(ਪਹਿਲਾਂ ਮੋਹ ਵਿਚ ਮਸਤ ਸਾਂ, ਹੁਣ ਅੱਖਾਂ ਖੁਲ੍ਹ ਆਈਆਂ) ਉਸ ਵੇਲੇ ਮੈਂ ਵੇਖਿਆ (ਕਿ ਜਿਸ ਸਰੀਰਕ ਮੋਹ ਦੇ ਬੇੜੇ ਵਿਚ ਮੈਂ ਸੁਆਰ ਹਾਂ ਉਹ) ਥੋੜਾ-ਬਹੁਤ ਪੁਰਾਣਾ ਹੋਇਆ ਹੋਇਆ ਹੈ (ਵਿਕਾਰਾਂ ਨਾਲ ਛੇਕੋ-ਛੇਕ ਹੋਇਆ ਪਿਆ ਹੈ)। ਮੈਂ ਛਾਲ ਮਾਰ ਕੇ (ਉਸ ਅਪਣੱਤ ਦੇ ਬੇੜੇ ਵਿਚੋਂ) ਉਤਰ ਪਿਆ (ਮੈਂ ਅਪਣੱਤ, ਸਰੀਰਕ ਮੋਹ ਛੱਡ ਦਿੱਤਾ। ਪਰ ਇਹ ਸਭ ਕੁਝ ਇਸੇ ਕਰਕੇ ਸੀ ਕਿ ਮੈਂ ਉਹ 'ਦਰੁ' ਨਾਹ ਛੱਡਿਆ ਜਿਸ ਦਰ ਤੇ ਟਿਕਿਆਂ 'ਹਟਕੈ ਨਾਹੀ ਕੋਇ') ॥੬੭॥
ਹੇ ਕਬੀਰ! (ਭਾਵੇਂ ਪ੍ਰਭੂ ਦੇ ਦਰ ਤੇ ਟਿਕੇ ਰਹਿਣ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਿਚ ਇਹ ਬਰਕਤਿ ਹੈ ਕਿ ਸੰਸਾਰ-ਸਮੁੰਦਰ ਵਿਚ ਡੁੱਬਣੋਂ ਬਚ ਜਾਈਦਾ ਹੈ, ਪਰ) ਵਿਕਾਰੀ ਬੰਦੇ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ, ਪਰਮਾਤਮਾ ਦੀ ਪੂਜਾ ਸੁਖਾਂਦੀ ਨਹੀਂ (ਸੁਖ ਦੇਣ ਵਾਲੀ ਨਹੀਂ ਜਾਪਦੀ)।
(ਵਿਕਾਰੀ ਬੰਦੇ ਦਾ ਸੁਭਾਉ ਮੱਖੀ ਵਾਂਗ ਹੋ ਜਾਂਦਾ ਹੈ) ਮੱਖੀ (ਸੋਹਣੀ ਖ਼ੁਸ਼-ਬੂ ਵਾਲੇ) ਚੰਦਨ ਨੂੰ ਤਿਆਗ ਦੇਂਦੀ ਹੈ, ਜਿੱਥੇ ਬਦ-ਬੂ ਹੋਵੇ ਉਥੇ ਜਾਂਦੀ ਹੈ ॥੬੮॥
ਹੇ ਕਬੀਰ! (ਮਾਇਕ ਭੋਗਾਂ ਦੀ ਖ਼ਾਤਰ ਖਪ ਖਪ ਕੇ) ਸਾਰਾ ਜਗਤ (ਸੰਸਾਰ-ਸਮੁੰਦਰ ਵਿਚ ਡੁੱਬ ਕੇ, ਮਾਇਕ ਮੋਹ ਵਿਚ ਡੁੱਬ ਕੇ, ਆਤਮਕ ਮੌਤੇ) ਮਰ ਰਿਹਾ ਹੈ, ਚਾਹੇ ਕੋਈ ਰੋਗੀ ਹੈ ਤੇ ਚਾਹੇ ਕੋਈ ਹਕੀਮ ਹੈ (ਭਾਵ, ਇਕ ਤਾਂ ਉਹ ਬੰਦੇ ਹਨ ਜੋ ਅੰਞਾਣ ਤੇ ਮੂੜ੍ਹ ਹੋਣ ਕਰ ਕੇ ਜੀਵਨ ਦਾ ਰਾਹ ਜਾਣਦੇ ਹੀ ਨਹੀਂ, ਤੇ ਵਿਕਾਰਾਂ ਵਿਚ ਫਸੇ ਪਏ ਹਨ, ਦੂਜੇ ਉਹ ਹਨ ਜੋ ਵਿਦਵਾਨ ਪੰਡਿਤ ਹਨ ਤੇ ਮੂਰਖ ਲੋਕਾਂ ਨੂੰ ਉਪਦੇਸ਼ ਕਰਦੇ ਹਨ। ਪਰ ਹਾਲਤ ਦੋਹਾਂ ਦੀ ਇਹ ਹੈ ਕਿ ਇਹਨਾਂ ਦੀ ਸਾਰੀ ਦੌੜ-ਭੱਜ ਮਾਇਕ ਭੋਗਾਂ ਵਾਸਤੇ ਹੀ ਹੈ, ਇਨ੍ਹਾਂ ਦੇ ਗਿਆਨ-ਇੰਦ੍ਰੇ ਆਪੋ ਆਪਣੇ ਵਿਸ਼ੇ-ਭੋਗਾਂ ਵਲ ਖਪ ਰਹੇ ਹਨ, ਭੋਗਾਂ ਨੂੰ ਰੋ ਰਹੇ ਹਨ। ਇੱਕ ਭਗਤੀ ਤੋਂ ਵਾਂਜੇ ਰਹਿਣ ਕਰਕੇ ਇਹ ਸਭ ਆਤਮਕ ਮੌਤੇ ਮਰੇ ਪਏ ਹਨ)।
ਹੇ ਕਬੀਰ! ਸਿਰਫ਼ ਉਹ ਮਨੁੱਖ (ਆਤਮਕ ਮੌਤੇ) ਨਹੀਂ ਮਰਦਾ ਜਿਸ ਦਾ ਕੋਈ (ਸੰਗੀ ਸਾਥੀ, ਗਿਆਨ-ਇੰਦ੍ਰਾ) (ਮਾਇਕ ਭੋਗਾਂ ਦੀ ਖ਼ਾਤਰ) ਰੋ ਨਹੀਂ ਰਿਹਾ (ਖਪ ਨਹੀਂ ਰਿਹਾ ਤੇ, ਅਜੇਹਾ ਮਨੁੱਖ ਸਿਰਫ਼ ਉਹੀ ਹੋ ਸਕਦਾ ਹੈ ਜੋ ਪ੍ਰਭੂ-ਦਰ ਨਹੀਂ ਛੱਡਦਾ, ਕਿਉਂਕਿ ਪ੍ਰਭੂ-ਦਰ ਤੇ ਰਿਹਾਂ 'ਹਟਕੈ ਨਾਹੀ ਕੋਇ') ॥੬੯॥
ਹੇ ਕਬੀਰ! ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਸ ਨੂੰ ਅੰਦਰੋ ਅੰਦਰ ਵਿਕਾਰ ਖੋਖਲਾ ਕਰੀ ਜਾਂਦੇ ਹਨ (ਤੇ ਉਹ ਸਹਜੇ ਸਹਜੇ ਆਤਮਕ ਮੌਤੇ ਮਰਦਾ ਜਾਂਦਾ ਹੈ)।
ਜਿਵੇਂ ਲੱਕੜ ਦੀ ਹਾਂਡੀ (ਚੁੱਲ੍ਹੇ ਉਤੇ ਇਕ ਵਾਰੀ ਸੜ ਕੇ) ਮੁੜ (ਚੁੱਲ੍ਹੇ ਉਤੇ) ਨਹੀਂ ਚੜ੍ਹ ਸਕਦੀ, ਤਿਵੇਂ (ਵਿਕਾਰਾਂ ਦੀ ਅੱਗ ਵਿਚ ਸੜਿ-ਮੁਏ ਮਨੁੱਖ ਦਾ) ਇਹ ਸਰੀਰ ਹੈ (ਜੋ ਇਸ ਨੂੰ ਦੂਜੀ ਵਾਰੀ ਨਹੀਂ ਮਿਲਦਾ) ॥੭੦॥
ਜਿਸ ਮਨੁੱਖ ਨੂੰ ਪ੍ਰਭੂ ਮਨ-ਭਾਉਂਦੀ (ਭਗਤੀ ਦੀ) ਦਾਤ ਬਖ਼ਸ਼ਦਾ ਹੈ, ਜਿਸ ਉਤੇ ਇਹ ਅਜਬ ਮੇਹਰ ਹੁੰਦੀ ਹੈ, ਉਹ ਮਨੁੱਖ ਭੀ ਖ਼ੁਸ਼ੀ-ਖ਼ੁਸ਼ੀ ਆਪਾ-ਭਾਵ ਤਿਆਗਦਾ ਹੈ।
