ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 799


ਜਪਿ ਮਨ ਰਾਮ ਨਾਮੁ ਰਸਨਾ ॥

ਹੇ (ਮੇਰੇ) ਮਨ! ਜੀਭ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ।

ਮਸਤਕਿ ਲਿਖਤ ਲਿਖੇ ਗੁਰੁ ਪਾਇਆ ਹਰਿ ਹਿਰਦੈ ਹਰਿ ਬਸਨਾ ॥੧॥ ਰਹਾਉ ॥

ਜਿਸ ਮਨੁੱਖ ਦੇ ਮੱਥੇ ਉਤੇ ਲਿਖੇ ਹੋਏ ਚੰਗੇ ਭਾਗ ਉੱਘੜ ਪੈਣ, ਉਸ ਨੂੰ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਸਹੈਤਾ ਨਾਲ ਉਸ ਦੇ) ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ ॥੧॥ ਰਹਾਉ ॥

ਮਾਇਆ ਗਿਰਸਤਿ ਭ੍ਰਮਤੁ ਹੈ ਪ੍ਰਾਨੀ ਰਖਿ ਲੇਵਹੁ ਜਨੁ ਅਪਨਾ ॥

ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਫਸਿਆ ਹੋਇਆ ਜੀਵ ਭਟਕਦਾ ਫਿਰਦਾ ਹੈ, (ਮੈਨੂੰ) ਆਪਣੇ ਦਾਸ ਨੂੰ (ਇਸ ਮਾਇਆ ਦੇ ਮੋਹ ਤੋਂ) ਬਚਾ ਲੈ,

ਜਿਉ ਪ੍ਰਹਿਲਾਦੁ ਹਰਣਾਖਸਿ ਗ੍ਰਸਿਓ ਹਰਿ ਰਾਖਿਓ ਹਰਿ ਸਰਨਾ ॥੨॥

(ਉਸ ਤਰ੍ਹਾਂ ਬਚਾ ਲੈ) ਜਿਵੇਂ, ਹੇ ਹਰੀ! ਤੂੰ ਸਰਨ ਪਏ ਪ੍ਰਹਿਲਾਦ ਦੀ ਰੱਖਿਆ ਕੀਤੀ, ਜਦੋਂ ਉਸ ਨੂੰ ਹਰਣਾਖਸ ਨੇ ਦੁੱਖ ਦਿੱਤਾ ॥੨॥

ਕਵਨ ਕਵਨ ਕੀ ਗਤਿ ਮਿਤਿ ਕਹੀਐ ਹਰਿ ਕੀਏ ਪਤਿਤ ਪਵੰਨਾ ॥

ਹੇ ਭਾਈ! ਕਿਸ ਕਿਸ ਦੀ ਹਾਲਤ ਦੱਸੀ ਜਾਏ? ਉਹ ਪਰਮਾਤਮਾ ਤਾਂ ਬੜੇ ਬੜੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਂਦਾ ਹੈ।

ਓਹੁ ਢੋਵੈ ਢੋਰ ਹਾਥਿ ਚਮੁ ਚਮਰੇ ਹਰਿ ਉਧਰਿਓ ਪਰਿਓ ਸਰਨਾ ॥੩॥

(ਵੇਖੋ!) ਉਹ (ਰਵਿਦਾਸ) ਮੋਏ ਹੋਏ ਪਸ਼ੂ ਢੋਂਦਾ ਸੀ, (ਉਸ) ਚਮਾਰ ਦੇ ਹੱਥ ਵਿਚ (ਨਿੱਤ) ਚੰਮ (ਫੜਿਆ ਹੁੰਦਾ) ਸੀ, ਪਰ ਜਦੋਂ ਉਹ ਪ੍ਰਭੂ ਦੀ ਸਰਨ ਪਿਆ, ਪ੍ਰਭੂ ਨੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ॥੩॥

ਪ੍ਰਭ ਦੀਨ ਦਇਆਲ ਭਗਤ ਭਵ ਤਾਰਨ ਹਮ ਪਾਪੀ ਰਾਖੁ ਪਪਨਾ ॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ ਪ੍ਰਭੂ! ਸਾਨੂੰ ਪਾਪੀ ਜੀਵਾਂ ਨੂੰ ਪਾਪਾਂ ਤੋਂ ਬਚਾ ਲੈ।

ਹਰਿ ਦਾਸਨ ਦਾਸ ਦਾਸ ਹਮ ਕਰੀਅਹੁ ਜਨ ਨਾਨਕ ਦਾਸ ਦਾਸੰਨਾ ॥੪॥੧॥

ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਸਾਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੪॥੧॥

