ਸਾਰੇ ਦੇਵਤਿਆਂ ਤੇ ਮੁਨੀਆਂ ਨੇ (ਗੁਰੂ ਅਰਜੁਨ ਦਾ) ਅੰਤ ਨਾਹ ਪਾਇਆ। ਇੰਦ੍ਰ ਤੇ ਸ਼ਿਵ ਜੀ ਨੇ ਜੋਗ-ਸਾਧਨਾ ਕੀਤੀ,
ਅਤੇ ਬ੍ਰਹਮਾ ਬੇਦ ਵਿਚਾਰ ਕੇ ਥੱਕ ਗਿਆ, ਉਸ ਨੇ ਹਰੀ ਦਾ ਜਾਪ ਇਕ ਘੜੀ ਨਾਹ ਛੱਡਿਆ।
ਦਾਸ ਮਥੁਰਾ ਦਾ ਪ੍ਰਭੂ (ਗੁਰੂ ਅਰਜੁਨ) ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਆਪ ਨੇ ਸੰਗਤ ਨੂੰ ਤੇ ਸ੍ਰਿਸ਼ਟੀ ਨੂੰ ਨਿਹਾਲ ਕੀਤਾ ਹੈ।
ਗੁਰੂ ਰਾਮਦਾਸ ਜੀ ਨੇ ਜਗਤ ਨੂੰ ਤਾਰਨ ਲਈ ਗੁਰੂ ਵਾਲੀ ਜੋਤਿ ਗੁਰੂ ਅਰਜੁਨ ਵਿਚ ਰੱਖ ਦਿੱਤੀ ॥੪॥
ਜਗਤ ਦੇ ਇਸ ਘੋਰ ਹਨੇਰੇ ਵਿਚ (ਗੁਰੂ ਅਰਜੁਨ ਤੋਂ ਬਿਨਾ) ਕੋਈ ਹੋਰ (ਰਾਖਾ) ਨਹੀਂ ਹੈ, ਉਸੇ ਨੂੰ (ਹਰੀ ਨੇ) ਲਿਆ ਕੇ ਉਜਾਗਰ ਅਵਤਾਰ ਬਣਾਇਆ ਹੈ।
ਹੇ ਮਥੁਰਾ! ਜਿਨ੍ਹਾਂ ਨੇ (ਉਸ ਪਾਸੋਂ) ਨਾਮ ਅੰਮ੍ਰਿਤ ਪੀਤਾ ਹੈ ਉਹਨਾਂ ਦੇ ਕ੍ਰੋੜਾਂ ਦੁੱਖ ਦੂਰ ਹੋ ਗਏ ਹਨ।
ਹੇ ਮੇਰੇ ਮਨ! ਕਿਤੇ ਇਸ ਰਾਹ ਤੋਂ ਖੁੰਝ ਨਾਹ ਜਾਈਂ, ਕਿਤੇ ਇਹ ਵਿੱਥ ਨ ਸਮਝੀਂ, ਕਿ ਗੁਰੂ ਅਰਜੁਨ (ਹਰੀ ਤੋਂ ਵੱਖਰਾ) ਦੂਜਾ ਹੈ।
ਪੂਰਨ ਬ੍ਰਹਮ ਹਰੀ ਨੇ ਗੁਰੂ ਅਰਜੁਨ ਦੇ ਹਿਰਦੇ ਵਿਚ ਪ੍ਰਤੱਖ ਤੌਰ ਤੇ ਨਿਵਾਸ ਕੀਤਾ ਹੈ ॥੫॥
ਜਦ ਤਾਈਂ ਮੱਥੇ ਦੇ ਭਾਗ ਨਹੀਂ ਸਨ ਜਾਗੇ, ਤਦ ਤਾਈਂ ਬਹੁਤ ਭਟਕਦੇ ਤੇ ਭੱਜਦੇ ਫਿਰਦੇ ਸਾਂ,
ਕਲਜੁਗ ਦੇ ਡਰਾਉਣੇ ਸਮੁੰਦਰ ਵਿਚ ਡੁੱਬ ਰਹੇ ਸਾਂ, ਹੇ ਭਾਈ! ਪੱਛੋਤਾਵਾ ਕਿਸੇ ਵੇਲੇ ਮਿਟਦਾ ਨਹੀਂ ਸੀ।
ਪਰ, ਹੇ ਮਥੁਰਾ! ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ (ਹਰੀ ਨੇ ਗੁਰੂ ਅਰਜੁਨ) ਅਵਤਾਰ ਬਣਾਇਆ ਹੈ,