ਹੇ ਕਬੀਰ! ਜਦੋਂ ਕੋਈ ਇਸਤ੍ਰੀ (ਆਪਣੇ ਪਤੀ ਦੇ ਮਰਨ ਤੇ) ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਫੜ ਲੈਂਦੀ ਹੈ ਤਾਂ ਉਹ ਮਰਨ ਤੋਂ ਨਹੀਂ ਡਰਦੀ ॥੭੧॥
ਹੇ ਕਬੀਰ! ਰਸ ਨਾਲ ਭਰਿਆ ਹੋਇਆ ਗੰਨਾ (ਵੇਲਣੇ ਵਿਚ) ਪੀੜਿਆ ਜਾਂਦਾ ਹੈ (ਭਾਵ, ਰਸ ਦੀ ਦਾਤ ਦੇ ਇਵਜ਼ ਵਿਚ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਹੈ ਕਿ ਉਹ ਵੇਲਣੇ ਵਿਚ ਪੀੜੀਦਾ ਹੈ (ਸੋ ਗੁਣਾਂ ਦੇ ਬਦਲੇ ਔਗੁਣਾਂ ਨੂੰ ਛੱਡ ਕੇ ਆਪਾ-ਭਾਵ ਵਲੋਂ ਮਰਨਾ ਹੀ ਪੈਂਦਾ ਹੈ)।
(ਜੋ ਮਨੁੱਖ ਆਪਾ-ਭਾਵ ਨਹੀਂ ਤਿਆਗਦਾ, ਤੇ, ਵਿਕਾਰਾਂ ਵਲ ਹੀ ਰੁੱਚੀ ਰੱਖਦਾ ਹੈ, ਉਸ) ਵਿਕਾਰੀ ਮਨੁੱਖ ਨੂੰ (ਜਗਤ ਵਿਚ) ਕੋਈ ਬੰਦਾ ਚੰਗਾ ਨਹੀਂ ਆਖਦਾ (ਭਾਵ, ਭਗਤੀ ਦੀ ਦਾਤ ਤੋਂ ਵਾਂਜਿਆ ਰਹਿੰਦਾ ਹੈ, ਤੇ, ਜਗਤ ਵਿਚ ਬਦਨਾਮੀ ਭੀ ਖੱਟਦਾ ਹੈ) ॥੭੨॥
ਹੇ ਕਬੀਰ! ਮਿੱਟੀ ਦਾ ਕੱਚਾ ਘੜਾ ਪਾਣੀ ਨਾਲ ਭਰਿਆ ਹੋਇਆ ਹੋਵੇ, ਉਹ ਛੇਤੀ ਹੀ ਫੁੱਟ ਜਾਂਦਾ ਹੈ (ਇਸ ਸਰੀਰ ਦੀ ਭੀ ਇਹੀ ਪਾਂਇਆਂ ਹੈ, ਸਦਾ ਕਾਇਮ ਨਹੀਂ ਰਹਿ ਸਕਦਾ। ਮਨੁੱਖਾ ਜਨਮ ਦਾ ਮਨੋਰਥ ਪ੍ਰਾਪਤ ਕਰਨ ਲਈ ਇਸ ਸਰੀਰ ਦਾ ਮੋਹ ਇਸ ਦੇ ਨਾਸ ਹੋਣ ਤੋਂ ਪਹਿਲਾਂ ਹੀ ਤਿਆਗਣਾ ਹੈ, ਆਪਣੀ ਮਰਜ਼ੀ ਤਿਆਗ ਕੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰਨਾ ਹੈ; ਪਰ)
