ਤੇ ਪਰਮਾਤਮਾ ਦੇ ਨਾਮ-ਰਸ ਵਿਚ ਮਸਤ ਰਹਿੰਦਾ ਹੈ ਉਹ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ ॥੭॥
ਹੇ ਠਾਕੁਰ! ਮੈਂ (ਗੁਰੂ ਦੀ ਕਿਰਪਾ ਨਾਲ) ਏਧਰ ਓਧਰ (ਹਰ ਥਾਂ) ਤੈਨੂੰ ਹੀ (ਵਿਆਪਕ) ਵੇਖਦਾ ਹਾਂ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਤੈਨੂੰ ਸਿਮਰਦਾ ਹਾਂ,
ਤੈਥੋਂ ਬਿਨਾ ਮੈਂ ਕਿਸੇ ਹੋਰ ਨਾਲ ਪ੍ਰੀਤ ਨਹੀਂ ਜੋੜਦਾ।
ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੀ ਹਉਮੈ ਸਾੜ ਲਈ ਹੈ,
ਗੁਰੂ ਨੇ ਉਸ ਨੂੰ ਪ੍ਰਭੂ ਦਾ ਸਦਾ ਲਈ ਟਿਕੇ ਰਹਿਣ ਵਾਲਾ ਦਰਸਨ ਕਰਾ ਦਿੱਤਾ ਹੈ ॥੮॥੩॥
ਹੇ ਕਰਤਾਰ! (ਮਾਇਆ ਦੇ ਮੋਹ ਵਿਚ ਫਸ ਕੇ) ਚੰਚਲ (ਹੋ ਚੁਕਿਆ) ਮਨ (ਆਪਣੇ ਉੱਦਮ ਨਾਲ) ਚੰਚਲਤਾ ਵਿਚੋਂ ਨਿਕਲ ਨਹੀਂ ਸਕਦਾ,
(ਹਰ ਵੇਲੇ) ਭਟਕਦਾ ਫਿਰਦਾ ਹੈ, ਰਤਾ ਭੀ ਚਿਰ ਨਹੀਂ ਲੱਗਦਾ (ਭਾਵ, ਰਤਾ ਭਰ ਭੀ ਟਿਕਦਾ ਨਹੀਂ।
ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ ਨੂੰ) ਬਹੁਤ ਦੁੱਖ ਸਹਾਰਨਾ ਪੈਂਦਾ ਹੈ, ਤੇ ਆਤਮਕ ਮੌਤ ਹੋ ਜਾਂਦੀ ਹੈ।
(ਇਸ ਬਿਪਤਾ ਵਿਚੋਂ) ਪ੍ਰੀਤਮ-ਪ੍ਰਭੂ ਤੋਂ ਬਿਨਾ ਹੋਰ ਕੋਈ ਧਿਰ ਮਦਦ ਭੀ ਨਹੀਂ ਕਰ ਸਕਦਾ ॥੧॥
ਸਾਰੀ ਲੁਕਾਈ ਚੰਗੀ ਹੈ, (ਕਿਉਂਕਿ ਸਭ ਵਿਚ ਪਰਮਾਤਮਾ ਆਪ ਮੌਜੂਦ ਹੈ) ਮੈਂ ਕਿਸੇ ਨੂੰ ਮਾੜਾ ਨਹੀਂ ਆਖ ਸਕਦਾ।
(ਪਰ ਅਸਲ ਵਿਚ ਉਹੀ ਮਨੁੱਖ ਚੰਗਿਆਈ ਪ੍ਰਾਪਤ ਕਰਦਾ ਹੈ, ਜਿਸ ਦਾ ਮਨ) ਪਰਮਾਤਮਾ ਦੀ ਭਗਤੀ ਵਿਚ (ਜੁੜਦਾ ਹੈ) ਪ੍ਰਭੂ ਦੇ ਸਦਾ-ਥਿਰ ਨਾਮ ਵਿਚ (ਜੁੜ ਕੇ) ਖ਼ੁਸ ਹੁੰਦਾ ਹੈ ॥੧॥ ਰਹਾਉ ॥
