ਜਿਹੜਾ ਹਰੀ ਦਾ ਨਾਮ ਗੁਰੂ ਨਾਨਕ ਦੇਵ ਜੀ ਨੇ ਉਚਾਰ ਕੇ ਵਰਤਾਇਆ ਤੇ ਸੰਸਾਰੀ ਜੀਵਾਂ ਦੀ ਥ੍ਰਿਤੀ ਸੰਸਾਰ ਵਲੋਂ ਉਲਟਾ ਦਿੱਤੀ,
ਉਹੀ ਅਛੱਲ ਨਾਮ, ਉਹੀ ਭਗਤਾਂ ਨੂੰ ਸੰਸਾਰ ਤੋਂ ਪਾਰ ਉਤਾਰਨ ਵਾਲਾ ਨਾਮ ਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਪ੍ਰਗਟ ਹੋਇਆ ॥੧॥
ਉਸੇ ਨਾਮ ਨੂੰ ਜੱਖ, ਕਿੰਨਰ, ਸਾਧਿਕ ਸਿੱਧ ਅਤੇ ਸ਼ਿਵ ਜੀ ਸਮਾਧੀ ਲਾ ਕੇ ਸਿਮਰ ਰਹੇ ਹਨ।
ਉਸੇ ਨਾਮ ਨੂੰ ਅਨੇਕਾਂ ਨਛੱਤ੍ਰ, ਧ੍ਰੂ ਭਗਤ ਦੇ ਮੰਡਲ, ਨਾਰਦ ਆਦਿਕ ਤੇ ਪ੍ਰਹਲਾਦ ਆਦਿਕ ਸ੍ਰੇਸ਼ਟ ਭਗਤ ਜਪ ਰਹੇ ਹਨ।
ਚੰਦ੍ਰਮਾ ਅਤੇ ਸੂਰਜ ਉਸੇ ਹਰੀ-ਨਾਮ ਨੂੰ ਲੋਚ ਰਹੇ ਹਨ, ਜਿਸ ਨੇ ਪੱਥਰਾਂ ਦੇ ਢੇਰ ਤਾਰ ਦਿੱਤੇ।
ਉਹੀ ਅਛੱਲ ਨਾਮ, ਤੇ ਭਗਤਾਂ ਨੂੰ ਸੰਸਾਰ ਤੋਂ ਤਾਰਨ ਵਾਲਾ ਨਾਮ ਸਤਿਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਪ੍ਰਗਟ ਹੋਇਆ ॥੨॥
ਨੌ ਨਾਥ, ਸ਼ਿਵ ਜੀ, ਸਨਕ ਆਦਿਕ ਉਸੇ ਪਵਿੱਤ੍ਰ ਨਾਮ ਨੂੰ ਸਿਮਰ ਕੇ ਤਰ ਗਏ;
ਚੌਰਾਸੀ ਸਿੱਧ ਤੇ ਹੋਰ ਗਿਆਨਵਾਨ ਉਸੇ ਰੰਗ ਵਿਚ ਰੰਗੇ ਹੋਏ ਹਨ; (ਉਸੇ ਨਾਮ ਦੀ ਬਰਕਤਿ ਨਾਲ) ਅੰਬਰੀਕ ਸੰਸਾਰ-ਸਾਗਰ ਤੋਂ ਤਰ ਗਿਆ।
ਉਸੇ ਨਾਮ ਨੂੰ ਊਧੌ, ਅਕ੍ਰੂਰ, ਤ੍ਰਿਲੋਚਨ ਅਤੇ ਨਾਮਦੇਵ ਭਗਤ ਨੇ ਸਿਮਰਿਆ, (ਉਸੇ ਨਾਮ ਨੇ) ਕਲਜੁਗ ਵਿਚ ਕਬੀਰ ਦੇ ਪਾਪ ਦੂਰ ਕੀਤੇ।
