ਮੈਂ ਸੰਤ ਜਨਾਂ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ। ਪਰਮਾਤਮਾ ਨੇ (ਆਪ) ਉਹਨਾਂ ਨੂੰ ਉੱਚੇ ਜੀਵਨ ਵਾਲੇ ਬਣਾ ਦਿੱਤਾ ਹੈ ॥੩॥
ਹੇ ਪ੍ਰਭੂ! ਹੇ ਹਰੀ! ਹੇ ਸੁਆਮੀ! ਤੂੰ ਨਾਮ-ਖ਼ਜ਼ਾਨੇ ਦਾ ਮਾਲਕ ਹੈਂ, ਅਸੀਂ ਜੀਵ ਉਸ ਨਾਮ-ਧਨ ਦੇ ਵਪਾਰੀ ਹਾਂ, ਸਾਨੂੰ ਆਪਣਾ ਨਾਮ-ਸਰਮਾਇਆ ਦੇਹ।
ਹੇ ਪ੍ਰਭੂ! ਆਪਣੇ ਦਾਸ ਨਾਨਕ ਉੱਤੇ ਮਿਹਰ ਕਰ, ਮੈਂ ਤੇਰਾ ਨਾਮ-ਸੌਦਾ ਲੱਦ ਸਕਾਂ ॥੪॥੨॥
ਹੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਨਾਮ ਦੀ ਬਰਕਤਿ ਨਾਲ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਂਦਾ ਹੈ)।
ਪਰਮਾਤਮਾ ਦੇ ਸੰਤ ਜਨਾਂ ਨੂੰ ਮਿਲ ਕੇ (ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ) ਪਿਆਰ ਬਣ ਜਾਂਦਾ ਹੈ, ਉਹ ਗ੍ਰਿਹਸਤ ਵਿਚ ਹੀ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ ॥੧॥ ਰਹਾਉ ॥
ਕਿਰਪਾਲ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਅਸਾਂ ਹਿਰਦੇ ਵਿਚ ਉਸ ਦਾ ਨਾਮ ਜਪਿਆ।
(ਨਾਮ ਦੀ ਬਰਕਤਿ ਨਾਲ) ਹਰ ਵੇਲੇ (ਸਾਡੇ ਅੰਦਰ) ਆਨੰਦ ਬਣ ਗਿਆ, (ਸਾਡਾ) ਮਨ ਖਿੜ ਪਿਆ, (ਸਿਮਰਨ ਦਾ ਹੋਰ) ਉੱਦਮ ਹੁੰਦਾ ਗਿਆ, (ਪ੍ਰਭੂ ਨੂੰ) ਮਿਲਣ ਦੀ ਆਸ ਬਣਦੀ ਗਈ ॥੧॥
ਅਸਾਂ ਜਿਨ੍ਹਾਂ ਜੀਵਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ (ਤੇ) ਜਿਨ੍ਹਾਂ ਨੇ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਨਾਮ ਜਪਿਆ),
(ਉਹਨਾਂ ਦੇ) ਇਕ ਖਿਨ ਵਿਚ ਹੀ ਸਾਰੇ ਪਾਪ ਸੜ ਗਏ, ਮਾਇਆ ਦੀਆਂ ਫਾਹੀਆਂ ਟੁੱਟ ਗਈਆਂ ॥੨॥
ਪਰ, ਅਸਾਂ ਜੀਵਾਂ ਦੀ ਕੀਹ ਪਾਂਇਆਂ ਹੈ? ਅਸੀਂ ਤਾਂ ਕੀੜੇ ਹਾਂ। ਅਸੀਂ ਕੀਹ ਕਰਮ ਕਰ ਸਕਦੇ ਹਾਂ? ਸਾਡੀ ਮੂਰਖਾਂ ਦੀ ਤਾਂ ਉਹ ਪ੍ਰਭੂ (ਆਪ ਹੀ) ਰੱਖਿਆ ਕਰਦਾ ਹੈ।