(ਮਨ ਨੂੰ ਚੰਚਲਤਾ ਦੇ ਰੋਗ ਤੋਂ ਬਚਾਣ ਲਈ) ਮੈਂ ਅਨੇਕਾਂ ਦਵਾਈਆਂ (ਭਾਵ, ਉੱਦਮ) ਕਰ ਕੇ ਹਾਰ ਗਈ ਹਾਂ,
ਪਰ ਪਿਆਰੇ ਗੁਰੂ (ਦੀ ਸਹੈਤਾ) ਤੋਂ ਬਿਨਾ ਇਹ ਦੁੱਖ ਦੂਰ ਨਹੀਂ ਹੁੰਦਾ।
ਪਰਮਾਤਮਾ ਦੀ ਭਗਤੀ ਤੋਂ ਬਿਨਾ (ਮਨ ਨੂੰ) ਅਨੇਕਾਂ ਹੀ ਦੁੱਖ ਆ ਘੇਰਦੇ ਹਨ।
ਦੁੱਖ ਭੀ ਤੇ ਸੁਖ ਭੀ ਦੇਣ ਵਾਲੇ ਹੇ ਮੇਰੇ ਪਾਲਣਹਾਰ ਪ੍ਰਭੂ! (ਤੇਰੇ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ) ॥੨॥
(ਚੰਚਲਤਾ ਦਾ ਇਹ) ਰੋਗ ਬਹੁਤ ਵੱਡਾ ਹੈ (ਇਸ ਦੇ ਹੁੰਦਿਆਂ) ਮੈਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ।
(ਮੇਰੇ ਇਸ) ਰੋਗ ਨੂੰ ਗੁਰੂ ਹੀ ਸਮਝ ਸਕਦਾ ਹੈ ਤੇ ਉਹੀ ਮੇਰਾ ਦੁੱਖ ਕੱਟ ਸਕਦਾ ਹੈ।
(ਇਸ ਰੋਗ ਦੇ ਕਾਰਨ) ਮੇਰੇ ਮਨ ਵਿਚ ਮੇਰੇ ਸਰੀਰ ਵਿਚ ਔਗੁਣ ਹੀ ਔਗੁਣ ਵਧ ਰਹੇ ਹਨ।
ਢੂੰਢਦਿਆਂ ਤੇ ਭਾਲ ਕਰਦਿਆਂ (ਆਖ਼ਿਰ) ਗੁਰੂ ਨੇ ਮੈਨੂੰ ਸਾਧ ਸੰਗਤ ਮਿਲਾ ਦਿੱਤੀ ॥੩॥
(ਚੰਚਲਤਾ ਦੇ ਰੋਗ ਦੀ) ਦਵਾਈ ਗੁਰੂ ਦਾ ਸ਼ਬਦ (ਹੀ) ਹੈ ਪਰਮਾਤਮਾ ਦਾ ਨਾਮ (ਹੀ) ਹੈ।
(ਹੇ ਪ੍ਰਭੂ!) ਜਿਵੇਂ ਤੂੰ ਰੱਖੇਂ ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ (ਭਾਵ, ਮੈਂ ਉਸੇ ਜੀਵਨ-ਪੰਧ ਤੇ ਤੁਰ ਸਕਦਾ ਹਾਂ। ਮੇਹਰ ਕਰ, ਮੈਨੂੰ ਗੁਰੂ ਦੇ ਸ਼ਬਦ ਵਿਚ ਆਪਣੇ ਨਾਮ ਵਿਚ ਜੋੜੀ ਰੱਖ)।
ਜਗਤ (ਆਪ ਹੀ) ਰੋਗੀ ਹੈ, ਮੈਂ ਕਿਸ ਨੂੰ ਲੱਭ ਕੇ ਆਪਣਾ ਰੋਗ ਦੱਸਾਂ?
