(ਜਨਮ ਜਨਮਾਂਤਰਾਂ ਤੋਂ) ਜੀਵ ਹਉਮੈ ਤੇ ਮਮਤਾ ਅਹੰਕਾਰ-ਭਰੀਆਂ ਗੱਲਾਂ ਕਰਦਾ ਆ ਰਿਹਾ ਹੈ।
ਇਹ ਦੁਨੀਆ ਦੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਵਿਚ ਬੱਝਾ ਚਲਾ ਆ ਰਿਹਾ ਹੈ।
'ਇਹ ਮਾਇਆ ਮੇਰੀ ਹੈ ਇਹ ਮਾਇਆ ਮੇਰੀ ਹੈ'-ਇਹ ਆਖ ਆਖ ਕੇ ਇਥੋਂ ਆਪਣੇ ਨਾਲ ਭੀ ਕੁਝ ਨਹੀਂ ਲੈ ਜਾ ਸਕਦਾ। ਵਿਕਾਰਾਂ ਦੀ ਸੁਆਹ ਵਿਕਾਰਾਂ ਦਾ ਜ਼ਹਰ ਹੀ ਲੱਦ ਲੈਂਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਦੇਂਦਾ ਹੈ) ॥੧੫॥
ਹੇ ਭਾਈ ਜਨੋ! ਪਰਮਾਤਮਾ ਦੀ ਭਗਤੀ ਕਰੋ।
ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, (ਇਸ ਤਰ੍ਹਾਂ ਇਹ ਵਿਕਾਰੀ) ਮਨ (ਰੱਬ) ਮਨ ਵਿਚ ਹੀ ਲੀਨ ਹੋ ਜਾਇਗਾ।
ਇਸ ਮਨ ਨੂੰ ਜੋ (ਮਾਇਆ ਦੇ ਪਿੱਛੇ) ਉਠ ਉਠ ਕੇ ਭੱਜਦਾ ਹੈ ਰੋਕ ਕੇ ਆਪਣੇ ਅਡੋਲ ਆਤਮਕ ਟਿਕਾਣੇ ਵਿਚ ਕਾਬੂ ਕਰ ਰੱਖੋ। (ਇਸ ਤਰ੍ਹਾਂ) ਸਾਰੇ ਦੁੱਖ ਕੱਟਣ ਦੇ ਸਮਰੱਥ ਪ੍ਰਭੂ ਦੁੱਖ ਦੂਰ ਕਰ ਦੇਵੇਗਾ ॥੧੬॥
ਜਿਸ ਮਨੁੱਖ ਨੇ ਪਰਮਾਤਮਾ ਦੀ ਤੇ ਪੂਰੇ ਗੁਰੂ ਦੀ ਸਰਨ ਦੀ ਕਦਰ ਪਛਾਣ ਲਈ ਹੈ,
ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਰਾਹੀਂ ਪਰਮਾਤਮਾ ਵਿਚ ਸੁਰਤ ਜੋੜਨੀ ਸਮਝ ਲਈ ਹੈ,
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦੀ ਮੱਤ ਸ੍ਰੇਸ਼ਟ ਹੋ ਜਾਂਦੀ ਹੈ, ਪਰਮਾਤਮਾ ਉਸ ਉਤੇ ਮੇਹਰ ਕਰਦਾ ਹੈ ਤੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੭॥੪॥੧੦॥
ਹੇ ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ,
ਤੂੰ (ਕਾਮਾਦਿਕ) ਵੈਰੀਆਂ ਦਾ ਮਾਰਨ ਵਾਲਾ ਹੈਂ, ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ।
ਕੋਈ ਜੀਵ ਤੇਰੇ ਕੌਤਕ ਸਮਝ ਨਹੀਂ ਸਕਦਾ, ਤੂੰ ਸਭ ਗੁਣਾਂ ਦਾ ਮਾਲਕ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈਂ ॥੧॥
