ਪ੍ਰਭੂ ਆਪ ਹੀ ਧਾਗੇ ਨੂੰ ਆਪਣੇ ਹੱਥ ਵਿਚ ਫੜ ਰੱਖਣ ਵਾਲਾ ਹੈ। ਜਦੋਂ ਉਹ (ਜਗਤ ਵਿਚੋਂ) ਧਾਗੇ ਨੂੰ ਖਿੱਚ ਲੈਂਦਾ ਹੈ, ਤਦੋਂ (ਜਗਤ) ਢਹਿ ਕੇ ਢੇਰੀ ਹੋ ਜਾਂਦਾ ਹੈ (ਜਗਤ-ਰਚਨਾ ਮੁੱਕ ਜਾਂਦੀ ਹੈ) ॥੧॥
ਹੇ ਮੇਰੇ ਮਨ! ਮੈਨੂੰ ਪਰਮਾਤਮਾ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ।
ਉਸ ਪਰਮਾਤਮਾ ਦਾ ਨਾਮ-ਖ਼ਜ਼ਾਨਾ ਗੁਰੂ ਵਿਚ ਮੌਜੂਦ ਹੈ। ਗੁਰੂ ਮੇਹਰ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੱਖ ਦੇ) ਮੂੰਹ ਵਿਚ ਚੋਂਦਾ ਹੈ ਰਹਾਉ॥
ਹੇ ਭਾਈ! ਪ੍ਰਭੂ ਆਪ ਹੀ ਪਾਣੀ ਵਿਚ ਧਰਤੀ ਵਿਚ ਹਰ ਥਾਂ ਮੌਜੂਦ ਹੈ। ਪ੍ਰਭੂ ਆਪ ਹੀ ਜੋ ਕੁਝ ਕਰਦਾ ਹੈ ਉਹ (ਜਗਤ ਵਿਚ) ਵਾਪਰਦਾ ਹੈ।
ਪ੍ਰਭੂ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ (ਰਿਜ਼ਕ ਅਪੜਾਣ ਵਾਲਾ) ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ।
ਪ੍ਰਭੂ ਆਪ ਹੀ (ਜਗਤ ਦੇ ਸਾਰੇ) ਖੇਡ ਖਿਡਾ ਰਿਹਾ ਹੈ, ਉਹ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ ॥੨॥
ਹੇ ਭਾਈ! ਪਵਿਤ੍ਰ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ, ਉਹ ਆਪ ਹੀ ਪਵਿਤ੍ਰ ਸੋਭਾ ਦਾ ਮਾਲਕ ਹੈ।
ਪ੍ਰਭੂ ਆਪ ਹੀ ਆਪਣਾ ਮੁੱਲ ਪਾ ਸਕਣ ਵਾਲਾ ਹੈ, ਜੋ ਕੁਝ ਉਹ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ।
ਪ੍ਰਭੂ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਅਦ੍ਰਿਸ਼ਟ ਹੈ। ਆਪਣੇ ਸਰੂਪ ਦੀ ਸਮਝ ਉਹ ਆਪ ਹੀ ਦੇਣ ਵਾਲਾ ਹੈ ॥੩॥
ਹੇ ਭਾਈ! ਪ੍ਰਭੂ ਹੀ (ਮਾਨੋ, ਇਕ) ਬੇਅੰਤ ਡੂੰਘਾ (ਸਮੁੰਦਰ) ਹੈ। ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
ਸਾਰੇ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ ਸਾਰੇ ਭੋਗ ਭੋਗਦਾ ਹੈ, ਹਰੇਕ ਇਸਤ੍ਰੀ ਪੁਰਖ ਵਿਚ ਹਰ ਥਾਂ ਉਹ ਆਪ ਹੀ ਆਪ ਹੈ।
ਹੇ ਨਾਨਕ! ਉਹ ਪ੍ਰਭੂ ਸਾਰੇ ਜਗਤ ਵਿਚ ਲੁਕਿਆ ਹੋਇਆ ਮੌਜੂਦ ਹੈ। ਗੁਰੂ ਦੀ ਸਰਨ ਪਿਆਂ ਉਸ ਦੀ ਸਰਬ-ਵਿਆਪਕਤਾ ਦਾ ਪਰਕਾਸ਼ ਹੁੰਦਾ ਹੈ ॥੪॥੨॥