ਇਕ ਪਰਮਾਤਮਾ ਹੀ ਪਵਿਤ੍ਰ ਹੈ, ਪਰਮਾਤਮਾ ਦਾ ਨਾਮ ਹੀ ਪਵਿਤ੍ਰ ਹੈ (ਗੁਰੂ ਦੀ ਸਰਨ ਪੈ ਕੇ ਇਹ ਹਰੀ-ਨਾਮ ਹੀ ਵਿਹਾਝਣਾ ਚਾਹੀਦਾ ਹੈ) ॥੪॥
ਜੇਹੜਾ ਗੁਰੂ (ਭਾਵ, ਗੁਰੂ ਹੀ) (ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਵੇਖ ਕੇ ਹੋਰਨਾਂ ਨੂੰ ਵਿਖਾ ਸਕਦਾ ਹੈ,
ਸਭ ਤੋਂ ਉੱਚੇ ਮਹਲ ਦਾ ਵਾਸੀ ਉਹ ਗੁਰੂ ਹੀ ਜੀਵ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੱਦ ਸਕਦਾ ਹੈ (ਤੇ ਟਿਕਾ ਸਕਦਾ ਹੈ।) ਜਿਨ੍ਹਾਂ ਬੰਦਿਆਂ ਨੂੰ ਗੁਰੂ ਪ੍ਰਭੂ ਦੀ ਹਜ਼ੂਰੀ ਵਿਚ ਅਪੜਾਂਦਾ ਹੈ,
ਉਹਨਾਂ ਦੇ ਮਨ ਉਹਨਾਂ ਦੇ ਚਿੱਤ (ਬਾਹਰ ਭਟਕਣੋਂ ਹਟ ਕੇ) ਅੰਦਰ ਹੀ ਟਿਕ ਜਾਂਦੇ ਹਨ,
ਤੇ ਇਸ ਤਰ੍ਹਾਂ ਪਰਮਾਤਮਾ ਦੇ ਸੇਵਕ (ਮਾਇਆ ਦੇ ਮੋਹ ਤੋਂ) ਨਿਰਲੇਪ ਹੋ ਜਾਂਦੇ ਹਨ ॥੫॥
(ਨਿਰਲੇਪ ਹੋਏ ਹੋਏ ਹਰੀ ਦੇ ਸੇਵਕ) ਖ਼ੁਸ਼ੀ ਗ਼ਮੀ ਤੋਂ ਉਤਾਂਹ ਰਹਿੰਦੇ ਹਨ,
ਆਤਮਕ ਜੀਵਨ ਦੇਣ ਵਾਲਾ ਨਾਮ-ਅੰਮ੍ਰਿਤ ਚੱਖ ਕੇ ਉਹ ਬੰਦੇ ਪਰਮਾਤਮਾ ਦੇ ਨਾਮ ਵਿਚ ਹੀ (ਆਪਣੇ ਮਨ ਦਾ) ਟਿਕਾਣਾ ਬਣਾ ਲੈਂਦੇ ਹਨ।
ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪਰਖ ਕੇ ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜੀ ਰੱਖਦਾ ਹੈ,
ਉਹ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਲੈਂਦਾ ਹੈ। ਗੁਰੂ ਦੀ ਮੱਤ ਤੇ ਤੁਰਨ ਨਾਲ ਉਸ ਦਾ (ਚੰਚਲਤਾ ਵਾਲਾ) ਦੁੱਖ ਦੂਰ ਹੋ ਜਾਂਦਾ ਹੈ ॥੬॥
(ਮੇਹਰ ਕਰ ਕੇ) ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਨਾਮ-ਅੰਮ੍ਰਿਤ ਦਿੱਤਾ ਹੈ, ਮੈਂ (ਉਸ ਅੰਮ੍ਰਿਤ ਨੂੰ ਸਦਾ) ਪੀਂਦਾ ਹਾਂ।
(ਉਸ ਅੰਮ੍ਰਿਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਵਿਕਾਰਾਂ ਵਲੋਂ ਮੂੰਹ ਮੋੜ ਚੁਕਾ ਹਾਂ, ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ।
ਜੇ ਗੁਰੂ ਮੇਹਰ ਕਰੇ (ਭਾਵ, ਗੁਰੂ ਦੀ ਮੇਹਰ ਨਾਲ ਹੀ) (ਮੈਂ ਅਰਦਾਸ ਕਰਦਾ ਹਾਂ, ਤੇ ਆਖਦਾ ਹਾਂ-ਹੇ ਪ੍ਰਭੂ!) ਮੈਨੂੰ ਆਪਣਾ (ਸੇਵਕ) ਬਣਾ ਕੇ (ਆਪਣੇ ਚਰਨਾਂ ਵਿਚ) ਰੱਖ।
ਜੇਹੜਾ ਬੰਦਾ ਤੇਰਾ (ਸੇਵਕ) ਬਣ ਜਾਂਦਾ ਹੈ, ਉਹ ਤੇਰੇ ਵਿਚ ਹੀ ਲੀਨ ਹੋ ਜਾਂਦਾ ਹੈ ॥੭॥
ਜੇਹੜਾ ਮਨੁੱਖ ਦੁਨੀਆ ਦੇ ਪਦਾਰਥਾਂ ਦੇ ਭੋਗਣ ਵਿਚ ਹੀ ਮਸਤ ਰਹਿੰਦਾ ਹੈ ਉਸ ਨੂੰ ਰੋਗਾਂ ਦਾ ਦੁੱਖ ਆ ਦਬਾਂਦਾ ਹੈ।
ਪਰ, ਜਿਸ ਮਨੁੱਖ ਨੂੰ ਪਰਮਾਤਮਾ ਹਰੇਕ ਘਟ ਵਿਚ ਵਿਆਪਕ ਦਿੱਸ ਪੈਂਦਾ ਹੈ,
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੁਖਾਂ ਦੁੱਖਾਂ ਤੋਂ ਨਿਰਲੇਪ ਰਹਿੰਦਾ ਹੈ,
ਹੇ ਨਾਨਕ! ਉਹ ਚਿੱਤ ਦੇ ਪਿਆਰ ਨਾਲ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ ॥੮॥੪॥
ਹੇ ਅਕਲੋਂ ਅੰਨ੍ਹੇ! ਪਿੰਡੇ ਤੇ ਸੁਆਹ ਮਲ ਕੇ ਮਤਾਂ ਤੂੰ ਅਹੰਕਾਰ ਵਿਚ ਆ ਜਾਏਂ (ਕਿ ਤੂੰ ਕੋਈ ਬੜਾ ਹੀ ਉੱਤਮ ਕਰਮ ਕਰ ਰਿਹਾ ਹੈਂ)
ਨੰਗੇ ਰਹਿ ਕੇ (ਤੇ ਪਿੰਡੇ ਉਤੇ ਸੁਆਹ ਮਲ ਕੇ) ਇਹਨਾਂ ਤਰੀਕਿਆਂ ਨਾਲ (ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ ॥੧॥
ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ ਕਿਉਂ ਵਿਸਾਰ ਦਿੱਤਾ ਹੈ?
ਪਰਮਾਤਮਾ ਦਾ ਨਾਮ ਹੀ ਅੰਤ ਸਮੇ ਤੇਰੇ ਕੰਮ ਆ ਸਕਦਾ ਹੈ ॥੧॥ ਰਹਾਉ ॥
ਗੁਰੂ ਦੀ ਸਿੱਖਿਆ ਲੈ ਕੇ ਸੋਚੋ ਸਮਝੋ (ਘਰ-ਘਾਟ ਛੱਡ ਕੇ ਬਾਹਰ ਭਟਕਿਆਂ ਰੱਬ ਨਹੀਂ ਮਿਲਦਾ)।
ਮੈਂ ਤਾਂ ਜਿੱਧਰ ਵੇਖਦਾ ਹਾਂ ਉਧਰ ਹੀ (ਹਰ ਥਾਂ) ਪਰਮਾਤਮਾ ਮੌਜੂਦ ਹੈ ॥੨॥
