ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 813


ਦੀਨ ਦਇਆਲ ਕ੍ਰਿਪਾ ਨਿਧੇ ਸਾਸਿ ਸਾਸਿ ਸਮੑਾਰੈ ॥੨॥

ਪ੍ਰਭੂ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਸੋਮਾ ਹੈ, ਤੇ, (ਹਰੇਕ ਜੀਵ ਦੇ) ਹਰੇਕ ਸਾਹ ਨਾਲ ਸੰਭਾਲ ਕਰਦਾ ਹੈ ॥੨॥

ਕਰਣਹਾਰੁ ਜੋ ਕਰਿ ਰਹਿਆ ਸਾਈ ਵਡਿਆਈ ॥

ਹੇ ਭਾਈ! ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਜੋ ਕੁਝ ਕਰ ਰਿਹਾ ਹੈ ਉਹੀ ਜੀਵਾਂ ਦੀ ਭਲਾਈ ਵਾਸਤੇ ਹੈ।

ਗੁਰਿ ਪੂਰੈ ਉਪਦੇਸਿਆ ਸੁਖੁ ਖਸਮ ਰਜਾਈ ॥੩॥

ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਸਹੀ ਜੀਵਨ ਦੀ) ਸਿੱਖਿਆ ਦਿੱਤੀ (ਉਸ ਨੂੰ ਯਕੀਨ ਬਣ ਗਿਆ ਕਿ) ਮਾਲਕ-ਪ੍ਰਭੂ ਦੀ ਰਜ਼ਾ ਵਿਚ ਰਿਹਾਂ ਹੀ ਸੁਖ ਮਿਲਦਾ ਹੈ ॥੩॥

ਚਿੰਤ ਅੰਦੇਸਾ ਗਣਤ ਤਜਿ ਜਨਿ ਹੁਕਮੁ ਪਛਾਤਾ ॥

ਹੇ ਨਾਨਕ! ਪਰਮਾਤਮਾ ਦੇ ਦਾਸ ਨੇ (ਦੁਨੀਆ ਵਾਲੇ) ਚਿੰਤਾ ਫ਼ਿਕਰ ਝੋਰੇ ਛੱਡ ਕੇ ਸਦਾ ਪਰਮਾਤਮਾ ਦੇ ਹੁਕਮ ਨੂੰ (ਹੀ ਆਪਣੇ ਭਲੇ ਵਾਸਤੇ) ਪਛਾਣਿਆ ਹੈ।

ਨਹ ਬਿਨਸੈ ਨਹ ਛੋਡਿ ਜਾਇ ਨਾਨਕ ਰੰਗਿ ਰਾਤਾ ॥੪॥੧੮॥੪੮॥

ਪ੍ਰਭੂ ਦਾ ਦਾਸ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ (ਉਸ ਨੂੰ ਯਕੀਨ ਹੈ ਕਿ) ਪ੍ਰਭੂ ਕਦੇ ਮਰਦਾ ਨਹੀਂ, ਅਤੇ ਹੀ ਆਪਣੇ ਸੇਵਕ ਦਾ ਸਾਥ ਛੱਡਦਾ ਹੈ ॥੪॥੧੮॥੪੮॥

ਬਿਲਾਵਲੁ ਮਹਲਾ ੫ ॥

ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ ॥

ਹੇ ਭਾਈ! (ਉਹਨਾਂ ਸੰਤ ਜਨਾਂ ਦੇ ਪੈਰ) ਪਰਸਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, ਮਨ ਵਿਚ ਵਿਕਾਰਾਂ ਦੀ ਭਾਰੀ ਤਪਸ਼ ਤੋਂ ਸ਼ਾਂਤੀ ਬਣ ਜਾਂਦੀ ਹੈ।

ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ॥੧॥

ਜੇਹੜੇ ਮਨੁੱਖ (ਵਿਕਾਰਾਂ ਪਾਪਾਂ ਦੇ) ਘੁੱਪ ਹਨੇਰੇ ਖੂਹ ਵਿਚ ਗਲ-ਸੜ ਰਹੇ ਹੁੰਦੇ ਹਨ, ਉਹਨਾਂ ਨੂੰ (ਉਹ ਸੰਤ ਜਨ ਆਪਣਾ) ਹੱਥ ਦੇ ਕੇ (ਉਸ ਖੂਹ ਵਿਚੋਂ) ਕੱਢ ਲੈਂਦੇ ਹਨ ॥੧॥

