ਇਸ ਤਰੀਕੇ ਨਾਲ (ਉਸ ਮਨੁੱਖ ਦਾ) ਇਹ ਮਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ,
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਧੋ ਕੇ ਕੱਢ ਦੇਂਦਾ ਹੈ ਅਤੇ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ ॥
ਜਦੋਂ ਇਹ ਜਗਤ ਗੁਰੂ ਦੀ ਬਾਣੀ ਸੁਣਦਾ ਹੈ ਗੁਰੂ ਦਾ ਸ਼ਬਦ ਸੁਣਦਾ ਹੈ,
ਅਤੇ ਗੁਰੂ ਦੇ ਪਿਆਰ ਵਿਚ ਮਗਨ ਹੁੰਦਾ ਹੈ ਤਦੋਂ ਇਹ ਆਤਮਕ ਜੀਵਨ ਨਾਲ ਹਰਾ-ਭਰਾ ਹੋ ਜਾਂਦਾ ਹੈ ॥੨॥
(ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਮਨੁੱਖਾ ਜੀਵਨ ਦੇ ਰੁੱਖ ਨੂੰ ਆਤਮਕ ਗੁਣਾਂ ਦੇ) ਫੁੱਲ ਫਲ (ਤਦੋਂ ਹੀ) ਲੱਗਦੇ ਜਦੋਂ ਪਰਮਾਤਮਾ ਆਪ ਹੀ ਲਾਂਦਾ ਹੈ।
(ਜਦੋਂ ਪ੍ਰਭੂ ਦੀ ਮਿਹਰ ਨਾਲ ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ ਮਨੁੱਖ ਸਾਰੇ ਜਗਤ ਦੇ ਸਿਰਜਣਹਾਰ ਵਿਚ ਜੁੜਦਾ ਹੈ ॥੩॥
ਇਹ ਸਾਰਾ ਜਗਤ (ਪਰਮਾਤਮਾ ਦੀ) ਬਗੀਚੀ ਹੈ, (ਇਸ ਨੂੰ ਹਰਾ-ਭਰਾ ਕਰਨ ਵਾਲਾ) ਬਸੰਤ ਭੀ ਉਹ ਉਹ ਆਪ ਹੀ ਹੈ।
ਹੇ ਨਾਨਕ! (ਮਾਇਆ ਦੇ ਮੋਹ ਤੋਂ) ਨਿਰਲੇਪ ਕਰਨ ਵਾਲੀ ਹਰਿ-ਭਗਤੀ ਵੱਡੀ ਕਿਸਮਤ ਨਾਲ ਹੀ (ਕਿਸੇ ਮਨੁੱਖ ਨੂੰ ਮਿਲਦੀ ਹੈ) ॥੪॥੫॥੧੭॥
ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਮੈਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਸ਼ਬਦ ਤੋਂ ਸਦਕੇ ਜਾਂਦਾ ਹਾਂ।
ਮੈਂ ਸਦਾ ਆਪਣੇ ਗੁਰੂ ਨੂੰ ਸਲਾਹੁੰਦਾ ਹਾਂ, ਮੈਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਦਾ ਹਾਂ ॥੧॥
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ।
ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਕੇ ਤੇਰਾ ਮਨ ਖਿੜ ਪਏਗਾ ਤੇਰਾ ਤਨ ਖਿੜ ਪਏਗਾ ॥੧॥ ਰਹਾਉ ॥
ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ ਉਹ (ਮਾਇਆ ਦੇ ਮੋਹ ਦੇ ਪੰਜੇ ਤੋਂ) ਬਚ ਗਏ ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਕੇ (ਬਚਾ ਲਿਆ)।
ਉਹਨਾਂ ਦੇ ਅੰਦਰੋਂ ਹਉਮੈ ਦਾ ਦੁੱਖ ਦੂਰ ਹੋ ਗਿਆ, ਉਹਨਾਂ ਦੇ ਮਨ ਵਿਚ ਆਨੰਦ ਆ ਵੱਸਿਆ ॥੨॥
ਧੁਰ ਦਰਗਾਹ ਤੋਂ ਪਰਮਾਤਮਾ ਨੇ ਆਪ ਹੀ ਜਿਨ੍ਹਾਂ ਉਤੇ ਬਖ਼ਸ਼ਸ਼ ਕੀਤੀ, ਉਹਨਾਂ ਨੂੰ ਉਸ ਨੇ (ਗੁਰੂ ਦੇ) ਸ਼ਬਦ ਵਿਚ ਜੋੜ ਦਿੱਤਾ।
ਉਹਨਾਂ ਦੀ ਚਰਨ-ਧੂੜ ਦੀ ਬਰਕਤਿ ਨਾਲ (ਮਾਇਆ ਤੋਂ) ਨਿਰਲੇਪ ਹੋ ਜਾਈਦਾ ਹੈ (ਜਿਨ੍ਹਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ) ਸਾਧ ਸੰਗਤ ਵਿਚ ਮੇਲ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੩॥
