(ਉਹੀ ਬੰਦੇ ਹਰ ਥਾਂ) ਪਰਮਾਤਮਾ ਦਾ ਨਾਮ ਵੇਖਦੇ ਹਨ, ਜਿਨ੍ਹਾਂ ਦੀਆਂ ਅੱਖਾਂ ਨੂੰ ਪਰੇਮ ਨੇ ਖਿੱਚ ਪਾਈ ਹੁੰਦੀ ਹੈ।
ਪਰ, ਹੇ ਨਾਨਕ! ਜਿਹੜੇ ਮਨੁੱਖ (ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਨੂੰ ਵੇਖਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚੋਂ ਰੱਦੇ ਜਾਂਦੇ ਹਨ ॥੨॥
ਉਹ ਬੇਅੰਤ (ਪਰਮਾਤਮਾ) ਹੀ ਜਲ ਵਿਚ ਧਰਤੀ ਵਿਚ ਅਕਾਸ਼ ਵਿਚ (ਹਰ ਥਾਂ) ਵਿਆਪਕ ਹੈ,
ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਹੁੰਦਾ ਹੈ।
(ਸਦਾ ਨਾਲ ਨਿਭਣ ਵਾਲਾ) ਮਾਂ ਪਿਉ ਪੁੱਤਰ ਭਰਾ ਮਿੱਤਰ ਉਸ (ਪਰਮਾਤਮਾ) ਤੋਂ ਬਿਨਾ ਹੋਰ ਕੋਈ ਨਹੀਂ ਹੈ।
ਹੇ ਸੰਤ ਜਨੋਂ! ਕੋਈ ਧਿਰ ਭੀ ਜਪ ਕੇ ਵੇਖ ਲਵੋ (ਜਿਹੜਾ ਭੀ ਜਪਦਾ ਹੈ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਉਹ ਪਰਮਾਤਮਾ) ਹਰੇਕ ਸਰੀਰ ਵਿਚ (ਸਭ ਦੇ) ਅੰਦਰ ਵਿਆਪਕ ਹੈ।
ਸਾਰੇ ਉਸ ਗੋਪਾਲ ਪ੍ਰਭੂ ਦੇ ਗੁਣ ਚੇਤੇ ਕਰਦੇ ਰਹੋ, ਉਹ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਪਰਤੱਖ (ਵੱਸਦਾ ਦਿੱਸ ਰਿਹਾ) ਹੈ ॥੧੩॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੀ ਯਾਦ ਵਿਚ) ਜੁੜੇ ਰਹਿੰਦੇ ਹਨ (ਤੇ ਇਸ ਤਰ੍ਹਾਂ ਜਿਨ੍ਹਾਂ ਨੇ) ਪਰਮਾਤਮਾ ਦਾ ਪ੍ਰੇਮ ਹਾਸਲ ਕਰ ਲਿਆ, ਉਹ ਚੰਗੇ ਜੀਵਨ ਵਾਲੇ ਬਣ ਜਾਂਦੇ ਹਨ।
ਹੇ ਦਾਸ ਨਾਨਕ! ਤੂੰ ਭੀ ਪ੍ਰਭੂ ਦੀ ਸਿਫ਼ਤ-ਸਾਲਾਹ (ਸਦਾ) ਕਰਦਾ ਰਹੁ, ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਜਾਇਂਗਾ ॥੧॥
ਹੇ ਪ੍ਰਭੂ! ਤੂੰ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ।
ਸਾਰੇ ਜੀਵ (ਦੁਨੀਆ ਦੇ ਪਦਾਰਥਾਂ ਵਾਸਤੇ) ਤੈਨੂੰ ਹੀ ਯਾਦ ਕਰਦੇ ਹਨ, ਤੇ ਹੇ ਪਿਆਰੇ! ਤੂੰ (ਸਭ ਨੂੰ) ਦਾਨ ਦੇਂਦਾ ਹੈਂ।
ਹਰਿ ਦਾਤੇ ਨੇ ਹਰਿ ਦਾਤਾਰ ਨੇ (ਜਦੋਂ ਆਪਣੀ ਮਿਹਰ ਦਾ) ਹੱਥ ਕੱਢਿਆ ਤਦੋਂ ਜਗਤ ਵਿਚ (ਗੁਰੂ ਦੇ ਉਪਦੇਸ਼ ਦਾ) ਮੀਂਹ ਵੱਸਿਆ।
(ਜਿਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ) ਪ੍ਰੇਮ (-ਰੂਪ) ਵਾਹੀ ਕਰਨ ਨਾਲ (ਉਸ ਦੇ ਅੰਦਰ ਪਰਮਾਤਮਾ ਦਾ ਨਾਮ-) ਫ਼ਸਲ ਉੱਗ ਪੈਂਦਾ ਹੈ, (ਉਹ ਹਰ ਵੇਲੇ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾਂਦਾ ਹੈ।
ਹੇ ਪ੍ਰਭੂ! (ਤੇਰਾ) ਦਾਸ ਨਾਨਕ (ਭੀ ਤੇਰੇ ਨਾਮ ਦਾ) ਖੈਰ (ਤੈਥੋਂ) ਮੰਗਦਾ ਹੈ, ਤੇਰਾ ਨਾਮ (ਦਾਸ ਨਾਨਕ ਦੀ ਜ਼ਿੰਦਗੀ ਦਾ) ਆਸਰਾ (ਬਣਿਆ ਰਹੇ) ॥੨॥
ਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਸਿਮਰਨ-ਆਰਾਧਨ ਦੀ ਬਰਕਤਿ ਨਾਲ) ਮਨ ਦੀ (ਹਰੇਕ) ਇੱਛਾ ਪੂਰੀ ਹੋ ਜਾਂਦੀ ਹੈ (ਮਨ ਦੀਆਂ ਵਾਸਨਾਂ ਮੁੱਕ ਜਾਂਦੀਆਂ ਹਨ)।
ਗੁਰੂ ਦੇ ਸ਼ਬਦ ਦੀ ਰਾਹੀਂ ਰਤਨਾਂ ਦੀ ਖਾਣ ਪ੍ਰਭੂ ਦਾ, ਪ੍ਰਭੂ ਦੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ।
ਗੁਰੂ ਦੀ ਸੰਗਤ ਵਿਚ ਮਿਲ ਕੇ (ਨਾਮ ਜਪਿਆਂ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਜਮਰਾਜ ਦਾ (ਲੇਖੇ ਵਾਲਾ) ਕਾਗਜ਼ ਪਾਟ ਜਾਂਦਾ ਹੈ।
ਪਿਆਰ ਦੇ ਸੋਮੇ ਪਰਮਾਤਮਾ ਦਾ ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈਦੀ ਹੈ।
ਸਾਰੇ ਗੁਰੂ ਦੀ ਸਰਨ ਪਏ ਰਹੋ (ਗੁਰੂ ਦੀ ਸਰਨ ਪੈ ਕੇ ਨਾਮ ਜਪਿਆਂ ਮਨ ਵਿਚੋਂ) ਦੁੱਖਾਂ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ ॥੧੪॥
(ਹੇ ਸਹੇਲੀਏ!) ਮੈਂ ਸੱਜਣ (ਪ੍ਰਭੂ) ਨੂੰ (ਬਾਹਰ) ਢੂੰਢ ਰਹੀ ਸਾਂ (ਪਰ ਗੁਰੂ ਤੋਂ ਸਮਝ ਆਈ ਹੈ ਕਿ ਉਹ) ਸੱਜਣ (ਪ੍ਰਭੂ ਤਾਂ) ਮੇਰੇ ਨਾਲ ਹੀ ਹੈ (ਮੇਰੇ ਅੰਦਰ ਹੀ ਵੱਸਦਾ ਹੈ)।
ਹੇ ਦਾਸ ਨਾਨਕ! ਉਹ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲੇ (ਸੰਤ ਜਨ ਉਸ ਦਾ) ਦਰਸਨ ਕਰਾ ਦੇਂਦੇ ਹਨ ॥੧॥
ਹੇ ਨਾਨਕ! (ਆਖ ਕਿ ਜਿਸ ਮਨੁੱਖ ਦੇ ਅੰਦਰ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ (ਆਪਣਾ) ਪਿਆਰ (ਆਪ ਹੀ) ਪੈਦਾ ਕੀਤਾ ਹੈ (ਉਹ ਮਨੁੱਖ) ਉਸ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ।