ਜੋ ਮਨੁੱਖ ਆਪਣੇ ਗੁਰੂ ਨੂੰ ਯਾਦ ਨਹੀਂ ਰੱਖਦੇ (ਸਰੀਰਕ ਮੋਹ ਵਿਚ ਫਸ ਕੇ ਗੁਰੂ ਨੂੰ ਭੁਲਾ ਬੈਠਦੇ ਹਨ, ਗੁਰੂ ਦੇ ਦੱਸੇ ਰਾਹ ਨੂੰ ਵਿਸਾਰ ਦੇਂਦੇ ਹਨ) ਉਹ ਮਨੁੱਖ ਜ਼ਿੰਦਗੀ ਦੇ ਸਫ਼ਰ ਦੇ ਅੱਧ ਵਿਚ ਹੀ ਲੁੱਟ ਲਏ ਜਾਂਦੇ ਹਨ (ਕਾਮਾਦਿਕ ਵਿਕਾਰ ਆਪਣੇ ਜਾਲ ਵਿਚ ਫਸਾ ਕੇ ਉਹਨਾਂ ਦੇ ਸਾਰੇ ਗੁਣ ਨਾਸ ਕਰ ਦੇਂਦੇ ਹਨ, ਵਿਕਾਰਾਂ ਵਿਚ ਪੈ ਕੇ ਇਥੋਂ ਦੀ ਰਾਸਿ-ਪੂੰਜੀ ਭੀ ਮੁੱਕ ਜਾਂਦੀ ਹੈ ਤੇ ਪਰਲੋਕ ਭੀ ਵਿਗੜ ਜਾਂਦਾ ਹੈ) ॥੭੩॥
ਹੇ ਕਬੀਰ! ਮੈਂ ਆਪਣੇ ਮਾਲਕ-ਪ੍ਰਭੂ (ਦੇ ਦਰ) ਦਾ ਕੁੱਤਾ ਹਾਂ (ਪ੍ਰਭੂ ਦੇ ਦਰਵਾਜ਼ੇ ਤੇ ਹੀ ਟਿਕਿਆ ਰਹਿੰਦਾ ਹਾਂ, ਤੇ ਇਸ ਕਰਕੇ) ਮੇਰਾ ਨਾਮ ਭੀ 'ਮੋਤੀ' ਪੈ ਗਿਆ ਹੈ (ਭਾਵ, ਦੁਨੀਆ ਭੀ ਮੈਨੂੰ ਪਿਆਰ ਨਾਲ ਬੁਲਾਂਦੀ ਹੈ)।
ਮੇਰੇ ਮਾਲਕ-ਪ੍ਰਭੂ ਨੇ ਮੇਰੇ ਗਲ ਵਿਚ ਰੱਸੀ ਪਾਈ ਹੋਈ ਹੈ, ਜਿਧਰ ਉਹ ਮੈਨੂੰ ਖਿੱਚਦਾ ਹੈ, ਮੈਂ ਉਧਰ ਹੀ ਜਾਂਦਾ ਹਾਂ ॥੭੪॥
ਹੇ ਕਬੀਰ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ?
ਤੂੰ ਆਪਣੇ ਹਿਰਦੇ ਵਿਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ ॥੭੫॥
ਹੇ ਕਬੀਰ! ('ਕਾਠ ਕੀ ਜਪਨੀ' ਤਾਂ ਕੁਝ ਸਵਾਰ ਨਹੀਂ ਸਕਦੀ, ਪਰ) ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਸਰਨ ਪੈ ਕੇ ਬਿਰਹੋਂ ਦਾ ਸੱਪ ਆ ਵੱਸੇ (ਜਿਸ ਮਨੁੱਖ ਨੂੰ ਗੁਰੂ-ਦਰ ਤੋਂ ਇਹ ਸੂਝ ਮਿਲ ਜਾਏ ਕਿ ਇਹਨਾਂ ਕਾਮਾਦਿਕਾਂ ਨੇ ਮੈਨੂੰ ਰੱਬ ਨਾਲੋਂ ਵਿਛੋੜ ਦਿੱਤਾ ਹੈ) (ਕਾਮਾਦਿਕਾਂ ਦਾ) ਕੋਈ ਮੰਤ੍ਰ ਉਸ ਉਤੇ ਨਹੀਂ ਚੱਲ ਸਕਦਾ।