ਜਗਤ ਦੇ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਤੂੰ (ਸਭ ਜੀਵਾਂ ਦੀ) ਪਾਲਣਾ ਕਰਦਾ ਆ ਰਿਹਾ ਹੈਂ,
ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੇਰਾ ਰੂਪ ਐਸਾ ਹੈ ਕਿ ਉਸ ਵਰਗਾ ਹੋਰ ਕਿਸੇ ਦਾ ਨਹੀਂ, ਤੂੰ ਦਇਆ ਦਾ ਸੋਮਾ ਹੈਂ।
ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸੰਸਾਰ ਦੀ ਕਾਰ ਚਲਾ ਰਿਹਾ ਹੈਂ, ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ (ਕਰਮ) ਕਰਦਾ ਹੈ ॥੨॥
ਜਗਤ ਦੇ ਜੀਵਨ ਪ੍ਰਭੂ ਦੀ ਜੋਤਿ ਹਰੇਕ ਦੇ ਅੰਦਰ ਸੋਭ ਰਹੀ ਹੈ,
ਸਾਰੇ ਸਰੀਰਾਂ ਵਿਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਆਪਣੇ ਨਾਮ ਦਾ ਰਸ ਪੀ ਰਿਹਾ ਹੈ, ਮਾਣ ਰਿਹਾ ਹੈ।
ਇਹ ਹਰਿ-ਨਾਮ-ਰਸ ਆਪ ਹੀ (ਜੀਵਾਂ ਵਿਚ ਬੈਠਾ) ਲੈ ਰਿਹਾ ਹੈ, ਆਪ ਹੀ (ਜੀਵਾਂ ਨੂੰ ਇਹ ਨਾਮ-ਰਸ) ਦੇਂਦਾ ਹੈ। ਜਗਤ ਦਾ ਪਿਤਾ ਪ੍ਰਭੂ ਤਿੰਨਾਂ ਹੀ ਭਵਨਾਂ ਵਿਚ ਮੌਜੂਦ ਹੈ ਤੇ ਸਭ ਦਾਤਾਂ ਦੇ ਰਿਹਾ ਹੈ ॥੩॥
ਜਗਤ ਪੈਦਾ ਕਰ ਕੇ ਪ੍ਰਭੂ ਨੇ (ਮਾਨੋ, ਇਕ) ਖੇਡ ਬਣਾ ਦਿੱਤੀ ਹੈ;
ਹਵਾ ਪਾਣੀ ਅੱਗ (ਆਦਿਕ ਤੱਤਾਂ ਨੂੰ ਇਕੱਠਾ ਕਰ ਕੇ ਤੇ ਸਰੀਰ ਬਣਾ ਕੇ ਉਸ ਵਿਚ) ਜਿੰਦ ਟਿਕਾ ਦਿੱਤੀ ਹੈ।
ਇਸ ਸਰੀਰ-ਨਗਰੀ ਨੂੰ ਉਸ ਨੇ ਨੌ ਦਰਵਾਜ਼ੇ (ਤਾਂ ਪਰਗਟ ਤੌਰ ਤੇ) ਲਾ ਦਿੱਤੇ ਹਨ, (ਜਿਸ ਦਰਵਾਜ਼ੇ ਰਾਹੀਂ ਉਸ ਦੇ ਘਰ ਵਿਚ ਪਹੁੰਚੀਦਾ ਹੈ) ਉਹ ਦਸਵਾਂ ਦਰਵਾਜ਼ਾ (ਉਸ ਨੇ) ਗੁਪਤ ਰੱਖਿਆ ਹੋਇਆ ਹੈ ॥੪॥
(ਇਸ ਜਗਤ ਵਿਚ ਨਿਰਦਇਤਾ ਮੋਹ ਲੋਭ ਤੇ ਕ੍ਰੋਧ) ਚਾਰ ਅੱਗ ਦੀਆਂ ਭਿਆਨਕ ਨਦੀਆਂ ਹਨ।
ਪਰ ਕੋਈ ਵਿਰਲਾ ਮਨੁੱਖ ਜੋ ਗੁਰੂ ਦੀ ਸਰਨ ਪੈਂਦਾ ਹੈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਗੱਲ ਨੂੰ ਸਮਝਦਾ ਹੈ,
