ਪਰ ਜੇਹੜੇ ਬੰਦੇ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ, ਉਹ ਬੰਦੇ ਮਨਮੁਖ ਕਹੇ ਜਾਂਦੇ ਹਨ (ਉਹ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬੇ ਰਹਿੰਦੇ ਹਨ) ਉਹ ਨਾਹ ਉਰਲੇ ਪਾਸੇ ਜੋਗੇ ਅਤੇ ਨਾਹ ਪਾਰ ਲੰਘਣ ਜੋਗੇ ॥੩॥
(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ (ਗੁਰੂ ਦਾ ਸ਼ਬਦ) ਪ੍ਰਾਪਤ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ।
(ਇਸੇ ਤਰ੍ਹਾਂ) ਪ੍ਰਭੂ ਆਪਣੇ ਸੇਵਕਾਂ ਨੂੰ ਮਾਇਆ ਵਿਚ (ਰੱਖ ਕੇ ਭੀ, ਮੋਹ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਮੌਤ ਨੂੰ ਮਾਰ ਕੇ ਮੁਕਾ ਦੇਂਦਾ ਹੈ ॥੪॥੧॥
(ਜਿਸ ਮਨੁੱਖ ਦੇ ਅੰਦਰੋਂ ਭਟਕਣਾ ਮੇਰ-ਤੇਰ ਦੂਰ ਹੋ ਜਾਂਦੀ ਹੈ ਉਸ ਨੂੰ ਯਕੀਨ ਆ ਜਾਂਦਾ ਹੈ ਕਿ) ਪਰਮਾਤਮਾ ਦੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ,
ਉਸ ਦੇ ਬਰਾਬਰ ਦਾ ਕੋਈ ਦੱਸਿਆ ਨਹੀਂ ਜਾ ਸਕਦਾ।
(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਤੋਂ ਵੱਖਰਾ ਹੋਰ ਕੋਈ ਨਹੀਂ ਹੈ,
(ਇਸ ਵਾਸਤੇ) ਪਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਹਸਤੀ ਦੱਸੀ ਨਹੀਂ ਜਾ ਸਕਦੀ ॥੧॥
(ਜਦੋਂ) ਗੁਰੂ ਦੀ ਕਿਰਪਾ ਨਾਲ (ਕਿਸੇ ਵਡਭਾਗੀ ਮਨੁੱਖ ਦੇ) ਮਨ ਵਿਚ (ਪਰਮਾਤਮਾ) ਆ ਵੱਸਦਾ ਹੈ,
ਤਦੋਂ ਉਹ ਮਨੁੱਖ (ਪਰਮਾਤਮਾ ਨਾਲ) ਡੂੰਘੀ ਸਾਂਝ ਪਾ ਲੈਂਦਾ ਹੈ, ਤੇ, (ਉਸ ਦੇ ਅੰਦਰੋਂ) ਭਟਕਣਾ ਦੂਰ ਹੋ ਜਾਂਦੀ ਹੈ ॥੧॥ ਰਹਾਉ ॥
(ਜਿਸ ਦੇ ਅੰਦਰ ਪ੍ਰਭੂ ਪਰਗਟ ਹੋ ਜਾਂਦਾ ਹੈ, ਉਸ ਨੂੰ ਯਕੀਨ ਆ ਜਾਂਦਾ ਹੈ ਕਿ) ਪਰਮਾਤਮਾ ਆਪ ਹੀ (ਉੱਚੇ ਜੀਵਨ-ਮਿਆਰ ਦੀ) ਕਸਵੱਟੀ ਵਰਤ ਕੇ (ਜੀਵਾਂ ਦੇ ਜੀਵਨ) ਪਰਖਣ ਵਾਲਾ ਹੈ।
