(ਹੇ ਪਿਤਾ-ਪ੍ਰਭੂ! ਇਹਨਾਂ ਪੰਜਾਂ ਬਿਖਾਦੀਆਂ ਤੋਂ ਬਚਣ ਲਈ) ਮੈਂ ਅਨੇਕਾਂ ਤੇ ਕਈ ਕਿਸਮਾਂ ਦੇ ਜਤਨ ਕਰ ਕਰ ਕੇ ਥੱਕ ਗਿਆ ਹਾਂ, ਇਹ ਕਿਸੇ ਤਰ੍ਹਾਂ ਭੀ ਮੇਰੀ ਖ਼ਲਾਸੀ ਨਹੀਂ ਕਰਦੇ।
ਇਕ ਇਹ ਗੱਲ ਸੁਣ ਕੇ ਕਿ ਸਾਧ ਸੰਗਤਿ ਵਿਚ ਰਿਹਾਂ ਇਹ ਮੁੱਕ ਜਾਂਦੇ ਹਨ, ਮੈਂ ਤੇਰੀ ਸਾਧ ਸੰਗਤਿ ਦਾ ਆਸਰਾ ਲਿਆ ਹੈ ॥੨॥
(ਸਾਧ ਸੰਗਤਿ ਵਿਚ) ਕਿਰਪਾ ਕਰ ਕੇ ਮੈਨੂੰ ਤੇਰੇ ਸੰਤ ਜਨ ਮਿਲ ਪਏ, ਉਹਨਾਂ ਤੋਂ ਮੈਨੂੰ ਹੌਸਲਾ ਮਿਲਿਆ ਹੈ।
ਸੰਤਾਂ ਨੇ ਮੈਨੂੰ (ਇਹਨਾਂ ਪੰਜਾਂ ਬਿਖਾਦੀਆਂ ਤੋਂ) ਨਿਡਰ ਕਰਨ ਵਾਲਾ ਉਪਦੇਸ਼ ਦਿੱਤਾ ਹੈ ਤੇ ਮੈਂ ਗੁਰੂ ਦਾ ਸ਼ਬਦ ਆਪਣੇ ਜੀਵਨ ਵਿਚ ਧਾਰਿਆ ਹੈ ॥੩॥
ਗੁਰੂ ਦੀ ਆਤਮਕ ਅਡੋਲਤਾ ਦੇਣ ਵਾਲੀ, ਤੇ ਸੁਖ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੈਂ ਉਹ ਪੰਜੇ ਵੱਡੇ ਝਗੜਾਲੂ ਜਿੱਤ ਲਏ ਹਨ।
ਹੇ ਨਾਨਕ! (ਹੁਣ) ਆਖ-ਮੇਰੇ ਮਨ ਵਿਚ ਆਤਮਕ ਚਾਨਣ ਹੋ ਗਿਆ ਹੈ, ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ, ਜਿਥੇ ਕੋਈ ਵਾਸ਼ਨਾ ਨਹੀਂ ਪੋਹ ਸਕਦੀ ॥੪॥੪॥੧੨੫॥
(ਹੇ ਪ੍ਰਭੂ! ਤੂੰ ਇਕ) ਉਹ ਰਾਜਾ ਹੈਂ ਜੋ ਕਦੇ ਨਾਸ ਹੋਣ ਵਾਲਾ ਨਹੀਂ।
ਜੇਹੜੇ ਜੀਵ ਤੇਰੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹ ਨਿਡਰ ਹੋ ਜਾਂਦੇ ਹਨ, ਉਹਨਾਂ ਨੂੰ ਕਿਤੋਂ ਭੀ ਕੋਈ ਡਰ-ਖ਼ੌਫ਼ ਨਹੀਂ ਆਉਂਦਾ ॥੧॥ ਰਹਾਉ ॥
