ਹੇ ਪ੍ਰਭੂ! ਮੈਂ ਗੁਨਾਹਗਾਰ ਹਾਂ, ਅਕਲੋਂ ਸੱਖਣਾ ਹਾਂ, ਗੁਣ-ਹੀਣ ਹਾਂ, ਨਿਆਸਰਾ ਹਾਂ, ਮੰਦੇ ਸੁਭਾਵ ਵਾਲਾ ਹਾਂ।
ਹੇ ਪ੍ਰਭੂ! ਮੈਂ ਵਿਕਾਰੀ ਹਾਂ, ਬੇ-ਤਰਸ ਹਾਂ, ਨੀਵੀਂ ਕੁਲ ਵਾਲਾ ਹਾਂ, ਮੋਹ ਦਾ ਚਿੱਕੜ ਮੇਰੇ ਉਤੇ ਆਪਣਾ ਦਬਾਉ ਪਾ ਰਿਹਾ ਹੈ।
ਹੇ ਪ੍ਰਭੂ! ਭਟਕਣਾ ਵਿਚ ਪੈਣ ਵਾਲੇ ਕਰਮਾਂ ਦੀ ਮੈਲ ਮੈਨੂੰ ਲੱਗੀ ਹੋਈ ਹੈ, ਮੇਰੇ ਅੰਦਰ ਅਹੰਕਾਰ ਹੈ, ਮਮਤਾ ਹੈ, (ਇਸ ਵਾਸਤੇ) ਮੌਤ ਮੈਨੂੰ ਚੇਤੇ ਨਹੀਂ ਆਉਂਦੀ।
ਮੈਂ ਇਸਤ੍ਰੀ ਦੇ ਚੋਜ-ਤਮਾਸ਼ਿਆਂ ਵਿਚ ਮਾਇਆ ਦੇ ਮੌਜ-ਮੇਲਿਆਂ ਵਿਚ (ਗ਼ਰਕ ਹਾਂ), ਮੈਨੂੰ ਅਗਿਆਨਤਾ ਚੰਬੜੀ ਹੋਈ ਹੈ।
ਹੇ ਪ੍ਰਭੂ! ਮੇਰੀ ਜਵਾਨੀ ਢਲ ਰਹੀ ਹੈ, ਬੁਢੇਪਾ ਵਧ ਰਿਹਾ ਹੈ, ਮੌਤ (ਮੇਰੇ) ਨਾਲ (ਮੇਰੀ ਜ਼ਿੰਦਗੀ ਦੇ) ਦਿਨ ਤੱਕ ਰਹੀ ਹੈ।
ਤੇਰਾ ਦਾਸ ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਮੈਨੂੰ ਤੇਰੀ ਹੀ ਆਸ ਹੈ, ਮੈਨੂੰ ਨੀਚ ਨੂੰ ਗੁਰੂ ਦੀ ਸਰਨ ਰੱਖ ॥੨॥
ਹੇ ਪ੍ਰਭੂ! ਹੇ ਮੁਰਾਰੀ! ਮੈਂ ਅਨੇਕਾਂ ਜਨਮਾਂ ਵਿਚ ਭਟਕਿਆ ਹਾਂ, ਮੈਂ ਕਈ ਜੂਨਾਂ ਦੇ ਵੱਡੇ ਦੁੱਖ ਸਹਾਰੇ ਹਨ।
ਧਨ ਤੇ ਪਦਾਰਥਾਂ ਦੇ ਭੋਗ ਮੈਨੂੰ ਮਿੱਠੇ ਲੱਗ ਰਹੇ ਹਨ, ਮੈਂ ਇਹਨਾਂ ਨਾਲ ਹੀ ਚੰਬੜਿਆ ਰਹਿੰਦਾ ਹਾਂ।
ਅਨੇਕਾਂ ਪਾਪਾਂ ਦਾ ਭਾਰ ਚੁੱਕ ਕੇ ਮੈਂ ਭਟਕਦਾ ਆ ਰਿਹਾ ਹਾਂ, ਅਨੇਕਾਂ ਪਰਦੇਸਾਂ ਵਿਚ (ਜੂਨਾਂ ਵਿਚ) ਦੌੜ ਚੁਕਿਆ ਹਾਂ (ਦੁੱਖ ਹੀ ਦੁੱਖ ਵੇਖੇ ਹਨ)।
ਹੁਣ ਮੈਂ ਤੇਰਾ ਪੱਲਾ ਫੜਿਆ ਹੈ, ਤੇ, ਹੇ ਹਰੀ! ਤੇਰੇ ਨਾਮ ਵਿਚ ਮੈਨੂੰ ਸਾਰੇ ਸੁਖ ਮਿਲ ਗਏ ਹਨ।