ਪ੍ਰਭੂ ਆਪ ਹੀ ਪਰਖ ਕਰਦਾ ਹੈ, ਤੇ (ਪਰਵਾਨ ਕਰ ਕੇ ਉਸ ਉੱਚੇ ਜੀਵਨ ਨੂੰ) ਜੀਵਾਂ ਦੇ ਸਾਹਮਣੇ ਲਿਆਉਂਦਾ ਹੈ (ਜਿਵੇਂ ਖਰਾ ਸਿੱਕਾ ਲੋਕਾਂ ਵਿਚ ਪਰਚਲਤ ਕੀਤਾ ਜਾਂਦਾ ਹੈ)।
ਪ੍ਰਭੂ ਆਪ ਹੀ (ਜੀਵਾਂ ਦੇ ਜੀਵਨ ਨੂੰ) ਜਾਂਚਦਾ-ਪਰਖਦਾ ਹੈ, (ਉਸ ਦੀ ਮੇਹਰ ਨਾਲ ਹੀ ਕੋਈ ਜੀਵਨ ਉਸ ਪਰਖ ਵਿਚ) ਪੂਰਾ ਉਤਰਦਾ ਹੈ।
ਸਿਰਫ਼ ਉਹ ਪਰਮਾਤਮਾ ਆਪ ਹੀ (ਇਸ ਖੇਡ ਨੂੰ) ਜਾਣਦਾ ਹੈ ॥੨॥
ਮਾਇਆ ਦੀ ਸਾਰੀ ਹੋਂਦ ਉਸ ਪਰਮਾਤਮਾ ਤੋਂ ਹੀ ਬਣੀ ਹੈ।
ਜਿਸ ਮਨੁੱਖ ਨੂੰ ਪ੍ਰਭੂ (ਆਪਣੇ ਨਾਲ) ਮਿਲਾਂਦਾ ਹੈ, ਉਹ (ਇਸ ਮਾਇਆ ਤੋਂ ਨਿਰਲੇਪ ਰਹਿ ਕੇ) ਪਵਿੱਤ੍ਰ ਜੀਵਨ ਵਾਲਾ ਬਣ ਜਾਂਦਾ ਹੈ।
ਜਿਸ ਮਨੁੱਖ ਨੂੰ (ਪ੍ਰਭੂ ਆਪ ਆਪਣੀ ਮਾਇਆ) ਚੰਬੋੜ ਦੇਂਦਾ ਹੈ, ਉਸ ਨੂੰ ਇਹ ਆ ਚੰਬੜਦੀ ਹੈ।
(ਜਦੋਂ ਕਿਸੇ ਮਨੁੱਖ ਨੂੰ ਗੁਰੂ ਦੀ ਰਾਹੀਂ) ਹਰ ਥਾਂ ਆਪਣਾ ਸਦਾ ਕਾਇਮ ਰਹਿਣ ਵਾਲਾ ਸਰੂਪ ਵਿਖਾਂਦਾ ਹੈ, ਤਦੋਂ ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੩॥
(ਹੇ ਭਾਈ! ਪ੍ਰਭੂ) ਆਪ ਹੀ (ਆਪਣੇ ਚਰਨਾਂ ਵਿਚ) ਮਗਨਤਾ (ਦੇਣ ਵਾਲਾ ਹੈ), ਆਪ ਹੀ ਮਾਇਆ (ਚੰਬੋੜਨ ਵਾਲਾ) ਹੈ।
ਪ੍ਰਭੂ ਆਪ ਹੀ (ਸਹੀ ਜੀਵਨ ਦੀ) ਸੂਝ ਬਖ਼ਸ਼ਦਾ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਆਪਣਾ ਨਾਮ) ਜਪਦਾ ਹੈ।
ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ (ਗੁਰੂ ਦਾ) ਸ਼ਬਦ ਹੈ।
ਹੇ ਨਾਨਕ! ਪ੍ਰਭੂ ਆਪ ਹੀ (ਗੁਰੂ ਦਾ ਸ਼ਬਦ) ਉਚਾਰ ਕੇ (ਹੋਰਨਾਂ ਨੂੰ) ਸੁਣਾਂਦਾ ਹੈ (ਇਹ ਹੈ ਸਰਧਾ ਉਸ ਵਡਭਾਗੀ ਦੀ ਜਿਸ ਦੇ ਮਨ ਵਿਚ ਉਹ ਪ੍ਰਭੂ ਗੁਰੂ ਦੀ ਕਿਰਪਾ ਨਾਲ ਆ ਵੱਸਦਾ ਹੈ) ॥੪॥੨॥