ਹੇ ਪ੍ਰਭੂ! ਮੈਂ ਮਾਣ ਭੀ ਕਿਸ ਚੀਜ਼ ਦਾ ਕਰਾਂ? ਜੋ ਕੁਝ ਭੀ ਮੈਂ ਆਪਣਾ ਸਮਝਦਾ ਹਾਂ ਇਹ ਮੇਰਾ ਆਪਣਾ ਨਹੀਂ, (ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤੇ ਹੈ ਭੀ ਨਾਸਵੰਤ)
ਹੇ ਪ੍ਰਭੂ! (ਗ੍ਰਿਹਸਤ ਵਿਚ ਰਹਿ ਕੇ ਉੱਚੀ ਜਾਤਿ ਜਾਂ ਦੁਨੀਆਵੀ ਇੱਜ਼ਤ ਦਾ ਮਾਣ ਕਰਨਾ ਭੀ ਜੀਵ ਦੀ ਭਾਰੀ ਭੁੱਲ ਹੈ) ਤੇਰੇ ਨਾਮ ਵਿਚ ਜੁੜਨਾ ਹੀ ਉੱਚੀ ਜਾਤਿ ਹੈ ਤੇਰੇ ਨਾਮ ਵਿਚ ਜੁੜਨਾ ਹੀ ਦੁਨੀਆ ਵਿਚ ਇੱਜ਼ਤ-ਮਾਣ ਹੈ ॥੩॥
(ਗ੍ਰਿਹਸਤ ਨੂੰ ਤਿਆਗ ਜਾਣ ਵਾਲਾ ਨਿਰੇ ਨੰਗੇ ਰਹਿਣ ਤੇ ਪਿੰਡੇ ਤੇ ਸੁਆਹ ਮਲਣ ਦਾ ਮਾਣ ਕਰਦਾ ਹੈ। ਇਹ ਭੁੱਲ ਹੈ। ਪਰ ਗ੍ਰਿਹਸਤੀ ਧਨ ਦਾ ਅਹੰਕਾਰ ਕਰਦਾ ਹੈ। ਇਹ ਭੀ ਮੂਰਖਤਾ ਹੈ) ਮਾਲ ਧਨ ਵੇਖ ਕੇ ਤੂੰ ਅਹੰਕਾਰ ਕਰਦਾ ਹੈਂ।
ਸੰਸਾਰ ਤੋਂ ਕੂਚ ਕਰਨ ਵੇਲੇ (ਧਨ ਮਾਲ ਵਿਚੋਂ) ਕੋਈ ਭੀ ਚੀਜ਼ ਤੇਰੀ ਨਹੀਂ ਹੋਵੇਗੀ ॥੪॥
ਕਾਮਾਦਿਕ ਪੰਜਾਂ ਨੂੰ ਮਾਰ ਕੇ ਆਪਣੇ ਮਨ ਨੂੰ ਵੱਸ ਵਿਚ ਰੱਖ।
ਪਰਮਾਤਮਾ ਨਾਲ ਮਿਲਾਪ ਪੈਦਾ ਕਰਨ ਵਾਲੇ ਤਰੀਕੇ ਦੀ ਇਹੀ ਨੀਂਹ ਹੈ ॥੫॥
ਹੇ ਮੂਰਖ! (ਜੇ ਤੂੰ ਤਿਆਗੀ ਹੈਂ ਤਾਂ ਤਿਆਗ ਦਾ, ਤੇ, ਜੇ ਤੂੰ ਗ੍ਰਿਹਸਤੀ ਹੈ ਤਾਂ ਧਨ ਮਾਲ ਦਾ ਤੈਨੂੰ ਮਾਣ ਹੈ, ਇਹ) ਹਉਮੈ ਤੇਰੇ ਮਨ ਵਿਚ ਹੈ ਜੋ ਤੇਰੇ ਮਨ ਨੂੰ ਅਟਕਾਈ ਬੈਠੀ ਹੈ ਜਿਵੇਂ ਪਸ਼ੂ ਦੀ ਪਿਛਲੀ ਲੱਤ ਨਾਲ ਬੱਧਾ ਹੋਇਆ ਢੰਗਾ ਉਸ ਨੂੰ ਦੌੜਨ ਨਹੀਂ ਦੇਂਦਾ।
ਤੂੰ (ਇਸ ਹਉਮੈ ਦੇ ਢੰਗੇ ਦੇ ਕਾਰਨ) ਪਰਮਾਤਮਾ ਨੂੰ ਨਹੀਂ ਸਿਮਰਦਾ। ਤੇ, ਵਿਕਾਰਾਂ ਤੋਂ ਖ਼ਲਾਸੀ ਸਿਮਰਨ ਨਾਲ ਹੀ ਹੋ ਸਕਦੀ ਹੈ ॥੬॥
(ਹੇ ਮੂਰਖ! ਸੁਚੇਤ ਹੋ) ਪਰਮਾਤਮਾ ਦਾ ਨਾਮ ਭੁਲਾਇਆਂ ਮਤਾਂ ਜਮਾਂ ਦੇ ਵੱਸ ਵਿਚ ਪੈ ਜਾਏਂ,
ਤੇ ਅਖ਼ੀਰਲੇ ਸਮੇ (ਪਛਤਾਵੇ ਦੀ) ਮਾਰ-ਕੁੱਟ ਖਾਏਂ ॥੭॥