ਬਿਲਾਵਲੁ ਮਹਲਾ ੪ ॥

ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ ॥

ਹੇ ਸਰਬ-ਵਿਆਪਕ ਪ੍ਰਭੂ! ਹੇ ਜੂਨਾਂ ਤੋਂ ਰਹਿਤ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਬੜੇ ਮੂਰਖ ਹਾਂ, ਬੇ ਸਮਝ ਹਾਂ (ਪਰ) ਤੇਰੀ ਸਰਨ ਪਏ ਹਾਂ।

ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ॥੧॥

ਹੇ ਮੇਰੇ ਠਾਕੁਰ! ਮੇਹਰ ਕਰ, ਸਾਡੀ ਰੱਖਿਆ ਕਰ, ਅਸੀਂ ਪੱਥਰ (-ਦਿਲ) ਹਾਂ, ਅਸੀਂ ਨਿਮਾਣੇ ਹਾਂ ਤੇ ਮੰਦ-ਭਾਗੀ ਹਾਂ ॥੧॥

ਮੇਰੇ ਮਨ ਭਜੁ ਰਾਮ ਨਾਮੈ ਰਾਮਾ ॥

ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ।

ਗੁਰਮਤਿ ਹਰਿ ਰਸੁ ਪਾਈਐ ਹੋਰਿ ਤਿਆਗਹੁ ਨਿਹਫਲ ਕਾਮਾ ॥੧॥ ਰਹਾਉ ॥

(ਹੇ ਭਾਈ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਦੇ ਨਾਮ ਦਾ ਆਨੰਦ ਮਿਲਦਾ ਹੈ। ਛੱਡੋ ਹੋਰ ਕੰਮਾਂ ਦਾ ਮੋਹ, (ਜਿੰਦ ਨੂੰ ਉਹਨਾਂ ਤੋਂ) ਕੋਈ ਲਾਭ ਨਹੀਂ ਮਿਲੇਗਾ ॥੧॥ ਰਹਾਉ ॥

ਹਰਿ ਜਨ ਸੇਵਕ ਸੇ ਹਰਿ ਤਾਰੇ ਹਮ ਨਿਰਗੁਨ ਰਾਖੁ ਉਪਮਾ ॥

ਹੇ ਹਰੀ! ਜੇਹੜੇ ਮਨੁੱਖ ਤੇਰੇ (ਦਰ ਦੇ) ਸੇਵਕ ਬਣਦੇ ਹਨ ਤੂੰ ਉਹਨਾਂ ਨੂੰ ਪਾਰ ਲੰਘਾ ਲੈਂਦਾ ਹੈਂ। (ਪਰ) ਅਸੀਂ ਗੁਣ-ਹੀਨ ਹਾਂ, (ਗੁਣ-ਹੀਨਾਂ ਦੀ ਭੀ) ਰੱਖਿਆ ਕਰ (ਇਸ ਵਿਚ ਭੀ ਤੇਰੀ ਹੀ) ਸੋਭਾ ਹੋਵੇਗੀ।

ਤੁਝ ਬਿਨੁ ਅਵਰੁ ਨ ਕੋਈ ਮੇਰੇ ਠਾਕੁਰ ਹਰਿ ਜਪੀਐ ਵਡੇ ਕਰੰਮਾ ॥੨॥

ਹੇ ਮੇਰੇ ਠਾਕੁਰ! ਤੈਥੋਂ ਬਿਨਾ ਮੇਰਾ ਕੋਈ (ਮਦਦਗਾਰ) ਨਹੀਂ। (ਹੇ ਭਾਈ!) ਵੱਡੀ ਕਿਸਮਤ ਨਾਲ ਹੀ ਪ੍ਰਭੂ ਦਾ ਨਾਮ ਜਪਿਆ ਜਾ ਸਕਦਾ ਹੈ ॥੨॥

ਨਾਮਹੀਨ ਧ੍ਰਿਗੁ ਜੀਵਤੇ ਤਿਨ ਵਡ ਦੂਖ ਸਹੰਮਾ ॥

(ਹੇ ਭਾਈ!) ਜੇਹੜੇ ਮਨੁੱਖ ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੀ ਹੁੰਦਾ ਹੈ। ਉਹਨਾਂ ਨੂੰ ਬੜੇ ਦੁੱਖ ਸਹਿਮ (ਚੰਬੜੇ ਰਹਿੰਦੇ ਹਨ)।

ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮੰਦਭਾਗੀ ਮੂੜ ਅਕਰਮਾ ॥੩॥

ਉਹ ਮਨੁੱਖ ਮੁੜ ਮੁੜ ਜੂਨਾਂ ਵਿਚ ਪਾਏ ਜਾਂਦੇ ਹਨ। ਉਹ ਮੂਰਖ ਬੰਦੇ ਕਰਮਹੀਣ ਹੀ ਰਹਿੰਦੇ ਹਨ, ਮੰਦ-ਭਾਗੀ ਹੀ ਰਹਿੰਦੇ ਹਨ ॥੩॥

ਹਰਿ ਜਨ ਨਾਮੁ ਅਧਾਰੁ ਹੈ ਧੁਰਿ ਪੂਰਬਿ ਲਿਖੇ ਵਡ ਕਰਮਾ ॥

ਹੇ ਭਾਈ! ਪਰਮਾਤਮਾ ਦੇ ਭਗਤਾਂ ਨੂੰ ਪਰਮਾਤਮਾ ਦਾ ਨਾਮ (ਹੀ ਜੀਵਨ ਦਾ) ਸਹਾਰਾ ਹੈ। ਧੁਰ ਦਰਗਾਹ ਤੋਂ ਪੂਰਬਲੇ ਜਨਮ ਵਿਚ (ਉਹਨਾਂ ਦੇ ਮੱਥੇ ਉਤੇ) ਵੱਡੇ ਭਾਗ ਲਿਖੇ ਹੋਏ ਸਮਝੋ।

ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਜਨ ਨਾਨਕ ਸਫਲੁ ਜਨੰਮਾ ॥੪॥੨॥

ਹੇ ਦਾਸ ਨਾਨਕ! ਗੁਰੂ ਨੇ ਸਤਿਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਸਿਮਰਨ ਪੱਕਾ ਕਰ ਦਿੱਤਾ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ॥੪॥੨॥

ਬਿਲਾਵਲੁ ਮਹਲਾ ੪ ॥

ਹਮਰਾ ਚਿਤੁ ਲੁਭਤ ਮੋਹਿ ਬਿਖਿਆ ਬਹੁ ਦੁਰਮਤਿ ਮੈਲੁ ਭਰਾ ॥

ਹੇ ਪ੍ਰਭੂ! ਅਸਾਂ ਜੀਵਾਂ ਦਾ ਮਨ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਖੋਟੀ ਮਤਿ ਦੀ ਮੈਲ ਨਾਲ ਬਹੁਤ ਭਰਿਆ ਰਹਿੰਦਾ ਹੈ;

ਤੁਮੑਰੀ ਸੇਵਾ ਕਰਿ ਨ ਸਕਹ ਪ੍ਰਭ ਹਮ ਕਿਉ ਕਰਿ ਮੁਗਧ ਤਰਾ ॥੧॥

ਇਸੇ ਵਾਸਤੇ ਅਸੀਂ ਤੇਰੀ ਸੇਵਾ-ਭਗਤੀ ਕਰ ਨਹੀਂ ਸਕਦੇ। ਹੇ ਪ੍ਰਭੂ! ਅਸੀਂ ਮੂਰਖ ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੀਏ? ॥੧॥

ਮੇਰੇ ਮਨ ਜਪਿ ਨਰਹਰ ਨਾਮੁ ਨਰਹਰਾ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ।

ਜਨ ਊਪਰਿ ਕਿਰਪਾ ਪ੍ਰਭਿ ਧਾਰੀ ਮਿਲਿ ਸਤਿਗੁਰ ਪਾਰਿ ਪਰਾ ॥੧॥ ਰਹਾਉ ॥

ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ, ਉਹ ਗੁਰੂ ਨੂੰ ਮਿਲ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ॥੧॥ ਰਹਾਉ ॥

ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰਿ ਦੇਹੁ ਮਤੀ ਜਸੁ ਕਰਾ ॥

ਹੇ ਪ੍ਰਭੂ! ਹੇ ਠਾਕੁਰ! ਹੇ ਸਾਡੇ ਪਿਤਾ! ਹੇ ਸਾਡੇ ਮਾਲਕ! ਹੇ ਹਰੀ! ਸਾਨੂੰ (ਅਜੇਹੀ) ਸਮਝ ਬਖ਼ਸ਼ ਕਿ ਅਸੀਂ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹੀਏ।

ਤੁਮੑਰੈ ਸੰਗਿ ਲਗੇ ਸੇ ਉਧਰੇ ਜਿਉ ਸੰਗਿ ਕਾਸਟ ਲੋਹ ਤਰਾ ॥੨॥

ਹੇ ਪ੍ਰਭੂ! ਜਿਵੇਂ ਕਾਠ ਨਾਲ ਲੱਗ ਕੇ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਜੇਹੜੇ ਬੰਦੇ ਤੇਰੇ ਚਰਨਾਂ ਵਿਚ ਜੁੜਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ॥੨॥