ਹੇ ਭਾਈ! ਹਰ ਥਾਂ ਪ੍ਰਭੂ ਆਪ ਹੀ ਆਪ ਹੈ, ਆਪ ਹੀ (ਜਗਤ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰ ਦੇਂਦਾ ਹੈ।
ਪ੍ਰਭੂ ਆਪ ਹੀ (ਜਗਤ-ਰਚਨਾ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ, ਕੌਤਕ-ਤਮਾਸ਼ੇ ਰਚ ਕੇ ਆਪ ਹੀ ਵੇਖਦਾ ਹੈ, ਆਪਣੇ ਆਪ ਨੂੰ ਹੀ ਵੇਖਦਾ ਹੈ।
ਪ੍ਰਭੂ ਆਪ ਹੀ (ਹਰੇਕ) ਵਣ ਵਿਚ (ਹਰੇਕ) ਤੀਲੇ ਵਿਚ ਹਰ ਥਾਂ ਮੌਜੂਦ ਹੈ। ਗੁਰੂ ਦੀ ਸ਼ਰਨ ਪਿਆਂ ਉਹ ਪ੍ਰਭੂ ਦਿੱਸ ਪੈਦਾ ਹੈ ॥੧॥
ਹੇ ਮੇਰੇ ਮਨ! ਸਦਾ ਪਰਮਾਤਮਾ (ਦੇ ਨਾਮ) ਨੂੰ ਜਪਿਆ ਕਰ, (ਜੇਹੜਾ ਮਨੁੱਖ ਜਪਦਾ ਹੈ ਉਹ) ਨਾਮ ਦੇ ਰਸ ਨਾਲ (ਮਾਇਆ ਵਲੋਂ) ਰੱਜ ਜਾਂਦਾ ਹੈ।
ਹੇ ਮਨ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਬਹੁਤ ਸੁਆਦਲਾ ਹੈ, ਬਹੁਤ ਮਿੱਠਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਚੱਖ ਕੇ ਹੀ ਪਤਾ ਲੱਗਦਾ ਹੈ ਰਹਾਉ॥
ਹੇ ਭਾਈ! ਪ੍ਰਭੂ ਆਪ ਹੀ ਦਰਿਆ ਦਾ ਕੰਢਾ ਹੈ, ਆਪ ਹੀ (ਦਰਿਆ ਤੋਂ ਲੰਘਣ ਲਈ) ਤੁਲਹਾ ਹੈ, ਆਪ ਹੀ (ਦਰਿਆ ਤੋਂ) ਪਾਰ ਲੰਘਦਾ ਹੈ, ਆਪਣੇ ਆਪ ਨੂੰ ਹੀ ਲੰਘਾਂਦਾ ਹੈ।
ਪ੍ਰਭੂ ਆਪ ਹੀ (ਮਾਇਆ ਦਾ) ਜਾਲ ਵਿਛਾਂਦਾ ਹੈ (ਉਹ ਜਾਲ ਵਿਚ ਫਸਣ ਵਾਲਾ) ਸਾਰਾ ਜਗਤ-ਮਛਲੀ ਆਪਣੇ ਆਪ ਨੂੰ ਹੀ ਬਣਾਂਦਾ ਹੈ।
(ਫਿਰ ਭੀ ਉਹ) ਆਪ ਭੁੱਲਣ ਵਾਲਾ ਨਹੀਂ ਹੈ, ਉਹ ਕਦੇ (ਮਾਇਆ-ਜਾਲ ਵਿਚ ਫਸਣ ਵਾਲੀ) ਭੁੱਲ ਨਹੀਂ ਕਰਦਾ। ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੨॥
ਹੇ ਭਾਈ! ਪ੍ਰਭੂ ਆਪ ਹੀ (ਜੋਗੀ ਦੀ ਵਜਾਣ ਵਾਲੀ) ਸਿੰਙੀ ਹੈ, ਆਪ ਹੀ (ਉਸ ਵੱਜਦੀ ਸਿੰਙੀ ਦੀ) ਆਵਾਜ਼ ਹੈ, ਆਪ ਹੀ (ਸਿੰਙੀ ਦੀ) ਸੁਰ ਵਜਾਂਦਾ ਹੈ, ਆਪਣੇ ਆਪ ਨੂੰ ਹੀ ਵਜਾਂਦਾ ਹੈ।
ਉਹ ਸਰਬ-ਵਿਆਪਕ ਪ੍ਰਭੂ ਆਪ ਹੀ ਜੋਗੀ ਹੈ, ਆਪ ਹੀ (ਧੂਣੀਆਂ ਆਦਿਕ ਨਾਲ) ਤਪ ਤਪਦਾ ਹੈ।
ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਆਪ ਹੀ ਆਪਣੇ ਆਪ ਨੂੰ ਉਪਦੇਸ਼ ਕਰਦਾ ਹੈ ॥੩॥
ਹੇ ਭਾਈ! ਪ੍ਰਭੂ ਆਪ ਹੀ (ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈ (ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਆਪਣਾ ਨਾਮ ਜਪਦਾ ਹੈ।