ਉਹੀ ਅਛੱਲ ਨਾਮ, ਤੇ ਭਗਤ ਜਨਾਂ ਨੂੰ ਸੰਸਾਰ ਤੋਂ ਪਾਰ ਕਰਨ ਵਾਲਾ ਨਾਮ, ਸਤਿਗੁਰੂ ਅਮਰਦਾਸ ਜੀ ਨੂੰ ਅਨੁਭਵ ਹੋਇਆ ॥੩॥
ਤੇਤੀ ਕ੍ਰੋੜ ਦੇਵਤੇ ਉਸ ਨਾਮ ਵਿਚ ਜੁੜ ਕੇ (ਅਕਾਲ ਪੁਰਖ ਨੂੰ) ਸਿਮਰ ਰਹੇ ਹਨ, (ਉਹੀ ਨਾਮ) ਜਤੀਆਂ ਅਤੇ ਵੱਡੇ ਵੱਡੇ ਤਪੀਆਂ ਦੇ ਮਨ ਵਿਚ ਵੱਸ ਰਿਹਾ ਹੈ।
ਉਸੇ ਨਾਮ ਨੂੰ ਸਿਮਰ ਕੇ ਅਕਾਲ ਪੁਰਖ ਦੇ ਚਰਣਾਂ ਵਿਚ ਜੁੜਨ ਕਰ ਕੇ ਭੀਸ਼ਮ ਪਤਾਮਾ ਦੇ ਚਿੱਤ ਵਿਚ ਨਾਮ ਅੰਮ੍ਰਿਤ ਚੋਇਆ।
ਉਸੇ ਨਾਮ ਵਿਚ ਲੱਗ ਕੇ, ਗੰਭੀਰ ਤੇ ਉਚੀ ਮੱਤ ਵਾਲੇ ਸਤਿਗੁਰੂ ਦੀ ਰਾਹੀਂ, ਪੂਰਨ ਸਰਧਾ ਦਾ ਸਦਕਾ, ਸੰਗਤ ਤਰ ਰਹੀ ਹੈ।
ਉਹੀ ਅਛੱਲ ਨਾਮ ਤੇ ਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਤਾਰਨ ਵਾਲਾ ਨਾਮ ਗੁਰੂ ਅਮਰਦਾਸ ਦੇ ਹਿਰਦੇ ਵਿਚ ਪ੍ਰਗਟ ਹੋਇਆ ॥੪॥
(ਜਿਵੇਂ) ਸ੍ਵਰਗ ਦੇ ਰੁੱਖ (ਮੌਲਸਰੀ) ਦੀਆਂ ਸ਼ਾਖ਼ਾਂ (ਖਿੱਲਰ ਕੇ ਸੁਗੰਧੀ ਖਿਲਾਰਦੀਆਂ ਹਨ), (ਤਿਵੇਂ) ਪਰਮਾਤਮਾ ਦੇ ਨਾਮ ਦੀ ਵਡਿਆਈ-ਰੂਪ ਸੂਰਜ ਦੀ ਕਿਰਣ ਦੇ ਜਗਤ ਵਿਚ (ਪ੍ਰਕਾਸ਼ ਕਰਨ ਦੇ ਕਾਰਨ)
ਉੱਤਰ, ਦੱਖਣ, ਪੂਰਬ, ਪੱਛਮ ਦੇਸ ਵਿਚ (ਭਾਵ, ਸਭ ਪਾਸੀਂ) ਲੋਕ ਨਾਮ ਦਾ ਜਸ ਉਚਾਰ ਰਹੇ ਹਨ।
