪਣੀਆਂ) ਹਨ। ਉਸ ਮਾਲਕ ਨਾਲ (ਕਿਸੇ ਦਾ) ਕੀਹ ਜ਼ੋਰ ਚੱਲ ਸਕਦਾ ਹੈ?
ਕਈ (ਅੰਮ੍ਰਿਤ ਵੇਲੇ) ਜਾਗਦੇ ਭੀ (ਇਹ ਬਖ਼ਸ਼ਸ਼ਾਂ) ਨਹੀਂ ਲੈ ਸਕਦੇ, ਕਈ (ਭਾਗਾਂ ਵਾਲਿਆਂ ਨੂੰ) ਸੁੱਤੇ ਪਿਆਂ ਨੂੰ (ਉਹ ਆਪ) ਜਗਾ ਦੇਂਦਾ ਹੈ (ਭਾਵ, ਕਈ ਅੰਮ੍ਰਿਤ ਵੇਲੇ ਜਾਗੇ ਹੋਏ ਭੀ ਕਿਸੇ ਅਹੰਕਾਰ ਆਦਿਕ-ਰੂਪ ਮਾਇਆ ਵਿਚ ਸੁੱਤੇ ਰਹਿ ਜਾਂਦੇ ਹਨ, ਤੇ, ਕਈ ਗ਼ਾਫ਼ਿਲਾਂ ਨੂੰ ਮੇਹਰ ਕਰ ਕੇ ਆਪ ਸੂਝ ਦੇ ਦੇਂਦਾ ਹੈ) ॥੧੧੩॥
ਸੁਹਾਗ (-ਪਰਮਾਤਮਾ) ਨੂੰ ਭਾਲਣ ਵਾਲੀਏ (ਹੇ ਜੀਵ ਇਸਤ੍ਰੀਏ!) (ਤੂੰ ਅੰਮ੍ਰਿਤ ਵੇਲੇ ਉੱਠ ਕੇ ਪਤੀ-ਪਰਮਾਤਮਾ ਨੂੰ ਮਿਲਣ ਲਈ ਬੰਦਗੀ ਕਰਦੀ ਹੈਂ ਪਰ ਤੈਨੂੰ ਅਜੇ ਭੀ ਨਹੀਂ ਮਿਲਿਆ) ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ।
ਜਿਨ੍ਹਾਂ ਦਾ ਨਾਮ 'ਸੋਹਾਗਣਾਂ' ਹੈ ਉਹਨਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ (ਭਾਵ, ਪਤੀ-ਮਿਲਾਪ ਦੀ 'ਦਾਤਿ' ਉਹਨਾਂ ਨੂੰ ਹੀ ਮਿਲਦੀ ਹੈ ਜੋ ਅੰਮ੍ਰਿਤ ਵੇਲੇ ਉੱਠਣ ਦਾ ਕੋਈ 'ਹੱਕ' ਨਹੀਂ ਜਮਾਂਦੀਆਂ) ॥੧੧੪॥
ਜੇ ਮਨ ਵਿਚ ਇਸ ਸਬਰ ਦੀ ਕਮਾਨ ਹੋਵੇ, ਜੇ ਸਬਰ ਹੀ ਕਮਾਣ ਦਾ ਚਿੱਲਾ ਹੋਵੇ,
ਸਬਰ ਦਾ ਹੀ ਤੀਰ ਹੋਵੇ, ਤਾਂ ਪਰਮਾਤਮਾ (ਇਸ ਦਾ ਨਿਸ਼ਾਨਾ) ਖੁੰਝਣ ਨਹੀਂ ਦੇਂਦਾ ॥੧੧੫॥
ਸਬਰ ਵਾਲੇ ਬੰਦੇ ਸਬਰ ਵਿਚ ਰਹਿ ਕੇ ਇਸੇ ਤਰ੍ਹਾਂ (ਸਦਾ ਸਬਰ ਵਿਚ ਹੀ) ਬੰਦਗੀ ਦੀ ਘਾਲ ਘਾਲਦੇ ਹਨ,