(ਨਹੀਂ ਤਾਂ) ਮਾਇਆ-ਵੇੜ੍ਹੇ ਜੀਵ ਭੈੜੀ ਮੱਤੇ ਲੱਗ ਕੇ (ਇਹਨਾਂ ਨਦੀਆਂ ਵਿਚ) ਗੋਤੇ ਖਾਂਦੇ ਹਨ ਤੇ ਸੜਦੇ ਹਨ। ਜਿਨ੍ਹਾਂ ਨੂੰ ਗੁਰੂ ਨੇ (ਇਹਨਾਂ ਅੱਗ-ਨਦੀਆਂ ਤੋਂ) ਬਚਾ ਲਿਆ ਉਹ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ ॥੫॥
ਪਾਣੀ ਅੱਗ ਹਵਾ ਧਰਤੀ ਤੇ ਆਕਾਸ਼-
ਇਹਨਾਂ ਪੰਜਾਂ ਦੇ ਮੇਲ ਦੀ ਰਾਹੀਂ ਪਰਮਾਤਮਾ ਨੇ ਪੰਜ-ਤੱਤੀ ਘਰ ਬਣਾ ਦਿੱਤਾ ਹੈ ਉਸ ਘਰ ਵਿਚ ਜੀਵਾਤਮਾ ਦਾ ਨਿਵਾਸ ਕਰ ਦਿੱਤਾ ਹੈ।
ਜੇਹੜੇ ਜੀਵ ਸਤਿਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਉਹ ਮਾਇਆ ਦੀ ਹਉਮੈ ਤੇ ਮਾਇਆ ਦੀ ਖ਼ਾਤਰ ਭਟਕਣਾ ਛੱਡ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ॥੬॥
ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਭਿੱਜ ਜਾਂਦਾ ਹੈ (ਸ਼ਬਦ ਵਿਚ ਖ਼ੁਸ਼ ਹੋ ਕੇ ਜੁੜਦਾ ਹੈ) ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਪ੍ਰਸੰਨ ਹੁੰਦਾ ਹੈ।
ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਕੋਈ ਹੋਰ ਆਸਰਾ ਨਹੀਂ ਭਾਲਦਾ।
ਪਰ ਜੋ ਮਨੁੱਖ ਮਾਇਆ-ਵੇੜ੍ਹਿਆ ਹੈ ਉਸ ਦੇ ਅੰਦਰ (ਵਿਕਾਰੀ ਮਨ-) ਚੋਰ ਦਾ ਘਰ-ਘਾਟ ਲੁੱਟਦਾ ਜਾਂਦਾ ਹੈ, ਇਸ ਮਾਇਆ-ਵੇੜ੍ਹੇ ਜੀਵ ਨੇ ਇਸ ਚੋਰ ਨੂੰ ਪਛਾਣਿਆ ਹੀ ਨਹੀਂ ॥੭॥
ਜਿਸ ਮਨੁੱਖ ਦੇ ਅੰਦਰ ਰੌਲਾ ਪਾਣ ਵਾਲੇ ਤੇ ਡਰਾਉਣੇ ਭੂਤਾਂ ਵਰਗੇ ਕਾਮਾਦਿਕ ਵੈਰੀ ਵੱਸਦੇ ਹੋਣ,
ਤੇ ਉਹ ਭੂਤ ਆਪੋ ਆਪਣੇ ਪਾਸੇ ਵਲ ਖਿੱਚਾ-ਖਿੱਚੀ ਕਰ ਰਹੇ ਹੋਣ,
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਸੁਰਤ-ਸੂਝ ਤੋਂ ਵਾਂਜਿਆ ਰਹਿ ਕੇ ਜੰਮਦਾ ਮਰਦਾ ਰਹਿੰਦਾ ਹੈ, ਆਪਣੀ ਇੱਜ਼ਤ ਗਵਾ ਲੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੮॥