ਓਇ ਹਮਾਰੇ ਸਾਜਨਾ ਹਮ ਉਨ ਕੀ ਰੇਨ ॥

ਹੇ ਭਾਈ! ਜੇਹੜੇ (ਸੰਤ ਜਨ ਮੈਨੂੰ) ਆਤਮਕ ਜੀਵਨ ਦੀ ਦਾਤ ਦੇਂਦੇ ਹਨ, ਉਹ (ਹੀ) ਮੇਰੇ (ਅਸਲ) ਮਿੱਤਰ ਹਨ।

ਜਿਨ ਭੇਟਤ ਹੋਵਤ ਸੁਖੀ ਜੀਅ ਦਾਨੁ ਦੇਨ ॥੧॥ ਰਹਾਉ ॥

ਜਿਨ੍ਹਾਂ ਨੂੰ ਮਿਲਿਆਂ (ਮੇਰਾ ਮਨ) ਆਨੰਦ ਨਾਲ ਭਰਪੂਰ ਹੋ ਜਾਂਦਾ ਹੈ, ਮੈਂ ਉਹਨਾਂ ਦੇ ਚਰਨਾਂ ਦੀ ਧੂੜ (ਲੋਚਦਾ) ਹਾਂ ॥੧॥ ਰਹਾਉ ॥

ਪਰਾ ਪੂਰਬਲਾ ਲੀਖਿਆ ਮਿਲਿਆ ਅਬ ਆਇ ॥

ਹੇ ਭਾਈ! ਇਸ ਮਨੁੱਖਾ ਜਨਮ ਵਿਚ (ਜਦੋਂ ਕਿਸੇ ਮਨੁੱਖ ਨੂੰ ਕੋਈ ਸੰਤ ਜਨ ਮਿਲ ਪੈਂਦਾ ਹੈ, ਤਾਂ) ਬੜੇ ਪੂਰਬਲੇ ਜਨਮ ਤੋਂ ਉਸ ਦੇ ਮੱਥੇ ਉਤੇ ਲਿਖਿਆ ਲੇਖ ਉਘੜ ਪੈਂਦਾ ਹੈ।

ਬਸਤ ਸੰਗਿ ਹਰਿ ਸਾਧ ਕੈ ਪੂਰਨ ਆਸਾਇ ॥੨॥

ਪ੍ਰਭੂ ਦੇ ਸੇਵਕ-ਜਨ ਦੀ ਸੰਗਤਿ ਵਿਚ ਵੱਸਦਿਆਂ (ਉਸ ਮਨੁੱਖ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ॥੨॥

ਭੈ ਬਿਨਸੇ ਤਿਹੁ ਲੋਕ ਕੇ ਪਾਏ ਸੁਖ ਥਾਨ ॥

ਹੇ ਭਾਈ! (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਸਾਰੇ ਜਗਤ ਨੂੰ ਡਰਾਣ ਵਾਲੇ (ਉਸ ਦੇ) ਸਾਰੇ ਡਰ ਨਾਸ ਹੋ ਜਾਂਦੇ ਹਨ।

ਦਇਆ ਕਰੀ ਸਮਰਥ ਗੁਰਿ ਬਸਿਆ ਮਨਿ ਨਾਮ ॥੩॥

ਸਭ ਕੁਝ ਕਰ ਸਕਣ ਵਾਲੇ ਗੁਰੂ ਨੇ ਜਿਸ ਮਨੁੱਖ ਉਤੇ ਦਇਆ ਕੀਤੀ, ਉਸ ਨੂੰ ਸੁਖਾਂ ਦਾ ਟਿਕਾਣਾ (ਸਾਧ-ਸੰਗ) ਮਿਲ ਜਾਂਦਾ ਹੈ ॥੩॥

ਨਾਨਕ ਕੀ ਤੂ ਟੇਕ ਪ੍ਰਭ ਤੇਰਾ ਆਧਾਰ ॥

ਹੇ ਜਗਤ ਦੇ ਮੂਲ ਪ੍ਰਭੂ! ਨਾਨਕ ਦੀ ਤੂੰ ਹੀ ਓਟ ਹੈਂ, ਨਾਨਕ ਦਾ ਤੂੰ ਹੀ ਆਸਰਾ ਹੈਂ।

ਕਰਣ ਕਾਰਣ ਸਮਰਥ ਪ੍ਰਭ ਹਰਿ ਅਗਮ ਅਪਾਰ ॥੪॥੧੯॥੪੯॥

ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਹੇ ਅਪਹੁੰਚ ਹਰੀ! ਹੇ ਬੇਅੰਤ ਹਰੀ! (ਮੈਨੂੰ ਨਾਨਕ ਨੂੰ ਭੀ ਗੁਰੂ ਮਿਲਾ, ਸੰਤ ਜਨ ਮਿਲਾ) ॥੪॥੧੯॥੪੯॥