ਪਰਮਾਤਮਾ ਤੋਂ ਵਿਛੋੜੇ ਨੂੰ ਮਹਿਸੂਸ ਕਰਨ ਵਾਲਾ ਮਨੁੱਖ ਜੀਊ ਹੀ ਨਹੀਂ ਸਕਦਾ, (ਭਾਵ, ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਇਕ ਐਸਾ ਡੰਗ ਹੈ ਕਿ ਇਸ ਦਾ ਡੰਗਿਆ ਹੋਇਆ ਬੰਦਾ ਮਾਇਕ ਭੋਗਾਂ ਵਾਸਤੇ ਜੀਊ ਹੀ ਨਹੀਂ ਸਕਦਾ) ਜੇਹੜਾ ਜੀਵਨ ਉਹ ਜੀਊਂਦਾ ਹੈ, ਦੁਨੀਆ ਦੇ ਭਾਣੇ ਉਹ ਝੱਲਿਆਂ ਵਾਲਾ ਜੀਵਨ ਹੈ ॥੭੬॥
ਹੇ ਕਬੀਰ! ਪਾਰਸ ਅਤੇ ਚੰਦਨ-ਇਹਨਾਂ ਦੋਹਾਂ ਵਿਚ ਇਕ ਇਕ ਗੁਣ ਹੈ;
ਲੋਹਾ ਅਤੇ ਸੁਗੰਧੀ-ਹੀਨ ਲੱਕੜੀ ਇਹਨਾਂ ਨਾਲ ਛੋਹ ਕੇ ਉੱਤਮ ਬਣ ਜਾਂਦੇ ਹਨ (ਲੋਹਾ ਪਾਰਸ ਨੂੰ ਛੋਹ ਕੇ ਸੋਨਾ ਬਣ ਜਾਂਦਾ ਹੈ; ਸਾਧਾਰਨ ਰੁੱਖ ਚੰਦਨ ਦੇ ਨੇੜੇ ਰਹਿ ਕੇ ਸੁਗੰਧੀ ਵਾਲਾ ਹੋ ਜਾਂਦਾ ਹੈ। ਤਿਵੇਂ ਪਹਿਲਾਂ ਕਾਮਾਦਿਕਾਂ ਤੋਂ ਵਿਕਿਆ ਮਨੁੱਖ ਗੁਰੂ ਨੂੰ ਮਿਲ ਕੇ "ਰਾਮ ਬਿਓਗੀ" ਬਣ ਜਾਂਦਾ ਹੈ) ॥੭੭॥
ਹੇ ਕਬੀਰ! (ਕਾਮਾਦਿਕਾਂ ਦੇ ਵੱਸ ਪਏ ਰਿਹਾਂ ਜਮ ਦਾ ਡੰਡਾ ਸਿਰ ਤੇ ਵੱਜਦਾ ਹੈ, ਜਨਮ-ਮਰਨ ਦੇ ਗੇੜ ਵਿਚ ਪੈ ਜਾਈਦਾ ਹੈ, ਤੇ) ਜਮ ਦੀ (ਇਹ) ਸੱਟ ਇਤਨੀ ਭੈੜੀ ਹੈ ਕਿ ਸਹਾਰਨੀ ਬੜੀ ਔਖੀ ਹੈ।
(ਪਰਮਾਤਮਾ ਦੀ ਕਿਰਪਾ ਨਾਲ) ਮੈਨੂੰ ਗੁਰੂ ਮਿਲ ਪਿਆ, ਉਸ ਨੇ ਆਪਣੇ ਲੜ ਲਾ ਲਿਆ (ਤੇ ਮੈਂ ਕਾਮਾਦਿਕਾਂ ਦੇ) ਢਹੇ ਨਹੀਂ ਚੜ੍ਹਿਆ ॥੭੮॥
ਹੇ ਕਬੀਰ! ਹਕੀਮ (ਤਾਂ) ਆਖਦਾ ਹੈ ਕਿ ਮੈਂ ਬੜਾ ਸਿਆਣਾ ਹਾਂ (ਰੋਗ ਆਉਣ ਤੇ ਜਿੰਦ ਨੂੰ ਸਰੀਰ ਨਾਲੋਂ ਵਿਛੁੜਨ ਤੋਂ ਬਚਾਣ ਲਈ) ਇਲਾਜ ਮੇਰੇ ਇਖ਼ਤਿਆਰ ਵਿਚ ਹੈ (ਮੈਂ ਰੋਗ ਦਾ ਇਲਾਜ ਕਰਨਾ ਜਾਣਦਾ ਹਾਂ)।
