ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1397


ਸਤਗੁਰਿ ਦਯਾਲਿ ਹਰਿ ਨਾਮੁ ਦ੍ਰਿੜੑਾਯਾ ਤਿਸੁ ਪ੍ਰਸਾਦਿ ਵਸਿ ਪੰਚ ਕਰੇ ॥

ਦਇਆਲ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ (ਭਾਵ, ਜਪਾਇਆ ਹੈ); ਉਸ ਨਾਮ ਦੀ ਬਰਕਤਿ ਨਾਲ (ਗੁਰੂ ਰਾਮਦਾਸ ਜੀ ਨੇ) ਕਾਮਾਦਿਕ ਪੰਜਾਂ ਨੂੰ ਆਪਣੇ ਕਾਬੂ ਕੀਤਾ ਹੋਇਆ ਹੈ।

ਕਵਿ ਕਲੵ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੩॥

ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ, ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ॥੩॥

ਅਨਭਉ ਉਨਮਾਨਿ ਅਕਲ ਲਿਵ ਲਾਗੀ ਪਾਰਸੁ ਭੇਟਿਆ ਸਹਜ ਘਰੇ ॥

(ਗੁਰੂ ਰਾਮਦਾਸ ਜੀ ਨੂੰ) ਵਿਚਾਰ ਦੁਆਰਾ ਗਿਆਨ ਪ੍ਰਾਪਤ ਹੋਇਆ ਹੈ, (ਆਪ ਦੀ) ਬ੍ਰਿਤੀ ਇਕ-ਰਸ ਵਿਆਪਕ ਹਰੀ ਨਾਲ ਜੁੜੀ ਹੋਈ ਹੈ। (ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ) ਪਾਰਸ ਮਿਲ ਗਿਆ ਹੈ (ਜਿਸ ਦੀ ਬਰਕਤਿ ਨਾਲ ਗੁਰੂ ਰਾਮਦਾਸ) ਸਹਜ ਅਵਸਥਾ ਵਿਚ ਅੱਪੜ ਗਿਆ ਹੈ।

ਸਤਗੁਰ ਪਰਸਾਦਿ ਪਰਮ ਪਦੁ ਪਾਯਾ ਭਗਤਿ ਭਾਇ ਭੰਡਾਰ ਭਰੇ ॥

ਸਤਿਗੁਰੂ (ਅਮਰਦਾਸ ਜੀ) ਦੀ ਕ੍ਰਿਪਾ ਨਾਲ (ਗੁਰੂ ਰਾਮਦਾਸ ਨੇ) ਉੱਚੀ ਪਦਵੀ ਪਾਈ ਹੈ ਅਤੇ ਭਗਤੀ ਦੇ ਪਿਆਰ ਨਾਲ (ਆਪ ਦੇ) ਖ਼ਜ਼ਾਨੇ ਭਰੇ ਪਏ ਹਨ।

ਮੇਟਿਆ ਜਨਮਾਂਤੁ ਮਰਣ ਭਉ ਭਾਗਾ ਚਿਤੁ ਲਾਗਾ ਸੰਤੋਖ ਸਰੇ ॥

ਗੁਰੂ ਰਾਮਦਾਸ ਜੀ ਨੇ (ਆਪਣਾ) ਜਨਮ ਮਰਨ ਮਿਟਾ ਲਿਆ ਹੋਇਆ ਹੈ, (ਗੁਰੂ ਰਾਮਦਾਸ ਜੀ ਦਾ) ਮੌਤ ਦਾ ਡਰ ਦੂਰ ਹੋ ਚੁਕਿਆ ਹੈ ਅਤੇ (ਉਹਨਾਂ ਦਾ) ਚਿੱਤ ਸੰਤੋਖ ਦੇ ਸਰੋਵਰ ਅਕਾਲ ਪੁਰਖ ਵਿਚ ਜੁੜਿਆ ਹੋਇਆ ਹੈ।

ਕਵਿ ਕਲੵ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੪॥

ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ॥੪॥

ਅਭਰ ਭਰੇ ਪਾਯਉ ਅਪਾਰੁ ਰਿਦ ਅੰਤਰਿ ਧਾਰਿਓ ॥

(ਗੁਰੂ ਰਾਮਦਾਸ ਜੀ ਨੇ) ਖ਼ਾਲੀ ਹਿਰਦਿਆਂ ਦੇ ਭਰਨ ਵਾਲਾ ਬੇਅੰਤ ਹਰੀ ਲੱਭ ਲਿਆ ਹੈ, (ਆਪ ਨੇ ਬੇਅੰਤ ਹਰੀ ਨੂੰ ਆਪਣੇ) ਹਿਰਦੇ ਵਿਚ ਟਿਕਾਇਆ ਹੈ,