ਜਿਸ ਪਰਮਾਤਮਾ ਨੇ ਹਰੇਕ ਜੀਵ ਨੂੰ ਜਿੰਦ ਦਿੱਤੀ ਹੈ ਉਹ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ।
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੪॥੧॥੧੮॥੧੨॥੧੮॥੩੦॥
ਰਾਗ ਬਸੰਤੁ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਇਕ-ਤੁਕੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੀ ਮਾਂ! ਜਿਵੇਂ ਸੂਰਜ ਦੀ ਕਿਰਣ ਦਾ ਚਾਨਣ (ਸਾਰੇ ਜਗਤ ਵਿਚ) ਖਿਲਰਿਆ ਹੋਇਆ ਹੈ,
ਤਿਵੇਂ ਸੋਹਣਾ ਰਾਮ ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਮੌਜੂਦ ਹੈ ॥੧॥
ਹੇ ਮੇਰੀ ਮਾਂ! (ਭਾਵੇਂ ਸਿਰਫ਼) ਇਕ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ,
(ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਨੂੰ) ਮਿਲਿਆ ਜਾ ਸਕਦਾ ਹੈ ॥੧॥ ਰਹਾਉ ॥
ਹੇ ਮਾਂ! ਉਹ ਇਕ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵਿਆਪਕ ਹੈ।
ਜੇ (ਜੀਵ ਨੂੰ) ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਪਰਤੱਖ ਦਿੱਸ ਪੈਂਦਾ ਹੈ ॥੨॥
ਹੇ ਮਾਂ! ਇਕ ਪਰਮਾਤਮਾ ਹੀ ਹਰ ਥਾਂ ਜ਼ੱਰੇ ਜ਼ੱਰੇ ਵਿਚ ਵੱਸ ਰਿਹਾ ਹੈ।
ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ ਦੇ ਲਾਲਚੀ ਮਨੁੱਖ ਸਮਝਦੇ ਹਨ ਕਿ ਉਹ ਕਿਤੇ ਦੂਰ ਵੱਸਦਾ ਹੈ ॥੩॥
ਇਕ ਪਰਮਾਤਮਾ ਹੀ ਸਾਰੇ ਜਗਤ ਵਿਚ ਵਰਤ ਰਿਹਾ ਹੈ।
ਹੇ ਨਾਨਕ! ਉਹ ਸਰਬ-ਵਿਆਪਕ ਪ੍ਰਭੂ ਹੀ ਜੋ ਕੁਝ ਕਰਦਾ ਹੈ ਉਹ ਹੁੰਦਾ ਹੈ ॥੪॥੧॥
ਹੇ ਮੇਰੇ ਮਨ! ਰਾਤ ਅਤੇ ਦਿਨ ਦੋਵੇਂ ਮੌਤ ਦਾ ਸੱਦਾ ਦੇ ਰਹੇ ਹਨ (ਕਿ ਉਮਰ ਬੀਤ ਰਹੀ ਹੈ, ਤੇ, ਮੌਤ ਨੇੜੇ ਆ ਰਹੀ ਹੈ)।
ਹੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ, ਹਰਿ-ਨਾਮ ਹੀ ਅੰਤ ਵੇਲੇ ਸਦਾ ਰੱਖਿਆ ਕਰਦਾ ਹੈ ॥੧॥
ਹੇ ਮੇਰੇ ਮਨ! ਸਦਾ ਪਰਮਾਤਮਾ ਨੂੰ ਯਾਦ ਕਰਿਆ ਕਰ, ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਗੁਣ ਗਾਇਆ ਕਰ।
(ਜਿਸ ਮਨੁੱਖ ਨੇ ਇਹ ਉੱਦਮ ਕੀਤਾ, ਉਸ ਨੇ) ਸਾਰਾ ਆਲਸ ਦੂਰ ਕਰ ਕੇ ਆਪਣੇ ਸਾਰੇ ਦੁੱਖ ਨਾਸ ਕਰ ਕੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ॥੧॥ ਰਹਾਉ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੁੜ ਮੁੜ ਹਉਮੈ ਦੇ ਕਾਰਨ ਆਤਮਕ ਮੌਤ ਸਹੇੜਦੇ ਰਹਿੰਦੇ ਹਨ।