ਪਰ ਇਹ ਜਿੰਦ ਉਸ ਮਾਲਕ ਪ੍ਰਭੂ ਦੀ (ਦਿੱਤੀ ਹੋਈ ਅਮਾਨਤੀ) ਚੀਜ਼ ਹੈ, ਜਦੋਂ ਉਹ ਚਾਹੁੰਦਾ ਹੈ (ਸਰੀਰ ਵਿਚੋਂ) ਮੋੜ ਲੈਂਦਾ ਹੈ (ਇਥੇ ਸਦਾ ਨਹੀਂ ਟਿਕੇ ਰਹਿਣਾ, ਤਾਂ ਤੇ ਜਮ ਦੇ ਠੇਂਗੇ ਦਾ ਖ਼ਿਆਲ ਰੱਖੋ ਤੇ ਗੁਰੂ-ਦਰ ਤੇ ਆ ਕੇ 'ਗੁਨ ਕਉ ਮਰੀਐ ਰੋਇ') ॥੭੯॥
ਹੇ ਕਬੀਰ! (ਜੇ ਤੂੰ ਇਹ ਨਹੀਂ ਸੁਣਦਾ, ਤਾਂ ਤੇਰੀ ਮਰਜ਼ੀ) ਮਨ-ਮੰਨੀਆਂ ਮੌਜਾਂ ਮਾਣ ਲੈ (ਪਰ ਇਹ ਮੌਜਾਂ ਹਨ ਸਿਰਫ਼) ਦਸ ਦਿਨਾਂ ਲਈ ਹੀ।
ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿਚ ਬੈਠੇ ਮੁਸਾਫਿਰਾਂ ਦਾ ਮਿਲਾਪ ਹੈ (ਮੁੜ ਉਹ ਸਾਰੇ ਕਦੇ ਨਹੀਂ ਮਿਲਦੇ); ਤਿਵੇਂ (ਮਨ-ਮੰਨੀਆਂ ਮੌਜਾਂ ਵਿਚ ਗਵਾਇਆ ਹੋਇਆ ਇਹ ਮਨੁੱਖਾ ਸਰੀਰ ਮੁੜ ਨਹੀਂ ਮਿਲੇਗਾ ॥੮੦॥
ਹੇ ਕਬੀਰ! ਜੇ ਮੈਂ ਸੱਤਾਂ ਹੀ ਸਮੁੰਦ੍ਰਾਂ (ਦੇ ਪਾਣੀ ਨੂੰ ਸਿਆਹੀ ਬਣਾ ਲਵਾਂ, ਸਾਰੇ ਰੁੱਖਾਂ-ਬਿਰਖਾਂ ਦੀਆਂ ਕਲਮਾਂ ਘੜ ਲਵਾਂ, ਸਾਰੀ ਧਰਤੀ ਨੂੰ ਕਾਗਜ਼ ਦੇ ਥਾਂ ਵਰਤਾਂ,
ਤਾਂ ਭੀ ਪਰਮਾਤਮਾ ਦੇ ਗੁਣ (ਪੂਰਨ ਤੌਰ ਤੇ) ਲਿਖੇ ਨਹੀਂ ਜਾ ਸਕਦੇ (ਭਾਵ, ਇਨਸਾਨ ਨੇ ਪਰਮਾਤਮਾ ਦੇ ਗੁਣ ਇਸ ਵਾਸਤੇ ਨਹੀਂ ਗਾਵਣੇ ਕਿ ਗੁਣਾਂ ਦਾ ਅੰਤ ਪਾਇਆ ਜਾ ਸਕੇ, ਤੇ ਸਾਰੇ ਗੁਣ ਬਿਆਨ ਕੀਤੇ ਜਾ ਸਕਣ) ॥੮੧॥