ਹੇ ਰੱਖਿਆ ਕਰਨ ਦੇ ਸਮਰਥ ਪਿਆਰੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਮੈਥੋਂ ਹੁਣ ਤਕ ਕੁਝ ਨਹੀਂ ਹੋ ਸਕਿਆ, ਅਗਾਂਹ ਨੂੰ ਭੀ ਕੁਝ ਨਹੀਂ ਹੋ ਸਕੇਗਾ।
ਹੇ ਨਾਨਕ! (ਆਖ-ਹੇ ਪ੍ਰਭੂ!) ਜਿਸ ਮਨੁੱਖ ਉਤੇ ਤੇਰੀ ਕਿਰਪਾ ਹੋ ਜਾਂਦੀ ਹੈ, ਉਸ ਨੂੰ ਆਤਮਕ ਅਡੋਲਤਾ ਤੇ ਸੁਖ ਆਨੰਦ ਪ੍ਰਾਪਤ ਹੋ ਜਾਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥
ਪਰਮਾਤਮਾ ਨੇ ਤਾਂ ਉਹ ਬੰਦੇ ਭੀ (ਵਿਕਾਰਾਂ ਤੋਂ) ਬਚਾ ਲਏ ਜਿਨ੍ਹਾਂ ਨੇ ਸਿਰਫ਼ ਆਪਣਾ ਨਾਮ ਹੀ ਭਗਤ ਰਖਾਇਆ ਹੋਇਆ ਸੀ। (ਸੱਚੇ) ਭਗਤਾਂ ਨੂੰ (ਤਾਂ ਸੰਸਾਰ-ਸਮੁੰਦਰ ਦਾ) ਕੋਈ ਸਹਮ ਨਹੀਂ ਰਹਿ ਸਕਦਾ।
(ਸੋ, ਹੇ ਭਾਈ!) ਜਿਸ ਤਰ੍ਹਾਂ ਭੀ ਹੋ ਸਕੇ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦੇ ਰਿਹਾ ਕਰੋ।
ਹੇ ਗਿਆਨਵਾਨ ਬੰਦੇ! ਆਪਣੇ ਕੰਨਾਂ ਨਾਲ ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ (ਇਸ ਤਰ੍ਹਾਂ ਤੂੰ) ਮਨ ਵਿਚ ਨਾਮ-ਖ਼ਜ਼ਾਨਾ ਲੱਭ ਲਏਂਗਾ।
(ਭਾਗਾਂ ਵਾਲੇ ਹਨ ਉਹ ਮਨੁੱਖ ਜੇਹੜੇ) ਸਿਰਜਣਹਾਰ ਹਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਉਸ ਦੇ ਗੁਣ ਗਾਂਦੇ ਹਨ।
ਜੇ ਸਾਰੀ ਧਰਤੀ ਕਾਗ਼ਜ਼ ਬਣ ਜਾਏ, ਜੇ ਸਾਰੀ ਬਨਸਪਤੀ ਕਲਮ ਬਣ ਜਾਏ, ਤੇ ਜੇ ਹਵਾ ਲਿਖਣ ਵਾਸਤੇ (ਲਿਖਾਰੀ) ਬਣ ਜਾਏ,
ਤਾਂ ਭੀ ਬੇਅੰਤ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੇ ਨਾਨਕ! (ਆਖ-ਮੈਂ ਉਸ ਪਰਮਾਤਮਾ ਦੇ) ਚਰਨਾਂ ਦਾ ਆਸਰਾ ਲਿਆ ਹੈ ॥੪॥੫॥੮॥
ਜੇਹੜਾ ਭਗਵਾਨ ਸਭ ਜੀਵਾਂ ਦਾ ਖਸਮ ਹੈ ਜਿਨ੍ਹਾਂ ਸੰਤ ਜਨਾਂ ਨੇ ਉਸ ਦਾ ਆਸਰਾ ਲਿਆ ਹੋਇਆ ਹੈ,
