ਹੁਣ ਜਦੋਂ ਆਪਣੇ ਇਸ ਮਨ ਨੂੰ ਚੰਗੀ ਤਰ੍ਹਾਂ ਵੇਖਦਾ ਹਾਂ,
ਤਾਂ ਆਪਣੇ ਅੰਦਰ ਹੀ ਇਸ਼ਨਾਨ ਕਰਦਾ ਹਾਂ ॥੧॥
ਜੀਵਾਤਮਾ ਦਾ ਪੂਰਨ ਖਿੜਾਉ ਵਿਚ ਟਿਕੇ ਰਹਿਣਾ ਹੀ ਆਤਮਾ ਦੀ ਸਭ ਤੋਂ ਸ੍ਰੇਸ਼ਟ ਅਵਸਥਾ ਹੈ।
ਇਸ ਅਵਸਥਾ ਨੂੰ ਜਨਮ ਮਰਨ ਤੇ ਬੁਢੇਪਾ ਪੋਹ ਨਹੀਂ ਸਕਦੇ ॥੧॥ ਰਹਾਉ ॥
ਮਾਇਆ ਵਾਲਾ ਸਹਾਰਾ ਹੁਣ ਉਲਟ ਗਿਆ ਹੈ,
(ਮਾਇਆ ਦੇ ਥਾਂ ਮੇਰਾ ਮਨ ਹੁਣ) ਪ੍ਰਭੂ-ਚਰਨਾਂ ਵਿਚ ਚੁੱਭੀ ਲਾ ਰਿਹਾ ਹੈ।
ਟੇਢੀਆਂ ਚਾਲਾਂ ਚੱਲਣ ਵਾਲਾ ਇਹ ਮਨ ਹੁਣ ਵਿੱਝ ਗਿਆ ਹੈ,
ਕਿਉਂਕਿ ਨਿਸੰਗ ਹੋ ਕੇ ਹੁਣ ਇਹ ਪ੍ਰਭੂ ਨੂੰ ਮਿਲ ਪਿਆ ਹੈ ॥੨॥
ਮੇਰੀਆਂ ਮੋਹ-ਭਰੀਆਂ ਆਸਾਂ ਹੁਣ ਮੁੱਕ ਗਈਆਂ ਹਨ;
(ਮੇਰੇ ਅੰਦਰ ਦੀ) ਸ਼ਾਂਤੀ ਨੇ ਮੇਰੀ ਤਪਸ਼ ਬੁਝਾ ਦਿੱਤੀ ਹੈ।
ਹੁਣ ਜਦੋਂ ਕਿ ਮਨ ਦੀ ਬਿਰਤੀ ਸਰਬ-ਵਿਆਪਕ ਪ੍ਰਭੂ ਵਿਚ ਜੁੜ ਗਈ ਹੈ,
ਇਸ ਅਵਸਥਾ ਵਿਚ (ਮੇਰੇ ਅੰਦਰ, ਮਾਨੋ) ਇੱਕ-ਰਸ ਵੀਣਾ ਵੱਜ ਰਹੀ ਹੈ ॥੩॥
ਉਪਦੇਸ਼ ਕਰਨ ਵਾਲੇ ਸਤਿਗੁਰੂ ਨੇ ਜਿਸ ਨੂੰ ਆਪਣਾ ਸ਼ਬਦ ਸੁਣਾਇਆ,
ਜੇ ਉਸ ਨੇ ਗਹੁ ਨਾਲ ਸੁਣ ਕੇ ਆਪਣੇ ਮਨ ਵਿਚ ਵਸਾ ਲਿਆ,
ਤਦੋਂ ਪ੍ਰਭੂ ਦਾ ਸਿਮਰਨ ਕਰ ਕੇ ਉਹ ਪਾਰ ਲੰਘ ਗਿਆ।
ਕਬੀਰ ਆਖਦਾ ਹੈ (ਕਿ ਇਸ ਸਾਰੀ ਤਬਦੀਲੀ ਵਿਚ ਇਹ ਹੈ) ਅਸਲ ਰਾਜ਼ ਦੀ ਗੱਲ ॥੪॥੧॥੧੦॥
ਇਹ ਚੰਦ ਤੇ ਸੂਰਜ ਦੋਵੇਂ ਉਸ ਪਰਮਾਤਮਾ ਦੀ ਜੋਤ ਦਾ (ਬਾਹਰਲਾ ਦਿੱਸਦਾ) ਸਰੂਪ ਹਨ,
ਹਰੇਕ ਪ੍ਰਕਾਸ਼ ਵਿਚ ਸੁੰਦਰ ਪ੍ਰਭੂ ਆਪ ਵੱਸ ਰਿਹਾ ਹੈ ॥੧॥
ਹੇ ਵਿਚਾਰਵਾਨ ਮਨੁੱਖ! (ਤੂੰ ਤਾਂ ਚੰਦ ਸੂਰਜ ਆਦਿਕ ਨੂਰੀ ਚੀਜ਼ਾਂ ਵੇਖ ਕੇ ਨਿਰਾ ਇਹਨਾਂ ਨੂੰ ਹੀ ਸਲਾਹ ਰਿਹਾ ਹੈਂ, ਇਹਨਾਂ ਨੂੰ ਨੂਰ ਦੇਣ ਵਾਲੇ) ਪਰਮਾਤਮਾ (ਦੀ ਵਡਿਆਈ) ਦੀ ਵਿਚਾਰ ਕਰ,
ਉਸ ਨੇ ਇਹ ਸਾਰਾ ਸੰਸਾਰ ਆਪਣੇ ਨੂਰ ਵਿਚੋਂ ਪੈਦਾ ਕੀਤਾ ਹੈ ॥੧॥ ਰਹਾਉ ॥
ਕਬੀਰ ਆਖਦਾ ਹੈ ਕਿ ਮੈਂ ਹੀਰੇ (ਆਦਿਕ ਸੁਹਣੇ ਕੀਮਤੀ ਚਮਕਦੇ ਪਦਾਰਥ) ਨੂੰ ਵੇਖ ਕੇ (ਉਸ) ਹੀਰੇ ਨੂੰ ਸਿਰ ਨਿਵਾਉਂਦਾ ਹਾਂ (ਜਿਸ ਨੇ ਇਹਨਾਂ ਨੂੰ ਇਹ ਗੁਣ ਬਖ਼ਸ਼ਿਆ ਹੈ, ਤੇ ਜੋ ਇਹਨਾਂ ਵਿਚ ਵੱਸਦਾ ਹੋਇਆ ਭੀ)
ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਤੇ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ॥੨॥੨॥੧੧॥
ਹੇ ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ। ਹੇ ਭਾਈ! ਤੁਸੀ ਤਾਂ (ਆਪਣੇ ਵਲੋਂ) ਜਾਗਦੇ ਹੀ ਲੁੱਟੇ ਜਾ ਰਹੇ ਹੋ;
ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਵੇਖਦਿਆਂ ਹੀ ਤੁਹਾਨੂੰ ਜਮ-ਰਾਜ ਲਈ ਜਾ ਰਿਹਾ ਹੈ (ਭਾਵ, ਸ਼ਾਸਤ੍ਰਾਂ ਦੀ ਰਾਖੀ ਪਹਿਰੇਦਾਰੀ ਵਿਚ ਭੀ ਤੁਸੀ ਅਜਿਹੇ ਕੰਮ ਕਰੀ ਜਾ ਰਹੇ ਹੋ, ਜਿਨ੍ਹਾਂ ਕਰਕੇ ਜਨਮ ਮਰਨ ਦਾ ਗੇੜ ਬਣਿਆ ਪਿਆ ਹੈ) ॥੧॥ ਰਹਾਉ ॥
(ਸ਼ਾਸਤਰਾਂ ਦੇ ਦੱਸੇ ਕਰਮ-ਕਾਂਡ ਵਿਚ ਫਸੇ) ਹੋਇਆਂ ਨੂੰ ਨਿੰਮ ਦਾ ਰੁੱਖ ਅੰਬ ਦਿੱਸਦਾ ਹੈ, ਅੰਬ ਦਾ ਬੂਟਾ ਨਿੰਮ ਜਾਪਦਾ ਹੈ; ਪੱਕਾ ਹੋਇਆ ਕੇਲਾ ਇਹਨਾਂ ਨੂੰ ਝਾੜੀਆਂ ਮਲੂਮ ਹੁੰਦਾ ਹੈ,
ਤੇ ਸਿੰਬਲ ਇਹਨਾਂ ਮੂਰਖ ਮਤ-ਹੀਣ ਅੰਞਾਣ ਲੋਕਾਂ ਨੂੰ ਨਲੀਏਰ ਦਾ ਪੱਕਾ ਫਲ ਦਿੱਸਦਾ ਹੈ ॥੧॥
ਕਬੀਰ ਆਖਦਾ ਹੈ ਕਿ ਪਰਮਾਤਮਾ ਨੂੰ ਇਉਂ ਸਮਝੋ ਜਿਵੇਂ ਖੰਡ ਰੇਤ ਵਿਚ ਰਲੀ ਹੋਈ ਹੋਵੇ। ਉਹ ਖੰਡ ਹਾਥੀਆਂ ਪਾਸੋਂ ਨਹੀਂ ਚੁਣੀ ਜਾ ਸਕਦੀ।
(ਹਾਂ, ਜੇ) ਕੀੜੀ ਹੋਵੇ ਤਾਂ ਉਹ (ਇਸ ਖੰਡ ਨੂੰ) ਚੁਣ ਕੇ ਖਾ ਸਕਦੀ ਹੈ, ਇਸੇ ਤਰ੍ਹਾਂ ਮਨੁੱਖ ਕੁਲ ਜਾਤ ਖ਼ਾਨਦਾਨ (ਦਾ ਮਾਨ) ਛੱਡ ਕੇ ਪ੍ਰਭੂ ਨੂੰ ਮਿਲ ਸਕਦਾ ਹੈ ॥੨॥੩॥੧੨॥
ਰਾਗ ਰਾਮਕਲੀ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ,
ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ ॥੧॥
(ਹੇ ਤ੍ਰਿਲੋਚਨ!) ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ,
ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ ॥੧॥ ਰਹਾਉ ॥
(ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ,
(ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ ॥੨॥
(ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ;
ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ॥੩॥
ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ ਕਿ ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ,
ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ। ਭਾਵ: ਪ੍ਰੀਤ ਦਾ ਸਰੂਪ-ਕੰਮ-ਕਾਰ ਕਰਦਿਆਂ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰਹੇ ॥੪॥੧॥
ਮੈਨੂੰ ਵੇਦ ਸ਼ਾਸਤਰ, ਪੁਰਾਨ ਆਦਿਕ ਦੇ ਗੀਤ ਕਬਿੱਤ ਗਾਵਣ ਦੀ ਲੋੜ ਨਹੀਂ,