ਹੇ ਕਬੀਰ! (ਪ੍ਰਭੂ ਦੇ ਗੁਣ ਗਾਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੇਰੀ (ਨੀਵੀਂ) ਜੁਲਾਹਾ-ਜਾਤਿ ਮੇਰੇ ਅੰਦਰ ਨਿਤਾਣਾ-ਪਨ ਪੈਦਾ ਨਹੀਂ ਕਰ ਸਕਦੀ ਕਿਉਂਕਿ ਹੁਣ ਮੇਰੇ ਹਿਰਦੇ ਵਿਚ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਵੱਸ ਰਿਹਾ ਹੈ।
ਹੇ ਕਬੀਰ! ਪ੍ਰਭੂ ਦੀ ਯਾਦ ਵਿਚ ਜੁੜ (ਨਿਰੀ ਨੀਵੀਂ ਜਾਤਿ ਦੀ ਕਮਜ਼ੋਰੀ ਹੀ ਨਹੀਂ) ਮਾਇਆ ਦੇ ਸਾਰੇ ਹੀ ਜੰਜਾਲ ਮੁੱਕ ਜਾਣਗੇ ॥੮੨॥
ਹੇ ਕਬੀਰ! (ਭਾਵੇਂ ਸਿਫ਼ਤ-ਸਾਲਾਹ ਵਿਚ ਬੜੀ ਬਰਕਤਿ ਹੈ, ਪਰ ਸਰੀਰਕ ਮੋਹ ਅਤੇ ਕਾਮਾਦਿਕ ਦਾ ਇਤਨਾ ਜ਼ੋਰ ਹੈ ਕਿ) ਕੋਈ ਵਿਰਲਾ ਅਜਿਹਾ ਮਨੁੱਖ ਹੁੰਦਾ ਹੈ ਜੋ ਸਰੀਰਕ ਮੋਹ ਨੂੰ ਸਾੜਦਾ ਹੈ,
ਕੋਈ ਵਿਰਲਾ ਹੈ ਜੋ ਕਾਮਾਦਿਕ ਮਾਇਆ ਦੇ ਪੰਜਾਂ ਪੁਤ੍ਰਾਂ ਨੂੰ ਮਾਰ ਕੇ ਪ੍ਰਭੂ ਨਾਲ ਲਿਵ ਲਾਈ ਰੱਖਦਾ ਹੈ ॥੮੩॥
ਹੇ ਕਬੀਰ! (ਮਾਇਆ ਦੇ ਪ੍ਰਭਾਵ ਕਰ ਕੇ) ਕੋਈ ਵਿਰਲਾ ਹੀ ਅਜੇਹਾ ਮਿਲਦਾ ਹੈ ਜੋ (ਪ੍ਰਭੂ ਦੀ ਸਿਫ਼ਤ-ਸਾਲਾਹ ਕਰੇ, ਤੇ) ਸਰੀਰਕ ਮੋਹ ਨੂੰ ਸਾੜ ਦੇਵੇ।
ਜਗਤ ਮੋਹ ਵਿਚ ਇਤਨਾ ਗ਼ਰਕ ਹੈ ਕਿ ਇਸ ਨੂੰ ਆਪਣੀ ਭਲਾਈ ਸੁੱਝਦੀ ਹੀ ਨਹੀਂ, (ਭਾਵੇਂ) ਕਬੀਰ ਉੱਚੀ ਉੱਚੀ ਦੱਸ ਰਿਹਾ ਹੈ ॥੮੪॥
ਹੇ ਕਬੀਰ! ਜੋ ਇਸਤ੍ਰੀ ਆਪਣੇ ਪਰਲੋਕ-ਅੱਪੜੇ ਪਤੀ ਨੂੰ ਮਿਲਣ ਦੀ ਖ਼ਾਤਰ ਉਸ ਦੇ ਸਰੀਰ ਨਾਲ ਆਪਣੇ ਆਪ ਨੂੰ ਸਾੜਨ ਲਈ ਤਿਆਰ ਹੁੰਦੀ ਹੈ ਉਹ ਚਿਖ਼ਾ ਉਤੇ ਚੜ੍ਹ ਕੇ ਦਲੇਰ ਹੋ ਕੇ ਆਖਦੀ ਹੈ-ਹੇ ਵੀਰ ਮਸਾਣ!
ਸੁਣ, ਸਾਰੇ ਸੰਬੰਧੀ ਮੇਰਾ ਸਾਥ ਛੱਡ ਗਏ ਹਨ (ਮੈਨੂੰ ਕੋਈ ਮੇਰੇ ਪਤੀ ਨਾਲ ਨਹੀਂ ਮਿਲਾ ਸਕਿਆ) ਆਖ਼ਰ, ਹੇ ਵੀਰ! ਮੈਨੂੰ ਤੇਰੇ ਨਾਲ ਗ਼ਰਜ਼ ਪਈ ਹੈ ॥੮੫॥