(ਹੇ ਮਾਂ!) ਮੈਂ ਗੁਰੂ ਅੱਗੇ ਬੇਨਤੀ ਕਰਦੀ ਹਾਂ-ਹੇ ਗੁਰੂ! ਜੇ ਤੈਨੂੰ ਮੇਰੀ ਬੇਨਤੀ ਚੰਗੀ ਲੱਗੇ, ਤਾਂ ਜਿਵੇਂ ਹੋ ਸਕੇ ਮੈਨੂੰ (ਪ੍ਰੀਤਮ-ਪ੍ਰਭੂ) ਮਿਲਾ।
(ਹੇ ਮਾਂ!) ਸਾਰੇ ਸੁਖਾਂ ਦੇ ਦੇਣ ਵਾਲਾ ਪ੍ਰਭੂ-ਪ੍ਰੀਤਮ (ਜਿਸ ਨੂੰ ਮਿਲਾਂਦਾ ਹੈ) ਆਪ ਹੀ ਮਿਲਾ ਲੈਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਆਪ ਹੀ ਆ ਕੇ ਮਿਲ ਪੈਂਦਾ ਹੈ।
ਹੇ ਨਾਨਕ! ਉਹ ਜੀਵ-ਇਸਤ੍ਰੀ ਸਦਾ ਲਈ ਭਾਗਾਂ ਵਾਲੀ ਹੋ ਜਾਂਦੀ ਹੈ ਕਿਉਂਕਿ ਉਸ ਦਾ (ਇਹ ਪ੍ਰਭੂ-) ਖਸਮ ਨਾਹ ਕਦੇ ਮਰਦਾ ਹੈ ਨਾਹ ਉਸ ਤੋਂ ਵਿੱਛੁੜਦਾ ਹੈ ॥੪॥੨॥
(ਭਾਗਾਂ ਵਾਲੀ ਹੈ ਉਹ) ਜੀਵ-ਇਸਤ੍ਰੀ (ਜਿਸ ਦਾ ਮਨ) ਪਰਮਾਤਮਾ ਦੇ ਨਾਮ-ਰਸ ਵਿਚ ਵਿੱਝਿਆ ਰਹਿੰਦਾ ਹੈ, ਜੇਹੜੀ ਪਰਮਾਤਮਾ ਦੇ ਪਿਆਰ ਵਿਚ ਤੇ ਅਡੋਲਤਾ ਵਿਚ ਟਿਕੀ ਰਹਿੰਦੀ ਹੈ,
ਤੇ ਜਿਸ ਦੇ ਮਨ ਨੂੰ ਸੋਹਣੇ ਪ੍ਰਭੂ ਨੇ ਮੋਹ ਰੱਖਿਆ ਹੈ, (ਉਸ ਜੀਵ-ਇਸਤ੍ਰੀ ਦੀ) ਮੇਰ-ਤੇਰ ਆਤਮਕ ਅਡੋਲਤਾ ਵਿਚ ਮੁੱਕ ਜਾਂਦੀ ਹੈ।
ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਆਤਮਕ ਰੰਗ ਮਾਣਦੀ ਹੈ।
(ਮਾਇਆ ਦੇ ਮੋਹ ਵਿਚ ਫਸ ਕੇ ਮਨੁੱਖ ਦਾ) ਇਹ ਸਰੀਰ ਝੂਠ ਠੱਗੀ-ਫ਼ਰੇਬ ਨਾਲ ਨਕਾ-ਨਕ ਭਰਿਆ ਰਹਿੰਦਾ ਹੈ ਤੇ ਜੀਵ ਪਾਪ ਕਮਾਂਦਾ ਰਹਿੰਦਾ ਹੈ,
ਪਰ ਗੁਰੂ ਦੀ ਸ਼ਰਨ ਪਿਆਂ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ, ਜਿਸ ਦੀ ਬਰਕਤਿ ਨਾਲ ਇਸ ਦੇ ਅੰਦਰ ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ (ਤੇ ਸਾਰੇ ਕੀਤੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ਪ੍ਰਭੂ ਦੀ ਭਗਤੀ ਤੋਂ ਬਿਨਾਂ (ਵਿਕਾਰਾਂ ਦੀ) ਮੈਲ ਦੂਰ ਨਹੀਂ ਹੁੰਦੀ।