ਜਿਨ੍ਹਾਂ ਨੇ ਗੁਰੂ ਅਰਜੁਨ ਦੇਵ (ਜੀ) ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਤੇ ਦੁੱਖਾਂ ਵਿਚ ਨਹੀਂ ਆਏ ॥੬॥
ਕਲਜੁਗ ਦੇ ਸਮੁੰਦਰ ਤੋਂ ਤਾਰਨ ਲਈ ਗੁਰੂ ਅਰਜੁਨ ਦੇਵ ਜੀ ਹਰੀ ਦਾ ਨਾਮ-ਰੂਪ ਪ੍ਰਗਟ ਹੋਏ ਹਨ,
ਆਪ ਦੇ ਹਿਰਦੇ ਵਿਚ ਸੰਤ (ਸ਼ਾਂਤੀ ਦਾ ਸੋਮਾ ਪ੍ਰਭੂ ਜੀ) ਵੱਸਦੇ ਹਨ, ਆਪ ਦੁੱਖਾਂ ਦਰਿਦ੍ਰਾਂ ਦੇ ਦੂਰ ਕਰਨ ਵਾਲੇ ਹਨ।
ਉਸ (ਗੁਰੂ ਅਰਜੁਨ) ਤੋਂ ਬਿਨਾ ਕੋਈ ਹੋਰ ਨਹੀਂ ਹੈ, ਆਪ ਅਪਾਰ ਹਰੀ ਦਾ ਨਿਰਮਲ ਰੂਪ ਹਨ।
ਜਿਸ (ਮਨੁੱਖ) ਨੇ ਮਨ ਤੇ ਬਚਨਾਂ ਕਰਕੇ ਹਰੀ ਨੂੰ ਪਛਾਤਾ ਹੈ, ਉਹ ਹਰੀ ਵਰਗਾ ਹੀ ਹੋ ਗਿਆ ਹੈ।
(ਗੁਰੂ ਅਰਜੁਨ ਹੀ) ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿਚ ਵਿਆਪ ਰਿਹਾ ਹੈ।
ਹੇ ਮਥੁਰਾ! ਆਖਿ-ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕੋਈ ਫ਼ਰਕ ਨਹੀਂ ਹੈ ॥੭॥੧੯॥
(ਗੁਰੂ ਅਰਜੁਨ ਦੇਵ ਜੀ ਦੀ ਦਰਗਾਹ ਵਿਚ) ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਗੰਗਾ ਜਲ (ਵਹਿ ਰਿਹਾ ਹੈ, ਜਿਸ ਵਿਚ) ਸਾਰੀ ਸੰਗਤ ਇਸ਼ਨਾਨ ਕਰਦੀ ਹੈ।
(ਆਪ ਦੀ ਹਜ਼ੂਰੀ ਵਿਚ ਇਤਨੇ ਮਹਾ ਰਿਸ਼ੀ ਵਿਆਸ ਦੇ ਲਿਖੇ ਹੋਏ ਧਰਮ ਪੁਸਤਕ) ਪੁਰਾਣ ਸਦਾ ਪੜ੍ਹੇ ਜਾਂਦੇ ਹਨ ਤੇ ਬ੍ਰਹਮਾ (ਭੀ ਆਪ ਦੀ ਹਜ਼ੂਰੀ ਵਿਚ) ਮੂੰਹੋਂ ਵੇਦਾਂ ਨੂੰ ਗਾ ਰਿਹਾ ਹੈ (ਭਾਵ, ਵਿਆਸ ਤੇ ਬ੍ਰਹਮਾ ਵਰਗੇ ਵੱਡੇ ਵੱਡੇ ਦੇਵਤੇ ਤੇ ਵਿਦਵਾਨ ਰਿਸ਼ੀ ਭੀ ਗੁਰੂ ਅਰਜਨ ਦੇ ਦਰ ਤੇ ਹਾਜ਼ਰ ਰਹਿਣ ਵਿਚ ਆਪਣੇ ਚੰਗੇ ਭਾਗ ਸਮਝਦੇ ਹਨ। ਮੇਰੇ ਵਾਸਤੇ ਤਾਂ ਗੁਰੂ ਦੀ ਬਾਣੀ ਹੀ ਪੁਰਾਣ ਅਤੇ ਵੇਦ ਹੈ)।