ਆਪ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ, ਆਪ ਹੀ ਉਸ ਨਾਮ-ਰਸ ਨੂੰ ਪੀਂਦਾ ਹੈ, ਆਪਣੇ ਆਪ ਨੂੰ ਪੀਂਦਾ ਹੈ।
ਹੇ ਦਾਸ ਨਾਨਕ! ਪ੍ਰਭੂ ਆਪ ਹੀ ਆਪਣੀ ਸਿਫ਼ਤ-ਸਾਲਾਹ ਕਰਦਾ ਹੈ, ਆਪ ਹੀ ਆਪਣੇ ਨਾਮ-ਰਸ ਨਾਲ ਰੱਜਦਾ ਹੈ ॥੪॥੩॥
ਉਹ ਤੱਕੜੀ ਭੀ ਪ੍ਰਭੂ ਆਪ ਹੀ ਹੈ, ਉਸ ਤੱਕੜੀ ਦੀ ਸੂਈ (ਬੋਦੀ) ਭੀ ਪ੍ਰਭੂ ਆਪ ਹੀ ਹੈ, ਪ੍ਰਭੂ ਨੇ ਆਪ ਹੀ ਵੱਟੇ ਨਾਲ (ਇਸ ਸ੍ਰਿਸ਼ਟੀ ਨੂੰ) ਤੋਲਿਆ ਹੋਇਆ ਹੈ (ਆਪਣੇ ਹੁਕਮ ਵਿਚ ਰੱਖਿਆ ਹੋਇਆ ਹੈ)।
ਪ੍ਰਭੂ ਆਪ ਹੀ (ਇਸ ਧਰਤੀ ਉਤੇ ਵਣਜ ਕਰਨ ਵਾਲਾ) ਸ਼ਾਹਕਾਰ ਹੈ, ਆਪ ਹੀ (ਜੀਵ-ਰੂਪ ਹੋ ਕੇ) ਵਣਜ ਕਰਨ ਵਾਲਾ ਹੈ, ਆਪ ਹੀ ਵਣਜ ਕਰ ਰਿਹਾ ਹੈ।
ਹੇ ਭਾਈ! ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ (ਆਪਣੀ ਮਰਯਾਦਾ ਰੂਪ ਤੱਕੜੀ ਦੇ) ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਰੱਖ ਕੇ (ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਯਾਦਾ ਵਿਚ ਰੱਖਿਆ ਹੋਇਆ ਹੈ। ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਾਧਾਰਨ ਤੇ ਸੌਖਾ ਜਿਹਾ ਹੈ) ॥੧॥
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਸਿਮਰਨ ਕਰ, (ਜਿਸ ਕਿਸੇ ਨੇ ਸਿਮਰਿਆ ਹੈ, ਉਸ ਨੇ) ਸੁਖ ਪਾਇਆ ਹੈ।
ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ) ਸੁਖਾਂ ਦਾ ਖ਼ਜ਼ਾਨਾ ਹੈ (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ ਰਹਾਉ॥
ਹੇ ਭਾਈ! ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ, ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ, ਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ।
ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ, ਪਾਣੀ ਨੂੰ ਮਿੱਟੀ ਨਾਲ (ਉਸ ਨੇ ਆਪਣੇ ਹੁਕਮ ਵਿਚ ਹੀ) ਬੰਨ੍ਹ ਰੱਖਿਆ ਹੈ (ਪਾਣੀ ਮਿੱਟੀ ਨੂੰ ਰੋੜ੍ਹ ਨਹੀਂ ਸਕਦਾ।)
(ਪਾਣੀ ਵਿਚ ਉਸ ਨੇ) ਆਪ ਹੀ ਆਪਣਾ ਡਰ ਪਾ ਰੱਖਿਆ ਹੈ, (ਮਾਨੋ) ਬੱਕਰੀ ਸ਼ੇਰ ਨੂੰ ਬੰਨ੍ਹ ਕੇ ਫਿਰਾ ਰਹੀ ਹੈ ॥੨॥