ਉਹੀ ਜਨਮ ਸਕਾਰਥਾ ਹੈ ਜਿਸ ਵਿਚ ਪਰਮਾਤਮਾ ਦਾ ਨਾਮ ਹਿਰਦੇ ਵਿਚ ਵੱਸੇ।
ਇਸ ਨਾਮ ਨੂੰ ਦੇਵਤੇ, ਮਨੁੱਖ, ਗਣ, ਗੰਧਰਬ ਤੇ ਛੇ ਹੀ ਭੇਖ ਲੋਚ ਰਹੇ ਹਨ।
ਤੇਜ ਭਾਨ ਜੀ ਦੇ ਪੁੱਤ੍ਰ, ਭੱਲਿਆਂ ਦੀ ਕੁਲ ਵਿਚ ਉੱਘੇ (ਗੁਰੂ ਅਮਰਦਾਸ ਜੀ ਨੂੰ) ਕਲ੍ਯ੍ਯ ਕਵੀ ਹੱਥ ਜੋੜ ਕੇ ਆਰਾਧਦਾ ਹੈ (ਤੇ ਆਖਦਾ ਹੈ)-
ਹੇ ਗੁਰੂ ਅਮਰਦਾਸ! ਭਗਤਾਂ ਦਾ ਜਨਮ-ਮਰਨ ਕੱਟਣ ਵਾਲਾ ਉਹੀ ਨਾਮ ਤੂੰ ਪਾ ਲਿਆ ਹੈ ॥੫॥
ਪਰਮਾਤਮਾ ਦੇ ਨਾਮ ਨੂੰ ਤੇਤੀ ਕਰੋੜ ਦੇਵਤੇ ਸਾਧਿਕ ਸਿੱਧ ਤੇ ਮਨੁੱਖ ਧਿਆਉਂਦੇ ਹਨ। ਹਰੀ ਦੇ ਨਾਮ ਨੇ ਹੀ ਸਾਰੇ ਖੰਡ ਬ੍ਰਹਮੰਡ (ਭਾਵ, ਸਾਰੇ ਲੋਕ) ਟਿਕਾਏ ਹੋਏ ਹਨ।
ਜਿਨ੍ਹਾਂ ਨੇ ਹਰੀ ਨਾਮ ਨੂੰ ਸਿਮਰਿਆ ਹੈ, ਉਨ੍ਹਾਂ ਨੇ ਖ਼ੁਸ਼ੀ ਤੇ ਚਿੰਤਾ ਨੂੰ ਇਕ ਸਮਾਨ ਜਰਿਆ ਹੈ।
(ਸਾਰੇ ਪਦਾਰਥਾਂ ਵਿਚੋਂ) ਸਰਬ-ਵਿਆਪਕ ਹਰੀ ਦਾ ਨਾਮ-ਪਦਾਰਥ ਉੱਤਮ ਹੈ, ਭਗਤ ਜਨ ਇਸ ਨਾਮ ਵਿਚ ਬ੍ਰਿਤੀ ਜੋੜ ਕੇ ਟਿਕ ਰਹੇ ਹਨ।
ਹੇ ਗੁਰੂ ਅਮਰਦਾਸ! ਉਹੀ ਨਾਮ-ਪਦਾਰਥ ਕਰਤਾਰ ਨੇ ਪ੍ਰਸੰਨ ਹੋ ਕੇ (ਤੈਨੂੰ) ਦਿੱਤਾ ਹੈ ॥੬॥
(ਗੁਰੂ ਅਮਰਦਾਸ) ਸੱਤਿ ਦਾ ਸੂਰਮਾ ਹੈ (ਭਾਵ, ਨਾਮ ਦਾ ਪੂਰਨ ਰਸੀਆ), ਸੀਲਵੰਤ ਹੈ, ਸ਼ਾਂਤ ਸੁਭਾਉ ਵਿਚ ਤਕੜਾ ਹੈ, ਵੱਡੀ ਸੰਗਤ ਵਾਲਾ ਹੈ, ਡੂੰਘੀ ਮੱਤ ਵਾਲਾ ਹੈ ਤੇ ਨਿਰਵੈਰ ਹਰੀ ਵਿਚ ਜੁੜਿਆ ਹੋਇਆ ਹੈ;
ਜਿਸ ਦਾ (ਭਾਵ, ਗੁਰੂ ਅਮਰਦਾਸ ਜੀ ਦਾ) ਧੁਰ ਦਰਗਾਹ ਤੋਂ ਧੀਰਜ ਰੂਪ ਝੰਡਾ ਬੈਕੁੰਠ ਦੇ ਪੁਲ ਤੇ ਬਣਿਆ ਹੋਇਆ ਹੈ (ਭਾਵ, ਗੁਰੂ ਅਮਰਦਾਸ ਜੀ ਦੀ ਧੀਰਜ ਤੋਂ ਸਿਖਿਆ ਲੈ ਕੇ ਸੇਵਕ ਜਨ ਸੰਸਾਰ ਤੋਂ ਪਾਰ ਲੰਘ ਕੇ ਮੁਕਤ ਹੁੰਦੇ ਹਨ। ਗੁਰੂ ਅਮਰਦਾਸ ਜੀ ਦੀ ਧੀਰਜ ਸੇਵਕਾਂ ਦੀ, ਝੰਡਾ-ਰੂਪ ਹੋ ਕੇ, ਅਗਵਾਈ ਕਰ ਰਹੀ ਹੈ)।
ਜਿਸ (ਗੁਰੂ ਅਮਰਦਾਸ ਜੀ) ਦਾ ਕਰਤਾਰ ਨਾਲ ਸੰਜੋਗ ਬਣਿਆ ਹੋਇਆ ਹੈ, ਉਸ ਪਿਆਰ-ਸਰੂਪ ਗੁਰੂ ਨੂੰ ਸੰਤ ਜਨ ਪਰਸਦੇ ਹਨ,
ਸਤਿਗੁਰੂ ਨੂੰ ਸੇਵ ਕੇ ਸੁਖ ਪਾਂਦੇ ਹਨ, ਕਿਉਂਕਿ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਇਸ ਜੋਗ ਬਣਾ ਦਿੱਤਾ ॥੭॥
(ਗੁਰੂ ਅਮਰਦਾਸ ਲਈ) ਨਾਮ ਹੀ ਇਸ਼ਨਾਨ ਹੈ, ਨਾਮ ਹੀ ਰਸਾਂ ਦਾ ਖਾਣਾ ਪੀਣਾ ਹੈ, ਨਾਮ ਦਾ ਰਸ ਹੀ (ਉਹਨਾਂ ਲਈ) ਉਤਸ਼ਾਹ ਦੇਣ ਵਾਲਾ ਹੈ ਅਤੇ ਨਾਮ ਹੀ (ਉਹਨਾਂ ਦੇ) ਮੁਖ ਵਿਚ ਮਿੱਠੇ ਬਚਨ ਹਨ।
ਗੁਰੂ (ਅੰਗਦ ਦੇਵ) ਧੰਨ ਹੈ (ਜਿਸ ਨੂੰ ਗੁਰੂ ਅਮਰਦਾਸ ਜੀ ਨੇ) ਸੇਵਿਆ ਹੈ ਅਤੇ ਜਿਸ ਦੀ ਕ੍ਰਿਪਾ ਨਾਲ ਉਹਨਾਂ ਅਪਹੁੰਚ ਪ੍ਰਭੂ ਦਾ ਭੇਤ ਪਾਇਆ ਹੈ।
(ਗੁਰੂ ਅਮਰਦਾਸ ਜੀ ਨੇ) ਕਈ ਕੁਲਾਂ ਤਾਰ ਕਰ ਦਿੱਤੀਆਂ, (ਆਪ ਨੇ ਆਪਣੇ ਹਿਰਦੇ ਵਿਚ) ਨਾਮ ਦਾ ਨਿਵਾਸ ਪ੍ਰਾਪਤ ਕੀਤਾ ਹੈ।