(ਆਪ ਦੇ) ਸਿਰ ਤੇ ਰੱਬੀ ਚਉਰ ਝੁੱਲ ਰਿਹਾ ਹੈ, ਆਪ ਨੇ ਆਤਮਕ ਜੀਵਣ ਦੇਣ ਵਾਲਾ ਨਾਮ ਮੂੰਹੋਂ (ਸਦਾ) ਉਚਾਰਿਆ ਹੈ।
ਗੁਰੂ ਅਰਜੁਨ ਦੇਵ ਜੀ ਦੇ ਸਿਰ ਤੇ ਇਹ ਛਤਰ ਪਰਮੇਸੁਰ ਨੇ ਆਪ ਬਖ਼ਸ਼ਿਆ ਹੈ।
ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਨੂੰ ਮਿਲ ਕੇ, ਗੁਰੂ ਰਾਮਦਾਸ ਜੀ ਹਰੀ ਵਿਚ ਲੀਨ ਹੋ ਗਏ ਹਨ।
ਹੇ ਹਰਿਬੰਸ! ਜਗਤ ਵਿਚ ਸਤਿਗੁਰੂ ਜੀ ਦੀ ਸੋਭਾ ਪਸਰ ਰਹੀ ਹੈ। ਕੌਣ ਆਖਦਾ ਹੈ, ਕਿ ਗੁਰੂ ਰਾਮਦਾਸ ਜੀ ਮੁਏ ਹਨ? ॥੧॥
(ਗੁਰੂ ਰਾਮ ਦਾਸ) ਸੱਚ ਖੰਡ ਵਿਚ ਗਿਆ ਹੈ ਹਰੀ ਨੂੰ ਇਹੀ ਰਜ਼ਾ ਚੰਗੀ ਲੱਗੀ ਹੈ।
ਹਰੀ ਨੇ (ਆਪ ਨੂੰ) ਤਖ਼ਤ ਦਿੱਤਾ ਹੈ ਤੇ ਉਸ ਉਤੇ ਸ੍ਰੀ ਗੁਰੂ (ਰਾਮਦਾਸ ਜੀ) ਨੂੰ ਬਿਠਾਇਆ ਹੈ।
ਦੇਵਤਿਆਂ ਨੇ ਮੰਗਲਚਾਰ ਕੀਤਾ ਹੈ, ਤੇਰਾ ਜਸ ਤੇ ਜੈ-ਜੈਕਾਰ ਕਰ ਰਹੇ ਹਨ।
ਉਹ (ਸਾਰੇ ਦੈਂਤ (ਉਥੋਂ) ਭੱਜ ਗਏ ਹਨ, (ਉਹਨਾਂ ਦੇ ਆਪਣੇ) ਪਾਪ ਉਹਨਾਂ ਦੇ ਅੰਦਰ ਕੰਬ ਰਹੇ ਹਨ।
ਉਹਨਾਂ ਮਨੁੱਖਾਂ ਦੇ ਪਾਪ ਕੱਟੇ ਗਏ ਹਨ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮਿਲ ਪਿਆ ਹੈ।
ਗੁਰੂ ਰਾਮਦਾਸ ਧਰਤੀ ਦਾ ਛਤਰ ਤੇ ਸਿੰਘਾਸਣ ਗੁਰੂ ਅਰਜੁਨ ਸਾਹਿਬ ਜੀ ਨੂੰ ਦੇ ਆਇਆ ਹੈ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