ਬਿਲਾਵਲੁ ਮਹਲਾ ੫ ॥

ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥

ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਉਹੀ ਮਨੁੱਖ ਗੰਦਾ ਹੈ, ਕੰਗਾਲ ਹੈ, ਨੀਚ ਹੈ।

ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ ॥੧॥

ਉਹ ਮੂਰਖ ਮਨੁੱਖ ਆਪਣੇ ਆਪ ਨੂੰ (ਕੋਈ ਵੱਡੀ ਹਸਤੀ) ਸਮਝਦਾ ਰਹਿੰਦਾ ਹੈ, ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਨੂੰ ਕੁਝ ਸਮਝਦਾ ਹੀ ਨਹੀਂ ॥੧॥

ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥

(ਹੇ ਭਾਈ! ਮਨੁੱਖ ਨੂੰ) ਤਦੋਂ ਹੀ ਦੁੱਖ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਪਰਮਾਤਮਾ ਮਨ ਵਿਚ ਵੱਸਿਆਂ (ਸਦਾ) ਸੁਖ ਪ੍ਰਤੀਤ ਹੁੰਦਾ ਹੈ।

ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ ॥੧॥ ਰਹਾਉ ॥

ਪ੍ਰਭੂ ਦਾ ਸੇਵਕ ਸਦਾ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਸੇਵਕਾਂ ਦੇ ਹਿਰਦੇ ਵਿਚ ਇਹ ਆਨੰਦ ਟਿਕਿਆ ਰਹਿੰਦਾ ਹੈ ॥੧॥ ਰਹਾਉ ॥

ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ॥

(ਪਰ, ਹੇ ਭਾਈ! ਯਾਦ ਰੱਖ) ਪਰਮਾਤਮਾ ਉੱਚੇ (ਆਕੜਖਾਨ) ਤੋਂ ਨੀਵਾਂ ਬਣਾ ਦੇਂਦਾ ਹੈ, ਅਤੇ ਨੀਵਿਆਂ ਨੂੰ ਇਕ ਖਿਨ ਵਿਚ ਹੀ ਇੱਜ਼ਤ ਵਾਲੇ ਬਣਾ ਦੇਂਦਾ ਹੈ।

ਕੀਮਤਿ ਕਹੀ ਨ ਜਾਈਐ ਠਾਕੁਰ ਪਰਤਾਪੈ ॥੨॥

ਉਸ ਪਰਮਾਤਮਾ ਦੇ ਪਰਤਾਪ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥

ਪੇਖਤ ਲੀਲਾ ਰੰਗ ਰੂਪ ਚਲਨੈ ਦਿਨੁ ਆਇਆ ॥

(ਹੇ ਭਾਈ! ਦੁਨੀਆ ਦੇ) ਖੇਲ-ਤਮਾਸ਼ੇ (ਦੁਨੀਆ ਦੇ) ਰੰਗ ਰੂਪ ਵੇਖਦਿਆਂ ਵੇਖਦਿਆਂ (ਹੀ ਮਨੁੱਖ ਦਾ ਦੁਨੀਆ ਤੋਂ) ਤੁਰਨ ਦਾ ਦਿਨ ਆ ਪਹੁੰਚਦਾ ਹੈ।

ਸੁਪਨੇ ਕਾ ਸੁਪਨਾ ਭਇਆ ਸੰਗਿ ਚਲਿਆ ਕਮਾਇਆ ॥੩॥

ਇਹਨਾਂ ਰੰਗ-ਤਮਾਸ਼ਿਆਂ ਨਾਲੋਂ ਸਾਥ ਮੁੱਕਣਾ ਹੀ ਸੀ, ਉਹ ਸਾਥ ਮੁੱਕ ਜਾਂਦਾ ਹੈ, ਮਨੁੱਖ ਦੇ ਨਾਲ ਕੀਤੇ ਹੋਏ ਕਰਮ ਹੀ ਜਾਂਦੇ ਹਨ ॥੩॥

ਕਰਣ ਕਾਰਣ ਸਮਰਥ ਪ੍ਰਭ ਤੇਰੀ ਸਰਣਾਈ ॥

ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! (ਤੇਰਾ ਦਾਸ ਨਾਨਕ) ਤੇਰੀ ਸਰਣ ਆਇਆ ਹੈ।