(ਜਿਸ ਗੁਰੂ ਦੀ) ਜੀਭ ਪਰਮਾਤਮਾ ਦੇ ਨਾਮ-ਰਸ ਵਿਚ ਸਦਾ ਰਸੀ ਰਹਿੰਦੀ ਹੈ (ਜਦੋਂ ਉਹ) ਗੁਰੂ ਮਿਲਦਾ ਹੈ ਤਦੋਂ ਉਹ ਪੂਰਨ ਪ੍ਰਭੂ ਭੀ ਮਿਲ ਪੈਂਦਾ ਹੈ ॥੨॥
ਜਿਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹੈ ਜਾਂ ਸੁਣਦਾ ਹੈ ਜਾਂ ਬੋਲ ਕੇ (ਹੋਰਨਾਂ ਨੂੰ) ਸੁਣਾਂਦਾ ਹੈ,
ਉਸ ਦੀ ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ਉਹ ਮਨ-ਇੱਛਤ ਫਲ ਪਾ ਲੈਂਦਾ ਹੈ।
ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਹੈ।
(ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ) ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਸਾਥੀਆਂ ਨੂੰ ਪਾਰ ਲੰਘਾ ਲੈਂਦੇ ਹਨ। (ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਆਪਣੇ) ਸਾਰੇ ਪਰਵਾਰ ਨੂੰ ਪਾਰ ਲੰਘਾ ਲੈਂਦਾ ਹੈ।
ਦਾਸ ਨਾਨਕ ਉਸ ਮਨੁੱਖ ਤੋਂ ਸਦਕੇ ਜਾਂਦਾ ਹੈ ਜਿਹੜਾ (ਸਿਫ਼ਤ-ਸਾਲਾਹ ਕਰਨ ਦੀ ਬਰਕਤਿ ਨਾਲ) ਪਿਆਰੇ ਪ੍ਰਭੂ ਨੂੰ ਪਿਆਰਾ ਲੱਗਦਾ ਹੈ ॥੧੫॥੧॥ਸੁਧੁ ॥
ਰਾਗ ਕਾਨੜਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੁੱਧ-ਸਰੂਪ ਪਰਮਾਤਮਾ ਐਸਾ ਹੈ ਕਿ ਉਹ ਹਰੇਕ ਜੀਵ ਦੇ ਅੰਦਰ ਬੈਠਾ ਹੋਇਆ ਹੈ,
(ਪਰ ਹਰੇਕ ਦੇ ਅੰਦਰ ਵੱਸਦਾ ਭੀ ਇਉਂ) ਪ੍ਰਤੱਖ (ਨਿਰਲੇਪ ਰਹਿੰਦਾ ਹੈ) ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਮੂੰਹ ॥੧॥ ਰਹਾਉ ॥
ਉਹ ਸੁੱਧ-ਸਰੂਪ ਹਰੇਕ ਘਟ ਵਿਚ ਵੱਸਦਾ ਹੈ, ਪਰ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਸ ਨੂੰ ਮਾਇਆ ਦਾ ਦਾਗ਼ ਨਹੀਂ ਲੱਗਦਾ,
ਉਹ (ਸਦਾ ਮਾਇਆ ਦੇ) ਬੰਧਨਾਂ ਤੋਂ ਨਿਰਾਲਾ ਹੈ, ਕਦੇ ਭੀ ਉਹ (ਬੰਧਨਾਂ ਵਿਚ ਫਸਿਆ) ਨਹੀਂ ਦਿੱਸਦਾ ॥੧॥
ਤੁਸੀਂ ਜਿਵੇਂ ਪਾਣੀ ਵਿਚ (ਆਪਣਾ) ਮੂੰਹ ਵੇਖਦੇ ਹੋ, (ਮੂੰਹ ਪਾਣੀ ਵਿਚ ਟਿਕਿਆ ਦਿੱਸਦਾ ਹੈ, ਪਰ ਉਸ ਉੱਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ),
ਇਸੇ ਤਰ੍ਹਾਂ ਹੈ ਨਾਮੇ ਦਾ ਮਾਲਕ (ਜਿਸ ਨੂੰ ਨਾਮਾ) ਬੀਠਲ (ਆਖਦਾ) ਹੈ ॥੨॥੧॥