(ਹੇ ਪ੍ਰਭੂ! ਤੇਰੇ ਚਰਨਾਂ ਵਿਚ ਟਿਕੇ ਰਹਿਣ ਵਾਲਿਆਂ ਨੂੰ ਯਕੀਨ ਹੈ ਕਿ) ਇਕ (ਮਨੁੱਖ ਦੇ) ਸਰੀਰ ਵਿਚ ਤੂੰ (ਆਪ ਹੀ) ਅਹੰਕਾਰੀ ਬਣਿਆ ਹੈਂ ਤੇ ਇਕ ਹੋਰ ਸਰੀਰ ਵਿਚ ਤੂੰ ਮਾਣ-ਰਹਿਤ ਹੈਂ।
ਇਕ ਸਰੀਰ ਵਿਚ ਤੂੰ ਆਪ ਹੀ ਸਭ ਇਖ਼ਤਿਆਰ ਵਾਲਾ ਹੈਂ ਤੇ ਇਕ ਸਰੀਰ ਵਿਚ ਤੂੰ ਗ਼ਰੀਬ ਕੰਗਾਲ ਹੈਂ ॥੧॥
(ਹੇ ਪ੍ਰਭੂ!) ਇਕ (ਮਨੁੱਖਾ) ਸਰੀਰ ਵਿਚ ਤੂੰ ਚੰਗਾ ਬੋਲ ਸਕਣ ਵਾਲਾ ਵਿਦਵਾਨ ਹੈਂ ਤੇ ਇਕ ਸਰੀਰ ਵਿਚ ਤੂੰ ਮੂਰਖ ਬਣਿਆ ਹੋਇਆ ਹੈਂ।
ਇਕ ਸਰੀਰ ਵਿਚ (ਬੈਠ ਕੇ ਤੂੰ ਗਰੀਬਾਂ, ਕਮਜ਼ੋਰਾਂ ਪਾਸੋਂ) ਸਭ ਕੁਝ (ਖੋਹ ਕੇ ਆਪਣੇ ਪਾਸ) ਇਕੱਠਾ ਕਰਨ ਵਾਲਾ ਹੈਂ, ਤੇ ਇਕ ਸਰੀਰ ਵਿਚ ਤੂੰ (ਵਿਰਕਤ ਬਣ ਕੇ) ਕੋਈ ਚੀਜ਼ ਭੀ ਅੰਗੀਕਾਰ ਨਹੀਂ ਕਰਦਾ ॥੨॥
(ਪਰ, ਹੇ ਭਾਈ!) ਇਹ ਜੀਵ ਵਿਚਾਰਾ ਕਾਠ ਦੀ ਪੁਤਲੀ ਹੈ, ਇਸ ਨੂੰ ਖਿਡਾਣ ਵਾਲਾ ਪ੍ਰਭੂ ਹੀ ਜਾਣਦਾ ਹੈ ਕਿ ਇਸ ਨੂੰ ਕਿਵੇਂ ਨਚਾ ਰਿਹਾ ਹੈ।
(ਬਾਜੀ ਖਿਡਾਣ ਵਾਲਾ ਪ੍ਰਭੂ) ਬਾਜੀਗਰ ਜਿਹੋ ਜਿਹਾ ਸਾਂਗ ਰਚਾਂਦਾ ਹੈ, ਉਹ ਜੀਵ ਉਹੋ ਜਿਹਾ ਸਾਂਗ ਰਚਦਾ ਹੈ ॥੩॥
ਪ੍ਰਭੂ ਨੇ (ਜਗਤ ਵਿਚ ਬੇਅੰਤ ਜੂਨਾਂ ਦੇ ਜੀਵਾਂ ਦੀਆਂ) ਅਨੇਕ (ਸਰੀਰ-) ਕੋਠੜੀਆਂ ਕਈ ਕਿਸਮਾਂ ਦੀਆਂ ਬਣਾ ਦਿੱਤੀਆਂ ਹਨ ਤੇ ਪ੍ਰਭੂ ਆਪ ਹੀ (ਸਭ ਦਾ) ਰਾਖਾ ਬਣਿਆ ਹੋਇਆ ਹੈ।