(ਉਸ ਆਸਰੇ ਦੀ ਬਰਕਤਿ ਨਾਲ) ਉਹਨਾਂ ਦੀ ਜਿੰਦ (ਦੁਨੀਆ ਦੇ) ਡਰਾਂ ਤੋਂ ਰਹਿਤ ਹੋ ਗਈ ਹੈ, ਉਹਨਾਂ ਦੀ ਹਰੇਕ ਕਿਸਮ ਦੀ ਚਿੰਤਾ ਦੂਰ ਹੋ ਗਈ ਹੈ।
ਉਹਨਾਂ ਨੇ ਭਗਵਾਨ ਨੂੰ ਹੀ ਆਪਣੇ ਮਾਂ ਪਿਉ ਪੁੱਤਰ ਮਿੱਤਰ ਸੱਜਣ ਪਿਆਰੇ ਰਿਸ਼ਤੇਦਾਰ ਸਮਝ ਰੱਖਿਆ ਹੈ।
ਗੁਰੂ ਨੇ ਉਹਨਾਂ ਨੂੰ ਭਗਵਾਨ ਦੇ ਚਰਨਾਂ ਵਿਚ ਜੋੜ ਦਿੱਤਾ ਹੈ, (ਭਗਵਾਨ ਨੇ ਉਹਨਾਂ ਦੀ ਬਾਂਹ) ਫੜ ਕੇ ਉਹਨਾਂ ਨੂੰ ਆਪਣੇ ਗਲ ਲਾ ਲਿਆ ਹੈ। ਉਹ ਸੰਤ ਜਨ ਪਰਮਾਤਮਾ ਦੀ ਸਿਫ਼ਤਿ ਉਚਾਰਦੇ ਰਹਿੰਦੇ ਹਨ।
ਉਸ ਪਰਮਾਤਮਾ ਦੇ ਬੇਅੰਤ ਗੁਣ ਹਨ, ਅਨੇਕਾਂ ਵਡਿਆਈਆਂ ਹਨ, ਉਸ (ਦੀ ਬਜ਼ੁਰਗੀ) ਦਾ ਰਤਾ ਭਰ ਭੀ ਮੁੱਲ ਨਹੀਂ ਦੱਸਿਆ ਜਾ ਸਕਦਾ।
ਉਹ ਪ੍ਰਭੂ ਆਪਣੇ ਇਕ ਸਰੂਪ ਤੋਂ ਅਨੇਕ-ਰੂਪ ਬਣਿਆ ਹੋਇਆ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਭ ਦਾ ਮਾਲਕ ਹੈ। ਹੇ ਨਾਨਕ! (ਆਖ-ਸੰਤ ਜਨਾਂ ਨੇ) ਉਸ ਪਰਮਾਤਮਾ ਦਾ ਆਸਰਾ ਲਿਆ ਹੋਇਆ ਹੈ ॥੧॥
ਪਰਮਾਤਮਾ ਆਪ ਜਿਸ ਮਨੁੱਖ ਦਾ ਮਦਦਗਾਰ ਬਣਦਾ ਹੈ, ਉਸ ਦੇ ਵਾਸਤੇ ਸੰਸਾਰ-ਸਮੁੰਦਰ ਆਤਮਕ ਜੀਵਨ ਦੇਣ ਵਾਲਾ ਜਲ ਬਣ ਜਾਂਦਾ ਹੈ।
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦਾ ਹਾਰ ਬਣਾ ਲੈਂਦਾ ਹੈ, ਉਸ ਦੇ ਵਾਸਤੇ (ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦਾ) ਜ਼ਹਰ ਖਾਣ ਵਾਲੇ ਦਿਨ ਬੀਤ ਜਾਂਦੇ ਹਨ।
ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਦੇ ਅੰਦਰੋਂ ਮੋਹ ਤੇ ਵਿਕਾਰ ਨਾਸ ਹੋ ਜਾਂਦੇ ਹਨ, ਉਸ ਦੇ ਜਨਮਾਂ ਦੇ ਗੇੜ ਮੁੱਕ ਜਾਂਦੇ ਹਨ।
ਜੇਹੜਾ ਮਨੁੱਖ ਗੁਰੂ ਦਾ ਪੱਲਾ ਫੜੀ ਰੱਖਦਾ ਹੈ, ਵਿਕਾਰਾਂ ਦੀ ਅੱਗ ਨਾਲ ਭਰਿਆ ਹੋਇਆ ਸੰਸਾਰ-ਸਮੁੰਦਰ ਉਸ ਦੇ ਵਾਸਤੇ ਠੰਢਾ-ਠਾਰ ਹੋ ਜਾਂਦਾ ਹੈ।