ਦੁਖ ਭੰਜਨੁ ਆਤਮ ਪ੍ਰਬੋਧੁ ਮਨਿ ਤਤੁ ਬੀਚਾਰਿਓ ॥

(ਅਤੇ ਆਪਣੇ) ਮਨ ਵਿਚ (ਉਸ) ਅਕਾਲ ਪੁਰਖ ਨੂੰ ਸਿਮਰਿਆ ਹੈ (ਜੋ) ਦੁੱਖਾਂ ਦਾ ਨਾਸ ਕਰਨ ਵਾਲਾ ਹੈ ਅਤੇ ਆਤਮਾ ਦੇ ਜਗਾਉਣ ਵਾਲਾ ਹੈ।

ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ ॥

(ਗੁਰੂ ਰਾਮਦਾਸ) ਨਿੱਤ ਖ਼ੁਸ਼ੀ ਵਿਚ (ਰਹਿੰਦਾ ਹੈ), ਹਰੀ ਦੇ ਪਿਆਰ ਵਿਚ (ਮਸਤ ਹੈ ਅਤੇ ਹਰੀ ਦੇ) ਪਿਆਰ ਦੇ ਸੁਆਦ ਨੂੰ ਉਹ ਆਪ ਹੀ ਜਾਣਦਾ ਹੈ।

ਸਤਗੁਰ ਕੈ ਪਰਸਾਦਿ ਸਹਜ ਸੇਤੀ ਰੰਗੁ ਮਾਣਇ ॥

(ਗੁਰੂ ਰਾਮਦਾਸ) ਸਤਗੁਰੂ (ਅਮਰਦਾਸ ਜੀ) ਦੀ ਕਿਰਪਾ ਦੁਆਰਾ ਆਤਮਕ ਅਡੋਲਤਾ ਨਾਲ ਆਨੰਦ ਮਾਣ ਰਿਹਾ ਹੈ।

ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ ॥

(ਗੁਰੂ) ਨਾਨਕ ਜੀ ਦੀ ਕਿਰਪਾ ਨਾਲ (ਅਤੇ ਗੁਰੂ) ਅੰਗਦ ਜੀ ਦੀ ਬਖ਼ਸ਼ੀ ਸੁੰਦਰ ਬੁੱਧ ਨਾਲ, ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਦਾ ਹੁਕਮ ਵਰਤੋਂ ਵਿਚ ਲਿਆਂਦਾ ਹੈ,

ਗੁਰ ਰਾਮਦਾਸ ਕਲੵੁਚਰੈ ਤੈਂ ਅਟਲ ਅਮਰ ਪਦੁ ਪਾਇਓ ॥੫॥

ਕਵੀ ਕਲ੍ਯ੍ਯਸਹਾਰ ਆਖਦਾ ਹੈ (ਕਿ) ਹੇ ਗੁਰੂ ਰਾਮਦਾਸ ਜੀ! ਤੂੰ ਸਦਾ-ਥਿਰ ਰਹਿਣ ਵਾਲੇ ਅਬਿਨਾਸੀ ਹਰੀ ਦੀ ਪਦਵੀ ਪ੍ਰਾਪਤ ਕਰ ਲਈ ਹੈ ॥੫॥

ਸੰਤੋਖ ਸਰੋਵਰਿ ਬਸੈ ਅਮਿਅ ਰਸੁ ਰਸਨ ਪ੍ਰਕਾਸੈ ॥

(ਗੁਰੂ ਰਾਮਦਾਸ) ਸੰਤੋਖ ਦੇ ਸਰੋਵਰ ਵਿਚ ਵੱਸਦਾ ਹੈ, (ਅਤੇ ਆਪਣੀ) ਜੀਭ ਨਾਲ ਨਾਮ-ਅੰਮ੍ਰਿਤ ਦੇ ਸੁਆਦ ਨੂੰ ਪਰਗਟ ਕਰਦਾ ਹੈ।

ਮਿਲਤ ਸਾਂਤਿ ਉਪਜੈ ਦੁਰਤੁ ਦੂਰੰਤਰਿ ਨਾਸੈ ॥

(ਗੁਰੂ ਰਾਮਦਾਸ ਜੀ ਦਾ) ਦਰਸ਼ਨ ਕੀਤਿਆਂ (ਹਿਰਦੇ ਵਿਚ) ਠੰਢ ਪੈਦਾ ਹੁੰਦੀ ਹੈ ਅਤੇ ਪਾਪ ਦੂਰੋਂ ਹੀ (ਵੇਖ ਕੇ) ਨਾਸ ਹੋ ਜਾਂਦਾ ਹੈ।

ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ ॥

(ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ) ਦਿੱਤਾ ਹੋਇਆ ਸੁਖਾਂ ਦਾ ਸਾਗਰ (ਪ੍ਰਭੂ-ਮਿਲਾਪ) ਪ੍ਰਾਪਤ ਕੀਤਾ ਹੈ, (ਤਾਹੀਏਂ ਗੁਰੂ ਰਾਮਦਾਸ) ਹਰੀ ਦੇ ਰਾਹ ਵਿਚ (ਤੁਰਦਾ ਹੋਇਆ) ਥੱਕਦਾ ਨਹੀਂ ਹੈ।

ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ ॥

(ਗੁਰੂ ਰਾਮਦਾਸ ਜੀ ਦਾ) ਸੰਜਮ ਸਤ ਸੰਤੋਖ ਤੇ ਮਿੱਠਾ ਸੁਭਾਉ-ਰੂਪ ਸੰਜੋਅ (ਅਜਿਹਾ ਹੈ ਕਿ ਉਹ) ਟੁੱਟਦਾ ਨਹੀਂ ਹੈ; (ਭਾਵ, ਆਪ ਸਦਾ ਇਹਨਾਂ ਗੁਣਾਂ-ਸੰਜੁਕਤ ਹਨ)।

ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ ॥

(ਗੁਰੂ ਰਾਮਦਾਸ ਜੀ ਨੂੰ) ਕਰਤਾਰ ਨੇ ਗੁਰੂ (ਅਮਰਦਾਸ ਜੀ) ਦੇ ਤੁੱਲ ਬਣਾਇਆ ਹੈ, ਜਗਤ ਨੇ (ਆਪ ਦੀ) ਸੋਭਾ ਦਾ ਵਾਜਾ ਵਜਾਇਆ ਹੈ।

ਗੁਰ ਰਾਮਦਾਸ ਕਲੵੁਚਰੈ ਤੈ ਅਭੈ ਅਮਰ ਪਦੁ ਪਾਇਅਉ ॥੬॥

ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ "ਹੇ ਗੁਰੂ ਰਾਮਦਾਸ! ਤੂੰ ਨਿਰਭਉ ਅਤੇ ਅਬਿਨਾਸੀ ਹਰੀ ਦੀ ਪਦਵੀ ਪਾ ਲਈ ਹੈ'' ॥੬॥

ਜਗੁ ਜਿਤਉ ਸਤਿਗੁਰ ਪ੍ਰਮਾਣਿ ਮਨਿ ਏਕੁ ਧਿਆਯਉ ॥

(ਗੁਰੂ ਰਾਮਦਾਸ ਜੀ ਨੇ) ਗੁਰੂ (ਅਮਰਦਾਸ ਜੀ) ਵਾਂਗ ਜਗਤ ਨੂੰ ਜਿੱਤਿਆ ਹੈ ਅਤੇ (ਆਪਣੇ) ਮਨ ਵਿਚ ਇੱਕ (ਅਕਾਲ ਪੁਰਖ) ਨੂੰ ਸਿਮਰਿਆ ਹੈ।

ਧਨਿ ਧਨਿ ਸਤਿਗੁਰ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ ॥

ਸਤਿਗੁਰੂ ਅਮਰਦਾਸ ਧੰਨ ਹੈ, ਜਿਸ ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ।

ਨਵ ਨਿਧਿ ਨਾਮੁ ਨਿਧਾਨੁ ਰਿਧਿ ਸਿਧਿ ਤਾ ਕੀ ਦਾਸੀ ॥

(ਗੁਰੂ ਰਾਮਦਾਸ ਜੀ ਨੂੰ) ਨਾਮ-ਖ਼ਜ਼ਾਨਾ ਮਿਲ ਗਿਆ ਹੈ, (ਮਾਨੋ) ਨੌ ਨਿਧੀਆਂ ਪ੍ਰਾਪਤ ਹੋ ਗਈਆਂ ਹਨ। ਸਭ ਰਿੱਧੀਆਂ ਤੇ ਸਿੱਧੀਆਂ ਉਸ ਦੀਆਂ ਦਾਸੀਆਂ ਹਨ।

ਸਹਜ ਸਰੋਵਰੁ ਮਿਲਿਓ ਪੁਰਖੁ ਭੇਟਿਓ ਅਬਿਨਾਸੀ ॥

(ਗੁਰੂ ਰਾਮਦਾਸ ਜੀ ਨੂੰ) ਸ਼ਾਂਤੀ ਦਾ ਸਰੋਵਰ ਹਰੀ ਮਿਲ ਪਿਆ ਹੈ, ਅਬਿਨਾਸ਼ੀ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ।

ਆਦਿ ਲੇ ਭਗਤ ਜਿਤੁ ਲਗਿ ਤਰੇ ਸੋ ਗੁਰਿ ਨਾਮੁ ਦ੍ਰਿੜਾਇਅਉ ॥

ਜਿਸ (ਨਾਮ) ਵਿਚ ਲੱਗ ਕੇ ਮੁੱਢ ਤੋਂ ਹੀ ਭਗਤ ਤਰਦੇ ਆਏ ਹਨ, ਉਹ ਨਾਮ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ) ਨੂੰ ਦ੍ਰਿੜ੍ਹ ਕਰਾਇਆ ਹੈ।

ਗੁਰ ਰਾਮਦਾਸ ਕਲੵੁਚਰੈ ਤੈ ਹਰਿ ਪ੍ਰੇਮ ਪਦਾਰਥੁ ਪਾਇਅਉ ॥੭॥

ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ ਜੀ! ਤੂੰ ਅਕਾਲ ਪੁਰਖ ਦੇ ਪਿਆਰ ਦਾ (ਉੱਤਮ) ਪਦਾਰਥ ਪਾ ਲਿਆ ਹੈ' ॥੭॥

ਪ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ ॥

(ਗੁਰੂ ਰਾਮਦਾਸ ਜੀ ਦੇ ਹਿਰਦੇ ਵਿਚ) ਅਕਾਲ ਪੁਰਖ ਦੀ ਪਿਆਰ-ਭਰੀ ਭਗਤੀ ਦੇ ਚਸ਼ਮੇ ਚੱਲ ਰਹੇ ਹਨ। (ਗੁਰੂ ਰਾਮਦਾਸ ਜੀ ਦੀ ਅਕਾਲ ਪੁਰਖ ਨਾਲ ਜੋ) ਪੂਰਬਲੀ ਪ੍ਰੀਤ (ਹੈ ਉਹ) ਮੁੱਕਦੀ ਨਹੀਂ ਹੈ;

ਸਤਿਗੁਰ ਸਬਦੁ ਅਥਾਹੁ ਅਮਿਅ ਧਾਰਾ ਰਸੁ ਗੁਟਇ ॥

ਗੁਰੂ (ਅਮਰਦਾਸ ਜੀ) ਦਾ (ਜੋ) ਅਥਾਹ ਸ਼ਬਦ (ਹੈ, ਉਸ ਦੁਆਰਾ ਗੁਰੂ ਰਾਮਦਾਸ) ਨਾਮ-ਅੰਮ੍ਰਿਤ ਦੀਆਂ ਧਾਰਾਂ ਦਾ ਸੁਆਦ ਗਟ ਗਟ ਕਰ ਕੇ ਲੈ ਰਿਹਾ ਹੈ।

ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥

(ਉੱਚੀ) ਮੱਤ (ਗੁਰੂ ਰਾਮਦਾਸ ਜੀ ਦੀ) ਮਾਤਾ ਹੈ ਤੇ ਸੰਤੋਖ (ਆਪ ਦਾ) ਪਿਤਾ ਹੈ (ਭਾਵ, ਆਪ ਇਹਨਾਂ ਗੁਣਾਂ ਵਿਚ ਜੰਮੇ-ਪਲੇ ਹਨ, ਆਪ ਉੱਚੀ ਬੁੱਧ ਵਾਲੇ ਤੇ ਪੂਰਨ ਸੰਤੋਖੀ ਹਨ)। (ਗੁਰੂ ਰਾਮਦਾਸ) ਸਦਾ ਸ਼ਾਂਤੀ ਦੇ ਸਰੋਵਰ ਵਿਚ ਚੁੱਭੀ ਲਾਈ ਰੱਖਦਾ ਹੈ।

ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ ॥

(ਗੁਰੂ ਰਾਮਦਾਸ) ਜੂਨਾਂ ਤੋਂ ਰਹਿਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹੈ। ਸੰਸਾਰ ਨੂੰ (ਆਪ ਨੇ) ਸਤਿਗੁਰੂ ਦੇ ਬਚਨ ਨਾਲ ਤਾਰ ਦਿੱਤਾ ਹੈ।