ਹੇ ਜੀਵ! ਤੂੰ ਸਾਰੀ ਉਮਰ ਕੂੜ (-ਰੂਪ) ਕੱਲਰ ਹੀ (ਵਿਹਾਝਦਾ ਹੈਂ), ਸਰੀਰ ਭੀ ਆਖ਼ਰ ਸੁਆਹ ਦੀ ਢੇਰੀ ਹੋ ਜਾਣ ਵਾਲਾ ਹੈ (ਤੇਰੇ ਪੱਲੇ ਕੀਹ ਪਿਆ ਹੈ?)।
ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਤੂੰ ਆਪਣੀ ਇੱਜ਼ਤ ਗਵਾ ਲੈਂਦਾ ਹੈਂ।
ਮਾਇਆ ਦੇ ਮੋਹ ਵਿਚ ਬੱਝੇ ਹੋਏ ਦੀ ਖ਼ਲਾਸੀ ਪ੍ਰਭੂ ਦੇ ਨਾਮ ਤੋਂ ਬਿਨਾ ਕਦੇ ਭੀ ਨਹੀਂ ਹੋ ਸਕੇਗੀ (ਇਉਂ ਹੈ ਜਿਵੇਂ) ਕਾਲ-ਜਮਦੂਤ ਨੇ ਤੈਨੂੰ (ਖ਼ਾਸ ਤੌਰ ਤੇ) ਪਛਾਣਿਆ ਹੋਇਆ ਹੈ (ਕਿ ਇਹ ਮੇਰਾ ਸ਼ਿਕਾਰ ਹੈ) ॥੯॥
(ਕੂੜ ਕੱਲਰ ਦੇ ਵਪਾਰੀ ਨੂੰ) ਜਮ ਦੇ ਦਰ ਤੇ ਬੱਝੇ ਨੂੰ ਸਜ਼ਾਵਾਂ ਮਿਲਦੀਆਂ ਹਨ,
ਉਸ (ਵਿਚਾਰੇ) ਮੰਦ-ਕਰਮੀ ਦਾ ਭੈੜਾ ਹਾਲ ਹੁੰਦਾ ਹੈ।
ਉਹ ਵਿਲਕਦਾ ਹੈ ਤਰਲੇ ਲੈਂਦਾ ਹੈ (ਪਰ ਮੋਹ ਦੀ ਫਾਹੀ ਵਿਚੋਂ ਖ਼ਲਾਸੀ ਨਹੀਂ ਹੁੰਦੀ) ਜਿਵੇਂ ਮੱਛੀ ਕੁੰਡੀ ਵਿਚ ਫਸ ਜਾਂਦੀ ਹੈ ॥੧੦॥
ਮਾਇਆ-ਵੇੜ੍ਹੇ ਮਨੁੱਖ ਦੀ ਇਕੱਲੀ ਆਪਣੀ ਜਿੰਦ ਉਸ (ਮੌਤ ਦੀ) ਫਾਹੀ ਵਿਚ ਫਸੀ ਹੁੰਦੀ ਹੈ।
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਜਮ ਦੇ ਵੱਸ ਵਿਚ ਪਿਆ ਦੁੱਖੀ ਹੁੰਦਾ ਹੈ।
(ਉਹ ਮਾਇਆ-ਵੇੜ੍ਹਿਆ ਜੀਵ ਪ੍ਰਭੂ-ਨਾਮ ਤੋਂ ਵਾਂਜਿਆਂ ਰਹਿੰਦਾ ਹੈ, ਤੇ) ਹਰੀ-ਨਾਮ ਤੋਂ ਬਿਨਾ ਖ਼ਲਾਸੀ ਦਾ ਕੋਈ ਵਸੀਲਾ ਨਹੀਂ ਸੁੱਝ ਸਕਦਾ, ਨਿੱਤ (ਮੋਹ ਦੀ ਫਾਹੀ ਵਿਚ ਹੀ) ਖ਼ੁਆਰ ਹੁੰਦਾ ਹੈ ॥੧੧॥
ਸਤਿਗੁਰੂ ਤੋਂ ਬਿਨਾ (ਜੀਵਨ-ਰਾਹ ਦੱਸਣ ਵਾਲਾ) ਕੋਈ ਮਦਦਗਾਰ ਨਹੀਂ ਬਣਦਾ।
(ਗੁਰੂ ਹੀ ਦੱਸਦਾ ਹੈ ਕਿ) ਲੋਕ ਪਰਲੋਕ ਵਿਚ ਪਰਮਾਤਮਾ ਹੀ (ਜੀਵ ਦੀ) ਰਾਖੀ ਕਰਨ ਵਾਲਾ ਹੈ।
(ਸਤਿਗੁਰੂ) ਮੇਹਰ ਕਰ ਕੇ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਇਸ ਤਰ੍ਹਾਂ (ਜੀਵ ਪਰਮਾਤਮਾ ਦੇ ਚਰਨਾਂ ਵਿਚ ਇਉਂ ਮਿਲ ਜਾਂਦਾ ਹੈ, ਜਿਵੇਂ) ਪਾਣੀ ਵਿਚ ਪਾਣੀ ਰਲ ਜਾਂਦਾ ਹੈ ॥੧੨॥