ਗੁਰੂ ਦੀ ਸਰਨ ਪੈ ਕੇ ਗੋਵਿੰਦ ਗੁਪਾਲ ਦਇਆਲ ਸਮਰੱਥ ਪਰਮਾਤਮਾ ਦੀ ਜੈ ਜੈਕਾਰ ਕਰਦਾ ਰਿਹਾ ਕਰ।
ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪੂਰਨ ਪਰਮਾਤਮਾ ਦਾ ਨਾਮ ਸਿਮਰ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ ॥੨॥
ਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਮੇਰੇ ਨਾਲ ਮੈਨੂੰ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ,
ਉਹ ਆਪ ਹੀ ਹਰੇਕ ਸਰੀਰ ਵਿਚ ਨਿਵਾਸ ਰੱਖਦਾ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ।
ਉਹ ਵਿਆਪਕ ਪ੍ਰਭੂ ਪਾਣੀ ਵਿਚ ਧਰਤੀ ਵਿਚ ਪੁਲਾੜ ਵਿਚ ਹਰ ਥਾਂ ਵੱਸ ਰਿਹਾ ਹੈ, ਕੀੜੀ ਵਿਚ ਹਾਥੀ ਵਿਚ ਇਕੋ ਜਿਹਾ।
ਜਗਤ-ਰਚਨਾ ਦੇ ਸ਼ੁਰੂ ਵਿਚ ਉਹ ਆਪ ਹੀ ਸੀ, ਰਚਨਾ ਦੇ ਅੰਤ ਵਿੱਚ ਵੀ ਉਹ ਆਪ ਹੀ ਹੋਵੇਗਾ, ਹੁਣ ਭੀ ਉਹ ਆਪ ਹੀ ਆਪ ਹੈ। ਗੁਰੂ ਦੀ ਕਿਰਪਾ ਨਾਲ ਹੀ ਇਸ ਗੱਲ ਦੀ ਸਮਝ ਆਉਂਦੀ ਹੈ।
ਹਰ ਪਾਸੇ ਪਰਮਾਤਮਾ ਦਾ ਹੀ ਪਸਾਰਾ ਹੈ, ਪਰਮਾਤਮਾ ਦੀ ਹੀ ਰਚੀ ਹੋਈ ਖੇਡ ਹੋ ਰਹੀ ਹੈ, ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਕਿਸੇ ਵਿਰਲੇ ਸੇਵਕ ਨੇ ਉਸ ਨੂੰ ਜਪਿਆ ਹੈ।
ਹੇ ਨਾਨਕ! ਹਰੇਕ ਦੇ ਦਿਲ ਦੀ ਜਾਣਨ ਵਾਲੇ ਉਸ ਮਾਲਕ ਨੂੰ ਸਿਮਰਦਾ ਰਹੁ, ਉਹ ਹਰੀ ਆਪ ਹੀ ਹਰ ਥਾਂ ਮੌਜੂਦ ਹੈ ॥੩॥
ਮਨੁੱਖ ਲਈ ਉਹ ਦਿਨ ਸੋਹਣਾ ਆਉਂਦਾ ਹੈ ਉਹ ਰਾਤ ਸੋਹਣੀ ਆਉਂਦੀ ਹੈ ਜਦੋਂ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ।