ਸਾਰੇ ਜੀਵਾਂ ਵਿਚ ਕੇਵਲ ਆਪ ਹੀ ਹੈ,
ਅਨੇਕਾਂ ਤਰੀਕਿਆਂ ਨਾਲ (ਜਗਤ ਨੂੰ) ਬਣਾ ਬਣਾ ਕੇ ਨਾਸ ਭੀ ਕਰ ਦੇਂਦਾ ਹੈ।
ਪ੍ਰਭੂ ਆਪ ਅਬਿਨਾਸ਼ੀ ਹੈ; ਉਸ ਦਾ ਕੁਝ ਨਾਸ ਨਹੀਂ ਹੁੰਦਾ,
ਸਾਰੇ ਬ੍ਰਹਮੰਡ ਦੀ ਰਚਨਾ ਭੀ ਆਪ ਹੀ ਰਚ ਰਿਹਾ ਹੈ।
ਉਸ ਵਿਆਪਕ ਪ੍ਰਭੂ ਦੇ ਪ੍ਰਤਾਪ ਦਾ ਭੇਤ ਨਹੀਂ ਪਾਇਆ ਜਾ ਸਕਦਾ, ਬਿਆਨ ਨਹੀਂ ਹੋ ਸਕਦਾ;
ਹੇ ਨਾਨਕ! ਜੇ ਉਹ ਆਪ ਆਪਣਾ ਜਾਪ ਕਰਾਏ ਤਾਂ ਹੀ ਜੀਵ ਜਾਪ ਕਰਦੇ ਹਨ ॥੬॥
ਜਿਨ੍ਹਾਂ ਬੰਦਿਆਂ ਨੇ ਪ੍ਰਭੂ ਨੂੰ ਪਛਾਣ ਲਿਆ, ਉਹ ਸੋਭਾ ਵਾਲੇ ਹੋ ਗਏ;
ਸਾਰਾ ਜਗਤ ਉਹਨਾਂ ਦੇ ਉਪਦੇਸ਼ਾਂ ਨਾਲ (ਵਿਕਾਰਾਂ ਤੋਂ) ਬਚਦਾ ਹੈ।
ਹਰੀ ਦੇ ਭਗਤ ਸਭ (ਜੀਵਾਂ) ਨੂੰ ਬਚਾਉਣ ਜੋਗੇ ਹਨ,
(ਸਭ ਦੇ) ਦੁੱਖ ਦੂਰ ਕਰਨ ਦੇ ਸਮਰੱਥ ਹੁੰਦੇ ਹਨ।
(ਸੇਵਕਾਂ ਨੂੰ) ਕਿਰਪਾਲ ਪ੍ਰਭੂ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ,
ਸਤਿਗੁਰੂ ਦਾ ਸ਼ਬਦ ਜਪ ਕੇ ਉਹ (ਫੁੱਲ ਵਾਂਗ) ਖਿੜ ਆਉਂਦੇ ਹਨ।
ਉਹੀ ਮਨੁੱਖ ਉਹਨਾਂ (ਸੇਵਕਾਂ) ਦੀ ਸੇਵਾ ਵਿਚ ਰੁੱਝਦਾ ਹੈ,
ਜਿਸ ਭਾਗਾਂ ਵਾਲੇ ਉਤੇ, (ਹੇ ਪ੍ਰਭੂ!) ਤੂੰ ਆਪ ਮੇਹਰ ਕਰਦਾ ਹੈਂ।
(ਉਹ ਸੇਵਕ) ਨਾਮ ਜਪ ਕੇ ਅਡੋਲ ਅਵਸਥਾ ਹਾਸਲ ਕਰਦੇ ਹਨ;
ਹੇ ਨਾਨਕ! ਉਹਨਾਂ ਮਨੁੱਖਾਂ ਨੂੰ ਬੜੇ ਉੱਚੇ ਬੰਦੇ ਸਮਝੋ ॥੭॥
(ਪ੍ਰਭੂ ਦਾ ਸੇਵਕ) ਜੋ ਕੁਝ ਕਰਦਾ ਹੈ, ਪ੍ਰਭੂ ਦੀ ਰਜ਼ਾ ਵਿਚ (ਰਹਿ ਕੇ) ਕਰਦਾ ਹੈ,
ਤੇ ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿਚ ਵੱਸਦਾ ਹੈ।
ਸੁਤੇ ਹੀ ਜੋ ਕੁਝ ਹੁੰਦਾ ਹੈ ਉਸ ਨੂੰ ਪ੍ਰਭੂ ਦਾ ਭਾਣਾ ਜਾਣਦਾ ਹੈ,
ਤੇ ਸਭ ਕੁਝ ਕਰਨ ਵਾਲਾ ਪ੍ਰਭੂ ਨੂੰ ਹੀ ਸਮਝਦਾ ਹੈ।
(ਪ੍ਰਭੂ ਦੇ) ਸੇਵਕਾਂ ਨੂੰ ਪ੍ਰਭੂ ਦਾ ਕੀਤਾ ਹੋਇਆ ਮਿੱਠਾ ਲੱਗਦਾ ਹੈ,
(ਕਿਉਂਕਿ) ਪ੍ਰਭੂ ਜਿਹੋ ਜਿਹਾ (ਸਰਬ-ਵਿਆਪਕ) ਹੈ ਉਹੋ ਜਿਹਾ ਉਹਨਾਂ ਨੂੰ ਨਜ਼ਰੀਂ ਆਉਂਦਾ ਹੈ।