ਸਾਕਤ ਨਰ ਹੋਛੀ ਮਤਿ ਮਧਿਮ ਜਿਨੑ ਹਰਿ ਹਰਿ ਸੇਵ ਨ ਕਰਾ ॥

ਹੇ ਭਾਈ! ਜਿਨ੍ਹਾਂ ਬੰਦਿਆਂ ਨੇ ਕਦੇ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਕੀਤੀ, ਪਰਮਾਤਮਾ ਨਾਲੋਂ ਟੁੱਟੇ ਹੋਏ ਉਹਨਾਂ ਬੰਦਿਆਂ ਦੀ ਅਕਲ ਹੋਛੀ ਤੇ ਮਲੀਨ ਹੁੰਦੀ ਹੈ।

ਤੇ ਨਰ ਭਾਗਹੀਨ ਦੁਹਚਾਰੀ ਓਇ ਜਨਮਿ ਮੁਏ ਫਿਰਿ ਮਰਾ ॥੩॥

ਉਹ ਮਨੁੱਖ ਬਦ-ਕਿਸਮਤ ਰਹਿ ਜਾਂਦੇ ਹਨ ਕਿਉਂਕਿ ਉਹ (ਪਵਿਤ੍ਰਤਾ ਦੇ ਸੋਮੇ ਪ੍ਰਭੂ ਤੋਂ ਵਿਛੁੜ ਕੇ) ਮੰਦ-ਕਰਮੀ ਹੋ ਜਾਂਦੇ ਹਨ। ਫਿਰ ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੩॥

ਜਿਨ ਕਉ ਤੁਮੑ ਹਰਿ ਮੇਲਹੁ ਸੁਆਮੀ ਤੇ ਨੑਾਏ ਸੰਤੋਖ ਗੁਰ ਸਰਾ ॥

ਹੇ ਮਾਲਕ-ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜਨਾ ਚਾਹੁੰਦਾ ਹੈਂ, ਉਹ ਸੰਤੋਖ ਦੇ ਸਰੋਵਰ ਗੁਰੂ ਵਿਚ ਇਸ਼ਨਾਨ ਕਰਦੇ ਰਹਿੰਦੇ ਹਨ (ਉਹ ਗੁਰੂ ਵਿਚ ਲੀਨ ਹੋ ਕੇ ਆਪਣਾ ਜੀਵਨ ਪਵਿਤ੍ਰ ਬਣਾ ਲੈਂਦੇ ਹਨ)।

ਦੁਰਮਤਿ ਮੈਲੁ ਗਈ ਹਰਿ ਭਜਿਆ ਜਨ ਨਾਨਕ ਪਾਰਿ ਪਰਾ ॥੪॥੩॥

ਹੇ ਦਾਸ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦਾ ਭਜਨ ਕਰਦੇ ਹਨ, (ਉਹਨਾਂ ਦੇ ਅੰਦਰੋਂ) ਖੋਟੀ ਮਤਿ ਦੀ ਮੈਲ ਦੂਰ ਹੋ ਜਾਂਦੀ ਹੈ, ਉਹ (ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਂਦੇ ਹਨ ॥੪॥੩॥

ਬਿਲਾਵਲੁ ਮਹਲਾ ੪ ॥

ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥

ਹੇ ਸੰਤ ਜਨੋ! ਹੇ ਭਰਾਵੋ! (ਸਾਧ-ਸੰਗਤਿ ਵਿਚ) ਇਕੱਠੇ ਰਲ ਬੈਠੋ, ਅਤੇ ਮਿਲ ਕੇ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ।

ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥੧॥

ਇਸ ਕਲਹ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਮਾਨੋ) ਜਹਾਜ਼ ਹੈ, (ਗੁਰੂ ਇਸ ਜਹਾਜ਼ ਦਾ) ਮਲਾਹ (ਹੈ, ਤੁਸੀ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘੋ ॥੧॥

ਮੇਰੇ ਮਨ ਹਰਿ ਗੁਣ ਹਰਿ ਉਚਰਹੁ ॥

ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਗੁਣ ਯਾਦ ਕਰਦਾ ਰਹੁ।

ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ ॥

ਜਿਸ ਮਨੁੱਖ ਦੇ ਮੱਥੇ ਉੱਤੇ ਲਿਖੇ ਚੰਗੇ ਭਾਗ ਜਾਗਦੇ ਹਨ ਉਹ ਪ੍ਰਭੂ ਦੇ ਗੁਣ ਗਾਂਦਾ ਹੈ। (ਹੇ ਮਨ! ਤੂੰ ਭੀ) ਸਾਧ ਸੰਗਤਿ ਵਿਚ ਮਿਲ ਕੇ (ਗੁਣ ਗਾ ਅਤੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ॥੧॥ ਰਹਾਉ ॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430