ਇਹ ਵਿਚਾਰਾ ਜੀਵ (ਆਪਣੇ ਆਪ) ਕੁਝ ਭੀ ਕਰਨ ਜੋਗਾ ਨਹੀਂ ਹੈ। ਜਿਹੋ ਜਿਹੇ ਸਰੀਰ ਵਿਚ ਪਰਮਾਤਮਾ ਇਸ ਨੂੰ ਰੱਖਦਾ ਹੈ, ਉਹੋ ਜਿਹੇ ਸਰੀਰ ਵਿਚ ਇਸ ਨੂੰ ਰਹਿਣਾ ਪੈਂਦਾ ਹੈ ॥੪॥
ਆਖ-ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਜਿਸ ਪਰਮਾਤਮਾ ਨੇ ਇਹ ਸਾਰੀ ਖੇਡ ਬਣਾਈ ਹੈ, ਓਹੀ (ਇਸ ਦੇ ਭੇਦ ਨੂੰ) ਜਾਣਦਾ ਹੈ।
ਨਾਨਕ ਆਖਦਾ ਹੈ- ਉਹ ਪਰਮਾਤਮਾ ਪਰੇ ਤੋਂ ਪਰੇ ਹੈ, (ਸਾਰੀ ਰਚਨਾ ਦਾ) ਮਾਲਕ ਹੈ, ਤੇ ਉਹ ਆਪਣੇ ਕੰਮਾਂ ਦੀ ਕਦਰ ਆਪ ਹੀ ਜਾਣਦਾ ਹੈ ॥੫॥੫॥੧੨੬॥
ਹੇ ਭਾਈ! ਮਾਇਆ ਦੇ ਚਸਕੇ ਛੱਡ ਦੇ ਛੱਡ ਦੇ।
ਹੇ ਕਮਲੇ ਗੰਵਾਰ! ਤੂੰ (ਇਹਨਾਂ ਚਸਕਿਆਂ ਵਿਚ ਇਉਂ) ਮਸਤ ਪਿਆ ਹੈਂ, ਜਿਵੇਂ ਕੋਈ ਪਸ਼ੂ ਹਰੇ ਖੇਤ ਵਿਚ ਮਸਤ (ਹੁੰਦਾ ਹੈ) ॥੧॥ ਰਹਾਉ ॥
(ਹੇ ਕਮਲੇ!) ਜਿਸ ਚੀਜ਼ ਨੂੰ ਤੂੰ ਆਪਣੇ ਕੰਮ ਆਉਣ ਵਾਲੀ ਸਮਝਦਾ ਹੈਂ, ਉਹ ਰਤਾ ਭਰ ਭੀ (ਅੰਤ ਵੇਲੇ) ਤੇਰੇ ਨਾਲ ਨਹੀਂ ਜਾਂਦੀ।
ਤੂੰ (ਜਗਤ ਵਿਚ) ਨੰਗਾ ਆਇਆ ਸੀ (ਇਥੋਂ) ਨੰਗਾ ਹੀ ਚਲਾ ਜਾਏਂਗਾ। ਤੂੰ (ਵਿਅਰਥ ਹੀ ਜੂਨਾਂ ਦੇ) ਗੇੜ ਵਿਚ ਫਿਰ ਰਿਹਾ ਹੈਂ ਅਤੇ ਤੈਨੂੰ ਆਤਮਕ ਮੌਤ ਨੇ ਗ੍ਰਸਿਆ ਹੋਇਆ ਹੈ ॥੧॥
(ਹੇ ਕਮਲੇ!) (ਇਹ ਮਾਇਆ ਦੀ ਖੇਡ) ਕਸੁੰਭੇ ਦੀ ਖੇਡ (ਹੈ, ਇਸ ਨੂੰ) ਵੇਖ ਵੇਖ ਕੇ ਤੂੰ ਇਸ ਵਿਚ ਮਸਤ ਹੋ ਰਿਹਾ ਹੈਂ ਤੇ ਇਹਨਾਂ ਪਦਾਰਥਾਂ ਨਾਲ ਖ਼ੁਸ਼ ਹੋ ਰਿਹਾ ਹੈਂ।