ਹਰਿ ਦਿਨਸੁ ਰੈਣਿ ਨਾਨਕੁ ਜਪੈ ਸਦ ਸਦ ਬਲਿ ਜਾਈ ॥੪॥੨੦॥੫੦॥

ਹੇ ਹਰੀ! ਨਾਨਕ ਦਿਨ ਰਾਤ (ਤੇਰਾ ਹੀ ਨਾਮ) ਜਪਦਾ ਹੈ, ਤੈਥੋਂ ਹੀ ਸਦਾ ਸਦਾ ਸਦਕੇ ਜਾਂਦਾ ਹੈ ॥੪॥੨੦॥੫੦॥

ਬਿਲਾਵਲੁ ਮਹਲਾ ੫ ॥

ਜਲੁ ਢੋਵਉ ਇਹ ਸੀਸ ਕਰਿ ਕਰ ਪਗ ਪਖਲਾਵਉ ॥

(ਹੇ ਭਾਈ! ਮੇਰੀ ਇਹ ਤਾਂਘ ਹੈ ਕਿ ਗੁਰੂ ਦੇ ਘਰ ਵਿਚ) ਮੈਂ ਆਪਣੇ ਸਿਰ ਨਾਲ ਪਾਣੀ ਢੋਇਆ ਕਰਾਂ, ਅਤੇ ਆਪਣੇ ਹੱਥਾਂ ਨਾਲ (ਸੰਤ ਜਨਾਂ ਦੇ) ਪੈਰ ਧੋਇਆ ਕਰਾਂ।

ਬਾਰਿ ਜਾਉ ਲਖ ਬੇਰੀਆ ਦਰਸੁ ਪੇਖਿ ਜੀਵਾਵਉ ॥੧॥

ਮੈਂ ਲੱਖਾਂ ਵਾਰੀ (ਗੁਰੂ ਤੋਂ) ਸਦਕੇ ਜਾਵਾਂ ਅਤੇ (ਗੁਰੂ ਦੀ ਸੰਗਤਿ ਦਾ) ਦਰਸਨ ਕਰ ਕੇ (ਆਪਣੇ ਅੰਦਰ) ਆਤਮਕ ਜੀਵਨ ਪੈਦਾ ਕਰਦਾ ਰਹਾਂ ॥੧॥

ਕਰਉ ਮਨੋਰਥ ਮਨੈ ਮਾਹਿ ਅਪਨੇ ਪ੍ਰਭ ਤੇ ਪਾਵਉ ॥

(ਹੇ ਭਾਈ! ਮੇਰੀ ਸਦਾ ਇਹੀ ਅਰਜ਼ੋਈ ਹੈ ਕਿ) ਮੈਂ ਜੇਹੜੀ ਭੀ ਮੰਗ ਆਪਣੇ ਮਨ ਵਿਚ ਕਰਾਂ, ਉਹ ਮੰਗ ਮੈਂ ਆਪਣੇ ਪਰਮਾਤਮਾ ਤੋਂ ਪ੍ਰਾਪਤ ਕਰ ਲਵਾਂ।

ਦੇਉ ਸੂਹਨੀ ਸਾਧ ਕੈ ਬੀਜਨੁ ਢੋਲਾਵਉ ॥੧॥ ਰਹਾਉ ॥

ਮੈਂ ਗੁਰੂ ਦੇ ਘਰ ਵਿਚ (ਸਾਧ ਸੰਗਤਿ ਵਿਚ) ਝਾੜੂ ਦਿਆ ਕਰਾਂ ਅਤੇ ਪੱਖਾਂ ਝੱਲਿਆ ਕਰਾਂ ॥੧॥ ਰਹਾਉ ॥

ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਮਨਹਿ ਪੀਲਾਵਉ ॥

(ਹੇ ਭਾਈ! ਮੇਰੀ ਇਹ ਅਰਦਾਸਿ ਹੈ ਕਿ ਸਾਧ ਸੰਗਤਿ ਵਿਚ) ਸੰਤ ਜਨ ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਜੋ ਗੁਣ ਉਚਾਰਦੇ ਹਨ, ਉਹਨਾਂ ਨੂੰ ਸੁਣ ਕੇ ਮੈਂ ਆਪਣੇ ਮਨ ਨੂੰ (ਨਾਮ-ਅੰਮ੍ਰਿਤ) ਪਿਲਾਇਆ ਕਰਾਂ।

ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ ਬਿਖੈ ਜਲਨਿ ਬੁਝਾਵਉ ॥੨॥

(ਨਾਮ-ਅੰਮ੍ਰਿਤ ਦੇ) ਉਸ ਸੁਆਦ ਵਿਚ (ਮੇਰੇ ਅੰਦਰ) ਸ਼ਾਂਤੀ ਅਤੇ (ਤ੍ਰਿਸ਼ਨਾ ਤੋਂ) ਰਜੇਵਾਂ ਪੈਦਾ ਹੋਵੇ, (ਨਾਮ-ਅੰਮ੍ਰਿਤ ਦੀ ਸਹਾਇਤਾ ਨਾਲ) ਮੈਂ (ਆਪਣੇ ਅੰਦਰੋਂ) ਵਿਸ਼ਿਆਂ ਦੀ ਸੜਨ ਬੁਝਾਂਦਾ ਰਹਾਂ ॥੨॥

ਜਬ ਭਗਤਿ ਕਰਹਿ ਸੰਤ ਮੰਡਲੀ ਤਿਨੑ ਮਿਲਿ ਹਰਿ ਗਾਵਉ ॥

(ਹੇ ਭਾਈ! ਮੇਰੀ ਇਹੀ ਅਰਦਾਸਿ ਹੈ ਕਿ) ਜਦੋਂ ਸੰਤ ਜਨ ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਨਾਲ ਮਿਲ ਕੇ ਮੈਂ ਭੀ ਪਰਮਾਤਮਾ ਦੇ ਗੁਣ ਗਾਇਆ ਕਰਾਂ।

ਕਰਉ ਨਮਸਕਾਰ ਭਗਤ ਜਨ ਧੂਰਿ ਮੁਖਿ ਲਾਵਉ ॥੩॥

ਮੈਂ ਸੰਤ ਜਨਾਂ ਅੱਗੇ ਸਿਰ ਨਿਵਾਇਆ ਕਰਾਂ, ਅਤੇ ਉਹਨਾਂ ਦੇ ਚਰਨਾਂ ਦੀ ਧੂੜ (ਆਪਣੇ) ਮੱਥੇ ਉੱਤੇ ਲਾਇਆ ਕਰਾਂ ॥੩॥

ਊਠਤ ਬੈਠਤ ਜਪਉ ਨਾਮੁ ਇਹੁ ਕਰਮੁ ਕਮਾਵਉ ॥

ਹੇ ਪ੍ਰਭੂ! (ਤੇਰੇ ਦਰ ਤੇ) ਨਾਨਕ ਦੀ ਇਹੀ ਬੇਨਤੀ ਹੈ ਕਿ ਉਠਦਿਆਂ ਬੈਠਦਿਆਂ (ਹਰ ਵੇਲੇ) ਮੈਂ (ਤੇਰਾ) ਨਾਮ ਜਪਿਆ ਕਰਾਂ।

ਨਾਨਕ ਕੀ ਪ੍ਰਭ ਬੇਨਤੀ ਹਰਿ ਸਰਨਿ ਸਮਾਵਉ ॥੪॥੨੧॥੫੧॥

ਮੈਂ ਇਸ ਕੰਮ ਨੂੰ (ਹੀ ਸ੍ਰੇਸ਼ਟ ਜਾਣ ਕੇ ਨਿੱਤ) ਕਰਿਆ ਕਰਾਂ, ਅਤੇ, ਹੇ ਹਰੀ! ਮੈਂ ਤੇਰੇ ਹੀ ਚਰਨਾਂ ਵਿਚ ਲੀਨ ਰਹਾਂ ॥੪॥੨੧॥੫੧॥

ਬਿਲਾਵਲੁ ਮਹਲਾ ੫ ॥

ਇਹੁ ਸਾਗਰੁ ਸੋਈ ਤਰੈ ਜੋ ਹਰਿ ਗੁਣ ਗਾਏ ॥

(ਹੇ ਭਾਈ! ਇਹ ਜਗਤ, ਮਾਨੋ, ਇਕ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦਾ ਪਾਣੀ ਠਾਠਾਂ ਮਾਰ ਰਿਹਾ ਹੈ) ਇਸ ਸਮੁੰਦਰ ਵਿਚੋਂ ਉਹੀ ਮਨੁੱਖ ਪਾਰ ਲੰਘਦਾ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।

ਸਾਧਸੰਗਤਿ ਕੈ ਸੰਗਿ ਵਸੈ ਵਡਭਾਗੀ ਪਾਏ ॥੧॥

ਜੇਹੜਾ ਸਾਧ ਸੰਗਤਿ ਦੇ ਨਾਲ ਮੇਲ-ਜੋਲ ਰੱਖਦਾ ਹੈ। (ਪਰ ਇਹ ਦਾਤਿ) ਕੋਈ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ॥੧॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430