ਅਬਿਗਤ ਅਗੋਚਰੁ ਅਪਰਪਰੁ ਮਨਿ ਗੁਰਸਬਦੁ ਵਸਾਇਅਉ ॥

(ਗੁਰੂ ਰਾਮਦਾਸ) ਅਦ੍ਰਿਸ਼ਟ ਅਗੋਚਰ ਤੇ ਬੇਅੰਤ ਹਰੀ ਦਾ ਰੂਪ ਹੈ। (ਆਪ ਨੇ ਆਪਣੇ) ਮਨ ਵਿਚ ਸਤਿਗੁਰੂ ਦਾ ਸ਼ਬਦ ਵਸਾਇਆ ਹੈ।

ਗੁਰ ਰਾਮਦਾਸ ਕਲੵੁਚਰੈ ਤੈ ਜਗਤ ਉਧਾਰਣੁ ਪਾਇਅਉ ॥੮॥

ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ! ਤੂੰ ਜਗਤ ਨੂੰ ਤਾਰਨ ਵਾਲਾ ਅਕਾਲ ਪੁਰਖ ਲੱਭ ਲਿਆ ਹੈ' ॥੮॥

ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ ॥

ਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਕਰਨ ਦੇ ਸਮਰੱਥ, ਨਿਧਿਆਂ ਦਾ ਭੰਡਾਰ ਹੈ, ਸੰਸਾਰ ਨੂੰ ਤਾਰਨ ਵਾਸਤੇ ਸਮ੍ਰਥ-

ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ ॥

(ਸਤਿਗੁਰੂ ਰਾਮਦਾਸ ਜੀ ਦੇ ਪਾਸ) ਹਰੀ ਦਾ ਨਾਮ (ਮਾਨੋ) ਅੰਮ੍ਰਿਤ ਦੀ ਬੂੰਦ ਹੈ, ਜੋ ਸਾਰੇ ਸੰਸਾਰ ਦੀ ਵਿਹੁ ਦੂਰ ਕਰਨ-ਜੋਗ ਹੈ।

ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ॥

ਗੁਰੂ ਰਾਮਦਾਸ ਆਤਮਕ ਅਡੋਲਤਾ ਦਾ ਸ੍ਰੇਸ਼ਟ ਰੁੱਖ ਹੈ ਜੋ ਫਲਿਆ ਹੋਇਆ ਹੈ, (ਇਸ ਰੁੱਖ ਨੂੰ) ਗਿਆਨ ਦੇ ਦੇਣ ਵਾਲੇ ਅੰਮ੍ਰਿਤ ਫਲ ਲੱਗੇ ਹੋਏ ਹਨ।

ਗੁਰਪ੍ਰਸਾਦਿ ਪਾਈਅਹਿ ਧੰਨਿ ਤੇ ਜਨ ਬਡਭਾਗੇ ॥

(ਇਹ ਫਲ) ਗੁਰੂ ਦੀ ਕਿਰਪਾ ਨਾਲ ਮਿਲਦੇ ਹਨ, ਤੇ ਉਹ ਮਨੁੱਖ ਧੰਨ ਅਤੇ ਵੱਡੇ ਭਾਗਾਂ ਵਾਲੇ ਹਨ, (ਜਿਨ੍ਹਾਂ ਨੂੰ ਇਹ ਫਲ ਪ੍ਰਾਪਤ ਹੋਏ ਹਨ)।

ਤੇ ਮੁਕਤੇ ਭਏ ਸਤਿਗੁਰ ਸਬਦਿ ਮਨਿ ਗੁਰ ਪਰਚਾ ਪਾਇਅਉ ॥

ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੁਕਤ ਹੋ ਗਏ ਹਨ, ਜਿਨ੍ਹਾਂ ਨੇ ਆਪਣੇ ਮਨ ਵਿਚ ਗੁਰੂ (ਰਾਮਦਾਸ ਜੀ) ਨਾਲ ਪਿਆਰ ਪਾਇਆ ਹੈ।

ਗੁਰ ਰਾਮਦਾਸ ਕਲੵੁਚਰੈ ਤੈ ਸਬਦ ਨੀਸਾਨੁ ਬਜਾਇਅਉ ॥੯॥

ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ! ਤੂੰ ਸ਼ਬਦ ਦਾ ਨਗਾਰਾ ਵਜਾਇਆ ਹੈ' ॥੯॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430