ਦਿਨ ਰਾਤ ਤੇਰੀ ਉਮਰ ਦੀ ਡੋਰੀ ਕਮਜ਼ੋਰ ਹੁੰਦੀ ਜਾ ਰਹੀ ਹੈ। ਤੂੰ ਆਪਣੀ ਜਿੰਦ ਦੇ ਕੰਮ ਆਉਣ ਵਾਲਾ ਕੋਈ ਭੀ ਕੰਮ ਨਹੀਂ ਕੀਤਾ ॥੨॥
(ਮਾਇਆ ਦੇ ਧੰਧੇ) ਕਰ ਕਰ ਕੇ ਇਉਂ ਹੀ ਮਨੁੱਖ ਬੁੱਢਾ ਹੋ ਜਾਂਦਾ ਹੈ, ਅਕਲ ਕੰਮ ਕਰਨੋਂ ਰਹਿ ਜਾਂਦੀ ਹੈ, ਤੇ ਸਰੀਰ ਲਿੱਸਾ ਹੋ ਜਾਂਦਾ ਹੈ।
ਜਿਵੇਂ (ਜਵਾਨੀ ਵੇਲੇ) ਉਸ ਮੋਹਣ ਵਾਲੀ ਮਾਇਆ ਨੇ ਇਸ ਨੂੰ ਆਪਣੇ ਮੋਹ ਵਿਚ ਫਸਾਇਆ ਸੀ, ਉਸ ਵਲੋਂ ਇਸ ਦੀ ਪ੍ਰੀਤਿ ਰਤਾ ਭੀ ਨਹੀਂ ਘਟਦੀ ॥੩॥
ਆਖ-ਮੈਨੂੰ ਗੁਰੂ ਨੇ ਵਿਖਾ ਦਿੱਤਾ ਹੈ ਕਿ ਜਗਤ (ਦਾ ਮੋਹ) ਇਹੋ ਜਿਹਾ ਹੈ। ਤਦ ਮੈਂ (ਜਗਤ ਦਾ) ਮਾਣ ਛੱਡ ਕੇ (ਗੁਰੂ ਦੀ) ਸਰਨ ਪਿਆ ਹਾਂ।
ਹੇ ਦਾਸ ਨਾਨਕ! ਗੁਰੂ-ਸੰਤ ਨੇ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਦੱਸ ਦਿੱਤਾ ਹੈ ਤੇ ਮੈਂ ਪਰਮਾਤਮਾ ਦੀ ਭਗਤੀ ਪਰਮਾਤਮਾ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਪੱਕੀ ਕਰ ਲਈ ਹੈ ॥੪॥੬॥੧੨੭॥
ਤੈਥੋਂ ਬਿਨਾ ਸਾਡਾ ਹੋਰ ਕੌਣ (ਸਹਾਰਾ) ਹੈ?
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ॥੧॥ ਰਹਾਉ ॥
ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੂੰ ਹੀ ਮੇਰਾ ਸੱਜਣ ਹੈਂ; ਤੂੰ ਹੀ ਮੈਨੂੰ ਸੁਖ ਦੇਣ ਵਾਲਾ ਹੈਂ।
ਹੇ ਮੇਰੇ ਅਥਾਹ ਤੇ ਅਡੋਲ ਠਾਕੁਰ! ਸਾਰੇ ਸੁਖ ਮੈਂ ਤੈਥੋਂ ਹੀ ਲੱਭੇ ਹਨ ॥੧॥