(ਹੇ ਭਾਈ!) ਮਾਲਕ-ਪ੍ਰਭੂ ਦੀ ਮੇਹਰ ਨਾਲ ਹੀ (ਕੋਈ ਮਨੁੱਖ ਉਸ ਦਾ) ਭਗਤ ਬਣਦਾ ਹੈ, ਮਾਲਕ-ਪ੍ਰਭੂ ਦੀ ਕਿਰਪਾ ਨਾਲ ਹੀ (ਮਨੁੱਖ ਨੂੰ ਉਸ ਦੀ) ਸੇਵਾ-ਭਗਤੀ ਪ੍ਰਾਪਤ ਹੁੰਦੀ ਹੈ। (ਇਹ ਸੇਵਾ-ਭਗਤੀ ਕਿਸੇ ਨੂੰ ਭੀ ਉਸ ਦੇ ਆਪਣੇ ਉੱਦਮ ਨਾਲ ਨਹੀਂ ਮਿਲਦੀ) ਕੋਈ ਭੀ ਮਨੁੱਖ ਅਜੇਹੀ ਗ਼ਲਤ ਦਲੀਲ ਨਹੀਂ ਦੇ ਸਕਦਾ।
ਹੇ ਪ੍ਰਭੂ! ਇਹ ਤੇਰਾ ਇਕ ਅਚਰਜ ਤਮਾਸ਼ਾ ਬਣਿਆ ਹੋਇਆ ਹੈ (ਕਿ ਤੇਰੀ ਭਗਤੀ ਤੇਰੀ ਮੇਹਰ ਨਾਲ ਹੀ ਮਿਲਦੀ ਹੈ, ਉਂਞ) ਤੂੰ ਸਭ ਜੀਵਾਂ ਵਿਚ ਆਪ ਹੀ ਸਮਾਇਆ ਹੋਇਆ ਹੈਂ ॥੧॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਜਪਣ ਵਿਚ) ਗਿੱਝ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ (ਸਦਾ) ਲੀਨ ਰਹਿੰਦਾ ਹੈ।
(ਪਰ) ਗੁਰੂ (ਭੀ) ਉਸੇ ਨੂੰ ਮਿਲਦਾ ਹੈ ਜਿਸ ਉਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ, ਫਿਰ ਹਰ ਵੇਲੇ ਉਸ ਦੀ ਸੁਰਤ ਆਤਮਕ ਅਡੋਲਤਾ ਪੈਦਾ ਕਰਨ ਵਾਲੀ ਅਵਸਥਾ ਵਿਚ ਜੁੜੀ ਰਹਿੰਦੀ ਹੈ ॥੧॥ ਰਹਾਉ ॥
ਹੇ ਪ੍ਰਭੂ! (ਆਪਣੇ ਉੱਦਮ ਨਾਲ) ਕੋਈ ਭੀ ਮਨੁੱਖ ਤੇਰੀ ਸੇਵਾ-ਭਗਤੀ ਨਹੀਂ ਕਰ ਸਕਦਾ, ਕੋਈ ਮਨੁੱਖ ਅਜੇਹਾ ਕੋਈ ਮਾਣ ਨਹੀਂ ਕਰ ਸਕਦਾ।
ਹੇ ਮਾਲਕ-ਪ੍ਰਭੂ! ਜਦੋਂ ਤੂੰ ਕਿਸੇ ਜੀਵ ਵਿਚੋਂ (ਸੇਵਾ-ਭਗਤੀ ਵਾਸਤੇ ਦਿੱਤਾ ਹੋਇਆ) ਚਾਨਣ ਖਿੱਚ ਲੈਂਦਾ ਹੈਂ, ਤਦੋਂ ਫਿਰ ਕੋਈ ਭੀ ਸੇਵਾ-ਭਗਤੀ ਦੀਆਂ ਗੱਲਾਂ ਨਹੀਂ ਕਰ ਸਕਦਾ ॥੨॥
ਹੇ ਭਾਈ! ਪਰਮਾਤਮਾ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ (ਜੇਹੜੇ ਗੁਣ ਉਹ ਗੁਰੂ ਦੀ ਰਾਹੀਂ ਸਿੱਖ ਨੂੰ ਦੇਂਦਾ ਹੈ)।
ਜਿਵੇਂ ਉਸ ਹਰੀ ਭਗਵਾਨ ਨੂੰ ਚੰਗਾ ਲੱਗਦਾ ਹੈ, ਜਿਵੇਂ ਉਹ ਜੀਵ ਨੂੰ ਜੀਵਨ-ਰਾਹ ਉਤੇ ਤੋਰਦਾ ਹੈ ਤਿਵੇਂ ਹੀ ਜੀਵ ਤੁਰਦਾ ਹੈ ॥੩॥
ਨਾਨਕ ਆਖਦਾ ਹੈ-ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੇਰੇ ਕੰਮਾਂ (ਦੇ ਭੇਤ) ਨੂੰ ਕੋਈ ਨਹੀਂ ਜਾਣ ਸਕਦਾ।
ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਟਿਕਾ ਕੇ ਇੱਜ਼ਤ ਬਖ਼ਸ਼ਦਾ ਹੈਂ। ਕਈ ਜੀਵ ਕੁਰਾਹੇ ਪੈ ਕੇ ਅਹੰਕਾਰ ਵਿਚ ਭਟਕਦੇ ਫਿਰਦੇ ਹਨ ॥੪॥੩॥
ਹੇ ਭਾਈ! ਵੇਖੋ, ਪੂਰਨ ਪ੍ਰਭੂ ਨੇ (ਗੁਰੂ ਦੀ ਸ਼ਰਨ ਪੈ ਕੇ ਹਰਿ-ਨਾਮ ਜਪਣ ਦੀ ਇਹ ਐਸੀ) ਉੱਤਮ ਜੁਗਤੀ ਬਣਾਈ ਹੈ ਜੋ ਹਰੇਕ ਜੁਗ ਵਿਚ ਇਕੋ ਜਿਹੀ ਚਲੀ ਆ ਰਹੀ ਹੈ।
ਮਤਾਂ ਕੋਈ ਮਨੁੱਖ (ਜਤ ਸੰਜਮ ਤੀਰਥ ਆਦਿਕ ਕਰਮ ਦਾ) ਮਾਣ ਕਰ ਬਹੇ। ਇਸ ਜਗਤ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣ ਤੋਂ ਹੀ ਇੱਜ਼ਤ ਮਿਲਦੀ ਹੈ ॥੧॥
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਉਤੇ ਯਕੀਨ ਆ ਜਾਂਦਾ ਹੈ, ਉਹ ਮਨੁੱਖ ਗੁਰੂ (ਦੇ ਉਪਦੇਸ਼) ਵਿਚ ਲੀਨ ਰਹਿੰਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ ॥੧॥ ਰਹਾਉ ॥
ਹੇ ਭਾਈ! ਗੁਰੂ ਦੀ ਸ਼ਰਨ ਪਿਆਂ ਹੀ ਚਹੁੰਆਂ ਜੁਗਾਂ ਦਾ ਨਿਰਨਾ ਸਮਝ ਵਿਚ ਆਉਂਦਾ ਹੈ (ਕਿ ਜੁਗ ਚਾਹੇ ਕੋਈ ਹੋਵੇ) ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਹੋ ਜਾਂਦਾ ਹੈ।
(ਵੇਦ ਆਦਿਕ ਹਿੰਦੂ ਧਰਮ-ਪੁਸਤਕ ਦੱਸਦੇ ਰਹੇ ਕਿ) ਜਤ ਸੰਜਮ ਅਤੇ ਤੀਰਥ-ਇਸ਼ਨਾਨ ਉਹਨਾਂ ਜੁਗਾਂ ਦਾ ਧਰਮ ਸੀ, ਪਰ ਕਲਿਜੁਗ ਵਿਚ (ਗੁਰੂ ਨਾਨਕ ਨੇ ਆ ਦੱਸਿਆ ਹੈ ਕਿ) ਪਰਮਾਤਮਾ ਦੀ ਸਿਫ਼ਤਿ-ਸਾਲਾਹ, ਪਰਮਾਤਮਾ ਦਾ ਨਾਮ-ਸਿਮਰਨ ਹੀ ਅਸਲ ਧਰਮ ਹੈ ॥੨॥
ਹੇ ਭਾਈ! ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ (ਉਹ ਇਹੀ ਆਖਦੇ ਹਨ ਕਿ) ਹਰੇਕ ਜੁਗ ਵਿਚ (ਜਤ ਸੰਜਮ ਤੀਰਥ ਆਦਿਕ) ਆਪਣਾ ਆਪਣਾ ਧਰਮ (ਪਰਵਾਨ) ਹੈ।
(ਪਰ ਗੁਰੂ ਦੀ ਸਿੱਖਿਆ ਇਹ ਹੈ ਕਿ) ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਮਨੁੱਖ ਪੂਰਨ ਹਨ ਤੇ ਕਬੂਲ ਹਨ ॥੩॥