(ਇਸ ਤਰ੍ਹਾਂ ਉਹ) ਰੱਬ ਦੇ ਨੇੜੇ ਹੁੰਦੇ ਜਾਂਦੇ ਹਨ, ਤੇ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦੇਂਦੇ ॥੧੧੬॥
ਹੇ ਬੰਦੇ! ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਕਰ ਲਏਂ,
ਤਾਂ ਤੂੰ ਵਧ ਕੇ ਦਰੀਆ ਹੋ ਜਾਹਿਂਗਾ, (ਪਰ) ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ (ਭਾਵ, ਸਬਰ ਵਾਲਾ ਜੀਵਨ ਬਣਾਇਆਂ ਤੇਰਾ ਦਿਲ ਵਧ ਕੇ ਦਰਿਆ ਹੋ ਜਾਇਗਾ, ਤੇਰੇ ਦਿਲ ਵਿਚ ਸਾਰੇ ਜਗਤ ਵਾਸਤੇ ਪਿਆਰ ਪੈਦਾ ਹੋ ਜਾਇਗਾ, ਤੇਰੇ ਅੰਦਰ ਤੰਗ-ਦਿਲੀ ਨਹੀਂ ਰਹਿ ਜਾਇਗੀ) ॥੧੧੭॥
ਹੇ ਫਰੀਦ! (ਇਹ ਸਬਰ ਵਾਲਾ ਜੀਵਨ ਅਸਲ) ਫ਼ਕੀਰੀ (ਹੈ, ਤੇ ਇਹ) ਔਖੀ (ਕਾਰ) ਹੈ, ਪਰ (ਹੇ ਫਰੀਦ! ਰੱਬ ਨਾਲ ਤੇਰੀ) ਪ੍ਰੀਤ ਤਾਂ ਉਪਰੋਂ ਉਪਰੋਂ ਹੈ।
ਫ਼ਕੀਰਾਂ ਦੀ (ਇਹ ਸਬਰ ਵਾਲੀ) ਕਾਰ ਕਿਸੇ ਵਿਰਲੇ ਬੰਦੇ ਨੇ ਕਮਾਈ ਹੈ ॥੧੧੮॥
ਮੇਰਾ ਸਰੀਰ (ਬੇਸ਼ੱਕ) ਤਨੂਰ ਵਾਂਗ ਤਪੇ, ਮੇਰੇ ਹੱਡ (ਬੇਸ਼ੱਕ ਇਉਂ) ਬਲਣ ਜਿਵੇਂ ਬਾਲਣ (ਬਲਦਾ) ਹੈ।
(ਪਿਆਰੇ ਰੱਬ ਨੂੰ ਮਿਲਣ ਦੇ ਰਾਹ ਤੇ ਜੇ ਮੈਂ) ਪੈਰਾਂ ਨਾਲ (ਤੁਰਦਾ ਤੁਰਦਾ) ਥੱਕ ਜਾਵਾਂ, ਤਾਂ ਮੈਂ ਸਿਰ ਭਾਰ ਤੁਰਨ ਲੱਗ ਪਵਾਂ। (ਮੈਂ ਇਹ ਸਾਰੇ ਔਖ ਸਹਾਰਨ ਨੂੰ ਤਿਆਰ ਹਾਂ) ਜੇ ਮੈਨੂੰ ਪਿਆਰੇ ਰੱਬ ਜੀ ਮਿਲ ਪੈਣ (ਭਾਵ, ਰੱਬ ਨੂੰ ਮਿਲਣ ਵਾਸਤੇ ਜੇ ਇਹ ਜ਼ਰੂਰੀ ਹੋਵੇ ਕਿ ਸਰੀਰ ਨੂੰ ਧੂਣੀਆਂ ਤਪਾ ਤਪਾ ਕੇ ਦੁਖੀ ਕੀਤਾ ਜਾਏ, ਤਾਂ ਮੈਂ ਇਹ ਕਸ਼ਟ ਸਹਾਰਨ ਨੂੰ ਭੀ ਤਿਆਰ ਹਾਂ) ॥੧੧੯॥
ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ; ਤੇ ਹੱਡਾਂ ਨੂੰ ਇਉਂ ਨਾਹ ਬਾਲ ਜਿਵੇਂ ਇਹ ਬਾਲਣ ਹੈ।
ਸਿਰ ਨੇ ਤੇ ਪੈਰਾਂ ਨੇ ਕੁਝ ਨਹੀਂ ਵਿਗਾੜਿਆ ਹੈ, (ਇਸ ਵਾਸਤੇ ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ ਨੂੰ ਆਪਣੇ ਅੰਦਰ ਵੇਖ ॥੧੨੦॥
ਮੈਂ (ਜੀਵ-ਇਸਤ੍ਰੀ) ਸੱਜਣ (-ਪ੍ਰਭੂ) ਨੂੰ (ਬਾਹਰ) ਭਾਲ ਰਹੀ ਹਾਂ, (ਪਰ ਉਹ) ਸੱਜਣ (ਤਾਂ) ਮੇਰੇ ਹਿਰਦੇ ਵਿਚ ਵੱਸ ਰਿਹਾ ਹੈ।
ਹੇ ਨਾਨਕ! ਉਸ (ਸੱਜਣ) ਦਾ ਕੋਈ ਲੱਛਣ ਨਹੀਂ, (ਆਪਣੇ ਉੱਦਮ ਨਾਲ ਜੀਵ ਪਾਸੋਂ) ਉਹ ਪਛਾਣਿਆ ਨਹੀਂ ਜਾ ਸਕਦਾ, ਸਤਿਗੁਰੂ ਵਿਖਾਲ ਦੇਂਦਾ ਹੈ ॥੧੨੧॥
ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਉ ਆ ਗਿਆ,
ਪਰ ਵਿਚਾਰੇ ਬਗਲੇ (ਇਹ ਉੱਦਮ ਕਰਦੇ) ਸਿਰ ਹੇਠਾਂ ਤੇ ਪੈਰ ਉੱਪਰ (ਹੋ ਕੇ) ਡੁੱਬ ਕੇ ਮਰ ਗਏ ॥੧੨੨॥
ਮੈਂ ਸਮਝਿਆ ਕਿ ਇਹ ਕੋਈ ਵੱਡਾ ਹੰਸ ਹੈ, ਇਸੇ ਕਰ ਕੇ ਮੈਂ ਉਸ ਦੀ ਸੰਗਤ ਕੀਤੀ।
ਪਰ ਜੇ ਮੈਨੂੰ ਪਤਾ ਹੁੰਦਾ ਕਿ ਇਹ ਤਾਂ ਨਕਾਰਾ ਬਗਲਾ ਹੈ, ਤਾਂ ਮੈਂ ਕਦੇ ਉਸ ਦੇ ਨੇੜੇ ਨਾਹ ਢੁਕਦੀ ॥੧੨੩॥
ਭਾਵੇਂ ਹੋਵੇ ਹੰਸ ਤੇ ਭਾਵੇਂ ਬਗਲਾ, ਜਿਸ ਉਤੇ (ਪ੍ਰਭੂ) ਕਿਰਪਾ ਦੀ ਨਜ਼ਰ ਕਰੇ (ਉਸ ਨੂੰ ਆਪਣਾ ਬਣਾ ਲੈਂਦਾ ਹੈ; ਸੋ ਕਿਸੇ ਤੋਂ ਨਫ਼ਰਤਿ ਕਿਉਂ?)
ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਬਗਲਾ ਤਾਂ ਕਿਤੇ ਰਿਹਾ, ਉਹ) ਕਾਂ ਤੋਂ (ਭੀ) ਹੰਸ ਬਣਾ ਦੇਂਦਾ ਹੈ (ਭਾਵ, ਬੜੇ ਵਿਕਾਰੀ ਨੂੰ ਭੀ ਸੁਧਾਰ ਲੈਂਦਾ ਹੈਂ) ॥੧੨੪॥
(ਜਗਤ-ਰੂਪ) ਤਲਾਬ ਦਾ (ਇਹ ਜੀਵ-ਰੂਪ) ਪੰਛੀ ਇਕੱਲਾ ਹੀ ਹੈ, ਫਸਾਉਣ ਵਾਲੇ (ਕਾਮਾਦਿਕ) ਪੰਜਾਹ ਹਨ।
(ਮੇਰਾ) ਇਹ ਸਰੀਰ (ਸੰਸਾਰ-ਰੂਪ ਤਲਾਬ ਦੀਆਂ ਵਿਕਾਰਾਂ ਰੂਪ) ਲਹਿਰਾਂ ਵਿਚ ਫਸ ਗਿਆ ਹੈ। ਹੇ ਸੱਚੇ (ਪ੍ਰਭੂ)! (ਇਹਨਾਂ ਤੋਂ ਬਚਣ ਲਈ) ਇਕ ਤੇਰੀ (ਸਹੈਤਾ ਦੀ ਹੀ) ਆਸ ਹੈ (ਇਸ ਵਾਸਤੇ ਤੈਨੂੰ ਮਿਲਣ ਲਈ ਜੇ ਤਪ ਤਪਣੇ ਪੈਣ ਤਾਂ ਭੀ ਸੌਦਾ ਸਸਤਾ ਹੈ) ॥੧੨੫॥
(ਹੇ ਭੈਣ!) ਉਹ ਕੇਹੜਾ ਅੱਖਰ ਹੈ? ਉਹ ਕੇਹੜਾ ਗੁਣ ਹੈ? ਉਹ ਕੇਹੜਾ ਸ਼ਿਰੋਮਣੀ ਮੰਤਰ ਹੈ?
ਉਹ ਕੇਹੜਾ ਵੇਸ ਮੈਂ ਕਰਾਂ ਜਿਸ ਨਾਲ (ਮੇਰਾ) ਖਸਮ (ਮੇਰੇ) ਵੱਸ ਵਿਚ ਆ ਜਾਏ? ॥੧੨੬॥
ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ।
ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿਚ ਆ ਜਾਇਗਾ ॥੧੨੭॥
(ਜੋ ਮਨੁੱਖ) ਅਕਲ ਹੁੰਦਿਆਂ ਭੀ ਅੰਞਾਣਾ ਬਣੇ (ਭਾਵ, ਅਕਲ ਦੇ ਤ੍ਰਾਣ ਦੂਜਿਆਂ ਤੇ ਕੋਈ ਦਬਾਉ ਨ ਪਾਏ),
ਜ਼ੋਰ ਹੁੰਦਿਆਂ ਕਮਜ਼ੋਰਾਂ ਵਾਂਗ ਜੀਵੇ (ਭਾਵ, ਕਿਸੇ ਉਤੇ ਧੱਕਾ ਨਾ ਕਰੇ),
ਜਦੋਂ ਕੁਝ ਭੀ ਦੇਣ-ਜੋਗਾ ਨਾਹ ਹੋਵੇ, ਤਦੋਂ ਆਪਣਾ ਆਪ (ਭਾਵ, ਆਪਣਾ ਹਿੱਸਾ) ਵੰਡ ਦੇਵੇ,
ਕਿਸੇ ਅਜੇਹੇ ਮਨੁੱਖ ਨੂੰ (ਹੀ) ਭਗਤ ਆਖਣਾ ਚਾਹੀਦਾ ਹੈ ॥੧੨੮॥
ਇੱਕ ਭੀ ਫਿੱਕਾ ਬਚਨ ਨਾਹ ਬੋਲ (ਕਿਉਂਕਿ) ਸਭ ਵਿਚ ਸੱਚਾ ਮਾਲਕ (ਵੱਸ ਰਿਹਾ ਹੈ)।
ਕਿਸੇ ਦਾ ਭੀ ਦਿਲ ਨਾਹ ਦੁਖਾ (ਕਿਉਂਕਿ) ਇਹ ਸਾਰੇ (ਜੀਵ) ਅਮੋਲਕ ਮੋਤੀ ਹਨ ॥੧੨੯॥
ਸਾਰੇ ਜੀਵਾਂ ਦੇ ਮਨ ਮੋਤੀ ਹਨ, (ਕਿਸੇ ਨੂੰ ਭੀ) ਦੁਖਾਣਾ ਉੱਕਾ ਹੀ ਚੰਗਾ ਨਹੀਂ।
ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਹ ਢਾਹ ॥੧੩੦॥