ਜਿਸ ਪ੍ਰਭੂ ਤੋਂ ਉਹ ਸੇਵਕ ਪੈਦਾ ਹੋਏ ਹਨ, ਉਸੇ ਵਿਚ ਲੀਨ ਰਹਿੰਦੇ ਹਨ,
ਉਹ ਸੁਖਾਂ ਦਾ ਖ਼ਜ਼ਾਨਾ ਹੋ ਜਾਂਦੇ ਹਨ ਤੇ ਇਹ ਦਰਜਾ ਫੱਬਦਾ ਭੀ ਉਹਨਾਂ ਨੂੰ ਹੀ ਹੈ।
(ਸੇਵਕ ਨੂੰ ਮਾਣ ਦੇ ਕੇ) ਪ੍ਰਭੂ ਆਪਣੇ ਆਪ ਨੂੰ ਆਪ ਮਾਣ ਦੇਂਦਾ ਹੈ (ਕਿਉਂਕਿ ਸੇਵਕ ਦਾ ਮਾਣ ਪ੍ਰਭੂ ਦਾ ਹੀ ਮਾਣ ਹੈ)
ਹੇ ਨਾਨਕ! ਪ੍ਰਭੂ ਤੇ ਪ੍ਰਭੂ ਦੇ ਸੇਵਕ ਨੂੰ ਇਕ ਰੂਪ ਸਮਝੋ ॥੮॥੧੪॥
ਪ੍ਰਭੂ ਸਾਰੀਆਂ ਸ਼ਕਤੀਆਂ ਨਾਲ ਪੂਰਨ ਹੈ, (ਸਭ ਜੀਵਾਂ ਦੇ) ਦੁੱਖ-ਦਰਦ ਜਾਣਦਾ ਹੈ।
ਹੇ ਨਾਨਕ! ਜਿਸ (ਐਸੇ ਪ੍ਰਭੂ) ਦੇ ਸਿਮਰਨ ਨਾਲ (ਵਿਕਾਰਾਂ ਤੋਂ) ਬਚ ਸਕੀਦਾ ਹੈ, ਉਸ ਤੋਂ (ਸਦਾ) ਸਦਕੇ ਜਾਈਏ ॥੧॥
(ਜੀਵਾਂ ਦੀ ਦਿਲ ਦੀ) ਟੁੱਟੀ ਹੋਈ (ਤਾਰ) ਨੂੰ (ਆਪਣੇ ਨਾਲ) ਗੰਢਣ ਵਾਲਾ ਗੋਪਾਲ ਪ੍ਰਭੂ ਆਪ ਹੈ।
ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ (ਭੀ ਆਪ) ਹੈ।
ਜਿਸ ਪ੍ਰਭੂ ਨੂੰ ਆਪਣੇ ਮਨ ਵਿਚ ਸਾਰਿਆਂ (ਦੀ ਰੋਜ਼ੀ) ਦਾ ਫ਼ਿਕਰ ਹੈ,
ਉਸ (ਦੇ ਦਰ) ਤੋਂ ਕੋਈ ਜੀਵ ਨਾ-ਉਮੈਦ ਨਹੀਂ (ਆਉਂਦਾ)।
ਹੇ ਮੇਰੇ ਮਨ! ਸਦਾ ਪ੍ਰਭੂ ਨੂੰ ਜਪ,
ਉਹ ਨਾਸ-ਰਹਿਤ ਹੈ ਤੇ ਆਪਣੇ ਜਿਹਾ ਆਪ ਹੀ ਹੈ।
ਪ੍ਰਾਣੀ ਦਾ ਆਪਣੇ ਜਤਨ ਨਾਲ ਕੀਤਾ ਹੋਇਆ ਕੋਈ ਕੰਮ ਸਿਰੇ ਨਹੀਂ ਚੜ੍ਹਦਾ,
ਜੇ ਕੋਈ ਪ੍ਰਾਣੀ ਸੌ ਵਾਰੀ ਤਾਂਘ ਕਰੇ।
ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ (ਅਸਲੀ) ਕੰਮ ਦੀ ਨਹੀਂ ਹੈ,
ਹੇ ਨਾਨਕ! ਇਕ ਪ੍ਰਭੂ ਦਾ ਨਾਮ ਜਪ ਤਾਂ ਗਤਿ ਹੋਵੇਗੀ ॥੧॥
ਰੂਪ ਵਾਲਾ ਹੋ ਕੇ ਕੋਈ ਪ੍ਰਾਣੀ (ਰੂਪ ਦਾ) ਮਾਣ ਨਾਹ ਕਰੇ,
(ਕਿਉਂਕ) ਸਾਰੇ ਸਰੀਰਾਂ ਵਿਚ ਪ੍ਰਭੂ ਦੀ ਹੀ ਜੋਤਿ ਸੋਭਦੀ ਹੈ।
ਧਨ ਵਾਲਾ ਹੋ ਕੇ ਕੀਹ ਕੋਈ ਮਨੁੱਖ ਅਹੰਕਾਰ ਕਰੇ,
ਜਦੋਂ ਸਾਰਾ ਧਨ ਉਸ ਪ੍ਰਭੂ ਦਾ ਹੀ ਬਖ਼ਸ਼ਿਆ ਹੋਇਆ ਹੈ?