ਹੇ ਨਾਨਕ! (ਉਹ) ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਪਿਆਰੀ ਬਣ ਜਾਂਦੀ ਹੈ, ਜੇਹੜੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ॥੧॥
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਪ੍ਰੇਮ-ਪਿਆਰ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ।
ਉਹ ਆਪਣੇ ਅੰਦਰ ਆਪਣੇ ਹਿਰਦੇ ਵਿਚ (ਪ੍ਰਭੂ-ਪਤੀ ਨੂੰ) ਵਸਾਂਦੀ ਹੈ ਤੇ ਸਾਰੀ ਜ਼ਿੰਦਗੀ ਰੂਪ ਰਾਤ ਸੁਖ ਵਿਚ ਗੁਜ਼ਾਰਦੀ ਹੈ।
ਆਪਣੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਟਿਕਾਉਂਦੀ ਹੈ, ਉਹ ਆਪਣੇ ਪ੍ਰਭੂ ਪਤੀ ਨਾਲ ਮਿਲਾਪ ਕਰਦੀ ਹੈ ਅਤੇ ਸਦਾ ਵਾਸਤੇ ਵਿਛੋੜੇ ਦਾ ਦੁੱਖ ਮਿਟਾ ਲੈਂਦੀ ਹੈ।
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰ ਪ੍ਰਭੂ ਦਾ ਨਿਵਾਸ-ਥਾਂ ਲੱਭ ਲੈਂਦੀ ਹੈ, ਗੁਰੂ ਦੀ ਮਤਿ ਲੈ ਕੇ (ਪ੍ਰਭੂ ਦੇ ਗੁਣਾਂ ਨੂੰ) ਵਿਚਾਰਦੀ ਹੈ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਹੈ।
ਜਿਸ ਜੀਵ-ਇਸਤ੍ਰੀ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਦਿਨ ਰਾਤ ਪੀਤਾ ਹੈ, ਉਹ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦੀ ਹੈ।
ਹੇ ਨਾਨਕ! ਗੁਰੂ ਦੇ ਅਥਾਹ ਪਿਆਰ ਦੀ ਬਰਕਤਿ ਨਾਲ ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ-ਪਤੀ ਵਿਚ ਮਿਲੀ ਰਹਿੰਦੀ ਹੈ ਤੇ ਭਾਗਾਂ ਵਾਲੀ ਹੋ ਜਾਂਦੀ ਹੈ ॥੨॥
ਹੇ ਅਤਿ ਪਿਆਰੇ ਪ੍ਰੀਤਮ ਜੀ! ਮਿਹਰ ਕਰ ਕੇ (ਮੇਰੇ ਹਿਰਦੇ ਵਿਚ) ਆ ਵੱਸੋ।
(ਭਾਗਾਂ ਵਾਲੀ ਹੈ ਉਹ) ਜੀਵ-ਇਸਤ੍ਰੀ ਜੇਹੜੀ ਸਦਾ-ਥਿਰ ਪ੍ਰਭੂ ਦੇ ਨਾਮ ਨਾਲ ਤੇ ਗੁਰੂ ਦੇ ਸ਼ਬਦ ਨਾਲ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਕੇ (ਪ੍ਰਭੂ-ਦਰ ਤੇ ਅਜਿਹੀ) ਬੇਨਤੀ ਕਰਦੀ ਹੈ।
ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ ਨਾਲ ਗੁਰੂ ਦੇ ਸ਼ਬਦ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕਾਰਜ ਸਵਾਰ ਲੈਂਦੀ ਹੈ,
ਉਹ ਜੀਵ-ਇਸਤ੍ਰੀ ਗੁਰੂ ਦੀ ਬਖ਼ਸ਼ੀ ਵਿਚਾਰ ਦੀ ਬਰਕਤਿ ਨਾਲ ਉਸ ਪਰਮਾਤਮਾ ਨਾਲ ਸਾਂਝ ਪਾ ਲੈਂਦੀ ਹੈ ਜੇਹੜਾ ਹਰੇਕ ਜੁਗ ਵਿਚ ਹੀ ਸਦਾ ਕਾਇਮ ਰਹਿਣ ਵਾਲਾ ਹੈ।
(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਕਾਮ-ਵਾਸਨਾ ਵਿਚ ਦਬਾਈ ਰਹਿੰਦੀ ਹੈ, ਮੋਹ ਵਿਚ ਫਸ ਕੇ ਦੁੱਖੀ ਹੁੰਦੀ ਹੈ। ਉਹ ਕਿਸ ਅੱਗੇ ਜਾ ਕੇ (ਆਪਣੇ ਦੁੱਖਾਂ ਦੀ) ਪੁਕਾਰ ਕਰੇ? (ਕੋਈ ਉਸ ਦੇ ਇਹ ਦੁੱਖ ਦੂਰ ਨਹੀਂ ਕਰ ਸਕਦਾ)।
ਹੇ ਨਾਨਕ! ਅਤਿ ਪਿਆਰੇ ਗੁਰੂ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ) ਥਾਂ ਹਾਸਲ ਨਹੀਂ ਕਰ ਸਕਦੀ ॥੩॥
(ਇਕ ਪਾਸੇ ਜੀਵ-ਇਸਤ੍ਰੀ) ਮੂਰਖ ਹੈ ਅੰਵਾਣ ਹੈ ਭੋਲੀ ਹੈ (ਕਿ ਵਿਕਾਰਾਂ ਦੇ ਦਾਵਾਂ ਤੋਂ ਬਚਣਾ ਨਹੀਂ ਜਾਣਦੀ) ਤੇ ਗੁਣ-ਹੀਨ ਹੈ (ਦੂਜੇ ਪਾਸੇ) ਪ੍ਰਭੂ-ਪਤੀ ਅਪਹੁੰਚ ਹੈ ਤੇ ਬੇਅੰਤ ਹੈ (ਇਹੋ ਜਿਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਿਵੇਂ ਹੋਵੇ?)।
ਜੇ ਪ੍ਰਭੂ ਆਪੇ ਹੀ (ਜੀਵ-ਇਸਤ੍ਰੀ ਨੂੰ) ਮਿਲਾਏ ਤਾਂ ਮਿਲਾਪ ਹੋ ਸਕਦਾ ਹੈ, ਉਹ ਆਪ ਹੀ (ਜੀਵ-ਇਸਤ੍ਰੀਆਂ ਦੀਆਂ ਭੁੱਲਾਂ) ਬਖ਼ਸ਼ਣ ਵਾਲਾ ਹੈ।
ਪਿਆਰਾ ਪ੍ਰਭੂ-ਕੰਤ ਜੀਵ-ਇਸਤ੍ਰੀ ਦੇ ਔਗੁਣ ਬਖ਼ਸ਼ਣ ਦੀ ਸਮਰੱਥਾ ਰੱਖਦਾ ਹੈ, ਤੇ ਉਹ ਹਰੇਕ ਸਰੀਰ ਵਿਚ ਵੱਸ ਰਿਹਾ ਹੈ (ਇਸ ਤਰ੍ਹਾਂ ਸਭ ਦੇ ਗੁਣ ਔਗੁਣ ਜਾਣਦਾ ਹੈ)।
ਸਤਿਗੁਰੂ ਨੇ ਇਹ ਸਿੱਖਿਆ ਦਿੱਤੀ ਹੈ ਕਿ ਉਹ ਕੰਤ-ਪ੍ਰਭੂ ਪ੍ਰੇਮ-ਪ੍ਰੀਤਿ ਨਾਲ ਮਿਲਦਾ ਹੈ ਭਗਤੀ-ਭਾਵ ਨਾਲ ਮਿਲਦਾ ਹੈ।
(ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਇਸ ਸਿੱਖਿਆ ਉਤੇ ਤੁਰਦੀ ਹੈ) ਉਹ ਹਰ ਵੇਲੇ ਦਿਨ ਰਾਤ ਆਨੰਦ ਵਿਚ ਰਹਿੰਦੀ ਹੈ ਉਹ ਹਰ ਵੇਲੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਰੱਖਦੀ ਹੈ,
ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ਉਸ ਜੀਵ-ਇਸਤ੍ਰੀ ਨੇ, ਮਾਨੋ, ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ ॥੪॥੩॥
ਮਾਇਆ (ਦੇ ਮੋਹ) ਦਾ ਠਾਠਾਂ ਮਾਰ ਰਿਹਾ ਸਰੋਵਰ ਆਪਣਾ ਜ਼ੋਰ ਪਾ ਰਿਹਾ ਹੈ, ਇਸ ਵਿਚੋਂ ਤਰਨਾ ਭੀ ਬਹੁਤ ਔਖਾ ਹੈ।
(ਹੇ ਭਾਈ!) ਕਿਵੇਂ ਇਸ ਵਿਚੋਂ ਪਾਰ ਲੰਘਿਆ ਜਾਏ? ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਜਹਾਜ਼ ਬਣਾ, ਗੁਰੂ ਦੇ ਸ਼ਬਦ ਨੂੰ ਮਲਾਹ ਬਣਾ ਕੇ (ਉਸ ਜ਼ਹਾਜ਼) ਵਿਚ ਬਿਠਾ।
ਜੇ ਮਨੁੱਖ ਪਰਮਾਤਮਾ ਦੇ ਨਾਮ-ਜਹਾਜ਼ ਵਿਚ ਗੁਰੂ ਦੇ ਸ਼ਬਦ-ਮਲਾਹ ਨੂੰ ਬਿਠਾ ਦੇਵੇ, ਤਾਂ ਪਰਮਾਤਮਾ ਆਪ ਹੀ (ਮਾਇਆ ਦੇ ਸਰੋਵਰ ਤੋਂ) ਪਾਰ ਲੰਘਾ ਦੇਂਦਾ ਹੈ। (ਹੇ ਭਾਈ!) ਇਸ ਦੁੱਤਰ ਮਾਇਆ-ਸਰ ਵਿਚੋਂ ਇਉਂ ਪਾਰ ਲੰਘ ਸਕੀਦਾ ਹੈ।
ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਇਸ ਤਰ੍ਹਾਂ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮਾਇਆ ਵਲੋਂ ਅਛੋਹ ਹੋ ਜਾਈਦਾ ਹੈ।
ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਸਾਰੇ) ਪਾਪ ਇਕ ਖਿਨ ਵਿਚ ਕੱਟੇ ਜਾਂਦੇ ਹਨ। (ਜਿਸ ਦੇ ਕੱਟੇ ਜਾਂਦੇ ਹਨ, ਉਸ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ।
ਹੇ ਨਾਨਕ! ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਮਾਇਆ-ਸਰ ਤੋਂ) ਪਾਰ ਲੰਘੀਦਾ ਹੈ ਤੇ ਲੋਹੇ ਦੀ ਮੈਲ (ਵਰਗਾ ਨਕਾਰਾ ਹੋਇਆ ਮਨ) ਸੋਨਾ ਬਣ ਜਾਂਦਾ ਹੈ ॥੧॥