ਅਸੀਂ ਔਗੁਣਾਂ ਨਾਲ ਭਰੇ ਰਹਿੰਦੇ ਹਾਂ, (ਔਗੁਣਾਂ ਦੇ ਭਾਰ ਨਾਲ) ਪੱਥਰ ਵਰਗੇ ਭਾਰੇ ਹਾਂ (ਅਸੀਂ ਕਿਵੇਂ ਇਸ ਸੰਸਾਰ-ਸਮੁੰਦਰ ਵਿਚੋਂ ਤਰ ਸਕਦੇ ਹਾਂ?) ਸਾਧ ਸੰਗਤ ਵਿਚ ਮਿਲ ਕੇ ਹੀ ਪਾਰ ਲੰਘ ਸਕਦੇ ਹਾਂ, (ਉਹ ਮਾਲਕ) ਪਾਰ ਲੰਘਾਂਦਾ ਹੈ ॥੩॥
ਜਗਤ ਦੇ ਮਾਲਕ-ਪ੍ਰਭੂ ਨੇ ਜਿਤਨੀ ਭੀ ਸ੍ਰਿਸ਼ਟੀ ਰਚੀ ਹੈ (ਇਸ ਦੇ) ਸਾਰੇ ਜੀਵ ਜੰਤ (ਅਸਾਂ ਮਨੁੱਖ ਅਖਵਾਣ ਵਾਲਿਆਂ ਨਾਲੋਂ) ਉੱਚੇ ਹਨ, ਅਸੀਂ ਵਿਸ਼ੇ-ਵਿਕਾਰਾਂ ਵਿਚ ਪੈ ਕੇ ਨੀਵੇਂ ਹਾਂ।
ਹੇ ਦਾਸ ਨਾਨਕ! ਪ੍ਰਭੂ ਸਾਡੇ ਔਗੁਣ ਗੁਰੂ ਦੀ ਸੰਗਤ ਵਿਚ ਮਿਟਾਂਦਾ ਹੈ। ਗੁਰੂ ਸਾਨੂੰ ਪ੍ਰਭੂ ਨਾਲ ਮਿਲਾਂਦਾ ਹੈ ॥੪॥੩॥
ਮੇਰੇ ਮਨ ਨੇ (ਭੀ) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ।
(ਜਿਸ ਮਨੁੱਖ ਉੱਤੇ) ਜਗਤ ਦੇ ਮਾਲਕ ਹਰੀ ਨੇ ਮਿਹਰ ਕੀਤੀ (ਉਸਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਪ੍ਰਭੂ ਦਾ ਨਾਮ ਜਪਿਆ, ਤੇ, ਉਸ ਦੇ ਅੰਦਰੋਂ) ਖੋਟੀ ਬੁੱਧੀ ਦੂਰ ਹੋ ਗਈ, ਮਾਇਆ ਦਾ ਮੋਹ ਮੁੱਕ ਗਿਆ, (ਮਾਇਆ ਵਾਲੀ) ਸਾਰੀ ਝਾਕ ਖ਼ਤਮ ਹੋਈ ॥੧॥ ਰਹਾਉ ॥
ਪਰਮਾਤਮਾ ਦੇ ਕਈ ਕਿਸਮਾਂ ਦੇ ਰੂਪ ਹਨ, ਕਈ ਕਿਸਮਾਂ ਦੇ ਰੰਗ ਹਨ। ਹਰੇਕ ਸਰੀਰ ਵਿਚ ਪਰਮਾਤਮਾ ਗੁਪਤ ਵੱਸ ਰਿਹਾ ਹੈ।
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਸੰਤ ਜਨ ਮਿਲ ਪੈਂਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ। ਉਹਨਾਂ ਮਨੁੱਖਾਂ ਦੇ ਮਾਇਆ ਦੇ (ਮੋਹ ਵਾਲੇ ਬੰਦ) ਭਿੱਤ ਖੁਲ੍ਹ ਜਾਂਦੇ ਹਨ ॥੧॥
ਜਿਨ੍ਹਾਂ ਰਸੀਏ ਸੰਤ ਜਨਾਂ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਵਸਾ ਲਿਆ, ਉਹਨਾਂ ਦੀ (ਜਗਤ ਵਿਚ) ਬਹੁਤ ਸੋਭਾ ਹੁੰਦੀ ਹੈ।
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਦੇ ਇਹੋ (ਜਿਹੇ) ਸੰਤ ਮਿਲ ਪੈਂਦੇ ਹਨ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ (ਉਹ ਇਉਂ ਪ੍ਰਸੰਨ ਚਿੱਤ ਰਹਿੰਦੇ ਹਨ) ਜਿਵੇਂ ਗਾਂ ਨੂੰ ਵੇਖ ਕੇ ਉਸ ਦਾ ਵੱਛਾ ॥੨॥