ਜੇ ਕੋਈ ਮਨੁੱਖ (ਆਪਣੇ ਆਪ ਨੂੰ) ਬੜਾ ਸੂਰਮਾ ਅਖਵਾਏ,
(ਤਾਂ ਰਤਾ ਇਹ ਤਾਂ ਸੋਚੇ ਕਿ) ਪ੍ਰਭੂ ਦੀ (ਦਿੱਤੀ ਹੋਈ) ਤਾਕਤ ਤੋਂ ਬਿਨਾ ਕਿਥੇ ਦੌੜ ਸਕਦਾ ਹੈ।
ਜੇ ਕੋਈ ਬੰਦਾ (ਧਨਾਢ ਹੋ ਕੇ) ਦਾਤਾ ਬਣ ਬੈਠੇ,
ਤਾਂ ਉਹ ਮੂਰਖ ਉਸ ਪ੍ਰਭੂ ਨੂੰ ਪਛਾਣੇ ਜੋ (ਸਭ ਜੀਵਾਂ ਨੂੰ) ਦੇਣ ਜੋਗਾ ਹੈ।
ਜਿਸ ਦਾ ਅਹੰਕਾਰ ਰੂਪੀ ਰੋਗ ਗੁਰੂ ਦੀ ਕਿਰਪਾ ਨਾਲ ਦੂਰ ਹੁੰਦਾ ਹੈ,
ਹੇ ਨਾਨਕ! ਉਹ ਮਨੁੱਖ ਸਦਾ ਨਿਰੋਆ ਹੈ ॥੨॥
ਜਿਵੇਂ ਘਰ (ਦੇ ਛੱਤ) ਨੂੰ ਥੰਮ੍ਹ ਸਹਾਰਾ ਦੇਂਦਾ ਹੈ,
ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ।
ਜਿਵੇਂ ਪੱਥਰ ਬੇੜੀ ਵਿਚ ਚੜ੍ਹ ਕੇ (ਨਦੀ ਆਦਿਕ ਤੋਂ) ਪਾਰ ਲੰਘ ਜਾਂਦਾ ਹੈ,
ਤਿਵੇਂ ਗੁਰੂ ਦੀ ਚਰਨੀਂ ਲੱਗਾ ਹੋਇਆ ਬੰਦਾ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ।
ਜਿਵੇਂ ਦੀਵਾ ਹਨੇਰਾ (ਦੂਰ ਕਰ ਕੇ) ਚਾਨਣ ਕਰ ਦੇਂਦਾ ਹੈ,
ਤਿਵੇਂ ਗੁਰੂ ਦਾ ਦੀਦਾਰ ਕਰ ਕੇ ਮਨ ਵਿਚ ਖਿੜਾਉ (ਪੈਦਾ) ਹੋ ਜਾਂਦਾ ਹੈ।
ਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ,
ਤਿਵੇਂ ਸਾਧੂ ਦੀ ਸੰਗਤ ਵਿਚ ਬੈਠਿਆਂ (ਅਕਾਲ ਪੁਰਖ ਦੀ) ਜੋਤਿ (ਮਨੁੱਖ ਦੇ ਅੰਦਰ) ਪ੍ਰਗਟਦੀ ਹੈ।
ਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।
ਹੇ ਪ੍ਰਭੂ! ਨਾਨਕ ਦੀ ਇਹ ਖ਼ਾਹਸ਼ ਪੂਰੀ ਕਰ ॥੩॥
ਹੇ ਮੂਰਖ ਮਨ! (ਦੁੱਖ ਮਿਲਣ ਤੇ) ਕਿਉਂ ਵਿਲਕਦਾ ਹੈਂ?