ਉਸ ਪੂਰਨ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ।
ਸਭ ਦੇ ਪਰਮੇਸਰ ਦਾ ਨਾਮ ਸਦਾ ਸਿਮਰ ਕੇ ਮਨੁੱਖ ਆਪਣੇ ਸਾਰੇ ਚਿੰਤਾ-ਫ਼ਿਕਰ ਮਿਟਾ ਲੈਂਦਾ ਹੈ ॥੮॥
(ਜਿਵੇਂ ਵੈਰੀਆਂ ਦਾ ਟਾਕਰਾ ਕਰਨ ਲਈ ਬਹੁਤੀਆਂ ਬਾਹਾਂ ਬਹੁਤੇ ਭਰਾ ਤੇ ਸਾਥੀ ਮਨੁੱਖ ਵਾਸਤੇ ਸਹਾਰਾ ਹੁੰਦੇ ਹਨ, ਤਿਵੇਂ ਕਾਮਾਦਿਕ ਵੈਰੀਆਂ ਦੇ ਟਾਕਰੇ ਤੇ ਮਨੁੱਖ ਵਾਸਤੇ) ਪਰਮਾਤਮਾ ਦਾ ਨਾਮ (ਮਾਨੋ) ਲੱਖਾਂ ਕ੍ਰੋੜਾਂ ਬਾਹਾਂ ਹੈ,
ਪਰਮਾਤਮਾ ਦਾ ਜਸ-ਕੀਰਤਨ ਉਸ ਦੇ ਪਾਸ ਧਨ ਹੈ।
ਜਿਸ ਮਨੁੱਖ ਨੂੰ ਪਰਮਾਤਮਾ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਕਿਰਪਾ ਕਰ ਕੇ ਦੇਂਦਾ ਹੈ, ਉਹ ਮਨੁੱਖ ਹੱਲਾ ਕਰ ਕੇ ਕਾਮਾਦਿਕ ਵੈਰੀਆਂ ਨੂੰ ਮਾਰ ਲੈਂਦਾ ਹੈ ॥੯॥
ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ, ਇਹੀ ਜਪਣ-ਜੋਗ ਜਪ ਹੈ।
(ਇਸ ਜਪ ਦੀ ਬਰਕਤਿ ਨਾਲ ਕਾਮਾਦਿਕ ਵੈਰੀਆਂ ਨੂੰ) ਜਿੱਤ ਕੇ ਆਪਣੇ ਅਸਲ ਘਰ ਵਿਚ ਟਿਕੇ ਰਹੋਗੇ।
ਚੌਰਾਸੀ ਲੱਖ ਜੂਨਾਂ ਦੇ ਨਰਕ ਵੇਖਣੇ ਨਹੀਂ ਪੈਣਗੇ। (ਜਿਹੜਾ ਮਨੁੱਖ) ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਂਦਾ ਹੈ (ਉਸ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ ॥੧੦॥
ਪਰਮਾਤਮਾ ਖੰਡਾਂ ਬ੍ਰਹਮੰਡਾਂ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ-ਜੋਗ ਹੈ।
ਉਹ ਪ੍ਰਭੂ ਉੱਚਾ ਹੈ ਅਥਾਹ ਹੈ ਅਪਹੁੰਚ ਹੈ ਬੇਅੰਤ ਹੈ।
ਜਿਸ ਮਨੁੱਖ ਉਤੇ ਉਹ ਆਪਣੀ ਕਿਰਪਾ ਕਰਦਾ ਹੈ ਉਹ ਮਨੁੱਖ ਉਸੇ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹੈ ॥੧੧॥
ਜਿਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਪ੍ਰਭੂ ਨੇ ਉਸ ਨੂੰ ਆਪਣਾ ਬਣਾ ਲਿਆ,
ਮਿਹਰ ਕਰ ਕੇ ਜਿਸ ਨੂੰ ਉਸ ਨੇ ਆਪਣੇ ਘਰ ਦਾ ਦਾਸ ਬਣਾ ਲਿਆ,
ਉਹ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੀ ਤਾਰ ਬੱਝੀ ਰਹਿੰਦੀ ਹੈ, ਉਸ ਦੇ ਅੰਦਰ ਸਿਫ਼ਤ-ਸਾਲਾਹ ਦਾ (ਮਾਨੋ) ਲਗਾਤਾਰ ਮਿੱਠਾ ਸੁਰੀਲਾ ਰਾਗ ਹੁੰਦਾ ਰਹਿੰਦਾ ਹੈ ॥੧੨॥
ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੀ ਸਰਧਾ ਬਣ ਜਾਂਦੀ ਹੈ,
ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਮਤਾ ਵਾਲੀ ਬੁੱਧੀ ਨਾਸ ਹੋ ਜਾਂਦੀ ਹੈ।
ਆਪਣੇ ਪ੍ਰਭੂ ਨੇ ਜਿਸ ਮਨੁੱਖ ਦੀ ਸਹਾਇਤਾ ਕੀਤੀ, ਉਸ ਦੀ ਸਾਰੇ ਜਗਤ ਵਿਚ ਸੋਭਾ ਚਮਕ ਪਈ ॥੧੩॥
ਜਗਤ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਹੋ।
ਮੈਂ ਤਾਂ ਆਪਣੇ ਈਸ਼੍ਵਰ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ।
ਉਸ ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਦਿੱਸਦਾ। ਸਾਰੇ ਜਗਤ ਵਿਚ ਉਹ ਇਕ ਆਪ ਹੀ ਆਪ ਹੈ ॥੧੪॥
ਜਿਸ ਮਨੁੱਖ ਨੇ ਪਰਮਾਤਮਾ ਨੂੰ ਸਦਾ-ਥਿਰ ਸਦਾ-ਥਿਰ ਜਾਣ ਲਿਆ ਹੈ,
ਉਸ ਦਾ ਮਨ ਗੁਰੂ ਦੀ ਕਿਰਪਾ ਨਾਲ ਉਸ ਵਿਚ ਰੰਗਿਆ ਰਹਿੰਦਾ ਹੈ।
ਹੇ ਪ੍ਰਭੂ! ਤੇਰੇ ਸੇਵਕ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹ ਸਦਾ ਤੇਰੇ ਸਰਬ-ਵਿਆਪਕ ਸਰੂਪ ਵਿਚ ਲੀਨ ਰਹਿੰਦੇ ਹਨ ॥੧੫॥
ਸਾਡਾ ਮਾਲਕ-ਪ੍ਰਭੂ ਆਪਣੇ ਭਗਤਾਂ ਦਾ ਪਿਆਰਾ ਹੈ,
ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ।
ਉਸ ਦਾ ਨਾਮ ਸਿਮਰ ਸਿਮਰ ਕੇ ਉਸ ਦੇ ਭਗਤਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ। ਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੀ ਸਦਾ ਲਾਜ ਰੱਖਦਾ ਹੈ ॥੧੬॥੧॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਇਹ ਜੀਵਾਤਮਾ ਅਸਲ ਵਿਚ ਵਿਰਕਤ) ਜੋਗੀ (ਹੈ, ਇਹ ਕਾਇਆਂ-) ਇਸਤ੍ਰੀ ਦਾ ਸਾਥੀ (ਜਦੋਂ ਬਣ ਜਾਂਦਾ ਹੈ, ਤਾਂ ਕਾਇਆਂ-) ਇਸਤ੍ਰੀ (ਇਸ ਨਾਲ) ਲਪਟੀ ਰਹਿੰਦੀ ਹੈ, ਇਸ ਨੂੰ ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ,
(ਤੇ ਇਸ ਨਾਲ ਮਾਇਆ ਦੇ) ਰੰਗ ਰਸ ਮਾਣਦੀ ਰਹਿੰਦੀ ਹੈ।
ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਇਹ ਜੀਵਾਤਮਾ ਅਤੇ ਕਾਇਆਂ) ਇਕੱਠੇ ਹੁੰਦੇ ਹਨ, ਤੇ, (ਦੁਨੀਆ ਦੇ) ਭੋਗ ਬਿਲਾਸ ਕਰਦੇ ਰਹਿੰਦੇ ਹਨ ॥੧॥
ਜੋ ਕੁਝ ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਆਖਦਾ ਹੈ ਉਹ ਤੁਰਤ ਮੰਨਦੀ ਹੈ।
ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਸਜਾ-ਸੰਵਾਰ ਕੇ ਆਪਣੇ ਨਾਲ ਰੱਖਦਾ ਹੈ।
ਮਿਲ ਕੇ ਦਿਨ ਰਾਤ ਇਹ ਇਕੱਠੇ ਵੱਸਦੇ ਹਨ। ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ (ਕਈ ਤਰ੍ਹਾਂ ਦਾ) ਹੌਸਲਾ ਦੇਂਦਾ ਰਹਿੰਦਾ ਹੈ ॥੨॥
ਕਾਇਆਂ-ਇਸਤ੍ਰੀ (ਭੀ ਜੋ ਕੁਝ) ਮੰਗਦੀ ਹੈ, (ਉਹ ਹਾਸਲ ਕਰਨ ਵਾਸਤੇ) ਜੀਵਾਤਮਾ-ਪਤੀ ਕਈ ਤਰ੍ਹਾਂ ਦੀ ਦੌੜ-ਭੱਜ ਕਰਦਾ ਫਿਰਦਾ ਹੈ।
ਜੋ ਕੁਝ ਉਸ ਨੂੰ ਲੱਭਦਾ ਹੈ, ਉਹ ਲਿਆ ਕੇ (ਆਪਣੀ ਕਾਇਆਂ-ਇਸਤ੍ਰੀ ਨੂੰ) ਵਿਖਾ ਦੇਂਦਾ ਹੈ।
(ਪਰ ਇਸ ਦੌੜ-ਭੱਜ ਵਿਚ ਇਸ ਨੂੰ) ਨਾਮ-ਪਦਾਰਥ ਨਹੀਂ ਲੱਭ ਸਕਦਾ, (ਨਾਮ-ਪਦਾਰਥ ਤੋਂ ਬਿਨਾ) ਕਾਇਆਂ-ਇਸਤ੍ਰੀ ਦੀ (ਮਾਇਆ ਵਾਲੀ) ਭੁੱਖ ਤ੍ਰੇਹ ਟਿਕੀ ਰਹਿੰਦੀ ਹੈ ॥੩॥
ਕਾਇਆਂ-ਇਸਤ੍ਰੀ ਦੋਵੇਂ ਹੱਥ ਜੋੜਦੀ ਹੈ ਤੇ (ਜੀਵਾਤਮਾ-ਪਤੀ ਅੱਗੇ) ਬੇਨਤੀ ਕਰਦੀ ਰਹਿੰਦੀ ਹੈ-
ਹੇ ਪਿਆਰੇ! (ਮੈਨੂੰ ਛੱਡ ਕੇ) ਕਿਸੇ ਹੋਰ ਦੇਸ ਵਿਚ ਨਾਹ ਤੁਰ ਜਾਈਂ, ਮੇਰੇ ਹੀ ਇਸ ਘਰ ਵਿਚ ਟਿਕਿਆ ਰਹੀਂ।
ਇਸੇ ਘਰ ਵਿਚ ਕੋਈ ਐਸਾ ਵਣਜ ਕਰਦਾ ਰਹੁ, ਜਿਸ ਨਾਲ ਮੇਰੀ ਭੁੱਖ ਤ੍ਰੇਹ ਮਿਟਦੀ ਰਹੇ (ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ) ॥੪॥
ਪਰ, ਸਦਾ ਤੋਂ ਹੀ ਲੋਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਆਏ ਹਨ।
ਹਰਿ-ਨਾਮ ਦੇ ਸੁਆਦ ਤੋਂ ਬਿਨਾ ਕਿਸੇ ਨੂੰ ਭੀ ਰਤਾ ਭਰ ਸੁਖ ਨਹੀਂ ਲੱਭਾ।
ਹੇ ਨਾਨਕ! ਜਦੋਂ ਸਾਧ ਸੰਗਤ ਵਿਚ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਇਹ ਜੀਵਾਤਮਾ ਤੇ ਕਾਇਆਂ ਮਿਲ ਕੇ (ਨਾਮ ਦੀ ਬਰਕਤਿ ਨਾਲ) ਆਤਮਕ ਆਨੰਦ ਮਾਣਦੇ ਹਨ ॥੫॥