ਪਰਮਾਤਮਾ ਆਪਣੇ ਸੰਤ ਜਨਾਂ ਦੇ ਅੰਦਰ (ਪ੍ਰਤੱਖ ਵੱਸਦਾ ਹੈ), ਉਹ ਸੰਤ ਜਨ ਹੋਰ ਸਭ ਮਨੁੱਖਾਂ ਨਾਲੋਂ ਉੱਚੇ ਜੀਵਨ ਵਾਲੇ ਹੁੰਦੇ ਹਨ।
ਉਹਨਾਂ ਨੇ ਆਪਣੇ ਹਿਰਦੇ ਵਿਚ ਹਰਿ-ਨਾਮ ਦੀ ਸੁਗੰਧੀ ਵਸਾ ਲਈ ਹੁੰਦੀ ਹੈ (ਇਸ ਵਾਸਤੇ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ) ਬਦਬੂ ਮੁੱਕ ਜਾਂਦੀ ਹੈ ॥੩॥
ਹੇ ਪ੍ਰਭੂ! ਆਪਣੇ ਸੇਵਕਾਂ ਨੂੰ ਤੂੰ ਆਪ ਹੀ (ਚੰਗੇ) ਬਣਾਂਦਾ ਹੈਂ, ਉਹਨਾਂ ਨੂੰ ਤੂੰ ਆਪ ਹੀ ਆਪਣੇ ਬਣਾ ਕੇ ਉਹਨਾਂ ਦੀ ਰੱਖਿਆ ਕਰਦਾ ਹੈਂ।
ਹੇ ਨਾਨਕ! ਪ੍ਰਭੂ ਜੀ ਆਪਣੇ ਸੇਵਕਾਂ ਦੇ ਮਿੱਤਰ ਹਨ, ਭਰਾ ਹਨ, ਮਾਂ ਹਨ, ਪਿਉ ਹਨ, ਅਤੇ ਸਾਕ-ਸਨਬੰਧੀ ਹਨ ॥੪॥੪॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਆਪਣੇ ਅੰਦਰ ਜਪਿਆ ਕਰ।
(ਤੇਰੇ ਅੰਦਰ) ਪਰਮਾਤਮਾ ਦਾ ਨਾਮ ਇਕ ਕੀਮਤੀ ਚੀਜ਼ (ਹੈ, ਪਰ ਉਹ) ਮਾਇਆ ਦੇ (ਮੋਹ ਦੇ) ਕਿਲ੍ਹੇ ਵਿਚ ਘਿਰੀ ਪਈ ਹੈ (ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ) ਕਿਲ੍ਹੇ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਜਿੱਤ ਲੈਂਦਾ ਹੈ ॥੧॥ ਰਹਾਉ ॥
(ਜੀਵ) ਨਾਸਵੰਤ ਪਦਾਰਥਾਂ ਦੀ ਖ਼ਾਤਰ ਸਦਾ ਹੀ ਭਟਕਦਾ ਫਿਰਦਾ ਹੈ, ਪੁੱਤਰ ਇਸਤ੍ਰੀ ਦੇ ਮੋਹ ਪਿਆਰ ਵਿਚ ਫਸਿਆ ਰਹਿੰਦਾ ਹੈ।
ਪਰ ਜਿਵੇਂ ਰੁੱਖ ਦੀ ਛਾਂ ਥੋੜ੍ਹੇ ਹੀ ਸਮੇ ਲਈ ਹੁੰਦੀ ਹੈ, ਤਿਵੇਂ ਮਨੁੱਖ ਦਾ ਆਪਣਾ ਹੀ ਸਰੀਰ ਇਕ ਖਿਨ ਵਿਚ ਢਹਿ ਜਾਂਦਾ ਹੈ (ਜਿਵੇਂ ਕੱਚੀ) ਕੰਧ ॥੧॥
ਪਰਮਾਤਮਾ ਦੇ ਸੇਵਕ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹ ਸਾਨੂੰ ਪ੍ਰਾਣਾਂ ਤੋਂ ਭੀ ਪਿਆਰੇ ਲੱਗਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਮਨ ਵਿਚ (ਪਰਮਾਤਮਾ ਵਾਸਤੇ) ਸਰਧਾ ਪੈਂਦੀ ਹੁੰਦੀ ਹੈ,
ਪਰਮਾਤਮਾ ਪ੍ਰਸੰਨ ਹੁੰਦਾ ਹੈ, ਸਭ ਸਰੀਰਾਂ ਵਿਚ ਵੱਸਦਾ ਦਿੱਸਦਾ ਹੈ, ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਪ੍ਰੇਮ-ਰੰਗ ਵਿਚ ਸਿਮਰਿਆ ਜਾ ਸਕਦਾ ਹੈ ॥੨॥